ਘਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰ (ਨਾਂ,ਪੁ) ਟੱਬਰ ਦੀ ਵੱਸੋਂ ਵਾਲੀ ਥਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13310, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਰ [ਨਾਂਪੁ] ਨਿਵਾਸ-ਸਥਾਨ, ਬਸੇਰਾ , ਆਲ੍ਹਣਾ , ਆਸ਼ਿਆਨਾ, ਗ੍ਰਹਿ, ਰਹਿਣ ਦੀ ਜਗ੍ਹਾ, ਮਕਾਨ , ਇਮਾਰਤ; ਕੁਲ, ਵੰਸ਼ , ਘਰਾਣਾ; ਵਤਨ , ਜਨਮ-ਭੂਮੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13287, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਘਰ (ਰਾਗ ਸੰਬੰਧੀ): ਇਸ ਦਾ ਸੰਬੰਧ ਰਾਗ ਦੀ ਤਕਨੀਕ ਨਾਲ ਹੈ। ਵਿਦਵਾਨਾਂ ਨੇ ਇਸ ਬਾਰੇ ਵਖ ਵਖ ਵਿਚਾਰ ਪ੍ਰਗਟ ਕੀਤੇ ਹਨ।

ਇਕ ਮਤ ਅਨੁਸਾਰ ‘ਘਰ’ ਤਾਲ ਦਾ ਸੂਚਕ ਸ਼ਬਦ ਹੈ। ਇਸ ਦੀ ਪੁਸ਼ਟੀ ਇਕ ਤਾਂ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ‘ਏਕ ਸੁਆਨ ਕੈ ਘਰਿ ਗਾਵਣਾ’ ਉਕਤੀ ਤੋਂ ਹੋ ਜਾਂਦੀ ਹੈ। ਦੂਜੇ , ਇਸ ਦੀ ਵਰਤੋਂ ਰਾਗ-ਬੱਧ ਬਾਣੀਆਂ ਦੇ ਪ੍ਰਕਰਣ ਵਿਚ ਹੀ ਹੋਈ ਹੈ, ਇਸ ਲਈ ਇਸ ਦਾ ਸੰਬੰਧ ਤਾਲ ਨਾਲ ਹੈ। ਤੀਜੇ , ‘ਘਰ’ ਅੰਕਣ ਦੀ ਪ੍ਰਥਾ ਈਰਾਨੀ ਤਾਲ-ਪੱਧਤੀ ਦੇ ਅਨੁਰੂਪ ਹੋਈ ਹੈ। ਈਰਾਨ ਦੀ ਤਾਲ ਤਕਨੀਕ ਵਿਚ ਤਾਲ ਦੇ ਵਖ ਵਖ ਸਰੂਪਾਂ ਨੂੰ ਇਕ ਗਾਹ , ਦੋ ਗਾਹ, ਆਦਿ ਆਖਿਆ ਗਿਆ ਹੈ। ‘ਗਾਹ’ ਦਾ ਅਰਥ ਹੈ ਸਥਾਨ, ਘਰ। ਇਸ ਲਈ ‘ਗਾਹ’ ਸ਼ਬਦ ਦੀ ‘ਘਰ’ ਸ਼ਬਦ ਨਾਲ ਬਹੁਤ ਅਨੁਰੂਪਤਾ ਹੈ। ਇਸ ਕਰਕੇ ਇਹ ਸ਼ਬਦ ਤਾਲ ਸੂਚਕ ਹੈ। ਅਮੀਰ ਖ਼ੁਸਰੋ ਨੇ ਵੀ ਜਿਨ੍ਹਾਂ 17 ਤਾਲਾਂ ਦੇ ਸਰੂਪ ਨਿਰਧਾਰਿਤ ਕੀਤੇ ਸਨ , ਉਹ ਭਾਰਤੀ ਤਾਲਾਂ ਨਾਲ ਦੂਰ ਤਕ ਸਮਾਨਤਾ ਰਖਦੇ ਸਨ। ਇਸ ਤਰ੍ਹਾਂ ‘ਘਰ’ ਨੂੰ ਤਾਲ -ਸੂਚਕ ਮੰਨਿਆ ਜਾਂਦਾ ਹੈ।

            ਦੂਜੇ ਮਤ ਅਨੁਸਾਰ ਇਹ ‘ਗ੍ਰਾਮ ’ ਸੂਚਕ ਹੈ। ਭਾਈ ਵੀਰ ਸਿੰਘ (ਗੁਰੂ ਗ੍ਰੰਥ ਕੋਸ਼) ਅਨੁਸਾਰ ਸਾਜਾਂ ਵਿਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ ਘਰੁ ਤੋਂ ਬਣਦਾ ਹੈ, ਸੋ ਤਿੰਨ ਗ੍ਰਾਮ ਦੀਆਂ ਸੁਰਾਂ ਦੇ ਟਿਕਾਣੇ ਤੋਂ ‘ਘਰੁ’ ਹਨ। ਘਰੁ ੧ ਤੋਂ ਭਾਵ ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖੑਯਾ ਦਾ ਸੰਕੇਤ ਹੈ। ਭਾਈ ਵੀਰ ਸਿੰਘ ਦੇ ਮਤ ਨਾਲ ਸਹਿਮਤ ਹੋਣਾ ਸਰਲ ਨਹੀਂ , ਕਿਉਂਕਿ ਗ੍ਰਾਮ ਕੇਵਲ ਤਿੰਨ ਹਨ ਜਦਕਿ ਘਰਾਂ ਦੀ ਗਿਣਤੀ 17 ਹੈ। ਇਸ ਲਈ ‘ਗ੍ਰਾਮ’ ਘਰ ਦਾ ਸੂਚਕ ਨਹੀਂ ਹੋ ਸਕਦਾ।

            ਤੀਜੇ ਮਤ ਦਾ ਸੰਬੰਧ ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਲ ਹੈ। ਉਨ੍ਹਾਂ ਅਨੁਸਾਰ ‘ਘਰ’ ਮੂਰਛਨਾ ਦੇ ਭੇਦ ਕਰਕੇ ਇਕ ਹੀ ਰਾਗ ਦੇ ਸਰਗਮ ਪ੍ਰਸੑਤਾਰ ਅਨੁਸਾਰ ਗਾਉਣ ਦੇ ਪ੍ਰਕਾਰ ਹਨ। ਪਰ ਇਕ ਰਾਗ ਵਿਚ ਇਕ ਹੀ ਮੂਰਛਨਾ ਹੁੰਦੀ ਹੈ, ਜਦ ਕਿ ਗੁਰੂ ਗ੍ਰੰਥ ਸਾਹਿਬ ਵਿਚ ਇਕ ਹੀ ਰਾਗ ਵਿਚ ਕਈ ‘ਘਰ-ਸੰਕੇਤ’ ਮਿਲਦੇ ਹਨ। ਇਸ ਲਈ ਇਹ ਮਤ ਵੀ ਸਹੀ ਪ੍ਰਤੀਤ ਨਹੀਂ ਹੁੰਦਾ

            ਉਪਰੋਕਤ ਮਤਾਂ ਵਿਚ ਅਧਿਕ ਸਵੀਕ੍ਰਿਤ ਮਤ ‘ਘਰ’ ਨੂੰ ਤਾਲ ਲਈ ਵਰਤਿਆ ਗਿਆ ਦਸਣ ਵਾਲਾ ਹੈ। ਅਜ-ਕਲ ਰਾਗ ਵਿਚ ‘ਘਰ’ ਦਾ ਪ੍ਰਚਲਨ ਬਹੁਤ ਘਟ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿਚ 1 ਤੋਂ ਲੈ ਕੇ 17 ਤਕ ਘਰਾਂ ਦੀ ਗਿਣਤੀ ਦਿੱਤੀ ਗਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12674, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਘਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

