ਘੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੜੀ (ਨਾਂ,ਇ) ਸੱਠਾਂ ਪਲਾਂ ਜਾਂ ਚੌਵੀ ਮਿੰਟਾਂ ਦਾ ਸਮਾਂ; ਸਮਾਂ ਦੱਸਣ ਵਾਲਾ ਯੰਤਰ; ਛੋਟਾ ਘੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18830, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੜੀ [ਨਾਂਇ] 24 ਮਿੰਟਾਂ/60 ਪਲਾਂ ਦਾ ਸਮਾਂ; ਸਮਾਂ ਦੱਸਣ ਵਾਲ਼ਾ ਯੰਤਰ; ਥੋੜ੍ਹਾ ਜਿਹਾ ਸਮਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18819, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੜੀ.1ਸੰਗ੍ਯਾ—ਘਟਿਕਾ. ਘਟੀ. ੨੪ ਮਿਨਟਾਂ ਦਾ ਸਮਾਂ. ਦੇਖੋ, ਕਾਲਪ੍ਰਮਾਣ. “ਏਕ ਘੜੀ ਆਧੀ ਘਰੀ.” (ਸ. ਕਬੀਰ) ਦੇਖੋ, ਚਉਸਠ ਘੜੀ। ੨ ਮੱਘੀ. ਕਲਸ਼ੀ. “ਲਾਜੁ ਘੜੀ ਸਿਉ ਤੂਟਿਪੜੀ.” (ਗਉ ਕਬੀਰ) ਦੇਹ ਘੜੀ, ਰੱਸੀ ਉਮਰ

੩ ਘੜੀ ਘੰਟਾ ਆਦਿਕ ਸਮਾਂ (ਵੇਲਾ) ਮਾਪਣ ਦਾ ਯੰਤ੍ਰ. ਭਾਰਤ ਵਿੱਚ ਸਭ ਤੋਂ ਪਹਿਲਾਂ ਧੁਪਘੜੀ (Sundial) ਅਤੇ ਜਲਘੜੀ (Clepsydra) ਪੁਰਾਣੇ ਵਿਦ੍ਵਾਨਾਂ ਨੇ ਬਣਾਈ, ਜਿਨ੍ਹਾਂ ਦਾ ਜਿਕਰ ‘ਗੋਲਾਧ੍ਯਾਯ’ ਆਦਿ ਜੋਤਿ੄ ਦੇ ਪ੍ਰਾਚੀਨ ਸੰਸਕ੍ਰਿਤ ਗ੍ਰੰਥਾਂ ਵਿੱਚ ਪਾਇਆ ਜਾਂਦਾ ਹੈ.2 ਬਾਲੂਘੜੀ (Sandglass) ਅਤੇ ਪਿੱਤਲ ਲੋਹੇ ਆਦਿਕ ਧਾਤਾਂ ਦੇ ਚਕ੍ਰਾਂ ਤੇ ਕਮਾਣੀਆਂ ਵਾਲੀ ਕਲਦਾਰ ਘੜੀ (Clock, Timepiece, Pocket watch) ਵਿਦੇਸ਼ੀਆਂ ਦੀ ਕਾਢ ਹੈ.

ਇਤਿਹਾਸ ਤੋਂ ਜਾਣਿਆ ਜਾਂਦਾ ਹੈ ਕਿ ਘਟਿਕਾਯੰਤ੍ਰ ਪਹਿਲਾਂ ਹੈਨਰੀ ਡਿ ਵਿਕ (Henry de Wyck) ਨਾਮੇ ਜਰਮਨ ਨੇ ਸਨ ੧੩੭੯ ਵਿੱਚ ਈਜਾਦ ਕਰਕੇ ਪੈਰਿਸ ਵਿੱਚ, ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਦੀ ਭੇਟਾ ਕੀਤਾ. ਇਸ ਆਦਿ ਘੜੀ ਦੀਆਂ ਸੁਧਾਰਪੂਰਿਤ ਤਬਦੀਲੀਆਂ ਤਦ ਤੋਂ ਹੁਣ ਤਕ ਲਗਾਤਾਰ ਹੁੰਦੀਆਂ ਆਈਆਂ ਹਨ, ਪਰ ਸ਼ਲਾਘਾ ਯੋਗ ਵਿਸ਼ੇ੄ ਤਬਦੀਲੀਆਂ ਸਨ ੧੬੫੭ ਵਿੱਚ ਹਿਯੂਜਨਜ਼ (Huygens) ਨੇ, ੧੬੬੬ ਵਿੱਚ ਡਾਕਟਰ ਹੁਕ (Hooke) ਨੇ, ੧੭੧੫ ਵਿੱਚ ਗ੍ਰੈਹਮ (Graham) ਨੇ, ਅਰ ੧੭੨੬ ਵਿੱਚ ਹੈਰੀਸਨ (Harrison) ਨੇ ਕੀਤੀਆਂ. ਹੁਣ ਆਮ ਤੌਰ ਪੁਰ ਤਿੰਨ ਪ੍ਰਕਾਰ ਦੀਆਂ ਘੜੀਆਂ ਹੁੰਦੀਆਂ ਹਨ, ਅਰਥਾਤ—ਜੇਬ ਘੜੀਆਂ,1 ਕੰਧ ਘੜੀਆਂ, ਅਰ ਮੁਨਾਰ ਘੜੀਆਂ. ਸਭ ਪ੍ਰਕਾਰ ਦੀਆਂ ਘੜੀਆਂ ਨੂੰ ਰੋਜ਼ਾਨਾ ਯਾ ਕੁਝ ੨ ਦਿਨਾਂ ਮਗਰੋਂ ਇੱਕ ਕਲਾ ਦ੍ਵਾਰਾ ਕੋਕਣਾ ਪੈਂਦਾ ਹੈ, ਜਿਸ ਨੂੰ ਕੁੰਜੀ ਯਾ ਚਾਬੀ ਦੇਣਾ ਆਖਦੇ ਹਨ. ਐਸਾ ਕਰਨ ਨਾਲ ਵਲ੍ਹੇਟੀ ਹੋਈ ਕਮਾਣੀ, ਜੋ ਚਕ੍ਰਾਂ ਨੂੰ ਹਰਕਤ ਦੇਂਦੀ ਰਹੀ ਹੈ ਅਰ ਹੌਲੀ ਹੌਲੀ ਢਿੱਲੀ ਹੋ ਕੇ ਬਿਲਕੁਲ ਖੁਲ੍ਹ ਚੁਕੀ ਅਰ ਸੱਤਾਹੀਨ ਹੋ ਗਈ ਸੀ, ਮੁੜਕੇ ਵਲ੍ਹੇਟੀ ਜਾਂਦੀ ਹੈ. ਹੁਣ ਅਨੇਕ ਘੜੀਆਂ ਬਿਜਲੀ ਦੀ ਤਾਕਤ ਨਾਲ ਭੀ ਚਲਦੀਆਂ ਹਨ.

ਸਭ ਤੋਂ ਵਡੀਆਂ ਘੜੀਆਂ ਲੰਡਨ ਦੇ ਪਾਰਲੀਮੈਂਟ ਘਰ ਦੇ ਮੁਨਾਰੇ ਪੁਰ, ਅਤੇ ਲੰਡਨ ਦੇ ਬਿਲੌਰ ਮਹਲ (Crystal Palace) ਦੀ ਕੰਧ ਪੁਰ ਹਨ. ਕਈ ਕਾਲਗੇਟ ਫੈਕਟ੍ਰੀ, ਨ੍ਯੂਯਾਰਕ (ਅਮ੍ਰੀਕਾ) ਦੀ ਘੜੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਘੜੀ ਆਖਦੇ ਹਨ.

ਪਾਰਲੀਮੈਂਟ ਘਰ (ਲੰਡਨ) ਦੇ ਮੁਨਾਰੇ ਦੀਆਂ ੩੬੦ ਪੌੜੀਆਂ ਹਨ, ਜਿਨ੍ਹਾਂ ਦੀ ਸ਼ਿਖਰ ਪੁਰ “ਬਿਗਬੈਨ” ਨਾਮੇ ਘੜੀ ਲੱਗੀ ਹੋਈ ਹੈ, ਇਸ ਨੂੰ ਲੱਗੇ ਕਰੀਬਨ ੫੫ ਸਾਲ ਹੋ ਚੱਲੇ ਹਨ. ਇਸ ਦੀ ਅਦਭੁਤ ਵਿਸ਼ਾਲਤਾ ਦਾ ਅੰਦਾਜ਼ਾ ਵੇਖਣ ਤੋਂ ਹੀ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਸ ਘੜੀ ਦੇ ਚਾਰ ਮੁਖ (Dial) ਹਨ. ਪ੍ਰਤ੍ਯੇਕ ਦਾ ਕੁਤਰ ੨੩ ਫੁਟ ਹੈ. ਮਿੰਟਾਂ ਦੀਆਂ ਸੂਈਆਂ ਚੌਦਾਂ ਚੌਦਾਂ ਫੁਟ ਲੰਮੀਆਂ ਹਨ. ਇਸ ਦੇ ਲੰਗਰ (Pendulum) ਦਾ ਵਜ਼ਨ ਪੰਜ ਮਣ ਪੱਚੀ ਸੇਰ (੪੫੦ ਪੌਂਡ) ਹੈ ਹਰ ਇੱਕ ਹਿੰਦਸਾ (ਅੰਗ) ਦੋ ਫੁਟ ਲੰਮਾ ਹੈ. ਮਿੰਟਾਂ ਦੀਆਂ ਵਿੱਥਾਂ ਇੱਕ ਇੱਕ ਫੁਟ ਮੁਰੱਬਾ ਹਨ. ਇਸ ਦੇ ਘੜਿਆਲ ਦਾ ਵਜ਼ਨ ੩੭੮ ਮਣ ਪੱਕਾ (ਸਾਢੇ ੨੩ ਟਨ) ਹੈ, ਅਰ ਜਿਸ ਹਥੌੜੇ ਨਾਲ ਇਹ ਖੜਕਦਾ ਹੈ ਉਸ ਦਾ ਵਜ਼ਨ ਭੀ ਦੋ ਮਣ ਪੱਕਾ ਹੈ. ਇਸ ਨੂੰ ਹਫ਼ਤੇ ਵਿੱਚ ਤਿੰਨ ਵੇਰ ਚਾਬੀ ਲਗਾਈ ਜਾਂਦੀ ਹੈ, ਅਰ ਚਾਬੀ ਲਾਉਣ ਲਈ ਦੋ ਆਦਮੀਆਂ ਨੂੰ ਪੰਜ ਘੰਟੇ ਲਗਦੇ ਹਨ.

