ਚਰਨ ਸਿੰਘ, ਡਾਕਟਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚਰਨ ਸਿੰਘ , ਡਾਕਟਰ ( 1853-1908 ਈ. ) : ਸਿੰਘ ਸਭਾ ਲਹਿਰ ਚਲਾਉਣ ਵਾਲੀ ਪ੍ਰਮੁਖ ਸ਼ਖ਼ਸੀਅਤ ਭਾਈ ਵੀਰ ਸਿੰਘ ਦੇ ਪਿਤਾ ਡਾਕਟਰ ਚਰਨ ਸਿੰਘ ਦਾ ਜਨਮ 7 ਮਾਰਚ 1853 ਈ. ਵਿਚ ਬਾਬਾ ਕਾਹਨ ਸਿੰਘ ਦੇ ਘਰ ਮਾਈ ਰੂਪ ਕੌਰ ਦੀ ਕੁੱਖੋਂ ਅੰਮ੍ਰਿਤਸਰ ਨਗਰ ਦੇ ਕਟੜਾ ਗਰਭਾ ਸਿੰਘ ਵਿਚ ਹੋਇਆ । ਇਸ ਨੇ ਮੁੱਢਲੀ ਵਿਦਿਆ ਸੰਤ ਸਿੰਘ ਘੜਿਆਲੀਏ ਪਾਸੋਂ ਪ੍ਰਾਪਤ ਕੀਤੀ । ਆਯੁਰਵੈਦਿਕ ਸਿਖਿਆ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ ਅਤੇ ਨਾਲ ਨਾਲ ਐਲੋਪੈਥਿਕ ਡਾਕਟਰੀ ਦੀ ਵਿਦਿਆ ਵੀ ਹਾਸਲ ਕੀਤੀ । ਸੰਨ 1869 ਈ. ਵਿਚ ਇਸ ਦੀ ਸ਼ਾਦੀ ਗਿਆਨੀ ਹਜ਼ਾਰਾ ਸਿੰਘ ਦੀ ਪੁੱਤਰੀ ਬੀਬੀ ਉਤਮ ਕੌਰ ਨਾਲ ਹੋਈ , ਜਿਸ ਨੇ ਭਾਈ ਵੀਰ ਸਿੰਘ , ਡਾ. ਬਲਬੀਰ ਸਿੰਘ ਵਰਗੇ ਵਿਦਵਾਨ ਪੁੱਤਰਾਂ ਨੂੰ ਜਨਮ ਦਿੱਤਾ । ਇਸ ਨੇ ਸੰਨ 1872 ਈ. ਤੋਂ 1881 ਈ. ਤਕ ਜੇਲ੍ਹ ਵਿਚ ਨੌਕਰੀ ਕੀਤੀ । ਇਸ ਨੌਕਰੀ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੋਇਆ ਕਿ ਉਥੋਂ ਇਸ ਨੂੰ ਚੋਰਾਂ , ਡਾਕੂਆਂ , ਧਾੜਵੀਆਂ ਅਤੇ ਲੁੱਚਿਆਂ ਦੇ ਮਨਾਂ ਅੰਦਰ ਝਾਤੀ ਪਾਉਣ ਦਾ ਅਵਸਰ ਮਿਲਿਆ ਅਤੇ ਉਹ ਇਹ ਗੱਲ ਗੰਭੀਰਤਾ ਨਾਲ ਸੋਚਣ ਲਗਿਆ ਕਿ ਇਨ੍ਹਾਂ ਬੀਮਾਰਾਂ ਨੂੰ ਸਜ਼ਾ ਦਿੱਤੇ ਬਿਨਾ ਇਨ੍ਹਾਂ ਨੂੰ ਸੁਧਾਰਨ ਦਾ ਕੋਈ ਹੋਰ ਯਤਨ ਕੀਤਾ ਜਾਏ ।

