ਗੁਟਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਟਕਾ [ਨਾਂਪੁ] ਲੱਕੜ ਦਾ ਚੌਰਸ ਟੁਕੜਾ; ਛੋਟੀ ਪੋਥੀ; ਛੋਟਾ ਰੰਦਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 17496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗੁਟਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਟਕਾ. ਸੰ. ਗੁਟਿਕਾ. ਸੰਗ੍ਯਾ—ਗੋਲੀ. ਵੱਟੀ । ੨ ਤੰਤ੍ਰਸ਼ਾਸਤ੍ਰ ਅਨੁਸਾਰ ਸਿੱਧਾਂ ਦੀ ਇੱਕ ਪ੍ਰਕਾਰ ਦੀ ਗੋਲੀ , ਜਿਸ ਨੂੰ ਮੂੰਹ ਵਿੱਚ ਰੱਖਕੇ ਹਰ ਥਾਂ ਜਾਣ ਦੀ ਸ਼ਕਤੀ ਹੋ ਜਾਂਦੀ ਹੈ. ਮੰਤ੍ਰਵਟੀ. “ਗੁਟਕੇ ਬਲਕੈ ਬਹੁ ਉਡ ਜਾਵੈ.” (ਚਰਿਤ੍ਰ ੮੫) “ਗੁਟਕਾ ਮੁੰਹ ਵਿਚ ਪਾਇਕੈ ਦੇਸ ਦਿਸੰਤਰ ਜਾਇ ਖਲੋਵੈ.” (ਭਾਗੁ) ੩ ਛੋਟੇ ਆਕਾਰ ਦੀ ਪੋਥੀ. ਜਿਵੇਂ ਪਾਠ ਦਾ ਗੁਟਕਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16872, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁਟਕਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੁਟਕਾ: ਇਹ ਸ਼ਬਦ ਗੁਰਬਾਣੀ ਦੀ ਛੋਟੇ ਆਕਾਰ ਦੀ ਪੋਥੀ ਲਈ ਵਰਤਿਆ ਜਾਂਦਾ ਹੈ। ਇਸ ਸ਼ਬਦ ਦੇ ਪਿਛੋਕੜ ਵਿਚ ਜਾਈਐ ਤਾਂ ਪਤਾ ਲਗਦਾ ਹੈ ਕਿ ਸੰਸਕ੍ਰਿਤ ਵਿਚ ‘ਗੁਟਿਕਾ’ ਗੋਲੀ ਜਾਂ ਵਟੀ ਨੂੰ ਕਹਿੰਦੇ ਹਨ। ਸਿੱਧਾਂ ਵਿਚ ਸ਼ਕਤੀ ਅਰਜਿਤ ਕਰਨ ਲਈ ਮੂੰਹ ਵਿਚ ਇਕ ਵਿਸ਼ੇਸ਼ ਗੋਲੀ ਰਖਣ ਦੀ ਪਰੰਪਰਾ ਰਹੀ ਹੈ। ਇਸ ਗੋਲੀ ਨੂੰ ‘ਮੰਤ੍ਰਵਟੀ’ ਕਿਹਾ ਜਾਂਦਾ ਸੀ। ਇਸੇ ਸਰਣੀ ਉਤੇ ਗੁਰਬਾਣੀ ਦੀ ਵੱਡੀ ਪੋਥੀ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਹਰ ਸਮੇਂ ਨਾਲਰਖ ਸਕਣ ਦੇ ਉਪਾ ਵਜੋਂ ਕੁਝ ਚੋਣਵੀਂ ਬਾਣੀ ਦੀਆਂ ਸੰਖਿਪਤ ਪੋਥੀਆਂ ਤਿਆਰ ਕਰ ਲਈਆਂ ਜਾਂਦੀਆਂ ਸਨ , ਜੋ ਉਦਾਸੀ , ਸੇਵਾ- ਪੰਥੀ ਜਾਂ ਨਿਰਮਲੇ ਸਾਧਕ ਆਪਣੇ ਨਾਲ ਹਰ ਵਕਤ ਗਾਤਰੇ ਵਿਚ ਪਾਈ ਰਖਦੇ ਸਨ। ਉਨ੍ਹਾਂ ਨੂੰ ‘ਗੁਟਕਾ’ ਕਿਹਾ ਜਾਣ ਲਗਿਆ। 18ਵੀਂ ਸਦੀ ਦੇ ਸੰਘਰਸ਼ ਕਾਲ ਵਿਚ ਸੂਰਵੀਰ ਸਿੱਖ ਵੀ ਇਸ ਪ੍ਰਕਾਰ ਦੀਆਂ ਪੋਥੀਆਂ ਨੂੰ ਆਪਣੇ ਪਾਸ ਰਖਦੇ ਸਨ, ਤਾਂ ਜੋ ਜਦੋਂ ਸਮਾਂ ਮਿਲੇ, ਪਾਠ ਕਰ ਲਿਆ ਜਾਵੇ।

            ਸਿੱਖ ਸੁਧਾਰਵਾਦੀ ਲਹਿਰਾਂ, ਖ਼ਾਸ ਕਰਕੇ ਸਿੰਘ ਸਭਾ ਲਹਿਰ ਦੇ ਚਲਣ ਨਾਲ ਜਿਗਿਆਸੂਆਂ ਦੀ ਰੁਚੀ ਪਾਠ ਕਰਨ ਵਿਚ ਵਧੀ। ਫਲਸਰੂਪ, ਸੰਖਿਪਤ ਪੋਥੀਆਂ, ਕਤਾਬਚਿਆਂ ਆਦਿ ਦੀ ਲੋੜ ਮਹਿਸੂਸ ਹੋਣ ਲਗੀ। ਛਪਾਈ ਦਾ ਕੰਮ ਸ਼ੁਰੂ ਹੋ ਜਾਣ ਨਾਲ ਹੱਥ ਨਾਲ ਲਿਖਣ ਦੀ ਸਮਸਿਆ ਦਾ ਕਾਫ਼ੀ ਸਮਾਧਾਨ ਹੋ ਗਿਆ। ਜਿਉਂ ਜਿਉਂ ਛਪਾਈ ਵਿਚ ਵਿਕਾਸ ਹੁੰਦਾ ਗਿਆ, ਗੁਟਕਿਆਂ ਦੀ ਛਪਾਈ ਵੀ ਵਧਦੀ ਗਈ ਅਤੇ ਇਨ੍ਹਾਂ ਦਾ ਸਰੂਪ ਵੀ ਨਿਖਰਦਾ ਗਿਆ। ਸ਼ੁਰੂ ਵਿਚ ਇਨ੍ਹਾਂ ਗੁਟਕਿਆਂ ਵਿਚ ਪੰਜ ਅੰਮ੍ਰਿਤ ਬਾਣੀਆਂ ਦੇ ਨਾਲ ‘ਰਹਿਰਾਸ ’ ਅਤੇ ‘ਕੀਰਤਨ ਸੋਹਿਲਾ ’ ਨਾਂ ਦੀਆਂ ਬਾਣੀਆਂ ਸ਼ਾਮਲ ਕੀਤੀਆਂ ਜਾਂਦੀਆਂ ਸਨ। ਬਾਦ ਵਿਚ ‘ਸੁਖਮਨੀ ’, ‘ਆਸਾ ਦੀ ਵਾਰ ’ ਆਦਿ ਬਾਣੀਆਂ ਦੇ ਸੁਤੰਤਰ ਗੁਟਕੇ ਛਾਪਣ ਲਗ ਗਏ। ਕਈਆਂ ਵਿਚ ਜਪੁ ਜੀ ਤੋਂ ਬਾਦ ‘ਸ਼ਬਦ ਹਜ਼ਾਰੇ’ ਵੀ ਜੋੜ ਦਿੱਤੇ ਗਏ। ਇਨ੍ਹਾਂ ਗੁਟਕਿਆਂ ਦਾ ਆਕਾਰ ਛੋਟੇ ਤੋਂ ਵੱਡਾ ਹੁੰਦਾ ਗਿਆ। ਨਿੱਤ ਪੜ੍ਹੇ ਜਾਣ ਵਾਲੀਆਂ ਬਾਣੀਆਂ ਤੋਂ ਇਲਾਵਾ ਵਖ ਵਖ ਅਵਸਰਾਂ ਲਈ ਕੀਰਤਨ ਕਰਨ ਯੋਗ ਢੁਕਵੇਂ ਸ਼ਬਦ ਵੀ ਸ਼ਾਮਲ ਕੀਤੇ ਜਾਣ ਲਗੇ। ਇਨ੍ਹਾਂ ਗੁਟਕਿਆਂ ਵਿਚ ਕਿਤਨੀਆਂ ਅਤੇ ਕਿਹੜੀਆਂ ਕਿਹੜੀਆਂ ਬਾਣੀਆਂ ਹੋਣ? ਇਸ ਬਾਰੇ ਕੋਈ ਅਨੁਸ਼ਾਸਤ ਸੀਮਾ ਨਹੀਂ ਹੈ। ਵਖਰੀਆਂ ਵਖਰੀਆਂ ਸੰਪ੍ਰਦਾਵਾਂ ਜਾਂ ਜੱਥਿਆਂ ਵਾਲੇ ਆਪਣੇ ਆਸ਼ੇ ਅਨੁਸਾਰ ਇਨ੍ਹਾਂ ਦਾ ਪ੍ਰਕਾਸ਼ਨ ਕਰਦੇਰਹੇ। ਨਾਮਧਾਰੀ ਦਰਬਾਰ , ਭੈਣੀ ਸਾਹਿਬ ਵਾਲਿਆਂ ਨੇ ‘ਨਾਮਧਾਰੀ ਨਿਤਨੇਮ ’ ਨਾਂ ਅਧੀਨ ਆਪਣਾ ਗੁਟਕਾ ਛਾਪਿਆ ਹੋਇਆ ਹੈ। ਅਸਲ ਵਿਚ ਗੁਰਬਾਣੀ ਦੇ ਪਾਠਕਾਂ ਦੀ ਸੁਵਿਧਾ ਲਈ ਇਹ ਗੁਟਕੇ ਬੜੀ ਉਤਮ ਭੂਮਿਕਾ ਨਿਭਾਉਂਦੇ ਚਲੇ ਆ ਰਹੇ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16564, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਗੁਟਕਾ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁਟਕਾ: ਇਕ ਛੋਟੇ ਆਕਾਰ ਦੀ ਪ੍ਰਾਰਥਨਾ- ਪੁਸਤਕ ਜਾਂ ਨਿਤਨੇਮ ਪੋਥੀ (ਗੁਟਕਾ) ਹੈ ਜਿਸ ਵਿਚ ਸਿੱਖ ਧਰਮ ਗ੍ਰੰਥਾਂ ਵਿਚੋਂ ਲਈਆਂ ਗਈਆਂ ਚੋਣਵੀਆਂ ਬਾਣੀਆਂ ਦਾ ਸੰਗ੍ਰਹਿ ਹੁੰਦਾ ਹੈ। ਸ਼ਬਦ ‘ਗੁਟਕਾ’ ਦੀ ਵਿਉਤਪਤੀ ਸ਼ਾਇਦ ਪਾਲੀ ਦੇ ‘ਗੁੱਤੀ ’ ਦੁਆਰਾ (ਰੱਖਣਾ, ਸੁਰੱਖਿਆ) ਸੰਸਕ੍ਰਿਤ ਦੇ ‘ਗੁਦ ’ (ਹਿਫ਼ਾਜਤ ਨੂੰ, ਮਹਿਫੂਜ਼/ਸੁੱਰਖਿਅਤ) ਜਾਂ ਗੁੰਠ (ਬੰਦ ਕਰਨ ਨੂੰ, ਲਿਫ਼ਾਫ਼ਾ, ਘੇਰਾ , ਜਿਲਦ) ਵਿਚੋਂ ਲੱਭੀ ਜਾ ਸਕਦੀ ਹੈ। 18ਵੀਂ ਸਦੀ ਦੇ ਅੰਤਲੇ ਸਮੇਂ ਵਿਚ ਉਦਾਸੀ ਪੰਥ ਦੇ ਇਕ ਵਿਦਵਾਨ ਨੇ ਇਸ ਨੂੰ ‘ਗੁਢਕਾ’ ਸ਼ਬਦ ਵਜੋਂ ਲਿਖਿਆ ਹੈ। ਇਹ ਸਿੱਖਾਂ ਲਈ ਧਾਰਮਿਕ ਇਖਲਾਕੀ ਤੌਰ ‘ਤੇ ਜ਼ਰੂਰੀ ਹੈ ਕਿ ਉਸ ਵਿਚੋਂ ਕੁਝ ਬਾਣੀਆਂ ਦਾ ਪਾਠ ਕਰਨ ਅਤੇ ਇਸਨੂੰ ਆਪਣੀ ਰੋਜ਼ਾਨਾ ਭਗਤੀ ਦੀ ਅਰਦਾਸ ਦੇ ਹਿੱਸੇ ਵਜੋਂ ਲੈਣ। ਇਸ ਨਾਲ ‘ਗੁਟਕਿਆਂ’ ਜਾਂ ‘ਪੋਥੀਆਂ’ (ਗੁਟਕਿਆਂ ਤੋਂ ਵੱਡੇ ਆਕਾਰ ਵਾਲੀ) ਨੂੰ ਲਿਖਣ ਦੇ ਅਮਲ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਗਿਆ। 