ਗੁਰਮੰਤ੍ਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਗੁਰਮੰਤ੍ਰ ਸੰਗ੍ਯਾ—ਗੁਰੁਮੰਤ੍ਰ, ਧਰਮ ਦਾ ਉਹ ਮੰਤ੍ਰ(ਮਹਾਵਾਕ੍ਯ), ਜੋ ਧਰਮ (ਮਹਬ) ਧਾਰਣ ਸਮੇਂ ਉਪਦੇਸ਼ ਕੀਤਾ ਜਾਂਦਾ ਹੈ. ਸਾਰੇ ਮਜਹਬੀ ਸ਼ਬਦਾਂ ਵਿੱਚੋਂ ਚੁਣਿਆ ਹੋਇਆ ਬੀਜਰੂਪ ਧਰਮ ਦਾ ਮੰਤ੍ਰ. ਸਿੱਖਧਰਮ ਅਨੁਸਾਰ “ਸਤਿਨਾਮ ਵਾਹਗੁਰੂ.” “ਜਿਨਿ ਜਪਿਓ ਗੁਰਮੰਤੁ.” (ਸ: ਮ: ੯) “ਚਲਤ ਬੈਸਤ ਸੋਵਤ ਜਾਗਤ ਗੁਰਮੰਤ੍ਰ ਰਿਦੈ ਚਿਤਾਰਿ.” (ਮਾਰੂ ਮ: ੫) “ਗੁਰਮੰਤ੍ਰੜਾ ਚਿਤਾਰਿ ਨਾਨਕ ਦੁਖ ਨ ਥੀਵਈ.” (ਵਾਰ ਗੂਜ ੨ ਮ: ੫) ਦੇਖੋ, ਵਾਹਗੁਰੂ ਅਤੇ ਵਾਹਿਗੁਰੂ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no
ਗੁਰਮੰਤ੍ਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਗੁਰਮੰਤ੍ਰ: ਕਿਸੇ ਧਰਮ ਦਾ ਉਹ ਸ਼ੋਭਾਸ਼ਾਲੀ ਵਾਕ , ਪਦ ਜਾਂ ਬੋਲ ‘ਗੁਰਮੰਤ੍ਰ’ ਅਖਵਾਉਂਦਾ ਹੈ ਜੋ ਉਸ ਧਰਮ ਨੂੰ ਧਾਰਣ ਕਰਨ ਵਾਲੇ ਵਿਅਕਤੀ ਨੂੰ ਗੁਰੂ ਵਲੋਂ ਉਪਦੇਸ਼ ਰੂਪ ਵਿਚ ਦਿੱਤਾ ਜਾਂ ਕਿਹਾ ਜਾਂਦਾ ਹੈ। ਇਹ ਕਿਸੇ ਧਰਮ ਦੇ ਸਾਰੇ ਵਾਕਾਂ/ਪਦਾਂ ਵਿਚੋਂ ਚੂੰਕਿ ਚੁਣਿਆ ਹੋਇਆ ਹੁੰਦਾ ਹੈ, ਇਸ ਲਈ ਇਸ ਨੂੰ ‘ਬੀਜ-ਮੰਤ੍ਰ ’ ਵੀ ਕਿਹਾ ਜਾਂਦਾ ਹੈ।
‘ਮੰਤ੍ਰ ’ (ਵੇਖੋ) ਦਾ ਸੰਕਲਪ ਵੈਦਿਕ ਯੁਗ ਤੋਂ ਪਹਿਲਾਂ ਦਾ ਹੈ। ਇਸ ਦਾ ਪ੍ਰਚਲਨ ਜਾਦੂ-ਟੂਣਿਆਂ ਤੋਂ ਹੋਇਆ ਸੀ। ਤਾਂਤ੍ਰਿਕਾਂ ਅਨੁਸਾਰ ਮੰਤ੍ਰਾਂ ਦਾ ਦੇਵੀ ਦੇਵਤਿਆਂ ਉਤੇ ਪ੍ਰਭਾਵ ਪੈਂਦਾ ਹੈ, ਮੰਤ੍ਰ-ਪ੍ਰਯੋਗ ਕਰਨ ਵਾਲੇ ਦੀ ਇੱਛਾ ਪੂਰੀ ਹੋ ਜਾਂਦੀ ਹੈ, ਕਿਉਂਕਿ ਦੇਵਤੇ ਮੰਤ੍ਰ ਦੀ ਸ਼ਕਤੀ ਦੇ ਅਧੀਨ ਹਨ। ਹਿੰਦੂ-ਧਰਮ ਦਾ ਮੁੱਖ ਮੰਤ੍ਰ ‘ਓਅੰ’ ਹੈ।
