ਗੁਰਮਤਿ-ਕਾਵਿ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਗੁਰਮਤਿ - ਕਾਵਿ : ਗੁਰਮਤਿ-ਕਾਵਿ ਧਾਰਾ ਮੱਧ-ਕਾਲੀਨ ਪੰਜਾਬ ਦੀਆਂ ਸੂਫ਼ੀ-ਕਾਵਿ , ਕਿੱਸਾ-ਕਾਵਿ ਅਤੇ ਬੀਰ- ਕਾਵਿ ਧਾਰਾਵਾਂ ਦੇ ਸਮਾਨਾਂਤਰ ਹੀ ਪ੍ਰਵਾਹਮਾਨ ਰਹੀ ਹੈ । ਫਿਰ ਵੀ ਇਹ ਧਾਰਾ ਆਪਣੇ ਗੁਣਾਂ-ਲੱਛਣਾਂ , ਆਪਣੀ ਮਾਨ-ਮਰਯਾਦਾ ਅਤੇ ਆਪਣੇ ਉਦੇਸ਼-ਸੰਦੇਸ਼ ਕਰ ਕੇ ਨਵੇਕਲੀ ਹੈ ।

        ‘ ਗੁਰਮਤਿ’ ਸ਼ਬਦ ਵਿੱਚ ‘ ਗੁਰੂ’ ਅਤੇ ‘ ਮਤਿ’ ਨੂੰ ਦੋ ਵੱਖ-ਵੱਖ ਸ਼ਬਦਾਂ ਵਿੱਚ ਖੋਲ੍ਹੀਏ ਤਾਂ ਸਮੁੱਚਾ ਅਰਥ ਗੁਰੂ ਦੀ ਮਤ ਜਾਂ ਰਾਇ , ਗੁਰੂ ਰਾਹੀਂ ਸਥਾਪਿਤ ਮਾਨਤਾ ਜਾਂ ਗੁਰੂ ਦੀ ਦੱਸੀ ਜੀਵਨ-ਜਾਚ ਬਣਦਾ ਹੈ । ਇਸ ਤਰ੍ਹਾਂ ਗੁਰਮਤਿ-ਕਾਵਿ ਧਾਰਾ ਕਵਿਤਾ ਦਾ ਇੱਕ ਅਜਿਹਾ ਚਮਤਕਾਰੀ ਅਤੇ ਭਰਪੂਰ ਵਰਤਾਰਾ ਹੈ , ਜੋ ਗੁਰੂ ਦੀ ਦਾਨਾਈ ( ਸਿਆਣਪ ) ਨਾਲ ਆਦਰਸ਼ ਮਨੁੱਖ ਦੇ ਨਿਰਮਾਣ ਦੀ ਸੰਭਾਵਨਾ ਪੈਦਾ ਕਰਦਾ ਹੈ ।

        ਗੁਰਮਤਿ-ਕਾਵਿ ਦੀ ਰਚਨਾ-ਵਿਧੀ ਇੱਕ ਵਿਸ਼ਾਲ ਉਦਾਰ ਦਰਿਆ ਦੇ ਵਹਿਣ ਵਰਗੀ ਹੈ । ਇਹ ਆਪਣੇ ਸਮੇਂ ਦੀ ਸਭ ਤੋਂ ਜੀਵੰਤ ਧਾਰਾ ਹੈ , ਜਿਸ ਨਾਲ ਉਸ ਵੇਲੇ ਦੀਆਂ ਉਹ ਸਾਰੀਆਂ ਧਾਰਾਵਾਂ ਜੁੜ ਗਈਆਂ , ਜੋ ਮਨੁੱਖ ਦੇ ਰੂਹਾਨੀ ਵਿਕਾਸ ਲਈ ਵਚਨਬੱਧ ਸਨ ।