House_ਘਰ: ਘਰ ਦਾ ਮਤਲਬ ਹੈ ਇਮਾਰਤ। ਇਸ ਵਿਚ ਨੌਕਰਾਂ ਲਈ ਬਣਾਈ ਥਾਂ, ਵਿਹੜਾ , ਬਗ਼ੀਚਾ , ਬਾਗ਼ ਆਦਿ ਜੋ ਉਸ ਹੀ ਘਰ ਦਾ ਭਾਗ ਹਨ, ਸ਼ਾਮਲ ਹੋਣਗੇ। ਪਰ ਉਸ ਵਿਚ ਵੱਖਰਾ ਘਰ ਸ਼ਾਮਲ ਨਹੀਂ ਕੀਤਾ ਜਾ ਸਕਦਾ [ਸ਼੍ਰੀਮਤੀ ਵੀ. ਐਨ. ਕਸ਼ਪ ਬਨਾਮ ਆਰ ਪੀ. ਪੁਰੀ (1976) 12 ਡੀ. ਐਲ. ਟੀ]

       ਕੋਰਪਸ ਜਿਉਰਿਸ ਸੈਕੰਡਮ, ਜਿਲਦ 41, ਪੰ. 364 ਅਨੁਸਾਰ ‘‘ਕਾਨੂੰਨੀ ਭਾਵ ਵਿਚ ਘਰ ਦਾ ਅਰਥ ਬਹੁਤ ਵਿਸ਼ਾਲ ਹੈ, ਇਹ ਮਨੁੱਖੀ ਵਾਸ ਲਈ ਮਨਸੂਬੀ ਗਈ ਇਮਾਰਤ ਤਕ ਸੀਮਤ ਨਹੀਂ ਅਤੇ ਇਸ ਦਾ ਅਰਥ ਉਹ ਇਮਾਰਤ ਜਾਂ ਛੱਪਰ ਵੀ ਹੋ ਸਕਦਾ ਹੈ ਜੋ ਪਸ਼ੂ ਰੱਖਣ ਲਈ ਚਿਤਵਿਆ ਗਿਆ ਹੋਵੇ।’’

       ਕਿਸੇ ਇਮਾਰਤ, ਝੁਗੀ ਜਾਂ ਕਿਸੇ ਬਣਤਰ ਨੂੰ ਜੋ ਮਨੁੱਖੀ ਰਿਹਾਇਸ਼ ਲਈ ਵਰਤੀ ਜਾ ਸਕਦੀ ਹੋਵੇ, ਘਰ ਜਾਂ ਨਿਵਾਸ ਕਿਹਾ ਜਾ ਸਕਦਾ ਹੈ, ਪਰ ਚਿੱਟੀ ਥਾਂ, ਤਲਾਬ ਨੂੰ ਆਦਿ ਕਿਸੇ ਇਮਾਰਤ ਜਾਂ ਝੁੱਗੀ ਤੋਂ ਵੱਖਰੇ ਰੂਪ ਵਿਚ ਘਰ ਨਹੀਂ ਕਿਹਾ ਜਾ ਸਕਦਾ।