ਪਿਛਲੇ ਸਾਲ (੧੯੨੭ ਵਿੱਚ) ਇੱਕ ਅਤ੍ਯੰਤ ਅਦਭੁਤ ਘੜੀ, ਜਿਸ ਨੂੰ ਸੰਸਾਰ ਦਾ ਅੱਠਵਾਂ ਅਜੂਬਾ ਕਿਹਾ ਗਿਆ ਹੈ, ਆਸਟ੍ਰੀਆ ਦੀ ਰਾਜਧਾਨੀ, ਵੀਐਨਾ ਵਿੱਚ ਤਿਆਰ ਹੋਈ ਹੈ. ਇਹ ਸੰਗੀਤ ਘੜੀ ਹੈ, ਅਰ ਸੋਲਾਂ ਵਰ੍ਹਿਆਂ ਵਿੱਚ ਬਣੀ ਹੈ. ਇਸ ਦਾ ਹਰ ਇੱਕ ਹਿੰਦਸਾ ੬ ਫੁਟ ਉੱਚਾ ਹੈ. ਯੂਰਪ ਦੇ ਇਤਿਹਾਸ ਵਿੱਚੋਂ ਬਾਰਾਂ ਪ੍ਰਸਿੱਧ ਬਾਦਸ਼ਾਹਾਂ ਦੇ ਬੁਤ, ਇਸ ਵਿੱਚ ਅਜੇਹੇ ਢੰਗ ਨਾਲ ਗੁਪਤ ਰੱਖੇ ਹਨ ਕਿ ਜਦ ਘੰਟਾ ਪੂਰਾ ਹੁੰਦਾ ਹੈ, ਤਾਂ ਝਟ ਇੱਕ ਖਾਸ (ਵਿਸ਼ੇ੄) ਬੁਤ ਸਨਮੁਖ ਆ ਜਾਂਦਾ, ਅਰ ਠੀਕ ਘੰਟਾ ਭਰ ਦ੍ਰਿ੡੄਍ਗੋਚਰ ਰਹਿੰਦਾ ਹੈ. ਪ੍ਰਤ੍ਯੇਕ ਬੁਤ ਦੀ ਮੌਜੂਦਗੀ ਵਿੱਚ ਲਗਾਤਾਰ ਇੱਕ ਖਾਸ (ਵਿਸ਼ੇ੄) ਸੰਗੀਤ ਭੀ ਵਜਦਾ ਰਹਿੰਦਾ ਹੈ.

ਚਤੁਰ ਕਾਰੀਗਰਾਂ ਨੇ ਘਟਿਕਾਯੰਤ੍ਰ (ਘੜੀਆਂ) ਵਿੱਚ ਨਵੀਂ ਤੋਂ ਨਵੀਂ ਕਾਢਾਂ ਕੱਢਕੇ ਜੋ ਸਮੇਂ ਸਮੇਂ ਸਿਰ ਇਸ ਦੀ ਕਾਇਆਂ ਪਲਟੀ ਹੈ ਉਹ ਅਨੇਕ ਰੂਪਾਂ ਵਿੱਚ ਹੁਣ ਵੇਖੀ ਜਾਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18635, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੜੀ (ਸੰ.। ਦੇਖੋ , ਘੜ ੧.) ੧. ਛੋਟਾ ਘੜਾ। ਯਥਾ-‘ਲਾਜੁ ਘੜੀ ਸਿਉ ਤੂਟਿ ਪੜੀ ’ ਭਾਵ ਅਵਸਥਾ ਰੂਪੀ ਲੱਜ ਸਰੀਰ ਘੜੀ ਤੋਂ ਟੁਟ ਪਈ, ਅਰਥਾਤ ਆਯੂ ਮੁਕ ਗਈ

੨. (ਸੰਸਕ੍ਰਿਤ ਘਟੀ। ਪ੍ਰਾਕ੍ਰਿਤ ਘਡਿ। ਪੰਜਾਬੀ ਘੜੀ) ਸਮੇਂ ਦੀ ਗਿਣਤੀ। ਸਠ ਪਲ ਦੀ ਇਕ ਘੜੀ ਹੁੰਦੀ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 18534, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਘੜੀ : ਘੜੀ ਕਦੋਂ ਹੋਂਦ ਵਿਚ ਆਈ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਯੰਤਰਿਕ ਟਾਈਮ-ਪੀਸ ਸਭ ਤੋਂ ਪਹਿਲੀ ਘੜੀ ਹੈ। ਇਹ ਨੂਰੰਨਬਰਗ ਦੇ ਪੀਟਰ ਹੇਨਲਾਈਨ ਦੀ ਮੁੱਖ ਸਪਰਿੰਗ ਦੀ ਕਾਢ ਤੋਂ ਬਾਅਦ ਬਣਾਈ ਗਈ। ਮੁਢਲੇ ਕਲਾਕ ਕਿਸੇ ਭਾਰ ਨਾਲ ਚਲਾਏ ਜਾਂਦੇ ਸਨ। ਇਸ ਲਈ ਇਨ੍ਹਾਂ ਨੂੰ ਇਕੋ ਥਾਂ ਟਿਕਾ ਕੇ ਰਖਣਾ ਪੈਂਦਾ ਸੀ। ਮੁੱਖ ਸਪਰਿੰਗ ਦੀ ਕਾਢ ਤੋਂ ਬਾਅਦ ਇਕ ਥੋਂ ਤੋਂ ਦੂਜੀ ਥਾਂ ਲਿਜਾ ਸਕਣ ਵਾਲੇ ਕਲਾਕ ਬਣਨ ਲੱਗ ਪਏ।

          ਘੜੀ ਨਾਲ ਸਮਾਂ ਦਰਸਾਉਣ ਦੀ ਦਰ ਨੂੰ ਇਕ ਕੰਟਰੋਲ ਕਰਨ ਵਾਲੇ ਡੋਲਕ ਸਿਸਟਮ ਦੀ ਕਿਸਮ ਦੇ ਪੁਰਜ਼ੇ ਨਾਲ ਚਲਾਇਆ ਜਾਂਦਾ ਹੈ। ਡੋਲਕ ਨੂੰ ਡੋਲਨ ਗਤੀ ਵਿਚ ਰਖਣ ਲਈ ਲੋੜੀਂਦੀ ਊਰਜਾ ਇਸ ਨੂੰ ਚਾਬੀ ਦੇਣ ਨਾਲ ਸਪਰਿੰਗ ਜਾਂ ਫੱਨਰ ਵਿਚ ਜਮ੍ਹਾਂ ਕੀਤੀ ਜਾਂਦੀ ਹੈ।

          ਫੱਨਰ ਜਾਂ ਮੁੱਖ ਸਪਰਿੰਗ––ਫੱਨਰ ਇਕ ਚਪਟੀ ਫੌਲਾਦੀ ਪੱਤੀ ਹੁੰਦੀ ਹੈ ਜਿਸਨੂੰ ਮੋੜ ਕੇ ਪ੍ਰਤਿਬਲਿਤ ਕੀਤਾ ਹੁੰਦਾ ਹੈ। ਜਦੋਂ ਘੜੀ ਨੂੰ ਚਾਬੀ ਦਿਤੀ ਜਾਂਦੀ ਹੈ ਤਾਂ ਇਹ ਆਪਣੇ ਧੁਰੇ ਦੁਆਲੇ ਲਿਪਟ ਜਾਂਦਾ ਹੈ ਅਤੇ ਊਰਜਾ ਜਮ੍ਹਾਂ ਹੋ ਜਾਂਦੀ ਹੈ। ਫੱਨਰ ਨੂੰ ਧੁਰੇ ਦੇ ਕੇਂਦਰ ਵਿਚ ਇਕ ਅੱਖ-ਨੁਮਾ ਸੁਰਾਖ਼ ਵਿਚ ਕਸਿਆ ਹੁੰਦਾ ਹੈ ਜਦੋਂ ਕਿ ਇਸ ਦਾ ਦੂਜਾ ਸਿਰਾ ਫਰੇਮ ਨਾਲ ਜੋੜਿਆ ਹੁੰਦਾ ਹੈ। ਘੜੀ ਜਦੋਂ ਚਲਦੀ ਹੈ ਤਾਂ ਸਪਰਿੰਗ ਜਾਂ ਫੱਨਰ ਗ੍ਰੇਟ ਵੀਲ੍ਹ ਨੂੰ ਨੋਕਦਾਰ ਦੰਦੇ ਅਤੇ ਕਲਿਕ ਦੀ ਸਹਾਇਤਾ ਨਾਲ ਚਲਾਉਂਦਾ ਹੈ। ਚੁਕਵੀਆਂ ਘੜੀਆਂ ਵਿਚ ਫੱਨਰ ਦੇ ਇਕਸਾਰਤਾ ਨਾਲ ਨਾਲ ਖੁੱਲ੍ਹਣ ਦੀ ਤਰੁੱਟੀ ਨੂੰ ਦੂਰ ਕਰਨ ਲਈ ਸਟਾਕਫਰੀਡ (ਇਕ ਕਿਸਮ ਦਾ ਅਸਮਕੇਂਦਰੀ ਵੀਲ੍ਹ) ਲਗਾ ਕੇ ਦੂਰ ਕਰਨ ਦਾ ਯਤਨ ਕੀਤਾ ਗਿਆ। ਘੜੀ ਦੀ ਘਿਰਨੀ ਕਾਢ ਨੇ ਇਸ ਸਮੱਸਿਆ ਨੂੰ ਹੱਲ ਕਰ ਦਿਤਾ। ਹੁਣ ਇਨ੍ਹਾਂ ਘਿਰਨੀਆਂ ਦੀ ਥਾਂ ਬੈਰਲ ਨੇ ਲੈ ਲਈ ਹੈ। ਇਸ ਨਾਲ ਘੜੀ ਚਾਬੀ ਦਿੰਦੇ ਸਮੇਂ ਵੀ ਚਲਦੀ ਰਹਿੰਦੀ ਹੈ। ਜਨੀਵਾ ਦੇ ਉੱਚਤਮ ਦਰਜੇ ਦੀ ਸ਼ੁੱਧਤਾ ਵਾਲੀਆਂ ਘੜੀਆਂ ਦੇ ਸਟਾੱਪਵਰਕ ਨਾਲ ਐਂਗਣ ਵਿਚ ਆਉਣ ਵਾਲੀ ਤਬਦੀਲੀ ਦੀ ਗੰਭੀਰ ਸਮੱਸਿਆ ਜਿਹੜੀ ਫੱਨਰ ਨੂੰ ਪੂਰੀ ਤਰ੍ਹਾਂ ਚਾਬੀ ਕਸੇ ਜਾਣ ਤੇ ਪੈਦਾ ਹੁੰਦੀ ਹੈ, ਖ਼ਤਮ ਹੋ ਗਈ।

          ਕੰਟਰੋਲ ਕਰਨ ਵਾਲਾ ਸਿਸਟਮ––ਪਹਿਲੀਆਂ ਘੜੀਆਂ ਵਿਚ ਇਕ ਭਾਰੀ ਕ੍ਰਾੱਸਬਾਰ ਜਾਂ ਪਹੀਆ (ਸੰਤੁਲਕ) ਲੱਗਾ ਹੁੰਦਾ ਸੀ। ਸੰਤੁਲਕ ਨਾਲ ਲੱਗਿਆ ਇਕ ਭਾਰੀ ਰਿਮ ਘੜੀ ਦੀ ਚਾਲ ਨੂੰ ਕੰਟਰੋਲ ਕਰਦਾ ਸੀ। ਇਸ ਕੰਟਰੋਲ ਨਾਲ ਘੜੀ ਦਾ ਡੋਲਨ-ਕਾਲ ਨਿਯੰਤਰਿਤ ਨਹੀਂ ਸੀ ਹੁੰਦਾ ਕਿਉਂਕਿ ਘਿਰਨੀ ਦੀ ਚਾਲ ਉਸ ਉੱਤੇ ਲੱਗ ਰਹੇ ਬਲ ਉੱਤੇ ਨਿਰਭਰ ਕਰਦੀ ਹੈ। ਇਸ ਤਰ੍ਹਾਂ ਘੜੀ ਦੀ ਘਿਰਨੀ ਦੀ ਮਹੱਤਤਾ ਬਾਕੀ ਪੁਰਜ਼ਿਆਂ ਨਾਲੋਂ ਜ਼ਿਆਦਾ ਸੀ।

          ਸੰਤੁਲਕ ਸਪਰਿੰਗ, ਨਰਮ ਸਟੀਲ ਦਾ ਇਕ ਰਿਬਨ ਹੁੰਦਾ ਹੈ। ਜਿਹੜਾ ਆਮ ਕਰਕੇ ਇਕ ਕੁੰਡਲੀ ਦੇ ਰੂਪ ਵਿਚ ਵਲਿਆ ਹੁੰਦਾ ਹੈ। ਇਸ ਦਾ ਅੰਦਰਲਾ ਪਾਸਾ ਪਿੰਨ ਨਾਲ ਸੰਤੁਲਨ ਸਟਾਫ ਉੱਤੇ ਲੱਗੀ ਕਾਲਟ ਵਿਚ ਕਸਿਆ ਹੁੰਦਾ ਹੈ ਅਤੇ ਬਾਹਰਲਾ ਪਾਸਾ ਇਕ ਸਟੱਡ ਵਿਚ ਜਕੜਿਆ ਹੁੰਦਾ ਹੈ। ਇਹ ਸਟੱਡ ਗਤੀਸ਼ੀਲ ਪੁਰਜ਼ਿਆਂ ਨਾਲ ਜੁੜਿਆ ਹੁੰਦਾ ਹੈ। ਇਹ ਗਤੀਸ਼ੀਲ ਪੁਰਜ਼ੇ ਢਾਈ ਸਾਈਕਲ ਪ੍ਰਤਿ ਸੈਕੰਡ ਦਾ ਆਵ੍ਰਿੱਤੀ ਨਾਲ ਚਲਦੇ ਰਹਿੰਦੇ ਹਨ। ਚਿੱਤਰ ਵਿਚ ਘੜੀ ਦੀ ਗਤੀ ਦਰਸਾਈ ਗਈ ਹੈ।

          ਸੰਤੁਲਕ ਅਤੇ ਸਪਰਿੰਗ ਵਿਚ ਆਉਣ ਵਾਲੀਆਂ ਤਰੁੱਟੀਆਂ––ਘੜੀ ਦੀ ਕਾਰਜ–ਕੁਸ਼ਲਤਾ ਸੰਤੁਲਕ ਅਤੇ ਸਪਰਿੰਗ ਦੇ ਡੋਲਨ-ਕਾਲ ਦੀ ਇਕਸਾਰਤਾ ਉੱਤੇ ਨਿਰਭਰ ਕਰਦੀ ਹੈ। ਅਜਿਹੇ ਸਿਸਟਮ ਦਾ ਡੋਲਨ-ਕਾਲ T=2 ਦੇ ਬਰਾਬਰ ਹੁੰਦਾ ਹੈ ਜਿਸ ਵਿਚ 𝙸 ਸੰਤੁਲਕ ਦੀ ਜੜ੍ਹਤਾ-ਮੋਮੈਂਟ ਅਤੇ C ਸਪਰਿੰਗ ਦੀ ਪੁਨਰ-ਸਥਾਪਕ ਟਾੱਰਕ ਪ੍ਰਤਿ ਇਕਾਈ ਵਿਸਥਾਪਨ ਹੈ। ਘੜੀ ਦੀ ਰਫ਼ਤਾਰ ਵਿਚ ਆਈ ਕਿਸੇ ਵੀ ਕਿਸਮ ਦੀ ਤਬਦੀਲੀ ਨੂੰ ਉਪਰੋਕਤ ਸਮੀਕਰਨ ਤੋਂ ਜਾਣਿਆ ਜਾ ਸਕਦਾ ਹੈ। ਸੰਤੁਲਕ ਨੂੰ ਚੂਲਾਂ ਦੇ ਵਿਚਕਾਰ ਸੰਤੁਲਿਤ ਕੀਤਾ ਹੁੰਦਾ ਹੈ। ਚੰਗੀਆਂ ਅਤੇ ਪਾਏਦਾਰ ਘੜੀਆਂ ਵਿਚ ਇਸ ਨੂੰ ਨਗਾਂ ਵਿਚ ਜੜ੍ਹਿਆ ਹੁੰਦਾ ਹੈ। ਸੰਤੁਲਕ ਦੇ ਧੁਰੇ ਦੇ ਦੋਵੇਂ ਪਾਸਿਆਂ ਉੱਤੇ ਨਗ ਲਗਾਏ ਜਾਂਦੇ ਹਨ ਇਨ੍ਹਾਂ ਵਿਚੋਂ ਇਕ ਵਿਚ ਸੁਰਾਖ ਕਰਕੇ ਚੂਲ ਬਣਾਈ ਹੁੰਦੀ ਹੈ ਅਤੇ ਦੂਜਾ ਪੱਧਰਾ ਰਖ ਕੇ ਧੁਰੇ ਦੇ ਨੋਕਦਾਰ ਸਿਰੇ ਤੇ ਥਾਂ ਬਣਾ ਕੇ ਕਸਿਆ ਹੁੰਦਾ ਹੈ। ਘੜੀ ਨੂੰ ਵੱਖ ਵੱਖ ਸਥਿਤੀ ਵਿਚ ਰਖਣ ਨਾਲ ਇਨ੍ਹਾਂ ਚੂਲਾਂ ਉੱਤੇ ਲਗ ਰਹੀ ਰਗੜ, ਘੜੀ ਦੀ ਕਾਰਜ ਕੁਸ਼ਲਤਾ ਉੱਤੇ ਅਸਰ ਪਾਉਂਦੀ ਹੈ।

          ਗਤੀਸ਼ੀਲ ਰੈਗੂਲੇਟਰ ਇੰਡੈਕਸ ਉੱਤੇ ਕਰਬ ਪਿੰਨਾਂ ਦਾ ਜੋੜਾ ਲਾ ਕੇ ਜਾਂ ਸੰਤੁਲਕ ਦੇ ਰਿਮ ਉੱਤੇ ਇਕ ਜਾਂ ਦੋ ਥਾਵਾਂ ਤੇ ਉਲਟ ਪੇਚਾਂ ਦੇ ਜੋੜੇ ਲਾ ਕੇ ਸੰਤੁਲਕ ਦੀ ਜੜ੍ਹਤਾ-ਮੋਮੈਂਟ ਅਤੇ ਸਪਰਿੰਗ ਦੇ ਪੁਨਰਸਥਾਪਕ ਟਾੱਰਕ ਵਿਚ ਤਬਦੀਲੀ ਨਾਲ ਸੰਤੁਲਕ ਸਪਰਿੰਗ ਦਾ ਡੋਲਨ-ਕਾਲ ਨਿਸ਼ਚਿਤ ਕੀਤਾ ਜਾ ਸਕਦਾ ਹੈ। “ਫਰੀ ਸਪਰਿੰਗ” ਘੜੀਆਂ ਵਿਚ ਰੈਗੂਲੇਟਰ ਇੰਡੈਕਸ ਨਹੀਂ ਲਗਾਇਆ ਹੁੰਦਾ ਅਤੇ ਸੰਤੁਲਕ ਤੇ ਰਿਮ ਉੱਤੇ ਸਕਰੂ ਅਡਜਸਟ ਕਰਕੇ ਲੋੜੀਂਦਾ ਪਰਿਵਰਤਨ ਲਿਆਂਦਾ ਜਾ ਸਕਦਾ ਹੈ।

          ਘੜੀ ਦੇ ਡੋਲਨ-ਕਾਲ ਵਿਚ ਤਰੁੱਟੀਆਂ––ਜਦੋਂ ਸੰਤੁਲਕ ਦੇ ਆਵਰਤ-ਕਾਲ ਵਿਚ ਕੋਈ ਤਬਦੀਲੀ ਆਉਂਦੀ ਹੈ ਤਾਂ ਘੜੀ ਠੀਕ ਸਮਾਂ ਨਹੀਂ ਦੱਸਦੀ। ਇਹ ਤਬਦੀਲੀ ਹੇਠ ਲਿਖੀਆਂ ਤਰੁੱਟੀਆਂ ਕਰਕੇ ਹੁੰਦੀ ਹੈ :––

          ਕਰਬ ਪਿੰਨ ਤਰੁੱਟੀਆਂ; ਅਪਕੇਂਦਰੀ ਤਰੁੱਟੀਆਂ; ਸਪਰਿੰਗ ਦੀ ਲਚਕਤਾ ਕਾਰਨ ਤਰੁੱਟੀਆਂ; “ਅਟੈਚਮੈਂਟ-ਬਿੰਦੂ” ਕਾਰਨ ਤਰੁੱਟੀਆਂ ਅਤੇ ਘੜੀ ਦੇ ਕੁੱਤੇ ਦੀ ਮਕੈਨਿਜ਼ਮ ਕਾਰਨ ਤਰੁੱਟੀਆਂ।

          ਕਰਬ ਪਿੰਨ ਤਰੁੱਟੀਆਂ––ਇਹ ਉਦੋਂ ਆਉਂਦੀਆਂ ਹਨ ਜਦੋਂ ਰੈਗੂਲੇਟਰ ਦੀਆਂ ਕਰਬ-ਪਿੰਨਾਂ ਸਪਰਿੰਗ ਨੂੰ ਚੰਗੀ ਤਰ੍ਹਾਂ ਨਹੀਂ ਪਕੜਦੀਆਂ। ਇਸ ਨਾਲ ਡੋਲਨ-ਕਾਲ ਦੌਰਾਨ ਇਨ੍ਹਾਂ ਦਾ ਆਪਸੀ ਸਬੰਧ ਟੁੱਟ ਜਾਂਦਾ ਹੈ ਅਤੇ ਇਸ ਦੀ ਲੋੜੀਂਦੀ ਲੰਬਾਈ ਸਟੱਡ ਤੋਂ ਮਿਣੀ ਜਾਂਦੀ ਹੈ। ਅਕਪੇਂਦਰੀ ਤਰੁੱਟੀਆਂ ਦੀ ਅਜੋਕੀਆਂ ਘੜੀਆਂ ਵਿਚ ਕੋਈ ਮਹੱਤਤਾ ਨਹੀਂ ਰਹਿ ਗਈ ਕਿਉਂਕਿ ਸਮਤੋਲਿਤ ਕੱਟ ਦਾ ਉਪਯੋਗ ਬਹੁਤ ਹੀ ਘੱਟ ਕੀਤਾ ਜਾਂਦਾ ਹੈ।

          ਘੜੀ ਦਾ ਸਰਪਿੰਗ ਜੇ ‘ਹੁੱਕ ਦੇ ਨਿਯਮ’ ਦੀ ਪਾਲਣਾ ਨਾ ਕਰਦਾ ਹੋਵੇ ਤਾਂ 20 ਸਕਿੰਟ ਪ੍ਰਤਿ ਦਿਨ ਤਕ ਦੀ ਤਰੁੱਟੀ ਆ ਸਕਦੀ ਹੈ।

          ਅਟੈਚਮੈਂਟ-ਬਿੰਦੂ––ਜਦੋਂ ਸਪਰਿੰਗ ਖੁੱਲ੍ਹਦਾ ਜਾਂ ਕਸਿਆ ਜਾਂਦਾ ਹੈ ਤਾਂ ਇਸ ਦੀ ਕੁੰਡਲੀ ਦਾ ਅਰਧ-ਵਿਆਸ ਬਦਲਦਾ ਰਹਿੰਦਾ ਹੈ। ਇਸ ਲਈ ਅਟੈਚਮੈਂਟ ਬਿੰਦੂ ਦੀ ਸਥਿਤੀ ਵੀ ਬਦਲਦੀ ਰਹਿੰਦੀ ਹੈ। ਇਸ ਕਰਕੇ ਡੋਲਨ-ਕਾਲ ਵਿਚ ਪਰਿਵਰਤਨ ਆਉਂਦੇ ਰਹਿੰਦੇ ਹਨ। ਘੜੀ ਦੇ ਕੁੱਤੇ ਦੀ ਮਕੈਨਿਜ਼ਮ ਦਾ ਕੰਮ ਸੰਤੁਲਕ ਅਤੇ ਸਪਰਿੰਗ ਨੂੰ ਫੱਨਰ ਤੋਂ ਊਰਜਾ ਪ੍ਰਦਾਨ ਕਰਨਾ ਹੈ। ਅਜਿਹਾ ਗਰਾਰੀਆਂ ਦੇ ਸੈੱਟ ਰਾਹੀਂ ਕੀਤਾ ਜਾਂਦਾ ਹੈ ਤਾਂ ਡੋਲਨ ਸਮੇਂ ਸੰਤੁਲਨ ਕਾਇਮ ਰਖਿਆ ਜਾ ਸਕੇ। ਇਕ ਲੀਵਰ ਦੀ ਸਹਾਇਤਾ ਨਾਲ ਘੜੀ ਦੇ ਕੁੱਤੇ ਦੀ ਮਕੈਨਿਜ਼ਮ ਦਾ ਸਮੁੱਚਾ ਪ੍ਰਭਾਵ ਘਟਾਇਆ ਜਾਂਦਾ ਹੈ। ਆਮ ਤੌਰ ਤੇ ਇਹ ਘਾਟਾ ਦੋ ਤੋਂ ਪੰਜ ਸਕਿੰਟ ਪ੍ਰਤਿ ਦਿਨ ਤਕ ਹੁੰਦਾ ਹੈ।

          ਸਥਿਤੀ ਕਾਰਨ ਤਰੁੱਟੀਆਂ––ਘੜੀ ਲੇਟਵੇਂ-ਦਾਅ ਅਤੇ ਲਟਕਵੇਂ-ਦਾਅ ਰਖਣ ਨਾਲ ਚੂਨ ਉੱਤੇ ਧੁਰੇ ਦੀ ਰਗੜ ਘਟਦੀ ਵਧਦੀ ਰਹਿੰਦੀ ਹੈ। ਲੜਕਵੀਂ ਸਥਿਤੀ ਵਿਚ ਵਿਸਤਾਰ ਲੇਟਵੀਂ ਸਥਿਤੀ ਨਾਲੋਂ 40°–60° ਘੱਟ ਹੁੰਦਾ ਹੈ। ਉਪਰੋਕਤ ਸਾਰੀਆਂ ਤਰੁੱਟੀਆਂ ਦਾ ਪ੍ਰਭਾਵ ਘੜੀ ਦੀ ਸਥਿਤੀ ਬਦਲਣ ਨਾਲ ਬਦਲ ਜਾਂਦਾ ਹੈ।

          ਤਾਪਮਾਨੀ ਤਰੁੱਟੀਆਂ––ਸੰਤੁਲਕ ਅਤੇ ਸਪਰਿੰਗ ਦਾ ਆਵਰਤ-ਕਾਲ ਸੰਤੁਲਕ ਦੇ ਪੁੰਜ, ਪਰਿਚੱਕਰਨ ਅਰਧ-ਵਿਆਸ, ਸਪਰਿੰਗ ਦੀ ਲਚਕਤਾ ਅਤੇ ਆਕਾਰ ਉੱਤੇ ਨਿਰਭਰ ਕਰਦਾ ਹੈ।

          ਤਾਪਮਾਨ ਦੀ ਤਬਦੀਲੀ ਨਾਲ ਘੜੀ ਦਾ ਡੋਲਨ-ਕਾਲ ਘਟਦਾ ਹੈ। ਜੇਕਰ ਕਿਸੇ ਘੜੀ ਵਿਚ ਸਟੀਲ ਦਾ ਇਕ ਸਪਰਿੰਗ ਅਤੇ ਪਿੱਤਲ ਦਾ ਸੰਤੁਲਕ ਵਰਤਿਆ ਹੋਵੇ ਤਾਂ ਇਹ ਘੜੀ 1 ਡਿਗਰੀ ਸੈਂਟੀਗਰੇਡ ਤਾਪਮਾਨ ਦੇ ਵਾਧੇ ਮਗਰ 11 ਸਕਿੰਟ ਪ੍ਰਤਿ ਦਿਨ ਪਿੱਛੇ ਰਹਿ ਜਾਂਦੀ ਹੈ। ਜਹਾਜ਼ਰਾਨੀ ਲਈ ਵਰਤੀਆਂ ਜਾਣ ਵਾਲੀਆਂ ਘੜੀਆਂ ਨੂੰ ਤਾਪਮਾਨ ਦੀ ਬਹੁਤ ਵੱਡੀਆਂ ਤਬਦੀਲੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਇਹ ਸਮੱਸਿਆ ਦਾ ਹੱਲ ਜਾੱਨ ਹੈਰੀਸਨ ਨੇ ਕਰਬ ਪਿੰਨਾਂ ਦੇ ਜੋੜੇ ਦਾ ਇਸਤੇਮਾਲ (ਪਿੱਤਲ ਅਤੇ ਸਟੀਲ ਦੀ ਪੱਤੀ ਉੱਤੇ ਜੜ੍ਹ ਕੇ) ਕਰਕੇ ਕੀਤਾ।

          ਮਗਰੋਂ ਇਸ ਢੰਗ ਦੀ ਥਾਂ ਸੰਤੁਲਕ ਨੇ ਲੈ ਲਈ ਜਿਸ ਵਿਚ ਤਾਪਮਾਨ ਦੀ ਤਬਦੀਲੀ ਕਾਰਨ ਜੜ੍ਹਤਾ-ਮੋਮੈਂਟ ਤਬਦੀਲੀ ਆਉਂਦੀ ਸੀ। ਪਿੱਤਲ ਅਤੇ ਸਟੀਲ ਦੀ ਦੂਹਰੀ ਧਾਤ ਵਾਲੇ ਸਮਤੋਲਿਤ ਸੰਤੁਲਕ (ਪ੍ਰਤਿਕਾਰ) ਜਿਸ ਦੀ ਕਾਢ ਅਰਨਾੱਲਡ ਅਤੇ ਅਰਨਸ਼ਾਹ ਨੇ ਕੱਢੀ, ਦੀ ਵਰਤੋਂ ਅੱਜ ਵੀ ਇਕ ਉੱਚ-ਪਾਏ ਦੀਆਂ ਘੜੀਆਂ ਵਿਚ ਕੀਤੀ ਜਾਂਦੀ ਹੈ। ਦੂਹਰੀ ਧਾਤ ਦੇ ਸੁਤੰਤਰ ਸਿਰੇ ਵਲ ਜਾਂ ਦੂਜੇ ਪਾਸੇ ਵਲ ਇਸ ਉੱਤੇ ਲੱਗੇ ਸਮਤੋਲਿਤ ਭਾਰ ਜਾਂ ਸਕਰੂ ਨੂੰ ਸਰਕਾ ਕੇ ਜੜ੍ਹਤਾ-ਮੋਮੈਂਟ ਦੀ ਤਬਦੀਲੀ ਦੀ ਦਰ ਨੂੰ ਐਡਜਸਟ ਕੀਤਾ ਜਾਂਦਾ ਹੈ। ਦੂਹਰੀ ਧਾਤ ਦੀ ਪੱਤੀ, ਘੜੀ ਦਾ ਸਮਾਂ ਦੋ ਵੱਖੋ ਵੱਖਰੇ ਤਾਪਮਾਨਾਂ ਉੱਤੇ ਇਕੋ ਜਿਹਾ ਰੱਖਣ ਵਿਚ ਮੱਦਦ ਕਰਦੀ ਹੈ। ਅਜਿਹੀ ਦੂਹਰੀ ਧਾਤ ਵਾਲੇ ਸੰਤੁਲਕ ਨਾਲ 30° ਸੈਂ. ਤਾਪਮਾਨ ਦੇ ਵਾਧੇ ਕਾਰਨ ਸਿਰਫ਼ 2.5 ਸੈਕੰਡ ਪ੍ਰਤਿ ਦਿਨ ਤਬਦੀਲੀ ਆਉਂਦੀ ਹੈ। ਜੇਕਰ ਰਿਮ ਦੀਆਂ ਧਾਤਾਂ ਦੇ ਫੈਲੜ ਦੀ ਦਰ ਇਕਸਾਰ ਹੋਵੇ ਤਾਂ ਇਸ ‘ਮੱਧ ਤਾਪਮਾਨ ਤਰੁਟੀ’ ਦਾ ਆਉਣਾ ਲਾਜ਼ਮੀ ਹੋ ਜਾਂਦਾ ਹੈ। ਜਹਾਜ਼ਰਾਨੀ ਕਰੋਨੋਮੀਟਰਾਂ ਵਿਚ ਵਿਸ਼ੇਸ਼ ਤੌਰ ਤੇ 19ਵੀਂ ਸਦੀ ਦੌਰਾਨ ਇਸ ਨੂੰ ਦੂਰ ਕਰਨ ਲਈ ਬਹੁਤ ਖੋਜ ਹੋਈ।