                      ਡਾ. ਚਰਨ ਸਿੰਘ ਨੂੰ ਗੁਰਮਤਿ ਵਿਚ ਪ੍ਰਪਕ ਕਰਨ ਲਈ ਬਾਬਾ ਕਾਹਨ ਸਿੰਘ ਨੇ ਇਸ ਦੇ ਪਾਠ ਕਰਨ ਲਈ ਭਾਈ ਸੁਹੇਲ ਸਿੰਘ ਜੋ ਚਰਨ ਸਿੰਘ ਦਾ ਮਾਮਾ ਸੀ , ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾਈ । ਬੀੜ ਲਿਖਣ ਵਾਸਤੇ ਸਿਆਹੀ ਰਗੜਨ ਅਤੇ ਕਾਗ਼ਜ਼ ਘੋਟਣ ਦਾ ਕੰਮ ਚਰਨ ਸਿੰਘ ਨੂੰ ਆਪ ਕਰਨਾ ਪੈਂਦਾ ਸੀ । ਭਾਈ ਸੁਹੇਲ ਸਿੰਘ ਲਿਖਦੇ ਜਾਂਦੇ ਅਤੇ ਚਰਨ ਸਿੰਘ ਨੀਝ ਲਾ ਕੇ ਵੇਖਦਾ ਰਹਿੰਦਾ । ਚਰਨ ਸਿੰਘ ਦੀ ਆਪਣੀ ਲਿਖਾਈ ਉਤੇ ਇਸ ਨੀਝ ਦਾ ਅਜਿਹਾ ਪ੍ਰਭਾਵ ਪਿਆ ਕਿ ਮਾਮੇ ਅਤੇ ਭਾਣਜੇ ਦੀ ਲਿਖਾਈ ਵਿਚ ਨਿਖੇੜਾ ਕਰ ਸਕਣਾ ਸਰਲ ਨ ਰਿਹਾ । ਇਹ ਲਿਖਤੀ ਬੀੜ 1861 ਈ. ਵਿਚ ਤਿਆਰ ਹੋ ਗਈ ਸੀ ।

                      ਅੰਮ੍ਰਿਤਸਰ ਦੇ ਗੁਰਦੁਆਰਾ ਬਾਬਾ ਅਟੱਲ ਦਾ ਡਾ. ਚਰਨ ਸਿੰਘ ਦੇ ਜੀਵਨ ਉਤੇ ਵਿਸ਼ੇਸ਼ ਪ੍ਰਭਾਵ ਪਿਆ ਹੈ । ਘਰ ਦੇ ਨੇੜੇ ਹੋਣ ਕਰਕੇ ਇਹ ਰੋਜ਼ਾਨਾ ਖੇਡਦਾ ਖੇਡਦਾ ਇਕ ਅੱਧ ਗੇੜਾ ਉਧਰ ਮਾਰ ਆਇਆ ਕਰਦਾ ਸੀ । ਬਾਬੇ ਅਟੱਲ ਨੂੰ ਵੇਖ ਕੇ ਕਈ ਪ੍ਰਕਾਰ ਦੇ ਦਾਰਸ਼ਨਿਕ ਪ੍ਰਸ਼ਨ ਉਸ ਦੇ ਬਾਲ-ਮਨ ਵਿਚ ਜਿਗਿਆਸਾ ਪੈਦਾ ਕਰਦੇ ਸਨ । ਬਾਬਾ ਅਟੱਲ ਦੇ ਜਿਉਂਦੇ ਜਾਗਦੇ ਵੈਰਾਟ ਰੂਪ ਦਾ ਉਸ ਨੇ ਕਾਵਿ- ਰੂਪ ‘ ਸ਼੍ਰੀ ਅਟੱਲ ਪ੍ਰਕਾਸ਼’ ਵਿਚ ਜ਼ਿਕਰ ਕੀਤਾ ਹੈ ।

                      ਡਾ. ਚਰਨ ਸਿੰਘ ਨੇ ਸੰਸਕ੍ਰਿਤ , ਬ੍ਰਜ ਅਤੇ ਫ਼ਾਰਸੀ ਭਾਸ਼ਾਵਾਂ ਦਾ ਵੀ ਨਿਠ ਕੇ ਅਧਿਐਨ ਕੀਤਾ । ਇਸ ਤੋਂ ਇਲਾਵਾ ਇਸ ਨੇ ਛੰਦ-ਸ਼ਾਸਤ੍ਰ ਉਤੇ ਵੀ ਪੂਰਾ ਅਬੂਰ ਹਾਸਲ ਕਰ ਲਿਆ । ਫਲਸਰੂਪ ਇਹ ਸਾਧਾਰਣ ਗੱਲ ਨੂੰ ਵੀ ਕਵਿਤਾ ਦਾ ਜਾਮਾ ਪਵਾ ਦਿੰਦਾ । ਇਸ ਨੇ ‘ ਸ੍ਰੀ ਗੁਰੂ ਗ੍ਰੰਥ ਬਾਣੀ ਬਿਉਰਾ’ ( 1902 ) ਨਾਂ ਦੀ ਪੁਸਤਕ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕਾਵਿ-ਰੂਪਾਂ , ਛੰਦਾਂ ਅਤੇ ਰਾਗਾਂ ਉਤੇ ਗੰਭੀਰਤਾ ਨਾਲ ਝਾਤ ਪਾਈ । ਇਸ ਨੇ ਕਾਲੀਦਾਸ ਦੀ ਸੁਪ੍ਰਸਿੱਧ ਰਚਨਾ ‘ ਅਭਿਗਿਆਨ ਸ਼ਕੁੰਤਲਮ’ ਦਾ ਪੰਜਾਬੀ ਵਿਚ ਅਨੁਵਾਦ ਕੀਤਾ । ਇਸ ਤੋਂ ਇਲਾਵਾ ਇਸ ਨੇ ‘ ਜੰਗ ਮੰੜੋਲੀ ’ , ‘ ਸ੍ਰੀ ਮਹਾਰਾਣੀ ਸ਼ਰਾਬ ਕੌਰ’ ( 1893 ) , ‘ ਹੀਰ ਭਾਈ ਗੁਰਦਾਸ’ ( 1900 ਈ. ) , ‘ ਗੜਗੱਜ ਬੋਲੇ ’ ( 1904 ਈ. ) ਆਦਿ ਪੁਸਤਕਾਂ ਦੀ ਰਚਨਾ ਪੰਜਾਬੀ ਵਿਚ ਕੀਤੀ । ਇਸ ਦੀਆਂ ਸਾਰੀਆਂ ਰਚਨਾਵਾਂ ਨੂੰ ਇਸ ਦੇ ਸੁਪੁੱਤਰ ਡਾ. ਬਲਬੀਰ ਸਿੰਘ ਨੇ ‘ ਸ਼੍ਰੀ ਚਰਣ ਹਰਿ ਵਿਸਥਾਰ’ ਦੇ ਦੂਜੇ ਭਾਗ ਵਿਚ ਪ੍ਰਕਾਸ਼ਿਤ ਕਰ ਦਿੱਤਾ ਹੈ । ਇਸ ਨੇ ਕੀਰਤਨ ਅਤੇ ਕਵਿਤਾ ਕਰਨ ਵਿਚ ਵਿਸ਼ੇਸ਼ ਰੁਚੀ ਦਿਖਾਉਣ ਤੋਂ ਇਲਾਵਾ ਸਿੰਘ ਸਭਾ ਲਹਿਰ ਵਿਚ ਵੀ ਬਹੁਤ ਯੋਗਦਾਨ ਪਾਇਆ ਹੈ । 13 ਨਵੰਬਰ 1908 ਈ. ਨੂੰ ਇਸ ਦਾ ਅੰਮ੍ਰਿਤਸਰ ਵਿਚ ਦੇਹਾਂਤ ਹੋਇਆ ਸੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 371, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.