       ਜੇ ਕਿਸੇ ਘਰ ਵਿਚ ਕੁਝ ਸਮੇਂ ਲਈ ਮਨੁੱਖੀ ਰਿਹਾਇਸ਼ ਨ ਹੋਵੇ ਤਦ ਵੀ ਉਹ ਘਰ ਹੀ ਰਹਿੰਦਾ ਹੈ।

       ਸਰਵ ਉੱਚ ਅਦਾਲਤ ਅਨੁਸਾਰ (ਰਾਮ ਅਵਤਾਰ ਬਨਾਮ ਅਸਿਸਟੈਂਟ ਸੇਲਜ਼ ਟੈਕਸ ਅਫ਼ਸਰ ਅਕੋਲਾ [(1962)1 ਐਸ ਸੀ ਆਰ 279] ਅਨੁਸਾਰ ‘‘ਪਹਿਲਾਂ ਘਰ ਇਸ ਤਰ੍ਹਾਂ ਬਣਾਏ ਜਾਂਦੇ ਸਨ ਕਿ ਹਰੇਕ ਦੇ ਥਲੇ ਆਈ ਚਿੱਟੀ ਥਾਂ ਵਖ ਵਖ ਹੁੰਦੀ ਸੀ, ਅੱਜ ਕਲ੍ਹ ਰਵਾਜ ਹੋ ਗਿਆ ਹੈ ਕਿ ਇਕ ਘਰ ਦੇ ਉਤੇ ਵਖਰਾ ਘਰ ਪਾਇਆ ਜਾ ਸਕਦਾ ਹੈ। ਅੱਜਕੱਲ੍ਹ ਵਖੋ ਵਖਰੀਆਂ ਮੰਜ਼ਿਲਾਂ ਤੇ ਵਖ ਵਖ ਘਰ ਹੋ ਸਕਦੇ ਹਨ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 12673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਘਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਰ (ਸੰ.। ਸੰਸਕ੍ਰਿਤ ਗ੍ਰਿਹ। ਪ੍ਰਾਕ੍ਰਿਤ ਤੇ ਪੰਜਾਬੀ ਘਰ) ੧. ਰਹਿਣ ਦੀ ਜਗ੍ਹਾ, ਮਕਾਨ। ਯਥਾ-‘ਘਰੁ ਬਾਲੂ ਕਾ ਘੂਮਨ ਘੇਰਿ’ ਪਵਨ ਦੇ ਘੂਮਨ ਘੇਰ ਅਗੇ ਰੇਤ ਦੇ ਘਰ ਵਾਂਙ ਕਾਲ ਦੇ ਚੱਕਰ ਵਿਚ ਦੇਹ ਠਹਿਰਨ ਵਾਲੀ ਨਹੀਂ

੨. ਕਿਤੇ ਕਿਤੇ ਭਾਵ ਵਿਚ -ਸ਼ਾਸਤ੍ਰ- ਦਾ ਅਰਥ ਦੇਂਦਾ ਹੈ। ਯਥਾ-‘ਛਿਅ ਘਰ ਛਿਅ ਗੁਰ ਛਿਅ ਉਪਦੇਸ’ ਛੇ (ਘਰ) ਸ਼ਾਸਤ੍ਰ ਹਨ ਤੇ ਛੇ (ਗੁਰ) ਕਰਤੇ ਹਨ ਤੇ ਛੇ ਉਨ੍ਹਾਂ ਦੇ ਉਪਦੇਸ਼ ਹਨ।

੩. ਇਸੀ ਤਰ੍ਹਾਂ ਘਰ ਤੋਂ ਮੁਰਾਦ -ਇਸਤ੍ਰੀ- ਬੀ ਹੈ। ਯਥਾ-‘ਘਰ ਕਾ ਮਾਸੁ ਚੰਗੇਰਾ’। ਤਥਾ-‘ਖੁਸਰੇ ਕਿਆ ਘਰ ਵਾਸੁ’ ਖੁਸਰੇ ਦਾ ਇਸਤ੍ਰੀ ਪਾਸ ਵਸਣਾ ਕੀ ਹੈ ?

੪. ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੇ ਉਪਰ ਕਈ ਜਗ੍ਹਾ ਸੂਚਨਾ ਮਾਤ੍ਰ ਘਰ ਲਿਖਿਆ ਹੈ। ਇਸ ਤੋਂ ਮੁਰਾਦ ੧. ਗਾਏ ਜਾਣ ਵਾਲੇ ਰਾਗ ਦੀ ਪ੍ਰਧਾਨ ਸੁਰ ਦੀ ਸੰਖ੍ਯਾ ਦੱਸਣ ਤੋਂ ਹੈ। ਬਜਾਏ ਜਾਣ ਵਾਲੇ ਸਾਜ਼ਾਂ ਵਿਚ ਤਿੰਨ ਗ੍ਰਾਮ ਹੁੰਦੇ ਹਨ, ਗ੍ਰਾਮ (ਪਿੰਡ) ਘਰਾਂ ਤੋਂ ਬਣਦਾ ਹੈ, ਸੋ ਤਿੰਨਾ ਗ੍ਰਾਮਾਂ ਦੀਆਂ ਸੁਰਾਂ ਦੇ ਟਿਕਾਣੇ ਘਰ ਹਨ।

          ਕਈ ਸਿਆਣੇ ਘਰ ਦਾ ਅਰਥ ਤਾਲ ਬੀ ਦੱਸਦੇ ਹਨ। ਕਈ ਤਾਲ ਵਿਚ ਕੋਈ ਟਿਕਾਣਾ ਦੱਸਦੇ ਹਨ ਜਿਸ ਨੂੰ ਗ੍ਰਹਿ (ਘਰ) ਕਹਿੰਦੇ ਹਨ।