          1900 ਦੇ ਲਗਭਗ ਸੀ. ਈ. ਗੀਯੂਏਲੇਅਮ ਨੇ ਨਿਕਲ ਮਿਸ਼ਰਿਤ-ਧਾਤ ਬਣਾਈ, ਜਿਸ ਦੇ ਫੈਲਣ ਦੀ ਦਰ ਇਕਸਾਰ ਨਹੀਂ ਸੀ, ਸਗੋਂ ਤਾਪਮਾਨ ਨਾਲ ਬਦਲਦੀ ਸੀ। ਅਜਿਹੇ ਮਿਸ਼ਰਿਤ-ਧਾਤ ਅਤੇ ਪਿੱਤਲ ਦੀ ਦੂਹਰੀ ਪੱਤੀ ਵਰਤਣ ਨਾਲ ਲਗਭਗ 30° ਸੈਂ. ਤਾਪਮਾਨ ਦੇ ਵਾਧੇ ਨਾਲ ਸਿਰਫ਼ 1/20 ਸੈਕੰਡ ਪ੍ਰਤੀ ਦਿਨ ਦੀ ਤਰੁੱਟੀ ਬਾਕੀ ਰਹਿ ਜਾਂਦੀ ਹੈ।

          ਗੀਯੂਏਲੇਅਮ ਨੇ ਹੀ ਇਕ ਮਿਸ਼ਰਿਤ-ਧਾਤ ਦੀ ਖੇਜ ਕੀਤੀ। ਇਸ ਦਾ ਲਚਕ-ਤਾਪ ਗੁਣਾਂਕ ਬਹੁਤ ਘੱਟ ਹੈ। ਇਸ ਮਿਸ਼ਰਿਤ-ਧਾਤ ਵਿਚ ਹੋਰ ਸੁਧਾਰ ਕਰਕੇ ਇਸ ਨੂੰ ਉੱਚ-ਪਾਏ ਦੀਆਂ ਘੜੀਆਂ ਵਿਚ ਵਰਤਿਆ ਜਾਣ ਲੱਗ ਪਿਆ। ਇਸ ਨੂੰ ਜੰਗਲ ਨਹੀਂ ਲਗਦਾ ਅਤੇ ਇਸ ਉੱਤੇ ਚੁੰਬਕਤਾ ਦਾ ਪ੍ਰਭਾਵ ਸਟੀਲ ਨਾਲੋਂ ਘੱਟ ਪੈਂਦਾ ਹੈ।

          ਐਡਜਸਟਮੈਂਟ ਦਾ ਪ੍ਰਭਾਵ––ਇਨ੍ਹਾਂ ਸਾਰੀਆਂ ਤਰੁਟੀਆਂ ਨੂੰ ਦੂਰ ਕਰਨ ਲਈ ਐਡਜਸਟਮੈਂਟ ਕਰਨ ਤੋਂ ਬਾਅਦ ਵੀ ਇਕ ਸਧਾਰਨ ਘੜੀ ਲੇਟਵੇਂ-ਦਾਅ ਰੱਖਣ ਅਤੇ ਖੜ੍ਹੇ-ਦਾਅ ਰੱਖਣ ਨਾਲ 70 ਸੈਕੰਡ ਪ੍ਰਤੀ ਦਿਨ ਦੀ ਤਰੁਟੀ ਦੇਵੇਗੀ। ਉੱਚ-ਦਰਜੇ ਦੀਆਂ ਘੜੀਆਂ ਨੂੰ 20 ਸੈਕੰਡ ਪ੍ਰਤੀ ਦਿਨ ਦੀ ਤਰੁਟੀ ਤੱਕ ਪੰਜ ਹਾਲਤਾਂ ਵਿਚ ਐਡਜਸਟ ਕੀਤਾ ਜਾ ਸਕਦਾ ਹੈ, ਜਦੋਂ ਕਿ ਪ੍ਰੇਖਣ ਘੜੀਆ, ਜੇਬੀ-ਘੜੀਆਂ ਨੂੰ 3 ਸੈਕੰਡ ਪ੍ਰਤੀ ਦਿਨ ਜਾਂ ਇਸ ਤੋਂ ਵੀ ਘੱਟ ਤਰੁਟੀ ਤੱਕ ਐਡਜਸਟ ਕੀਤਾ ਜਾ ਸਕਦਾ ਹੈ।

          ਮੋਚਨ ਵਿਵਸਥਾ ਜਾਂ ਐਸਕੇਪਮੈਂਟ––ਇਹ ਇਕ ਅਜਿਹੀ ਵਿਵਸਥਾ ਹੈ, ਜਿਸ ਵਿਚ ਇਕ ਘੁੰਮ ਰਹੇ ਚੱਕਰ ਜਾਂ ਪਹੀਏ ਰਾਹੀਂ ਡੋਲਕ ਨੂੰ ਆਵਰਤੀ ਆਵੇਗ ਪ੍ਰਦਾਨ ਕੀਤਾ ਜਾਂਦਾ ਹੈ ਅਤੇ ਨਾਲ ਹੀ ਡੋਲਕ ਦਾ ਕੰਪਨ ਪੂਰਾ ਹੋਣ ਤੱਕ ਚੱਕਰ ਦੀ ਚਾਲ ਰੁਕੀ ਰਹਿੰਦੀ ਹੈ। ਇਸ ਤਰ੍ਹਾਂ ਇਹ ਵਿਵਸਥਾ ਡੋਲਨ ਦੀ ਮਿਣਤੀ ਕਰਨ, ਡੋਲਨ ਨੂੰ ਨਿਯਮ-ਬੱਧ ਰੱਖਣ ਅਤੇ ਆਯਾਮ ਨੂੰ ਨਿਯੰਤਰਿਤ ਕਰਨ ਦਾ ਕੰਮ ਕਰਦੀ ਹੈ। ਅਜਿਹੀ ਹੀ ਲੀਵਰ ਮੋਚਨ ਵਿਵਸਥਾ ਚਿੱਤਰ ਵਿਚ ਦਰਸਾਈ ਗਈ ਹੈ। ਸਭ ਤੋਂ ਚੰਗਾ ਐਸਕੇਪਮੈਂਟ ਉਹ ਹੁੰਦਾ ਹੈ ਜਿਸ ਵਿਚ ਜਦੋਂ ਡੋਲਕ ਆਪਣੀ ਮੱਧਮਾਨ ਸਥਿਤੀ ਵਿਚੋਂ ਲੰਘ ਰਿਹਾ ਹੈ ਤਾਂ ਨਿਰਧਾਰਿਤ ਸਮੇਂ ਦੇ ਅੰਦਰ ਨਾਲ ਇਕ ਹਲਕਾ ਜਿਹਾ ਭਾਰ ਡੋਲਕ ਉੱਤੇ ਗਿਰਕੇ ਉਸ ਨੂੰ ਇਕ ਪਲ ਲਈ ਇਕ ਸਾਮਾਨ ਆਵੇਗ ਪ੍ਰਦਾਨ ਕਰਦਾ ਹੈ। ਇਹ ਵਿਵਸਥਾ ਕਈ ਢੰਗਾਂ ਨਾਲ ਪ੍ਰਾਪਤ ਕੀਤੀ ਜਾਂਦੀ ਹੈ ਜਿਵੇਂ ਕਿ ਲੰਗਰ ਜਾਂ ਪ੍ਰਤਿਪੇਖ ਮੋਚਨ ਵਿਵਸਥਾ, ਡੈੱਡ ਬੀਟ ਜਾਂ ਕਮਾਨੀ ਰਹਿਤ ਮੋਚਨ ਵਿਵਸਥਾ ਆਦਿ।

          ਚੱਕਰ ਪ੍ਰਣਾਲੀ––ਇਕ ਘੜੀ ਵਿਚ ਆਮ ਤੌਰ ਤੇ ਗਰਾਰੀਆਂ ਦੇ 4 ਜੋੜ ਹੁੰਦੇ ਹਨ ਅਤੇ ਹਰ ਇਕ ਜੋੜੇ ਵਿਚ ਦੰਦਿਆਂ ਦਾ ਅਨੁਪਾਤ ਲਗਭਗ 6:1 ਤੋਂ 10:1 ਤੱਕ ਰੱਖਿਆ ਜਾਂਦਾ ਹੈ। ਘੜੀ ਦੀ ਸੂਖ਼ਮਤਾ ਨੂੰ ਧਿਆਨ ਵਿਚ ਰੱਖਦੇ ਹੋਏ ਪੀਨੀਅਨ ਦੇ ਦੰਦੇ ਆਮ ਕਰਕੇ ਘੱਟ ਤੋਂ ਘੱਟ 6 ਤੋਂ 12 ਤੱਕ ਹੋਣੇ ਚਾਹੀਦੇ ਹਨ ਪਰੰਤੂ ਅਜਿਹਾ ਕਰਨ ਨਾਲ ਬੀਅਰਿੰਗ ਦੀਆਂ ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਗਰਾਰੀਆਂ ਦੀ ਪਿੱਚ ਦੀ ਸੂਖ਼ਮਤਾ ਹੋਰ ਵੀ ਗੁੰਝਲਦਾਰ ਬਣਾ ਦਿੰਦੀ ਹੈ। ਇਹ ਗੁੰਝਲ ਕਾਫੀ ਹੱਦ ਤੱਕ ਸਾਈਕਲਾੱਇਡਲ ਗਰਾਰੀਆਂ ਵਰਤ ਕੇ ਸਰਲ ਕੀਤੀ ਜਾਂਦੀ ਹੈ।

