ਚਾਰ ਬਾਣੀਆਂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚਾਰ ਬਾਣੀਆਂ. ਪਰਾ, ਪਸ਼੍ਯੰਤੀ, ਮਧ੍ਯਮਾ, ਵੈਖਰੀ. ਮੂਲਾਧਾਰ ਵਿੱਚ ਰਹਿਣ ਵਾਲਾ ਸ਼ਬਦ ਪਰਾ, ਮੂਲਾਧਾਰ ਤੋਂ ਉਠਕੇ ਹ੍ਰਿਦੇ ਵਿੱਚ ਆਇਆ ਸ਼ਬਦ ਪਸ਼੍ਯੰਤੀ. ਹ੍ਰਿਦੇ ਤੋਂ ਕੰਠ ਵਿੱਚ ਆਇਆ ਸ਼ਬਦ ਮਧ੍ਯਮਾ, ਮੁਖ ਤੋਂ ਉੱਚਾਰਣ ਹੋਇਆ ਸ਼ਬਦ ਵੈਖਰੀ1 ਬਾਣੀ ਹੈ. “ਖਾਣੀ ਚਾਰੇ ਬਾਣੀ ਭੇਦਾ.” (ਬਿਲਾ ਮ: ੧. ਥਿਤੀ) “ਬਾਬੇ ਕਹਿਆ ਚਾਰ ਬਾਣੀਆਂ ਹੈਨ—ਪਹਿਲੇ ਪਰਾ, ਦੂਜੀ ਪਸੰਤੀ (ਪਸ਼੍ਯੰਤੀ), ਤੀਜੀ ਮੱਧਮਾ (ਮਧ੍ਯਮਾ), ਚੌਥੀ ਬੈਖਰੀ (ਵੈਖਰੀ), ਪਰ ਸੋਈ ਬਾਣੀ ਵਿਸੇਖ ਹੈ ਜੋ ਯਕਦਿਲ ਹੋ ਕੇ ਕਰਤਾਰ ਨੂੰ ਯਾਦ ਕਰੀਏ.” (ਜਸਭਾਮ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no
ਚਾਰ ਬਾਣੀਆਂ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਚਾਰ ਬਾਣੀਆਂ: ਭਾਰਤੀ ਸੰਸਕ੍ਰਿਤੀ ਵਿਚ ਬਾਣੀ ਅਥਵਾ ਸ਼ਬਦ ਦੇ ਚਾਰ ਭੇਦ ਮੰਨੇ ਗਏ ਹਨ, ਜਿਵੇਂ ਪਰਾ , ਪਸ਼ੑਯੰਤੀ, ਮਧੑਯਮਾ ਅਤੇ ਵੈਖਰੀ। ਮੂਲਾਧਾਰ ਵਿਚ ਸਥਿਤ ਰਹਿਣ ਵਾਲਾ ਨਾਦ-ਰੂਪ ਸ਼ਬਦ ‘ਪਰਾ’ ਹੈ। ਇਸ ਨੂੰ ਸ਼ਬਦ ਦਾ ਸੂਖਮ ਰੂਪ ਕਿਹਾ ਜਾਂਦਾ ਹੈ। ਮੂਲਾਧਾਰ ਤੋਂ ਉਠ ਕੇ ਵਾਯੂ ਦੇ ਸੰਯੋਗ ਨਾਲ ਨਾਭੀ ਵਿਚ ਆਇਆ ਸ਼ਬਦ ‘ਪਸ਼ੑਯੰਤੀ’ ਹੈ। ਪਰਾ ਅਤੇ ਪਸ਼ੑਯੰਤੀ ਸ਼ਬਦ ਭੇਦ ਕੇਵਲ ਯੋਗੀਆਂ ਲਈ ਹੀ ਗੋਚਰ ਹੁੰਦੇ ਹਨ। ਨਾਭੀ ਤੋਂ ਉਠ ਕੇ ਹਿਰਦੇ ਤਕ ਪਹੁੰਚਿਆ ਸ਼ਬਦ ‘ਮਧੑਯਮਾ’ ਅਖਵਾਉਂਦਾ ਹੈ। ਹਿਰਦੇ ਤੋਂ ਕੰਠ ਤਕ ਪਹੁੰਚ ਕੇ ਉਚਾਰਿਆ ਜਾਣਾ ਵਾਲਾ ਸ਼ਬਦ ‘ਵੈਖਰੀ’ ਹੈ। ਅਸਲ ਵਿਚ, ਇਕ ਹੀ ਸ਼ਬਦ ਮੂਲਾਧਾਰ, ਨਾਭੀ, ਹਿਰਦੇ ਅਤੇ ਕੰਠ ਦੇ ਸੰਪਰਕ ਨਾਲ ਪਰਾ, ਪਸ਼ੑਯੰਤੀ, ਮਧੑਯਮਾ ਅਤੇ ਵੈਖਰੀ ਨਾਂਵਾਂ ਨਾਲ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਇਨ੍ਹਾਂ ਚਾਰ ਬਾਣੀ-ਭੇਦਾਂ ਦਾ ਹਵਾਲਾ ਦਿੱਤਾ ਹੈ— ਚਉਥਿ ਉਪਾਏ ਚਾਰੇ ਬੇਦਾ। ਖਾਣੀ ਚਾਰੇ ਬਾਣੀ ਭੇਦਾ। (ਗੁ.ਗ੍ਰੰ.839)।
ਗੁਰਮਤਿ ਕਾਵਿ ਵਿਚ ਸ੍ਰਿਸ਼ਟੀ ਨੂੰ ਅਨੰਤ ਮੰਨਦੇ ਹੋਇਆਂ, ਹਰ ਇਕ ਵਸਤੂ ਨੂੰ ਕਿਸੇ ਗਿਣਤੀ-ਸੀਮਾ ਵਿਚ ਨਹੀਂ ਰਖਿਆ ਗਿਆ। ‘ਜਪੁਜੀ ’ ਦੇ ‘ਗਿਆਨ-ਖੰਡ ’ ਪ੍ਰਸੰਗ ਵਿਚ ਕਿਤਨੀਆਂ ਹੀ ਬਾਣੀਆਂ ਦੇ ਹੋਣ ਦੀ ਸਥਾਪਨਾ ਹੋਈ ਹੈ— ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ। (ਗੁ.ਗ੍ਰੰ.7)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First