੫. ਘਰ ਨਾਲ ਉਚਾ ਵਿਸ਼ੇਸ਼ਣ ਲਗ ਕੇ ਬੱਦਲ ਅਰਥ ਬੀ ਕਰਦੇ ਹਨ।        ਦੇਖੋ , ‘ਘਰ ਉਚਾ’

੬. ਆਪਣਾ, ਨਿਜਦਾ। ਦੇਖੋ, ‘ਘਰਕਾ ੨.’ ਤੇ ‘ਘਰਕੈ’

੭. ਘਰ ਤੋਂ ਮੁਰਾਦ ਹਿਰਦਾ ਬੀ ਹੈ। ਯਥਾ-‘ਘਰ ਮਹਿ ਘਰੁ ਦਿਖਾਇਦੇ’। ਤਥਾ-‘ਘਰ ਮਹਿ ਠਾਕੁਰੁ ਨਦਰਿ ਨ ਆਵੈ’।

੮. ਘਰ ਤੋਂ ਮੁਰਾਦ ਸਰੀਰ ਦੇ ਅੰਦਰ ਸੁਰਤ ਦੇ ਟਿਕਾਣਿਆਂ ਤੋਂ ਬੀ ਲੈਂਦੇ ਹਨ। ਇਨ੍ਹਾਂ ਨੂੰ ਕੋਈ ਨਾੜੀਆਂ ਕੋਈ ਕੋਠੜੀਆਂ ਦੱਸਦਾ ਹੈ। ਮੁਰਾਦ ਸ਼ਾਇਦ ਕੰਗ੍ਰੋੜ ਦੇ ਬਹੱਤਰ ਮੁਹਰਿਆਂ ਤੋਂ ਹੈ, ਜਿਸ ਦੇ ਵਿਚ ਨਸਾਂ (nerves=ਹਿਸ ਹਰਕਤ ਦੀਆਂ ਨਾੜੀਆਂ) ਦੇ ਸਾਮਾਨ ਹਨ ਤੇ ਉਨ੍ਹਾਂ ਦੇ ਕੇਂਦ੍ਰ ਹਨ। ਯੋਗ ਦੇ ਹਿਸਾਬ ਇੜਾ , ਪਿੰਗਲਾ , ਸੁਖਮਨਾ, ਤ੍ਰੈਏ ਕੰਗ੍ਰੋੜ ਵਿਚ ਹਨ। ਯਥਾ-‘ਬਹਤਰਿ ਘਰ ਇਕੁ ਪੁਰਖੁ ਸਮਾਇ’ ਬਹਤਰ ਘਰਾਂ ਵਾਲੇ (ਸਰੀਰ ਵਿਚ) ਵਾਹਿਗੁਰੂ ਸਮਾ ਰਿਹਾ ਹੈ, ਜਿਸ ਨੇ ਅਪਣਾ ਨਾਮ ਸਾਨੂੰ ਲਖਾ (ਫੁਰਾ) ਦਿੱਤਾ ਹੈ। ਮੁਰਾਦ ਹੈ ਕਿ ਵ੍ਯਾਪਕ ਵਾਹਿਗੁਰੂ ਜੋ ਸਾਡੇ ਪਿੰਡ ਵਿਚ ਬੀ ਸਮਾ ਰਿਹਾ ਹੈ ਉਸਦਾ ਨਾਮ ਫੁਰ ਪਿਆ ਹੈ ਤੇ ਅਸੀਂ ਲੇਖੇ ਤੋਂ ਅਲੇਖੇ ਹੋ ਗਏ ਹਾਂ।

੯. ਨੌਂ ਗੋਲਕਾਂ*    ਦੇਖੋ, ‘ਨਵੈ ਘਰ’

----------

* ਦੋ ਕੰਨ , ਦੋ ਅੱਖਾਂ, ੧ ਮੂੰਹ , ੨ ਨਾਸਕਾਂ, ੧ ਤੁਚਾ, ੧ ਸ਼ਿਸ਼ਨੁ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.