          ਜੂਆਲ ਜਾਂ ਨਗ––ਘੜੀ ਵਿਚ ਗਰਾਰੀਆਂ ਦੀ ਗਤੀ ਨੂੰ ਰਗੜਰਹਿਤ ਅਤੇ ਇਕਸਾਰ ਰੱਖਣ ਲਈ ਧੁਰਿਆਂ ਦੁਆਲੇ ਅਤੇ ਚੂਲਾਂ ਦੀ ਥਾਂ ਨਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਹ ਨਗ ਆਮ ਤੌਰ ਤੇ ਹੀਰੇ ਅਤੇ ਨੀਲਮ ਦੇ ਬਣੇ ਹੁੰਦੇ ਹਨ। ਨੀਲਮ ਨੂੰ ਹੀਰੇ ਦੇ ਛੋਟੇ ਛੋਟੇ ਨਗਾਂ ਵਿਚ ਜਾਂ ਹੀਰੇ ਦੇ ਪਾਉਡਰ ਨਾਲ ਲਿਬੜੀਆਂ ਹੋਈਆਂ ਸਟੀਲ ਦੀਆਂ ਤਾਰਾਂ ਵਿਚ ਫਿਟ ਕੀਤਾ ਹੁੰਦਾ ਹੈ। ਬਣਾਵਟੀ ਨਗ ਐਲੂਮਿਨਾ ਪਾਊਡਰ ਨੂੰ ਆਕਸੀ-ਹਾਈਡ੍ਰੋਜਨ ਬਲੋ-ਪਾਈਪ ਵਿਚ ਪਿਘਲਾ ਕੇ ਤਿਆਰ ਕੀਤੇ ਜਾਂਦੇ ਹਨ। ਕੁਝ ਪਦਾਰਥ ਮਿਲਾ ਕੇ ਇਨ੍ਹਾਂ ਨੂੰ ਆਮ ਕਰਕੇ ਲਾਲ ਰੂਬੀ ਰੰਗੇ ਬਣਾਇਆ ਜਾਂਦਾ ਹੈ ਪਰੰਤੂ ਰੰਗਹੀਨ ਪੱਥਰ ਵਧੇਰੇ ਸਖ਼ਤ ਮੰਨੇ ਜਾਂਦੇ ਹਨ। ਇਨ੍ਹਾਂ ਦੇ ਵਿਕਾਸ ਨੂੰ ਇਕਸਾਰ ਰੱਖਣ ਨਾਲ ਗਰਾਰੀਆਂ ਦੀ ਚਾਲ ਰਗੜਰਹਿਤ ਅਤੇ ਇਕਸਾਰ ਹੋ ਜਾਂਦੀ ਹੈ। ਅਖ਼ੀਰ ਵਿਚ ਰਗੜ ਘਟਾਉਣ ਲਈ ਬੋਅਡ ਲੈਪਿੰਗ ਤਾਰ ਨਾਲ ਇਨ੍ਹਾਂ ਨੂੰ “ਜੈਤੂਨ ਦਾ ਤੇਲ” ਦਿੱਤਾ ਜਾਂਦਾ ਹੈ।

          ਹੱਥ ਘੜੀਆਂ––20ਵੀਂ ਸਦੀ ਦੇ ਆਰੰਭ ਤੋਂ ਪਹਿਲਾਂ, ਲਗਭਗ ਜੇਬ-ਘੜੀਆਂ ਹੀ ਬਣਾਈਆਂ ਜਾਂਦੀਆਂ ਸਨ। ਹੱਥ ਘੜੀਆਂ ਇਕ ਦਮ ਹੀ ਬਹੁਤ ਜ਼ਿਆਦਾ ਹਰਮਨ ਪਿਆਰੀਆਂ ਹੋ ਗਈਆਂ। ਪੁਰਸ਼ਾਂ ਦੀ ਹੱਥ ਘੜੀ ਦੀ ਮਸ਼ੀਨਰੀ ਦਾ ਵਿਆਸ ਲਗਭਗ 23 ਤੋਂ 30 ਮਿ. ਮੀ. ਅਤੇ ਇਸਤਰੀਆਂ ਦੀ ਹੱਥ-ਘੜੀਆਂ ਦਾ ਲਗਭਗ 14 ਤੋਂ 20 ਮਿ. ਮੀ. ਹੁੰਦਾ ਹੈ।

          ਕ੍ਰੋਨੋਗ੍ਰਾਫ; ਸਟਾਪ-ਵਾਚ––1885 ਵਿਚ ਸਮੇਂ ਦੇ ਅੰਤਰਾਲਾਂ ਦੀ ਮਿਣਤੀ ਕਰਨ ਲਈ ਈ. ਡੀ. ਜਾਨਸਨ ਨੇ ਕ੍ਰੋਨੋਗ੍ਰਾਫ਼ ਦਾ ਵਿਕਾਸ ਕੀਤਾ। ਇਨ੍ਹਾਂ ਘੜੀਆਂ ਵਿਚ ਵੀਲ ਟ੍ਰੇਨ ਦੇ ਨਾਲ ਇਕ ਵਾਧੂ ਸੂਈ ਹੁੰਦੀ ਹੈ ਜਿਹੜੀ ਕਿ ਪਹਿਲੀ ਵਾਰੀ ਬਟਨ ਦਬਾਉਣ ਨਾਲ ਚਾਲੂ ਹੋ ਜਾਂਦੀ ਹੈ ਅਤੇ ਦੂਜੀ ਵਾਰੀ ਰੁਕਦੀ ਹੈ, ਤੀਜੀ ਵਾਰੀ ਦਬਾਉਣ ਤੇ ਮੁੜ ਜ਼ੀਰੋ ਤੇ ਆ ਜਾਂਦੀ ਹੈ। ਸਪਲਿਨ ਸੈਕੰਡ ਕ੍ਰੋਨੋਗ੍ਰਾਫ਼ ਦੀਆਂ ਸਕਿੰਟਾਂ ਵਾਲੀਆਂ ਦੋ ਸੂਈਆਂ ਹੁੰਦੀਆਂ ਹਨ ਜਿਹੜੀਆਂ ਕਿ ਇਕੱਠੀਆਂ ਹੀ ਚਲਦੀਆਂ ਹਨ ਇਨ੍ਹਾਂ ਵਿਚੋਂ ਇਕ ਰੀਡਿੰਗ ਲੈਣ ਲਈ ਰੁਕ ਜਾਂਦੀ ਹੈ ਅਤੇ ਫਿਰ ਦੂਜੀ ਸੂਈ ਨਾਲ ਮਿਲਾ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਇਕ ਪ੍ਰਤਿਯੋਗਤਾ ਵਿਚ ਕਈ ਖਿਲਾੜੀਆਂ ਦਾ ਇਕ ਘੜੀ ਨਾਲ ਸਮਾਂ ਨੋਟ ਕੀਤਾ ਜਾਂਦਾ ਹੈ।

          ਸਟਾਪ-ਵਾਚ ਦਾ ਉਪਯੋਗ ਉਦੋਂ ਕੀਤਾ ਜਾਂਦਾ ਹੈ ਜਦੋਂ ਕ੍ਰੋਨੋਗ੍ਰਾਫ਼ ਵਰਤਣਾ ਮਹਿੰਗਾ ਪੈਂਦਾ ਹੋਵੇ। ਸਟਾਪ-ਵਾਚ ਵਿਚ ਇਕ ਸੰਤੁਲਕ ਨੂੰ ਲੋੜ ਅਨੁਸਾਰ ਚਲਾਇਆ ਤੇ ਰੋਕਿਆ ਜਾ ਸਕਦਾ ਹੈ। ਬਟਨ ਦਬਾਉਣ ਨਾਲ ਸਾਰੀਆਂ ਸੂਈਆਂ ਜ਼ੀਰੋ ਤੇ ਆ ਜਾਂਦੀਆਂ ਹਨ। ਕਈ ਘੜੀਆਂ ਵਿਚ ਡੋਲਕ 18,000 ਅਰਧ-ਚੱਕਰ ਪ੍ਰਤੀ ਘੰਟੇ ਤੋਂ ਵੀ ਵੱਧ ਕੰਪਨ ਕਰ ਸਕਦਾ ਹੈ, ਅਜਿਹੀਆਂ ਘੜੀਆਂ ਨਾਲ ਸਕਿੰਟ ਦੇ ਦਸਵੇਂ ਭਾਗ ਤੱਕ ਜਾਂ ਕਈ ਵਾਰੀ ਸੌਵੇਂ ਭਾਗ ਤੱਕ ਮਿਣਨਾ ਵੀ ਸੰਭਵ ਹੋ ਜਾਂਦਾ ਹੈ।

          ਆੱਟੋਮੈਟਿਕ ਜਾਂ ਸਵੈ-ਚਾਲਿਤ ਘੜੀਆਂ––ਸਵੈ-ਚਾਲਿਤ ਜੇਬੀ-ਘੜੀ ਲਈ 1780 ਵਿਚ ਸਭ ਤੋਂ ਪਹਿਲਾਂ ਪੇਟੈਂਟ ਲੰਡਨ ਵਿਖੇ ਲੂਈਸ ਰੀਕਾਰਡਨ ਨੇ ਹਾਸਲ ਕੀਤਾ। ਮੁਢਲੀਆਂ ਸਵੈ-ਚਾਲਿਤ ਹੱਥ ਘੜੀਆਂ 1924 ਤੋਂ ਬਣਨੀਆਂ ਸ਼ੁਰੂ ਹੋਈਆਂ। ਸੰਨ 1930 ਤੋਂ 1945 ਦੇ ਵਿਚਕਾਰ ਸਵਿਟਜ਼ਰਲੈਂਡ ਵਿਚ ਇਸ ਦੇ ਵਿਕਾਸ ਲਈ ਵਧੇਰੇ ਕੰਮ ਹੋਇਆ ਅਤੇ ਅਨੇਕਾਂ ਪ੍ਰਕਾਰ ਦੀਆਂ ਸਵੈ-ਚਾਲਿਤ ਘੜੀਆਂ ਤਿਆਰ ਹੋ ਗਈਆਂ। ਫੱਨਰ ਦੁਆਰਾ ਇਕਸਾਰ ਚਾਬੀ ਮਿਲਣ ਕਾਰਨ ਇਹ ਘੜੀਆਂ ਠੀਕ ਸਮਾਂ ਦਿੰਦੀਆਂ ਹਨ।

          ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ––ਬਿਜਲੀ ਨਾਲ ਚੱਲਣ ਵਾਲੀਆਂ ਘੜੀਆਂ ਵਿਚ ਨਿਮਨਲਿਖਤ ਦੋ ਢੰਗਾਂ ਅਰਥਾਤ ਗਲਵੋਨੋਮੀਟਰ-ਡਰਾਈਵ (ਜਿਸ ਵਿਚ ਪ੍ਰਚੱਲਤ ਸੰਤੁਲਨ ਹੇਅਰ ਸਪਰਿੰਗ ਡੋਲਕ ਹੁੰਦਾ ਹੈ) ਅਤੇ ਦੂਜਾ ਪ੍ਰੇਰਨ-ਡਰਾਈਵ (ਜਿਸ ਵਿਚ ਇਕ ਬਿਜਲਈ ਚੁੰਬਕ, ਸੰਤੁਲਕ ਖਿੱਚਦਾ ਹੈ) ਵਿਚੋਂ ਇਕ ਵਰਤਿਆ ਜਾਂਦਾ ਹੈ। ਦੋਵੇਂ ਢੰਗਾਂ ਵਿਚ ਸੰਤੁਲਕ ਦੀ ਗਤੀ ਕਾਰਨ ਬਣੇ ਮਕੈਨੀਕਲ ਸੰਪਰਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਉਚਿੱਤ ਬਿਜਲਈ ਪਲਸਾਂ ਸਮੇਂ-ਸਿਰ ਮਿਲਦੀਆਂ ਰਹਿਣ।

          ਸਹਾਇਕ ਮਕੈਨਿਜ਼ਮ––ਕਈ ਸਹਾਇਕ ਮਕੈਨਿਜ਼ਮ ਆਮ ਘੜੀਆਂ ਨਾਲ ਫਿਟ ਕੀਤੇ ਹੁੰਦੇ ਹਨ। ਕਈ ਘੜੀਆਂ ਬਟਨ ਦਬਾਉਣ ਨਾਲ ਜਾਂ ਪਿੰਨ ਬਾਹਰ ਖਿੱਚਣ ਨਾਲ ਸਮੇਂ ਨੂੰ ਮੁੜ ਦਰਸਾਉਂਦੀਆਂ ਹਨ। ਕਲਾੱਕ-ਘੜੀ, ਕਲਾੱਕ ਦੀ ਤਰ੍ਹਾਂ ਨਿਸ਼ਚਿਤ ਸਮੇਂ ਬਾਅਦ ਆਵਾਜ਼ ਦਿੰਦੀ ਹੈ ਅਤੇ ਮੁੜ ਸਮਾਂ ਦਰਸਾਉਂਦੀ ਹੈ। ਘੜੀਆਂ ਵਿਚ ਅਲਾਰਮ ਲਗਾਉਣ ਦਾ ਪ੍ਰਬੰਧ ਵੀ ਕੀਤਾ ਹੁੰਦਾ ਹੈ। ਘੜੀਆਂ ਵਿਚ ਮਹੀਨਾ, ਦਿਨ, ਮਿਤੀ, ਲੀਪ ਦਾ ਸਾਲ ਆਦਿ ਦਰਸਾਉਣ ਦਾ ਵੀ ਕਈ ਢੰਗਾਂ ਨਾਲ ਪ੍ਰਬੰਧ ਕੀਤਾ ਹੁੰਦਾ ਹੈ।

          ਜਲ ਘੜੀ––ਇਹ ਇਕ ਪ੍ਰਾਚੀਨ ਸਮਾਂ-ਸੂਚਕ ਯੰਤਰ ਹੈ ਜਿਸ ਵਿਚ ਸਮੇਂ ਦੇ ਗਿਆਨ ਲਈ ਪਾਣੀ ਦਾ ਇਸਤੇਮਾਲ ਕੀਤਾ ਜਾਂਦਾ ਸੀ। ਪ੍ਰਾਚੀਨ ਮਿਸਰ ਵਿਚ ਅਨੇਕਾਂ ਪ੍ਰਕਾਰ ਦੀਆਂ ਜਲ-ਘੜੀਆਂ ਪ੍ਰਚੱਲਤ ਸਨ ਜਿਨ੍ਹਾਂ ਨੂੰ ਅਜੇ ਤੀਕ ਸੰਭਾਲ ਕੇ ਰੱਖਿਆ ਹੋਇਆ ਹੈ। ਸਭ ਤੋਂ ਸਾਧਾਰਨ ਜਲ-ਘੜੀ ਗਮਲੇ ਵਰਗਾ ਇਕ ਤਿਰਛਾ ਜਿਹਾ ਬਰਤਨ ਸੀ ਜਿਸ ਦੇ ਅੰਦਰਲੇ ਪਾਸੇ ਘੰਟਿਆਂ ਵਾਲੇ ਨਿਸ਼ਾਨ ਲੱਗੇ ਹੁੰਦੇ ਸਨ। ਇਸ ਨੂੰ ਪਾਣੀ ਨਾਲ ਭਰ ਦਿੱਤਾ ਜਾਂਦਾ ਸੀ ਜਿਹੜਾ ਥੱਲੇ ਦੇ ਨੇੜੇ ਰੱਖੇ ਗਏ ਇਕ ਛੋਟੇ ਜਿਹੇ ਸੁਰਾਖ ਰਾਹੀਂ ਤਿਪਕਦਾ ਰਹਿੰਦਾ ਸੀ। ਇਸ ਨਾਲ ਬਰਤਨ ਦੇ ਅੰਦਰ ਪਾਣੀ ਦੀ ਸਤ੍ਹਾ ਨੀਵੀਂ ਹੁੰਦੀ ਰਹਿੰਦੀ ਸੀ। ਅੰਦਰਲੇ ਨਿਸ਼ਾਨਾਂ ਅਨੁਸਾਰ ਪਾਣੀ ਦੀ ਸਤ੍ਹਾ ਤੋਂ ਸਮੇਂ ਦਾ ਪਤਾ ਲਗਾਇਆ ਜਾਂਦਾ ਸੀ।

          ਘੜੀ ਉਦਯੋਗ––ਘੜੀ ਉਦਯੋਗ ਦੇ ਵਿਕਾਸ ਨੂੰ ਤਿੰਨ ਭਾਗਾਂ ਵਿਚ ਵੰਡਿਆ ਜਾਂਦਾ ਹੈ :––

          1. ਆਰੰਭਕ ਕਾਲ––ਇਹ 10ਵੀਂ ਸਦੀ ਈਸਵੀ ਤੋਂ ਲੈ ਕੇ 18ਵੀਂ ਦੇ ਵਿਚਕਾਰਲਾ ਸਮਾਂ ਹੈ। ਸ਼ੁਰੂ ਸ਼ੁਰੂ ਵਿਚ ਕੁਝ ਘੜੀਆਂ ਕੇਵਲ ਸਿਧਾਂਤ ਦੀ ਪਰਖ ਲਈ ਹੀ ਤਿਆਰ ਕੀਤੀਆਂ ਗਈਆਂ ਅਤੇ ਵਪਾਰਕ ਤੌਰ ਤੇ ਇਨ੍ਹਾਂ ਦਾ ਉਤਪਾਦਨ ਨਹੀਂ ਹੋ ਸਕਿਆ, ਅਜਿਹੇ ਯਤਨ ਦਾ ਜ਼ੋਰ ਕੇਵਲ ਯੂਰਪ ਵਿਚ ਹੀ ਰਿਹਾ।

          2. ਮੱਧ ਕਾਲ (ਸੰਨ 1800 ਤੋਂ 1900 ਤੱਕ)––ਇਸ ਕਾਲ ਵਿਚ ਘੜੀ ਨਿਰਮਾਣ ਉਦਯੋਗ ਆਰੰਭ ਹੋ ਚੁੱਕਾ ਸੀ। ਘੜੀ ਦੇ ਵੱਖ ਵੱਖ ਪੁਰਜ਼ੇ ਵੱਖਰੇ ਵੱਖਰੇ ਤੌਰ ਤੇ ਹੱਥਾਂ ਨਾਲ ਤਿਆਰ ਕੀਤੇ ਜਾਂਦੇ ਸਨ ਜਿਨ੍ਹਾਂ ਨੂੰ ਫ਼ੈਕਟਰੀ ਵਿਚ ਚੰਗੀ ਤਰ੍ਹਾਂ ਜੋੜ ਕੇ ਘੜੀ ਤਿਆਰ ਕੀਤੀ ਜਾਂਦੀ ਸੀ।

          3. ਵੀਹਵੀਂ ਸਦੀ––ਇਸ ਸਦੀ ਵਿਚ ਘੜੀਆਂ ਦਾ ਨਿਰਮਾਣ ਪੂਰੇ ਆਧੁਨਿਕ ਤੇ ਵਿਗਿਆਨਿਕ ਢੰਗਾਂ ਨਾਲ ਵਪਾਰਕ ਪੱਧਰ ਤੇ ਹੋਣ ਲੱਗ ਪਿਆ ਸੀ। ਦਾਬ ਬਿਜੱਲਈ ਘੜੀਆਂ ਅਤੇ ਅਨੇਕਾਂ ਨਵੀਂ ਤਰ੍ਹਾਂ ਦੀਆਂ ਘੜੀਆਂ ਦੀ ਖੋਜ ਹੋਈ ਅਤੇ ਘੜੀ ਦੀ ਸਭ ਤੋਂ ਵਿਕਸਿਤ ਕਿਸਮ ਇਲੈੱਕਟ੍ਰਾੱਨਿਕ ਘੜੀ ਵੀ ਤਿਆਰ ਹੋ ਗਈ ਹੈ।

