ਚੁਟਕਲਾ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚੁਟਕਲਾ: ਹਾਸਰਸੀ ਸਾਹਿਤ ਦਾ ਇੱਕ ਅਹਿਮ ਅੰਗ ‘ਚੁਟਕਲਾ’ ਹੈ। ਸੰਸਾਰ ਦੀ ਕਿਸੇ ਵੀ ਜ਼ਬਾਨ ਵਿੱਚ ਇਸ ਦਾ ਮਹੱਤਵਪੂਰਨ ਸਥਾਨ ਹੈ। ਸਧਾਰਨ ਸ਼ਬਦਾਂ ਵਿੱਚ ਕਿਹਾ ਜਾ ਸਕਦਾ ਹੈ ਚੁਟਕਲਾ ਮਨੁੱਖੀ ਜਾਂ ਗ਼ੈਰ-ਮਨੁੱਖੀ ਸਮਾਜ ਵਿੱਚ ਵਾਪਰੀ ਕਿਸੇ ਘਟਨਾ ਜਾਂ ਗੱਲ ਦਾ ਅਜਿਹਾ ਹਸਾਉਣਾ ਸਾਹਿਤਿਕ ਰੂਪ ਹੈ ਜਿਸ ਨੂੰ ਸੁਣ ਕੇ ਵਿਅਕਤੀ ਖਿੜ ਖਿੜਾ ਕੇ ਹੱਸ ਪੈਂਦਾ ਹੈ। ਲੋਕ-ਸਾਹਿਤ ਦੇ ਪਿੜ ਵਿੱਚ ਇਹ ਵਿਸ਼ਾ ਬਹੁਤ ਪ੍ਰਾਚੀਨ ਹੈ ਅਤੇ ਇਸ ਦਾ ਸੰਬੰਧ ਆਦਿ-ਮਾਨਵ ਨਾਲ ਜਾ ਜੁੜਦਾ ਹੈ। ਰਾਜਿਆਂ-ਮਹਾਰਾਜਿਆਂ ਦੇ ਯੁੱਗ ਤੋਂ ਇਸ ਨੂੰ ਬੜੇ ਸ਼ੌਕ ਨਾਲ ਸੁਣਨ ਦਾ ਰਿਵਾਜ ਚੱਲਿਆ ਆ ਰਿਹਾ ਹੈ। ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਜਾਂ ਦਰਬਾਰੀਆਂ ਦੇ ਮਨੋਰੰਜਨ ਵਾਸਤੇ ਬਾਦਸ਼ਾਹ ਵਿਸ਼ੇਸ਼ ਚੁਟਕਲੇਬਾਜ਼ ਭਰਤੀ ਕਰਦੇ ਸਨ। ਅਕਬਰ ਬੀਰਬਲ ਨਾਲ ਸੰਬੰਧਿਤ ਸੈਂਕੜੇ ਚੁਟਕਲੇ ਅੱਜ ਵੀ ਸਾਡਾ ਮਨੋਰੰਜਨ ਕਰਦੇ ਆ ਰਹੇ ਹਨ। ਮੁੱਲਾਂ ਦੋ ਪਿਆਜ਼ਾ ਵੀ ਅਜਿਹੇ ਚੁਟਕਲੇਬਾਜ਼ ਵਜੋਂ ਜਾਣਿਆ ਜਾਂਦਾ ਹੈ ਜੋ ਬੀਰਬਲ ਵਾਂਗ ਆਪਣੀ ਹਾਜ਼ਰ ਦਿਮਾਗ਼ੀ ਸਦਕਾ ਮੌਕੇ ਤੇ ਹੀ ਚੁਟਕਲਾ ਘੜ ਕੇ ਸੁਣਾਉਣ ਦੀ ਸਮਰੱਥਾ ਰੱਖਦਾ ਸੀ। ਇਹਨਾਂ ਚੁਟਕਲੇਬਾਜ਼ਾਂ ਨੂੰ ਵਿਦੂਸ਼ਕ ਜਾਂ ਲਤੀਫ਼ੇਬਾਜ਼ ਵੀ ਕਿਹਾ ਜਾਂਦਾ ਸੀ। ਬਾਦਸ਼ਾਹਾਂ ਵੱਲੋਂ ਇਹਨਾਂ ਵਿਦੂਸ਼ਕਾਂ ਜਾਂ ਚੁਟਕਲੇਬਾਜ਼ਾਂ ਨੂੰ ਖ਼ੁਸ਼ ਹੋ ਕੇ ਇਨਾਮ ਵੀ ਦਿੱਤੇ ਜਾਂਦੇ ਸਨ। ਜਸਵਿੰਦਰ ਸਿੰਘ ਨੇ ਆਪਣੀ ਪੁਸਤਕ ਪੰਜਾਬੀ ਲੋਕ-ਸਾਹਿਤ ਸ਼ਾਸਤਰ ਵਿੱਚ ਵਣਜਾਰਾ ਬੇਦੀ ਦੇ ਹਵਾਲੇ ਨਾਲ ਲਿਖਿਆ ਹੈ ਕਿ ‘ਚੁਟਕਲਾ’, ‘ਚੁਟਕੀ’ ਪਦ ਤੋਂ ਬਣਿਆ ਹੈ, ਜਿਸ ਦਾ ਸ਼ਾਬਦਿਕ ਅਰਥ ਹੈ, ਬਹੁਤ ਘੱਟ ਮਾਤਰਾ ਵਿੱਚ ਚੂੰਡੀ ਭਰ। ਇਹ ਪਦ ਜਿੱਥੇ ਇਸ ਦੇ ਨਿੱਕੇ ਆਕਾਰ ਦਾ ਸੂਚਕ ਹੈ, ਉੱਥੇ ਨਾਲ ਚੁਟਕੀ ਵਾਂਗ ਇਕਹਿਰੇ, ਤੇਜ਼, ਵਿਸਫੋਟਕ ਅਤੇ ਖਿੱਚਪੂਰਨ ਹੋਣ ਦਾ ਵੀ ਸੰਕੇਤਕ ਹੈ।
‘ਚੁਟਕਲਾ’ ਬਹੁਤ ਹੀ ਸੀਮਿਤ ਸਮੇਂ ਵਿੱਚ ਸੁਣਾਈ ਜਾਣ ਵਾਲੀ ਰਚਨਾ ਹੈ। ਰੂਪ ਵਿਧਾਨ ਪੱਖੋਂ ਚੁਟਕਲੇ ਦੀ ਆਪਣੀ ਸੁਤੰਤਰ ਹਸਤੀ ਹੁੰਦੀ ਹੈ। ਮਧਕਾਲੀਨ ਪੰਜਾਬੀ ਕਥਾ: ਰੂਪ ਤੇ ਪਰੰਪਰਾ ਪੁਸਤਕ ਵਿੱਚ ਵਣਜਾਰਾ ਬੇਦੀ ਅਨੁਸਾਰ ਚੁਟਕਲੇ ਵਿੱਚ ਕੋਈ ਇੱਕ ਗੱਲ, ਨਾਟਕੀ ਸੰਵਾਦ ਜਾਂ ਸਥਿਤੀ ਹੁੰਦੀ ਹੈ ਜੋ ਆਪਣੀ ਅਸਚਰਜਤਾ ਜਾਂ ਵਿਲੱਖਣਤਾ ਕਾਰਨ ਕਾਫ਼ੀ ਕੁਝ ਕਹਿ ਜਾਂਦੀ ਹੈ। ਇਸ ਦੀ ਸਾਰਥਕਤਾ ਤਾਂ ਹੀ ਬਰਕਰਾਰ ਰਹਿ ਸਕਦੀ ਹੈ ਜੇ ਇਸ ਦੀ ਪੇਸ਼ਕਾਰੀ ਦੇ ਤਿੰਨ ਪਸਾਰ ਇੱਕੋ ਸਮੇਂ ਨਿੱਭਣ। ਇਹ ਤਿੰਨ ਪਸਾਰ ਹਨ-ਪੇਸ਼ਕਾਰ ਭਾਵ ਚੁਟਕਲਾ ਸੁਣਾਉਣ ਵਾਲਾ, ਦੂਜਾ ਹਾਜ਼ਰ ਸ੍ਰੋਤਾ ਅਤੇ ਤੀਜਾ ਚੁਟਕਲੇ ਦੇ ਮੂਲ ਪਾਠ ਦਾ ਉਚਾਰਨ। ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਦੀ ਅਣਹੋਂਦ ਤੋਂ ਬਗ਼ੈਰ ਚੁਟਕਲੇ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਚੁਟਕਲੇ ਦਾ ਮੁੱਖ ਉਦੇਸ਼ ਸ੍ਰੋਤੇ ਜਾਂ ਪਾਠਕ ਨੂੰ ਕੁਤਕੁਤਾਰੀਆਂ ਕੱਢ ਕੇ ਹਸਾਉਣਾ ਹੈ। ਜਿਸ ਚੁਟਕਲੇ ਨੂੰ ਸੁਣ ਕੇ ਹਾਸਾ ਨਹੀਂ ਉਪਜਦਾ ਉਹ ਚੁਟਕਲਾ ਨਾ ਹੋ ਕੇ ਨੀਰਸ ਤੇ ਖ਼ੁਸ਼ਕ ਜਿਹੀ ਵਾਰਤਾਲਾਪ ਬਣ ਕੇ ਰਹਿ ਜਾਂਦਾ ਹੈ। ਜਿਵੇਂ :
ਇੱਕ ਫਕੀਰ ਨੇ ਕਾਜ਼ੀ ਨੂੰ ਕਿਹਾ,
ਬਾਬਾ ਜੀ! ਕੁਝ ਖਾਣ ਨੂੰ ਦਿਉ।
ਕਾਜ਼ੀ ਨੇ ਕਿਹਾ,
ਕਸਮ ਖਾ ਤੇ ਚਲਾ ਜਾ।
ਚੁਟਕਲੇ ਵਿੱਚ ਜਿੱਥੇ ਕੋਈ ਨਾ ਕੋਈ ਕਹਾਣੀ ਛੁਪੀ ਹੁੰਦੀ ਹੈ ਉੱਥੇ ਚੁਟਕਲੇ ਵਿਚਲੇ ਕਿਰਦਾਰਾਂ ਦੇ ਭਾਂਤ- ਸੁਭਾਂਤੇ ਸੁਭਾਅ ਬਾਰੇ ਵੀ ਪਤਾ ਲੱਗਦਾ ਰਹਿੰਦਾ ਹੈ। ਚੁਟਕਲੇ ਵਿਚਲੀ ਨਜ਼ਾਕਤ ਵਿਰੋਧਾਭਾਸ ਉਪਰ ਆਧਾਰਿਤ ਹੁੰਦੀ ਹੈ। ਭਾਵ ਜਦੋਂ ਪਾਤਰਾਂ ਦੀ ਵਾਰਤਾਲਾਪ ਵਿੱਚੋਂ ਇੱਕ ਸ਼ਬਦੀ ਚਪਲਤਾ (ਮੂਰਖਤਾ) ਜਾਂ ਅਸੰਗਤੀ ਪੈਦਾ ਹੋ ਜਾਵੇ ਓਦੋਂ ਚੁਟਕਲੇ ਦੀ ਸਥਿਤੀ ਉਤਪੰਨ ਹੋ ਜਾਂਦੀ ਹੈ ਅਰਥਾਤ ਓਦੋਂ ਚੁਟਕਲੇ ਦਾ ਜਨਮ ਹੁੰਦਾ ਹੈ। ਇਸ ਵਿੱਚ ਪਾਤਰ ਆਪਣੀ ਤੇਜ਼-ਤਰਾਰ ਬੁੱਧੀ ਦੁਆਰਾ ਇੱਕ ਦੂਜੇ ਦਾ ਜਾਂ ਸਮਾਜਿਕ, ਆਰਥਿਕ, ਰਾਜਨੀਤਿਕ ਆਦਿ ਸਥਿਤੀਆਂ ਦਾ ਮੌਜੂ ਉਡਾ ਕੇ ਨੀਵਾਂ ਜਾਂ ਤੁੱਛ ਦਰਸਾਉਣ ਦਾ ਯਤਨ ਕਰਦੇ ਹਨ। ਇਹਨਾਂ ਵਿੱਚ ਪਾਤਰਾਂ ਦੀ ਹਾਜ਼ਰ ਜਵਾਬੀ, ਲੋਕ-ਸੂਝ ਬੂਝ ਅਤੇ ਹੁਸ਼ਿਆਰੀ ਵਰਗੇ ਗੁਣ ਬਹੁਤ ਮਹੱਤਵ ਰੱਖਦੇ ਹਨ। ਚੁਟਕਲੇ ਦੇ ਅੰਤ ਵਿੱਚ ਜਦੋਂ ਇਕਦਮ ਮਖੌਲਮਈ ਅਚੰਭਾ ਆਉਂਦਾ ਹੈ ਅਤੇ ਵਿਚਾਰਾਂ ਦਾ ਆਪਸੀ ਟਕਰਾਅ ਹੁੰਦਾ ਹੈ, ਓਦੋਂ ਹਾਸਾ ਪੈਦਾ ਹੁੰਦਾ ਹੈ। ਖਿੜਖਿੜ ਕਰਦਾ ਹਾਸਾ ਉਪਜਾ ਸਕਣ ਦੀ ਸਮਰੱਥਾ ਵਾਲਾ ਬਿਰਤਾਂਤ ਹੀ ਚੁਟਕਲੇ ਦੇ ਬੁਨਿਆਦੀ ਲੱਛਣਾਂ ਵਿੱਚੋਂ ਇੱਕ ਹੈ।
ਚੁਟਕਲਾ ਸੁਣਾਉਣ ਵਾਲਾ ਵਿਅਕਤੀ ਚੁਟਕਲਾ ਸੁਣਾ ਕੇ ਖ਼ੁਦ ਘੱਟ ਹੱਸਦਾ ਹੈ ਅਤੇ ਆਪਣੀ ਪੇਸ਼ਕਾਰੀ ਦੇ ਅੰਦਾਜ਼ ਨਾਲ ਦੂਜਿਆਂ ਨੂੰ ਹਸਾਉਣ ਦਾ ਗੁਣ ਵਧੇਰੇ ਰੱਖਦਾ ਹੈ। ਚੁਟਕਲਾ ਇੱਕ ਵਿਅਕਤੀ ਨੂੰ ਵੀ ਸੁਣਾਇਆ ਜਾ ਸਕਦਾ ਹੈ ਅਤੇ ਇੱਕ ਤੋਂ ਵਧੀਕ ਸ੍ਰੋਤਿਆਂ ਨੂੰ ਵੀ। ਵਿਸ਼ਵ ਵਿੱਚ ਚਾਰਲੀ ਚੈਂਪਲੀਨ ਅਤੇ ਸ਼ੇਖ਼ਚਿਲੀ ਵਰਗੇ ਬਹੁਤ ਸਾਰੇ ਪਾਤਰ ਅਜਿਹੇ ਹੋਏ ਹਨ ਜੋ ਆਪਣੀਆਂ ਬੇਥਵੀਆਂ ਗੱਲਾਂ ਜਾਂ ਆਦਤਾਂ ਨਾਲ ਦੂਜਿਆਂ ਦਾ ਮਨੋਰੰਜਨ ਕਰਦੇ ਰਹੇ ਹਨ।
ਚੁਟਕਲੇ ਭਿੰਨ-ਭਿੰਨ ਵਿਸ਼ਿਆਂ ਨਾਲ ਸੰਬੰਧਿਤ ਹੁੰਦੇ ਹਨ। ਹਰ ਮਨੁੱਖੀ ਵਰਗ ਲਈ ਖ਼ਾਸ ਕਿਸਮ ਦੇ ਚੁਟਕਲੇ ਘੜੇ ਮਿਲਦੇ ਹਨ ਜਿਵੇਂ-ਬੱਚਿਆਂ ਦੇ ਚੁਟਕਲੇ, ਨੌਜਵਾਨਾਂ ਦੇ ਚੁਟਕਲੇ, ਬੁੱਢਿਆਂ ਦੇ ਚੁਟਕਲੇ, ਔਰਤਾਂ ਦੇ ਚੁਟਕਲੇ, ਮੁਟਿਆਰਾਂ ਦੇ ਚੁਟਕਲੇ, ਛੜਿਆਂ ਦੇ ਚੁਟਕਲੇ। ਗੰਜੇ, ਸੂਮ-ਕੰਜੂਸ, ਸਿੱਧੜ, ਲੰਗੜੇ-ਕਾਣੇ, ਮੋਟੇ-ਪਤਲੇ, ਮਧਰੇ-ਬੌਣੇ, ਤੋਤਲੇ ਜਾਂ ਹੋਰ ਕਿਸਮ ਦੇ ਨਸ਼ਈ ਅਤੇ ਗੱਪੀ ਆਦਿ ਪਾਤਰ ਚੁਟਕਲੇ ਵਿੱਚ ਵਿਅੰਗ ਦਾ ਸ਼ਿਕਾਰ ਬਣਦੇ ਹਨ। ਜੱਟ-ਬਾਣੀਏ, ਨਾਈ, ਧੋਬੀ, ਸੁਨਿਆਰ, ਦਰਜੀ, ਤੇਲੀ, ਘੁਮਿਆਰ ਅਤੇ ਆਰਥਿਕ ਪੱਖੋਂ ਕਮਜ਼ੋਰ ਜਾਤੀਆਂ ਅਤੇ ਨੂੰਹ-ਸੱਸ, ਦਿਓਰ-ਭਾਬੀ, ਜੇਠ-ਭਾਬੀ, ਪਤੀ-ਪਤਨੀ, ਡਾਕਟਰ-ਮਰੀਜ਼, ਜੱਜ-ਮੁਜ਼ਰਮ ਅਤੇ ਹੋਰ ਕਈ ਰਿਸ਼ਤੇ ਇਹਨਾਂ ਚੁਟਕਲਿਆਂ ਦੀ ਆਧਾਰ- ਸ਼ਿਲਾ ਬਣਦੇ ਹਨ। ਪੰਜਾਬੀ ਵਿੱਚ ਬਹੁਤੇ ਚੁਟਕਲੇ ਸ਼ਰਾਬੀਆਂ, ਪੋਸਤੀਆਂ, ਅਫ਼ੀਮਚੀਆਂ ਅਤੇ ਮਰਾਸੀਆਂ ਆਦਿ ਨਾਲ ਜੁੜੇ ਹੋਏ ਹਨ। ਗੱਪੀਆਂ ਦੇ ਚੁਟਕਲੇ ਵੀ ਲਗਪਗ ਹਰ ਉਮਰ ਦੇ ਵਿਅਕਤੀ ਦਾ ਮਨੋਰੰਜਨ ਕਰਦੇ ਹਨ। ਗੱਪੀਆਂ ਨਾਲ ਸੰਬੰਧਿਤ ਨਿਮਨ-ਲਿਖਤ ਚੁਟਕਲਿਆਂ ਵਿੱਚੋਂ ਉਹਨਾਂ ਦੀ ਮਾਨਸਿਕਤਾ ਦਾ ਪ੍ਰਗਟਾਵਾ ਇਸ ਪ੍ਰਕਾਰ ਹੁੰਦਾ ਹੈ :
ਦੋ ਗੱਪੀ ਗੱਪਾਂ ਮਾਰ ਰਹੇ ਸਨ। ਇੱਕ ਬੋਲਿਆ,
ਮੇਰੇ ਪਿਉ ਨੇ ਏਨੀਆਂ ਮੱਝਾਂ ਰੱਖੀਆਂ ਹੋਈਆਂ ਸਨ ਕਿ ਉਹਨਾਂ ਵਾਸਤੇ ਤਿੰਨ ਹਜ਼ਾਰ ਮੀਲ ਦੀ ਖੁਰਲੀ ਬਣਾਈ ਹੋਈ ਸੀ।
ਦੂਜਾ ਗੱਪੀ ਬੋਲਿਆ,
ਮੇਰੇ ਪਿਉ ਕੋਲ ਏਨੀ ਲੰਮੀ ਡਾਂਗ ਹੁੰਦੀ ਸੀ ਕਿ ਚੰਨ ਤੱਕ ਪੁੱਜ ਜਾਂਦੀ ਸੀ।
ਪਹਿਲਾ ਗੱਪੀ ਇਕਦਮ ਬੋਲਿਆ,
ਜਾਹ ਉਏ ਜਾਹ। ਇਹ ਦੱਸ ਤੇਰਾ ਪਿਉ ਐਡੀ ਵੱਡੀ ਡਾਂਗ ਰੱਖਦਾ ਕਿੱਥੇ ਹੁੰਦਾ ਸੀ?
ਤੇਰੇ ਪਿਉ ਦੀ ਖੁਰਲੀ ਵਿੱਚ।
ਦੂਜੇ ਗੱਪੀ ਨੇ ਤਪਾਕ ਨਾਲ ਉੱਤਰ ਦਿੱਤਾ।
ਇਸੇ ਤਰ੍ਹਾਂ ਜੱਜ ਅਤੇ ਮੁਜ਼ਰਮ ਦੇ ਚੁਟਕਲੇ ਵੀ ਪ੍ਰਸਿੱਧ ਹਨ।
ਜੱਜ (ਦੋਸ਼ੀ ਨੂੰ ਫਾਂਸੀ ਦਾ ਹੁਕਮ ਸੁਣਾਉਣ ਵੇਲੇ)-
ਤੇਰੀ ਆਖ਼ਰੀ ਇੱਛਾ ਕੀ ਹੈ?