18ਵੀਂ ਸਦੀ ਦੇ ਸ਼ੁਰੂ ਦੇ ਸਮੇਂ ਦੌਰਾਨ ਸਿੱਖਾਂ ਵਿਚ ਆਪਣੇ ਨਾਲ ਗੁਟਕਾ ਜ਼ਰੂਰ ਰੱਖਣ ਦਾ ਪ੍ਰਚਲਨ ਸੀ ਜਦੋਂ ਕਿ ਉਸ ਸਮੇਂ ਦੇ ਖ਼ਰਾਬ ਹਾਲਾਤ ਉਹਨਾਂ ਨੂੰ ਲਗਾਤਾਰ ਸਫ਼ਰ ਲਈ ਮਜਬੂਰ ਕਰਦੇ ਸਨ। ਉਹ ਜਦੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਸਵਾਰ ਹੋ ਕੇ ਜਾਂਦੇ ਸਨ ਤਾਂ ਗੁਟਕੇ ਨੂੰ ਆਪਣੇ ਗਾਤਰੇ ਨਾਲ ਬੰਨ੍ਹ ਕੇ ਰੱਖਦੇ ਸਨ। ਛਾਪੇਖ਼ਾਨੇ ਦੇ ਆਗ਼ਮਨ ਨਾਲ ਅਤੇ 19ਵੀਂ ਸਦੀ ਦੀ ਅੰਤਿਮ ਚੌਥਾਈ ਦੌਰਾਨ ਸਿੰਘ ਸਭਾ ਲਹਿਰ ਦੀ ਉਤਪਤੀ ਨਾਲ ਗੁਟਕਾ ਬਹੁਤ ਪ੍ਰਸਿੱਧ ਹੋ ਗਿਆ ਸੀ। ਵੱਖ- ਵੱਖ ਕਿਸਮ ਦੇ ਗੁਟਕੇ ਵੇਖਣ ਨੂੰ ਮਿਲਣ ਲੱਗੇ। ਆਮ ਮਿਲਣ ਵਾਲੇ ਗੁਟਕਿਆਂ ਵਿਚੋਂ ਨਿਤਨੇਮ ਦੇ ਗੁਟਕੇ ਸਨ, ਜਿਨ੍ਹਾਂ ਵਿਚ ਰੋਜ਼ ਜਪਣ ਵਾਲੀਆਂ ਨਿਤਨੇਮ ਬਾਣੀਆਂ ਜਿਵੇਂ: ਜਪੁ , ਜਾਪ, ਸਵੱਯੇ, ਅਨੰਦ ਸਵੇਰ ਲਈ, ਅਤੇ ਰਹਿਰਾਸ ਅਤੇ ਬੇਨਤੀ ਚੌਪਈ ਸ਼ਾਮ ਲਈ ਅਤੇ ਸੋਹਿਲਾ ਸੌਣ ਸਮੇਂ ਲਈ ਸ਼ਾਮਲ ਸਨ। ਕੁਝ ਗੁਟਕਿਆਂ ਵਿਚ ਸ਼ਬਦ ਹਜ਼ਾਰੇ, ਆਸਾ ਕੀ ਵਾਰ ਅਤੇ ਸੁਖਮਨੀ ਵੀ ਸ਼ਾਮਲ ਸਨ: ਅਖੀਰਲੀਆਂ ਦੋ ਬਾਣੀਆਂ ਵੱਖਰੀ ਜਿਲਦ ਵਿਚ ਵੀ ਉਪਲਬਧ ਹਨ। ਇਕ ਹੋਰ ਗੁਟਕਾ ਜਿਸਨੇ ‘ਸੁੰਦਰ ਗੁਟਕਾ’ ਦੇ ਨਾਂ ਅਧੀਨ ਵਿਆਪਕਤਾ ਹਾਸਲ ਕੀਤੀ ਸੀ, ਉਸ ਵਿਚ ਉਪਰੋਕਤ ਸਾਰੀ ਬਾਣੀਆਂ ਤੋਂ ਇਲਾਵਾ ਖ਼ਾਸ ਮੌਕਿਆਂ ‘ਤੇ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਜਿਵੇਂ ਕਿ ਬਾਰਾਹ ਮਾਹਾ ਅਤੇ ਜਨਮ, ਵਿਆਹ ਅਤੇ ਮਰਨ ਸੰਬੰਧੀ ਰਸਮਾਂ ਰੀਤਾਂ ਦੀਆਂ ਬਾਣੀਆਂ ਸ਼ਾਮਲ ਹਨ। ਇਹਨਾਂ ਦੀ ਆਮ ਲਿਪੀ ਗੁਰਮੁਖੀ ਹੈ, ਹਾਲਾਂਕਿ ਦੇਵਨਾਗਰੀ ਅਤੇ ਫ਼ਾਰਸੀ ਲਿਪੀ ਵਿਚ ਪ੍ਰਕਾਸ਼ਿਤ ਹੋਏ ਗੁਟਕੇ ਵੀ ਉਪਲਬਧ ਹਨ।


ਲੇਖਕ : ਬਲ.ਸ.ਨੰ. ਅਤੇ ਅਨੁ.: ਜ.ਪ.ਕ.ਸੰ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16559, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.