          ਯੂਰਪ ਵਿਚ ਘੜੀ ਉਦਯੋਗ––ਯੂਰਪ ਵਿਚ ਨਿਰਮਾਣ ਦੇ ਕੇਂਦਰ ਪਹਿਲਾਂ (17ਵੀਂ ਅਤੇ 18ਵੀਂ ਸਦੀ ਵਿਚ) ਗ੍ਰੇਟ ਬ੍ਰਿਟੇਨ ਅਤੇ ਫ਼ਰਾਂਸ ਸਨ, ਬਾਅਦ ਵਿਚ ਜਰਮਨੀ ਤੋਂ ਘੱਟ ਕੀਮਤ ਵਾਲੀਆਂ ਘੜੀਆਂ ਦੇ ਆਯਾਤ ਨਾਲ ਇਨ੍ਹਾਂ ਦੇਸ਼ਾਂ ਦੇ ਉਦਯੋਗਾਂ ਨੂੰ ਵੱਡੀ ਠੇਸ ਲੱਗੀ। ਦੂਜੇ ਸੰਸਾਰ ਯੁੱਧ ਦੇ ਦੌਰਾਨ ਬ੍ਰਿਟੇਨ ਦੀ ਸਰਕਾਰ ਨੇ ਉੱਥੇ ਖ਼ਤਮ ਹੋ ਚੁੱਕੇ ਘੜੀ ਉਦਯੋਗ ਨੂੰ ਮੁੜ ਸੁਰਜੀਤ ਕੀਤਾ। ਅਨੇਕਾਂ ਨਵੇਂ ਘੜੀ ਉਤਪਾਦਨ ਅਦਾਰੇ ਸਥਾਪਿਤ ਕੀਤੇ ਗਏ ਅਤੇ ਵੱਡੇ ਪੈਮਾਨੇ ਉੱਤੇ ਨਿਰਮਾਣ ਦਾ ਕੰਮ ਆਰੰਭਿਆ ਗਿਆ। ਉਸ ਸਮੇਂ ਸੰਯੁਕਤ ਰਾਜ ਅਮਰੀਕਾ ਵਿਚ ਬਣਾਈ ਗਈ ਬਿਜੱਲਈ ਘੜੀ ਦੀ ਮੰਗ ਵਧਣ ਲੱਗੀ। ਕੁਝ ਕੁ ਸਮੇਂ ਦੇ ਅੰਦਰ ਹੀ ਇਨ੍ਹਾਂ ਘੜੀਆਂ ਦੇ ਨਿਰਮਾਣ ਵਿਚ ਉਸਨੇ ਆਪਣਾ ਸਥਾਨ ਬਣਾ ਲਿਆ। ਲੰਡਨ, ਕਵੇਂਟਰੀ, ਲਿਵਰਪੂਲ, ਮਾਨਚੈੱਸਟਰ, ਬਰਮਿੰਘਮ, ਪ੍ਰੈਸਟਨ ਅਤੇ ਗਲਾਸਗੋ ਘੜੀਆਂ ਦੇ ਨਿਰਮਾਣ ਅਤੇ ਵਪਾਰ ਦੇ ਮੁੱਖ ਕੇਂਦਰ ਹਨ।

          ਬ੍ਰਿਟੇਨ ਤੋਂ ਬਿਨਾਂ ਸਵਿਟਜ਼ਰਲੈਂਡ, ਫ਼ਰਾਂਸ ਅਤੇ ਜਰਮਨੀ ਸੰਸਾਰ ਦੇ ਪ੍ਰਮੁੱਖ ਘੜੀ ਉਦਯੋਗ ਕੇਂਦਰ ਹਨ। ਘੜੀ ਦੇ ਪੁਰਜ਼ਿਆਂ ਦੇ ਨਿਰਮਾਣ ਵਿਚ ਸਵਿਟਜ਼ਰਲੈਂਡ ਦਾ ਸਥਾਨ ਸੰਸਾਰ ਵਿਚ ਸਭ ਤੋਂ ਅੱਗੇ ਹੈ ਅਤੇ ਇੱਥੋਂ ਦੀਆਂ ਘੜੀਆਂ ਨੂੰ ਸਭ ਤੋਂ ਉੱਚ ਪਾਏ ਦੀਆਂ ਮੰਨਿਆ ਜਾਂਦਾ ਹੈ। ਇਥੇ ਬਣੇ ਪੁਰਜ਼ੇ ਲਗਭਗ ਸੰਸਾਰ ਦੇ ਸਭ ਦੇਸ਼ਾਂ ਦੇ ਘੜੀ ਉਦਯੋਗਾਂ ਵਿਚ ਵਰਤੇ ਜਾਂਦੇ ਹਨ।

          ਸੰਯੁਕਤ ਰਾਜ ਅਮਰੀਕਾ ਵਿਚ ਘੜੀ ਉਦਯੋਗ––ਸੰਯੁਕਤ ਰਾਜ ਅਮਰੀਕਾ ਵਿਚ ਘੜੀ ਉਦਯੋਗ ਦੀ ਸ਼ੁਰੂਆਤ ਕੋਨੈੱਕਟੀਕਟ ਦੇ ਐਲੀ ਟੈਰੀ ਨੇ 1772-1852 ਵਿਚਕਾਰ ਕੀਤੀ। ਸ਼ੁਰੂ ਸ਼ੁਰੂ ਵਿਚ ਲੱਕੜ ਦੀਆਂ ਅਤੇ ਮਗਰੋਂ ਯੰਤ੍ਰਿਕ ਢੰਗਾਂ ਨਾਲ ਘੜੀਆਂ ਦਾ ਨਿਰਮਾਣ ਸਭ ਤੋਂ ਪਹਿਲਾਂ ਇੱਥੇ ਹੀ ਸ਼ੁਰੂ ਹੋਇਆ। ਲਗਭਗ ਉਸੇ ਸਮੇਂ ਚਾਂਸੀ ਜੀਰੋਮ ਨੇ ਘੜੀ ਦੇ ਵੱਖ ਵੱਖ ਪੁਰਜ਼ਿਆਂ ਵਿਚ ਲੱਕੜ ਦੀ ਥਾਂ ਪਿੱਤਲ ਦਾ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਦੀਆਂ ਘੜੀਆਂ ਵਧੇਰੇ ਹੰਡਣਸਾਰ ਹੋਣ ਕਰਕੇ ਵਧੇਰੇ ਪ੍ਰਚੱਲਤ ਹੋ ਗਈਆਂ। ਇਸ ਸਫ਼ਲਤਾ ਤੋਂ ਪ੍ਰੇਰਨਾ ਲੈ ਕੇ ਇਸ ਨੇ ਈ. ਡੀ. ਬਰਾਂਟ ਅਤੇ ਇਨਸੋਨੀਆ ਬਰਾਸ ਐਂਡ ਕਾਪਰ ਕੰਪਨੀ ਦੇ ਸਹਿਯੋਗ ਨਾਲ ਘੜੀ ਦੇ ਪਹਿਲੇ ਵਪਾਰਕ ਅਦਾਰੇ ਕਲਾੱਕ ਕੰਪਨੀ ਦੀ ਸਥਾਪਨਾ ਕੀਤੀ।

          ਘੜੀ ਉਦਯੋਗ ਦਾ ਤੀਸਰਾ ਮਹੱਤਵਪੂਰਨ ਯੁੱਗ ਇੰਗਰਸੋਲ ਦੀ ਕ੍ਰਾਂਤੀ (1892) ਤੋਂ ਆਰੰਭ ਹੋਇਆ। ਉਸ ਤੋਂ ਬਾਅਦ ਬਿਜੱਲਈ ਘੜੀਆਂ ਅਤੇ ਦਾਬ-ਬਿਜੱਲਈ ਘੜੀਆਂ ਦੀ ਖੋਜ ਹੋ ਜਾਣ ਨਾਲ ਘੜੀ ਉਦਯੋਗ ਵਿਚ ਇਨਕਲਾਬ ਆ ਗਿਆ। ਇੱਧਰ ਸੰਯੁਕਤ ਰਾਜ ਅਮਰੀਕਾ ਦੇ ਨੈਸ਼ਨਲ ਬਿਊਰੋ ਆਫ਼ ਸਟੈਂਡਰਜ਼ ਨੂੰ ਇਲੈੱਕਟ੍ਰਾੱਨਿਕ ਘੜੀਆਂ ਦੇ ਨਿਰਮਾਣ ਦੀ ਸੂਚਨਾ ਮਿਲੀ ਅਤੇ ਛੇਤੀ ਹੀ ਉੱਚ ਪੱਧਰ ਤੇ ਉਤਪਾਦਨ ਹੋਣ ਲੱਗ ਪਿਆ। ਅਮਰੀਕਾ ਦੇ ਪ੍ਰਮੁੱਖ ਘੜੀ ਉਦਯੋਗ ਕੇਂਦਰ ਕਾੱਨੈੱਟੀਕਟ (ਬ੍ਰਿਸਟਲ ਨਿਊਹੈਵੇਨ ਅਤੇ ਪਲਾਈਸਾਊਥ) ਮੈਸਾਚੂਸੈਟਸ (ਬੋਸਟਨ) ਅਤੇ ਇਲਨਾਏ (ਪਰਿਟੋਰੀਆ) ਹਨ।

          ਭਾਰਤ ਵਿਚ ਵੀ ਇਸ ਉਦਯੋਗ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਗਿਆ ਹੈ ਤੇ ਪੂਨਾ ਅਤੇ ਬੰਗਲੌਰ ਵਿਚ ਘੜੀਆਂ ਦੇ ਕਾਰਖ਼ਾਨੇ ਸਥਾਪਿਤ ਹੋ ਚੁੱਕੇ ਹਨ ਪ੍ਰੰਤੂ ਉਤਪਾਦਨ ਦੀ ਮਾਤਰਾ ਅੱਜ ਵੀ ਲੋੜ ਨਾਲੋਂ ਘੱਟ ਹੈ। ਜ਼ਿਆਦਾਤਰ ਪੁਰਜ਼ੇ ਅਮਰੀਕਾ, ਬ੍ਰਿਟੇਨ ਅਤੇ ਸਵਿਟਜ਼ਰਲੈਂਡ ਤੋਂ ਮੰਗਵਾਏ ਜਾਂਦੇ ਹਨ। ਭਾਰਤ ਸਰਕਾਰ ਇਸ ਉਦਯੋਗ ਨੂੰ ਵਧੇਰੇ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਹੈ।

          ਹ. ਪੁ.––ਹਿੰ. ਵਿ. ਕੋ. 4 : 102


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 14101, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.