ਦੋਸ਼ੀ
ਜੀ ਅੰਬ ਖਾਣ ਦੀ।
ਜੱਜ
ਅੰਬ ਤਾਂ ਅਜੇ ਚਾਰ-ਪੰਜ ਮਹੀਨਿਆਂ ਤੱਕ ਆਉਣਗੇ।
ਦੋਸ਼ੀ
ਕੋਈ ਗੱਲ ਨਹੀਂ ਜੀ, ਮੈਂ ਤਦ ਤਕ ਉਡੀਕ ਕਰ ਲਵਾਂਗਾ।
ਅਜਿਹੇ ਬੇਸ਼ੁਮਾਰ ਚੁਟਕਲੇ ਪੰਜਾਬੀ ਲੋਕਮਨ ਦਾ ਅੰਗ ਹਨ ਜਿਹੜੇ ਨਾ ਕੇਵਲ ਬਾਲਾਂ ਵੱਲੋਂ ਹੀ ਬਾਲਾਂ ਨੂੰ ਮੁਖ਼ਾਤਬ ਹੁੰਦੇ ਹਨ, ਸਗੋਂ ਇਹਨਾਂ ਦੇ ਕਿਰਦਾਰ ਵੀ ਖ਼ੁਦ ਬਾਲ ਹੀ ਹਨ। ਇਹ ਚੁਟਕਲੇ ਬਾਲ-ਸਮੱਸਿਆਵਾਂ, ਸਮਾਜਿਕ ਬੁਰਾਈਆਂ ਜਾਂ ਉਹਨਾਂ ਦੇ ਨਿੱਜ ਨਾਲ ਸੰਬੰਧਿਤ ਹੁੰਦੇ ਹਨ। ਨਮੂਨੇ ਵਜੋਂ ਇਸ ਚੁਟਕਲੇ ਵਿੱਚੋਂ ਬਾਲ ਮਾਨਸਿਕਤਾ ਦਾ ਸਹਿਜ ਸੁਭਾਵਿਕ ਪ੍ਰਗਟਾਵਾ ਹੁੰਦਾ ਹੈ ਜੋ ਕਈ ਨਲਾਇਕ ਬੱਚਿਆਂ ਦੀ ਪੜ੍ਹਾਈ ਪ੍ਰਤਿ ਅਰੁਚੀ ਨੂੰ ਪ੍ਰਗਟ ਕਰਦਾ ਹੈ:
ਅਨਿਲ - ਯਾਰ, ਅੱਜ ਦੇ ਪੇਪਰ ਵਿੱਚ ਮੈਨੂੰ ਕੁਝ ਨਹੀਂ ਆਉਂਦਾ ਸੀ, ਇਸ ਲਈ ਮੈਂ ਤਾਂ ਖ਼ਾਲੀ ਕਾਪੀ ਹੀ ਦੇ ਆਇਆ ਹਾਂ।
ਸੁਨੀਲ - ਫਸ ਗਏ। ਫੇਰ ਤਾਂ ਸਾਰੇ ਇਹ ਸਮਝਣਗੇ ਕਿ ਮੈਂ ਤੇਰੀ ਨਕਲ ਮਾਰੀ ਹੈ।
ਜਨੌਰਾਂ ਨਾਲ ਸੰਬੰਧਿਤ ਚੁਟਕਲੇ ਵੀ ਸਾਡੇ ਸੱਭਿਆਚਾਰ ਵਿੱਚ ਪ੍ਰਚਲਿਤ ਹਨ। ਅਜਿਹੇ ਚੁਟਕਲਿਆਂ ਵਿੱਚ ਜਾਨਵਰਾਂ ਦਾ ਮਾਨਵੀਕਰਨ ਕੀਤਾ ਜਾਂਦਾ ਹੈ। ਅੱਗੋਂ ਇਹ ਚੁਟਕਲੇ ਬੱਚਿਆਂ ਅੰਦਰ ਵਿਲੱਖਣ ਢੰਗ ਨਾਲ ਸੰਚਾਰ ਕਰਦੇ ਹੋਏ ਹਾਸਾ ਉਪਜਾਉਂਦੇ ਹਨ। ਇਸ ਪ੍ਰਸੰਗ ਵਿੱਚ ਕੀੜੀ ਤੇ ਹਾਥੀ ਨਾਲ ਸੰਬੰਧਿਤ ਇੱਕ ਚੁਟਕਲੇ ਵਿੱਚ ਭਾਵੇਂ ਅਤਿਕਥਨੀ ਵਾਲੀ ਸਥਿਤੀ ਪ੍ਰਗਟ ਹੁੰਦੀ ਹੈ ਪਰ ਇਸ ਵਿੱਚ ਅਸੰਭਵ ਕਥਾ ਜਾਂ ਘਟਨਾ ਨੂੰ ਵੀ ਸੰਭਵ ਮੰਨ ਲਿਆ ਗਿਆ ਹੈ :
ਇੱਕ ਵਾਰੀ ਇੱਕ ਹਾਥੀ ਅਤੇ ਕੀੜੀ ਲੁਕਣਮੀਟੀ ਖੇਡ ਰਹੇ ਸਨ। ਜਦੋਂ ਕੀੜੀ ਦੀ ਵਾਰੀ ਆਈ ਤਾਂ ਉਹ ਮੰਦਰ ਵਿੱਚ ਜਾ ਕੇ ਲੁਕ ਗਈ। ਕੁਝ ਸਮੇਂ ਬਾਅਦ ਹਾਥੀ ਨੇ ਕੀੜੀ ਨੂੰ ਫੜ ਲਿਆ। ਕੀੜੀ ਨੇ ਹਾਥੀ ਨੂੰ ਹੈਰਾਨੀ ਨਾਲ ਪੁੱਛਿਆ,
ਤੂੰ ਮੈਨੂੰ ਇੰਨੀ ਛੇਤੀ ਕਿਵੇਂ ਲੱਭ ਲਿਆ?