        ਗੁਰਮਤਿ ਧਾਰਾ ਦੇ ਮੋਢੀ ਗੁਰੂ ਨਾਨਕ ਦੇਵ ਹਨ । ਇਸ ਧਾਰਾ ਦਾ ਮੁੱਢਲਾ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੈ । ਇਸ ਗ੍ਰੰਥ ਨੂੰ ਸਿੱਖ ਧਰਮ ਵਿੱਚ ਗੁਰੂ ਦਾ ਦਰਜਾ ਹਾਸਲ ਹੈ । ਇਹ ਵਡਿਆਈ ਗੁਰੂ ਗੋਬਿੰਦ ਸਿੰਘ ਦੀ ਦੇਣ ਹੈ । ਇਹ ਗ੍ਰੰਥ ਮੱਧ-ਕਾਲੀਨ ਭਾਰਤ ਦੀ ਅਧਿਆਤਮਿਕ ਵਿਰਾਸਤ ਦਾ ਇੱਕ ਗੌਰਵਮਈ ਚਿੰਨ੍ਹ ਹੈ ।

        ਗੁਰੂ ਗ੍ਰੰਥ ਸਾਹਿਬ 1430 ਪੰਨਿਆਂ ਦਾ ਇੱਕ ਮਹਾਂ-ਗ੍ਰੰਥ ਹੈ , ਜਿਸ ਦਾ ਸੰਪਾਦਨ ਪੰਜਵੇਂ ਗੁਰੂ ਅਰਜਨ ਦੇਵ ਨੇ 1604 ਵਿੱਚ ਕੀਤਾ । ਇਸ ਗ੍ਰੰਥ ਦੀ ਜਟਿਲ ਸੰਪਾਦਨ- ਕਲਾ ਆਪਣੇ-ਆਪ ਵਿੱਚ ਇੱਕ ਵਿਲੱਖਣ ਪ੍ਰਾਪਤੀ ਹੈ । ਇਸ ਦੀ ਕੀਰਤਨ-ਸ਼ੈਲੀ ਵਿੱਚ ਕਲਾਸੀਕਲ ਰਾਗਾਂ ਵਾਲੀ ਬੰਦਸ਼ ਵੀ ਹੈ ਅਤੇ ਲੋਕ-ਕਾਵਿ ਰੂਪਾਂ ਅਤੇ ਲੋਕ-ਛੰਦਾਂ ਵਾਲੀ ਖੁੱਲ੍ਹ ਤੇ ਅਜ਼ਾਦੀ ਵੀ । ਇਸ ਗ੍ਰੰਥ ਦੀ ਰਚਨਾ ਵਿੱਚ ਯੋਗਦਾਨ ਪਾਉਣ ਵਾਲੇ ਬਾਣੀਕਾਰਾਂ ਵਿੱਚ ਧਰਮਾਂ , ਜਾਤਾਂ , ਜਮਾਤਾਂ , ਵਰਗਾਂ , ਮਤਾਂ-ਮਤਾਂਤਰਾਂ ਵਾਲੇ ਵਿਤਕਰੇ ਅਤੇ ਊਚ-ਨੀਚ ਦੀ ਭਾਵਨਾ ਲਈ ਕੋਈ ਥਾਂ ਨਹੀਂ ।

        ਗੁਰਮਤਿ-ਕਾਵਿ ਵਿੱਚ ਹੱਕ , ਸੱਚ ਅਤੇ ਨਿਆਂ ਉੱਤੇ ਪਹਿਰਾ ਦਿੰਦਿਆਂ ਗੁਰੂ , ਭਗਤਾਂ , ਸੂਫ਼ੀਆਂ ਅਤੇ ਸੰਤਾਂ ਨੇ ਜੀਵ , ਜਗਤ ਅਤੇ ਬ੍ਰਹਮ ਦੇ ਸੰਬੰਧਾਂ ਨੂੰ ਸਮਝਣ ਲਈ ਭਾਵਨਾ ਦੇ ਨਾਲ-ਨਾਲ ਬੁੱਧ-ਬਿਬੇਕ ਨੂੰ ਵੀ ਸਾਧਿਆ । ਗੁਰਮਤਿ ਧਾਰਾ ਵਿੱਚ ਅਧਿਆਤਮਿਕਤਾ ਅਤੇ ਦਾਰਸ਼ਨਿਕਤਾ ਸਮਾਜਿਕ ਸੰਦਰਭ ਵਿੱਚ ਅਰਥਵਾਨ ਹੁੰਦੀਆਂ ਹਨ ।