ਗੁਰਬਾਣੀ ਅਤੇ ਸਿੱਖ ਧਰਮ ਵਿਚ ‘ਗੁਰਮੰਤ੍ਰ’ ਨੂੰ ਬਹੁਤ ਮਹੱਤਵ ਦਿੱਤਾ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਦੁਖੁ ਕਲਸੁ ਨ ਭਉ ਬਿਆਪੈ ਗੁਰਮੰਤ੍ਰ ਹਿਰਦੈ ਹੋਇ। (ਗੁ.ਗ੍ਰੰ.51)। ਗੁਰੂ ਜੀ ਨੇ ਇਹ ਵੀ ਤਾਕੀਦ ਕੀਤੀ ਹੈ ਕਿ ਸਚੇ ਨਾਮ ਦਾ ਬਾਣ ਖਿਚ ਕੇ ਪਾਪ ਰੂਪ ਵੈਰੀ ਨੂੰ ਪਛਾੜ ਦੇਣਾ ਚਾਹੀਦਾ ਹੈ—ਪਾਪੜਿਆ ਪਛਾੜਿ ਬਾਣੁ ਸਚਾਵਾ ਸੰਨ੍ਹਿ ਕੈ। ਗੁਰਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ। (ਗੁ.ਗ੍ਰੰ.521)। ‘ਗੁਰਮੰਤ੍ਰ’ ਤੋਂ ਵਾਂਝਿਆਂ ਵਿਅਕਤੀਆਂ ਦੇ ਜਨਮ ਨੂੰ ਧਿਕਾਰਿਆ ਗਿਆ ਹੈ— ਗੁਰਮੰਤ੍ਰ ਹੀਣਸੑਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ। ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ। (ਗੁ. ਗ੍ਰੰ.1356)। ਗੁਰੂ ਅਰਜਨ ਦੇਵ ਜੀ ਨੇ ‘ਸੁਖਮਨੀ ’ ਨਾਂ ਦੀ ਬਾਣੀ ਵਿਚ ‘ਗੁਰਮੰਤ੍ਰ’ ਨੂੰ ‘ਗੁਰਦੀਖਿਆ’ ਵੀ ਕਿਹਾ ਹੈ— ਪੂਰੇ ਗੁਰ ਕੀ ਪੂਰੀ ਦੀਖਿਆ। ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ। (ਗੁ.ਗ੍ਰੰ.293)।
ਗੁਰਮਤਿ ਵਿਚ ‘ਵਾਹਿਗੁਰੂ-ਸ਼ਬਦ ਨੂੰ ਗੁਰਮੰਤ੍ਰ ਵਜੋਂ ਸਥਾਪਿਤ ਕੀਤਾ ਗਿਆ ਹੈ। ਇਸ ਸ਼ਬਦ ਦੀ ਵਰਤੋਂ ਗੁਰਬਾਣੀ ਵਿਚ ਨਹੀਂ ਹੋਈ; ਹਾਂ, ਭੱਟ-ਬਾਣੀ ਵਿਚ ਇਸ ਸ਼ਬਦ ਦੀ ਵਰਤੋਂ ਅਵੱਸ਼ ਹੋਈ ਹੈ, ਪਰ ਉਥੇ ਇਸ ਦੀ ਵਰਤੋਂ ‘ਗੁਰਮੰਤ੍ਰ’ ਵਜੋਂ ਨਹੀਂ ਹੋਈ। ਇਸ ਨੂੰ ਗੁਰਮੰਤ੍ਰ ਵਜੋਂ ਸਭ ਤੋਂ ਪਹਿਲਾਂ ਭਾਈ ਗੁਰਦਾਸ ਨੇ ਆਪਣੀ 13ਵੀਂ ਵਾਰ ਵਿਚ ਸਥਾਪਿਤ ਕੀਤਾ ਹੈ— ਵਾਹਗੁਰੂ ਗੁਰੁਮੰਤ੍ਰ ਹੈ ਜਪਿ ਹਉਮੈ ਖੋਈ। ਪਹਿਲੀ ਵਾਰ ਦੀ ਅੰਤਿਮ ਪਉੜੀ ਵਿਚ ਇਸ ਸ਼ਬਦ ਦੇ ਇਕ ਇਕ ਅੱਖਰ ਨੂੰ ਲੈ ਕੇ ਪੌਰਾਣਿਕ ਸੰਦਰਭ ਵਿਚ ਵਿਆਖਿਆ ਕੀਤੀ ਗਈ ਹੈ ਅਤੇ ਇਸ ਦੇ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ— ਸਤਿਜੁਗਿ ਸਤਿਗੁਰ ਵਾਸਦੇਵ ਵਵਾ ਵਿਸਨਾ ਨਾਮੁ ਜਪਾਵੈ। ਦੁਆਪਰਿ ਸਤਿਗੁਰ ਹਰੀਕ੍ਰਿਸਨ ਹਾਹਾ ਹਰਿ ਹਰਿ ਨਾਮੁ ਜਪਾਵੈ। ਤ੍ਰੇਤੇ ਸਤਿਗੁਰ ਰਾਮ ਜੀ ਰਾਰਾ ਰਾਮ ਜਪੇ ਸੁਖੁ ਪਾਵੈ। ਕਲਿਜੁਗਿ ਨਾਨਕ ਗੁਰ ਗੋਵਿੰਦ ਗਗਾ ਗੋਵਿੰਦ ਨਾਮੁ ਅਲਾਵੈ। ਚਾਰੇ ਜਾਗੇ ਚਹੁ ਜੁਗੀ ਪੰਚਾਇਣ ਵਿਚਿ ਜਾਇ ਸਮਾਵੈ। ਚਾਰੇ ਅਛਰ ਇਕ ਕਰਿ ਵਾਹਿਗੁਰੂ ਜਪੁ ਮੰਤ੍ਰ ਜਪਾਵੈ। ਜਹਾ ਤੇ ਉਪਜਿਆ ਫਿਰਿ ਤਹਾ ਸਮਾਵੈ।
ਗੁਰੂ ਗ੍ਰੰਥ ਸਾਹਿਬ ਵਿਚ ਹਰਿ-ਨਾਮ ਨੂੰ ਹੀ ‘ਗੁਰਮੰਤ੍ਰ’ ਕਿਹਾ ਗਿਆ ਹੈ। ਮਾਰੂ ਰਾਗ ਵਿਚ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ— ਗੁਰਿਮੰਤ੍ਰ ਅਵਖਧੁ ਨਾਮੁ ਦੀਨਾ ਜਨ ਨਾਨਕ ਸੰਕਟ ਜੋਨਿ ਨ ਪਾਇ। (ਗੁ.ਗ੍ਰੰ.1002)। ਇਸੇ ਤਰ੍ਹਾਂ ‘ਬਾਵਨ-ਅਖਰੀ’ ਵਿਚ ਕਿਹਾ ਹੈ—ਨੰਨਾਕਾਰੁ ਨ ਹੋਤਾ ਤਾ ਕਹੁ। ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ। (ਗੁ.ਗ੍ਰੰ. 257)।
ਸਿੱਖ-ਮਤ ਦੇ ਵਿਕਾਸ ਨਾਲ ਇਸ ਵਿਚ ਕਈ ਸੰਪ੍ਰਦਾਵਾਂ ਪ੍ਰਚਲਿਤ ਹੋ ਗਈ ਅਤੇ ਕਈ ਸਾਧਕਾਂ ਨੇ ਆਪਣੀ ਸਿੱਖੀ-ਸੇਵਕੀ ਚਲਾ ਦਿੱਤੀ। ਫਲਸਰੂਪ ‘ਗੁਰਮੰਤ੍ਰ’ ਦੇਣ ਦੀਆਂ ਗੁਪਤ-ਪ੍ਰਗਟ ਕਈ ਵਿਧੀਆਂ ਪ੍ਰਚਲਿਤ ਹੋ ਗਈਆਂ ਹਨ। ਉਨ੍ਹਾਂ ਵਲੋਂ ਇਹ ਦਾਵਾ ਕੀਤਾ ਜਾਂਦਾ ਹੈ ਕਿ ਅਧਿਆਤਮਿਕ ਉਨਤੀ ਲਈ ‘ਗੁਰਮੰਤ੍ਰ’ ਬਹੁਤ ਲਾਭਦਾਇਕ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First