ਹਾਥੀ ਨੇ ਆਖਿਆ,
ਬਾਹਰ ਤੇਰੀਆਂ ਚੱਪਲਾਂ ਜੁ ਪਈਆਂ ਸਨ।
ਪੰਜਾਬੀ ਵਿੱਚ ਚੁਟਕਲਿਆਂ ਨਾਲ ਸੰਬੰਧਿਤ ਕਈ ਪੁਸਤਕਾਂ ਵਿੱਚ ਸੈਂਕੜੇ ਚੁਟਕਲੇ ਸੰਗ੍ਰਹਿਤ ਕੀਤੇ ਗਏ ਹਨ। ਲਤੀਫ਼ੇ (ਸਰਦੂਲ ਸਿੰਘ ਕੋਮਲ ਤੇ ਰਾਜਨ ਪ੍ਰਭਾਕਰ), ਚੁਟਕਲੇ (ਸਤੀਸ਼ ਸ਼ਰਮਾ) ਅਤੇ ਹੱਸੋ ਤੇ ਹਸਾਉ (ਪ੍ਰਿਤਪਾਲ ਸਿੰਘ) ਕੁਝ ਅਜਿਹੀਆਂ ਹੀ ਪੁਸਤਕਾਂ ਹਨ। ਖੁਸ਼ਵੰਤ ਸਿੰਘ, ਪਿਆਰਾ ਸਿੰਘ ਦਾਤਾ, ਗੁਰਨਾਮ ਸਿੰਘ ਤੀਰ, ਤਖ਼ਤ ਸਿੰਘ ਕੋਮਲ ਆਦਿ ਨੇ ਵੀ ਬਹੁਤ ਸਾਰੇ ਨਵੇਂ ਚੁਟਕਲੇ ਘੜੇ ਹਨ। ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ਤੇ ਵਿਕਦੀਆਂ ਪੁਸਤਕਾਂ ਹਾਸੇ ਦਾ ਘੋਟਣਾ, ਚਾਚਾ ਚਾਚੀ, ਚਾਚਾ ਭਤੀਜਾ, ਗੁਰੂ ਚੇਲਾ ਅਤੇ ਚੁਟਕਲੇ ਹੀ ਚੁਟਕਲੇ ਵਰਗੀਆਂ ਪੁਸਤਕਾਂ ਵਿਚਲੇ ਚੁਟਕਲੇ ਵੀ ਪੰਜਾਬੀ ਸੱਭਿਆਚਾਰ ਦੀ ਦਿਲਚਸਪ ਸਥਿਤੀ ਨੂੰ ਪ੍ਰਗਟ ਕਰਦੇ ਹਨ।
ਲੇਖਕ : ਦਰਸ਼ਨ ਸਿੰਘ ਆਸ਼ਟ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਚੁਟਕਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਚੁਟਕਲਾ [ਨਾਂਪੁ] ਹਸਾਉਣ ਵਾਲ਼ੀ ਗੱਲ , ਲਤੀਫ਼ਾ, ਟੋਟਕਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਚੁਟਕਲਾ ਸਰੋਤ :
ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਚੁਟਕਲਾ : ਚੁਟਕਲੇ ਜਾਂ ਲਤੀਫ਼ੇ ਨੂੰ ਸਾਰੇ ਸੰਸਾਰ ਵਿਚ ਹਾਸ–ਰਸੀ ਸਾਹਿੱਤ ਦਾ ਇਕ ਬੜਾ ਸੂਖ਼ਮ ਤੇ ਹਰਮਨ–ਪਿਆਰਾ ਅੰਗ ਗਿਣਿਆ ਜਾਂਦਾ ਹੈ। ਚੁਟਕਲਾ ਕਿਸੇ ਘਟਨਾ/ਗੱਲ ਦਾ ਅਜਿਹਾ ਅਤਿ ਸੰਖਿਪਤ ਸਾਹਿਤਿਕ ਵਰਣਨ ਹੁੰਦਾ ਹੈ ਜਿਸ ਨੂੰ ਪੜ੍ਹ ਜਾਂ ਸੁਣ ਕੇ ਪਾਠਕ ਜਾਂ ਸਰੋਤੇ ਨੂੰ ਹਾਸਾ ਆ ਜਾਵੇ। ਚੁਟਕਲੇ ਕਹਿਣ ਸੁਣਨ ਦਾ ਰਿਵਾਜ ਸਦੀਆਂ ਪੁਰਾਣਾ ਹੈ। ਬਾਦਸ਼ਾਹਾਂ ਦੇ ਦਰਬਾਰਾਂ ਵਿਚ ਵੀ ਵਿਦੂਸ਼ਕ ਜਾਂ ਚੁਟਕਲੇ–ਬਾਜ਼ ਆਪਣਿਆਂ ਚੁਟਕਲਿਆਂ ਰਾਹੀਂ ਬਾਦਸ਼ਾਹਾਂ, ਨਵਾਬਾਂ ਜਾਂ ਦਰਬਾਰੀਆਂ ਦੇ ਮਨ ਪ੍ਰਸੰਨ ਕਰਦੇ ਸਨ। ਅਕਬਰੀ ਦਰਬਾਰ ਦੇ ਮੁੱਲਾਂ ਦੋਪਿਆਜਾਂ ਤੇ ਬੀਰਬਲ ਦੇ ਚੁਟਕਲੇ ਬੜੇ ਪ੍ਰਸਿੱਧ ਹਨ। ਪੰਜਾਬ ਵਿਚ ਅਫ਼ੀਮੀਆਂ ਅਤੇ ਮਿਰਾਸੀਆਂ ਦੇ ਚੁਟਕਲੇ ਜਾਂ ਲਤੀਫ਼ੇ ਅੱਜ ਵੀ ਪੰਜਾਬੀ ਜਨ–ਜੀਵਨ ਵਿਚ ਖੁੱਲ੍ਹੇ ਹਾਸੇ ਦਾ ਸੰਚਾਰ ਕਰਦੇ ਹਨ। ਕਈ ਚੁਟਕਲੇ ਅਸ਼ਲੀਲ ਜਾਂ ਬਾਜ਼ਾਰੀ ਹੁੰਦੇ ਹਨ। ਉਨ੍ਹਾਂ ਨੂੰ ਸਾਹਿੱਤ ਦੀ ਕੋਟੀ ਵਿਚ ਨਹੀਂ ਰੱਖਿਆ ਜਾ ਸਕਦਾ । ਚੁਟਕਲੇ ਦਾ ਇਕ ਉਦਾਹਰਣ ਦੇਖੋ :
ਇਕ ਵਿਅਕਤੀ ਬਹੁਤ ਨਸ਼ੇ ਵਿਚ ਸੀ। ਉਸ ਨੇ ਨਾਵਲਟੀ ਸਿਨੇਮੇ ਪਾਸ ਖੜੇ ਟੈਕਸੀ ਡ੍ਰਾਈਵਰ ਨੂੰ ਆਖਿਆ ‘ਨਾਵਲਟੀ ਸਿਨੇਮਾ ਚਲੋ।’ ਡ੍ਰਾਈਵਰ ਨੇ ਉਸ ਨੂੰ ਟੇਕਸੀ ਅੰਦਰ ਬਿਠਾ ਲਿਆ ਅਤੇ ਟੈਕਸੀ ਨੂੰ ਸਟਾਰਟ ਕਰਕੇ ਉਸ ਦੇ ਇੰਜਣ ਨੂੰ ਥੋੜੀ ਦੇਰ ਚਾਲੂ ਰੱਖਿਆ। ਫਿਰ ਇੰਜਣ ਬੰਦ ਕਰ ਕੇ ਉਸ ਨੂੰ ਆਖਿਆ–“ਲਉ ਨਾਵਲਟੀ ਸਿਨੇਮਾ ਆ ਗਿਆ ਹੈ, ਹੇਠਾਂ ਉਤਰੋ।” ਸੁਆਰੀ ਨੇ ਟੈਕਸੀ ਡ੍ਰਾਈਵਰ ਨੂੰ ਭਾੜਾ ਦਿੰਦੇ ਹੋਏ ਆਖਿਆ – “ਭਾਈ ਟੈਕਸੀ ਜ਼ਰਾ ਹੌਲੀ ਚਲਾਇਆ ਕਰ, ਕਦੀ ਕੋਈ ਐਕਸੀਡੰਟ ਨਾ ਹੋ ਜਾਏ।”
ਲੇਖਕ : ਡਾ. ਪ੍ਰੀਤਮ ਸੈਨੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First