        ਗੁਰਮਤਿ ਸਹਿਜ ਭਗਤੀ ਦਾ ਮਾਰਗ ਹੈ , ਪਰ ਇੱਥੇ ਭਗਤੀ ਕਰਮਸ਼ੀਲ ਹੈ । ਗੁਰਮਤਿ ਦੀ ਆਸਥਾ ਨਿਰਗੁਣ ਕਰਤਾ ਪੁਰਖ ਵਿੱਚ ਹੈ , ਫਿਰ ਵੀ ਇਹ ਧਾਰਾ ਬ੍ਰਹਮ ਦੇ ਸਗੁਣ ਸਰੂਪ ਨੂੰ ਚਿਤਵ ਕੇ ਉਸ ਨਾਲ ਸੰਵਾਦ ਰਚ ਕੇ ਨਵੀਂ ਵਿਚਾਰਧਾਰਾ ਨੂੰ ਅੰਦੋਲਿਤ ਕਰਨ ਦੀ ਸਮਰੱਥਾ ਰੱਖਦੀ ਹੈ ।

        ਗੁਰਮਤਿ-ਕਾਵਿ ਦਾ ਦੂਜਾ ਪ੍ਰਮੁਖ ਸ੍ਰੋਤ ਭਾਈ ਗੁਰਦਾਸ ਦੀ ਰਚਨਾ ਅਤੇ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਦਸਮ-ਗ੍ਰੰਥ ਹੈ । ਭਾਈ ਗੁਰਦਾਸ ਨੇ ਗੁਰੂ ਅਰਜਨ ਦੇਵ ਦੀ ਅਗਵਾਈ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਲਿਖ ਕੇ ਤਿਆਰ ਕੀਤੀ । ਆਪ ਨੇ ਮੌਲਿਕ ਕਵੀ ਦੇ ਤੌਰ `ਤੇ ਸਲੋਕ , ਕਬਿੱਤ , ਸਵਈਏ ਅਤੇ ਚਾਲੀ ਵਾਰਾਂ ਰਚੀਆਂ , ਜੋ ਗੁਰਮਤਿ ਦੀ ਪਰਿਪਾਟੀ ਵਿੱਚ ਹੀ ਹਨ । ਆਪ ਗੁਰੂ ਘਰ ਦੇ ਸਭ ਤੋਂ ਵੱਧ ਵਿਸ਼ਵਾਸਯੋਗ ਧਰਮ ਪ੍ਰਚਾਰਕ ਅਤੇ ਮਹਾਨ ਵਿਦਵਾਨ ਸਨ । ਆਪ ਗੁਰਮਤਿ ਦੇ ਪਹਿਲੇ ਪ੍ਰਮਾਣਿਕ ਵਿਆਖਿਆਕਾਰ ਹਨ । ਆਪ ਦੀ ਰਚਨਾ ਨੂੰ ਗੁਰੂ ਅਰਜਨ ਦੇਵ ਨੇ ‘ ਗੁਰਬਾਣੀ ਦੀ ਕੁੰਜੀ’ ਕਹਿ ਕੇ ਵਡਿਆਇਆ ।

        ਗੁਰਮਤਿ-ਕਾਵਿ ਦੀ ਬੱਝਵੀਂ ਪਰੰਪਰਾ ਵਿੱਚ ਦਸਮ- ਗ੍ਰੰਥ ਨੇ ਵਿਕਾਸ ਦੀਆਂ ਅਗਲੀਆਂ ਸੰਭਾਵਨਾਵਾਂ ਦਾ ਰਾਹ ਖੋਲ੍ਹਿਆ । ਦਸਮ-ਗ੍ਰੰਥ ਵੀ ਗੁਰੂ ਗ੍ਰੰਥ ਸਾਹਿਬ ਵਾਂਗ 1428 ਪੰਨਿਆਂ ਦੀ ਇੱਕ ਦੀਰਘਕਾਰੀ ਰਚਨਾ ਹੈ । ਇਸ ਗ੍ਰੰਥ ਦੀ ਪ੍ਰਮਾਣਿਕਤਾ ਅਤੇ ਸੰਕਲਨ ਦਾ ਆਪਣਾ ਇਤਿਹਾਸ ਹੈ । ਸਰਸਾ ਨਦੀ ਵਿੱਚ ਇਸ ਦੇ ਕੁਝ ਹਿੱਸੇ ਦਾ ਨੁਕਸਾਨ ਹੋ ਜਾਣ ਕਰ ਕੇ ਇਸ ਗ੍ਰੰਥ ਦਾ ਕਈ ਵਾਰ ਉਤਾਰਾ ਹੋਇਆ ਅਤੇ ਕਈ ਬੀੜਾਂ ਤਿਆਰ ਕੀਤੀਆਂ ਗਈਆਂ , ਪਰ ਹੁਣ ਖੋਜ ਉਪਰੰਤ ਇਹਨਾਂ ਸਭਨਾਂ ਵਿੱਚੋਂ ਭਾਈ ਮਨੀ ਸਿੰਘ ਵਾਲੀ ਬੀੜ ਨੂੰ ਹੀ ਭਰੋਸੇ ਯੋਗ ਸਮਝਿਆ ਜਾਂਦਾ ਹੈ । ਆਪ ਦੀਆਂ ਸਤਾਰਾਂ ਅਠਾਰਾਂ ਬਾਣੀਆਂ ਵਿੱਚੋਂ ਜਾਪ , ਅਕਾਲ ਉਸਤਤਿ , ਬਚਿਤ੍ਰ ਨਾਟਕ , ਚੰਡੀ ਚਰਿੱਤਰ , ਚਰਿਤ੍ਰੋਪਾਖਿਆਨ ਅਤੇ ਜ਼ਫ਼ਰਨਾਮੇ ਨੇ ਖੋਜੀਆਂ , ਵਿਦਵਾਨਾਂ ਅਤੇ ਸ਼ਰਧਾਲੂਆਂ ਦਾ ਵਿਸ਼ੇਸ਼ ਧਿਆਨ ਖਿੱਚਿਆ ।

        ਗੁਰਮਤਿ-ਕਾਵਿ ਦੀ ਸਮਾਜੋ-ਧਰਮ-ਸ਼ਾਸਤਰੀ ਯਾਤਰਾ ਵਿੱਚ ਦਸਮ-ਗ੍ਰੰਥ ਤੱਕ ਪਹੁੰਚਦਿਆਂ ਇੱਕ ਉਘੜਵਾਂ ਪਰਿਵਰਤਨ ਵਾਪਰਿਆ । ਇਸ ਗ੍ਰੰਥ ਨਾਲ ਇੱਕ ਨਵੀਂ ਮਾਨਸਿਕਤਾ ਦਾ ਨਿਰਮਾਣ ਉਚੇਚੇ ਬੋਲਾਂ ਵਿੱਚ ਹੋਣ ਲੱਗਾ । ਆਦਰਸ਼ ਮਨੁੱਖ ਦੀ ਪਰਿਭਾਸ਼ਾ ਦੇ ਮਾਪਦੰਡ ਬਦਲੇ । ਹੁਣ ਉਹੋ ਜੀਵਨ ਧਨ ਹੋ ਗਿਆ ਜੋ ‘ ਮੁਖ ਤੇ ਹਰਿ ਚਿੱਤੁ ਮੈ ਜੁਧੁ ਬਿਚਾਰੈ’ । ਸੰਤ-ਸਿਪਾਹੀ ਗੁਰੂ ਗੋਬਿੰਦ ਸਿੰਘ ਨੇ ਗੁਰਮਤਿ-ਕਾਵਿ ਨੂੰ ਨਵੀਂ ਦਿਸ਼ਾ ਦੇ ਕੇ ਰਾਸ਼ਟਰ ਨਿਰਮਾਣ ਦੇ ਰਾਹ ਉੱਤੇ ਤੋਰਿਆ ।


ਲੇਖਕ : ਕੁਲਜੀਤ ਸ਼ੈਲੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8522, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.