ਚੈੱਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੈੱਕ [ਨਾਂਇ] ਸ਼ਤਰੰਜ ਦੇ ਖ਼ਾਨਿਆਂ ਦੇ ਨਮੂਨੇ ਵਾਲ਼ਾ ਕੱਪੜਾ , ਡੱਬੀਆਂ ਵਾਲ਼ਾ ਕੱਪੜਾ; ਕਿਸੇ ਵਿਅਕਤੀ ਨੂੰ ਨਕਦੀ ਦੀ ਥਾਂ ਦਿੱਤਾ ਬੈਂਕ ਵੱਲੋਂ ਜਾਰੀ ਵਿਸ਼ੇਸ਼ ਕਾਗ਼ਜ਼ ਉੱਤੇ ਛਪਿਆ ਫ਼ਾਰਮ ਜਿਸ

ਅਨੁਸਾਰ ਲਿਖਤੀ ਆਦੇਸ਼ਾਂ ਦੁਆਰਾ ਭੁਗਤਾਨ ਹੋ ਸਕਦਾ ਹੈ; ਨਿਰੀਖਣ, ਪੜਤਾਲ; ਸੰਜਮ, ਰੋਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34404, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੈੱਕ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Cheque_ਚੈੱਕ: ਬੋਵੀਅਰ ਦੀ ਲਾ ਡਿਕਸ਼ਨਰੀ ਅਨੁਸਾਰ ਇਹ ਇਕ ਲਿਖਤੀ ਹੁਕਮ ਜਾਂ ਬੇਨਤੀ ਹੁੰਦੀ ਹੈ ਜੋ ਕਿਸੇ ਬੈਂਕ ਨੂੰ ਜਾਂ ਬੈਂਕਕਾਰੀ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਨੂੰ ਸੰਬੋਧਤ ਹੁੰਦਾ ਹੈ ਅਤੇ ਅਜਿਹੀ ਧਿਰ ਵਲੋਂ ਕੀਤਾ ਜਾਂਦਾਹੈ ਜਿਸ ਦਾ ਧਨ ਉਸ ਬੈਂਕ ਜਾਂ ਵਿਅਕਤੀ ਪਾਸ ਹੁੰਦੀ ਹੈ ਕਿ ਉਹ ਪੇਸ਼ ਕੀਤੇ ਜਾਣ ਤੇ ਉਸ ਵਿਚ ਦਸੇ ਵਿਅਕਤੀ ਜਾਂ ਉਸ ਵਿਅਕਤੀ ਦੁਆਰਾ ਦਸੇ ਵਿਅਕਤੀ ਨੂੰ ਉਸ ਵਿਚ ਦਰਜ ਰਕਮ ਅਦਾ ਕਰ ਦੇਵੇ

       ਵਿੱਕਾਯੋਗ ਲਿਖਤਾਂ ਐਕਟ ਅਨੁਸਾਰ ‘‘ਚੈੱਕ ਇਕ ਵਟਾਂਦਰਾਂ ਬਿਲ ਹੈ ਜੋ ਉਲਿਖਤ ਬੈਂਕਰ ਦੇ ਨਾਂ ਲਿਖਿਆ ਹੋਵੇ ਅਤੇ ਜਿਸ ਦਾ ਮੰਗ ਤੋਂ ਹੋਰਵੇਂ ਅਦਾਇਗੀਯੋਗ ਹੋਣਾ ਪਰਗਟ ਨ ਕੀਤਾ ਗਿਆ ਹੋਵੇ।’’

       ਵਟਾਂਦਰਾ ਬਿਲਾਂ ਅਤੇ ਚੈੱਕ ਵਿਚ ਫ਼ਰਕ ਇਹ ਹੁੰਦਾ ਕਿ-

(1)    ਚੈਕ ਉਦੋਂ ਤਕ ਵਾਜਬ-ਉਲ-ਅਦਾ (due) ਨਹੀਂ ਹੁੰਦਾ ਜਦ ਤਕ ਪੇਸ਼ ਨ ਕੀਤਾ ਜਾਵੇ ਅਤੇ ਇਸ ਦੇ ਫਲਸਰੂਪ ਪੇਸ਼ ਕੀਤੇ ਜਾਣ ਤੋਂ ਪਹਿਲਾਂ ੳਸ ਦੀ ਵਿਕਰੀ ਕੀਤੀ ਜਾ ਸਕਦੀ ਹੈ।

(2)   ਜੇ ਚੈਕ ਯੋਗ ਤਨਦਿਹੀ ਨਾਲ ਤੁਰਤ ਪੇਸ਼ ਨ ਕੀਤਾ ਜਾਵੇ ਤਾਂ ਚੈਕ ਦੇ ਲਿਖਵਾਲ (drawer) ਦਾ ਨਿਸਤਾਰਾ ਨਹੀਂ ਹੁੰਦਾ ਜਦ ਕਿ ਵਟਾਂਦਰਾ ਬਿਲ ਦੇ ਲਿਖਵਾਲ ਦਾ ਹੋ ਜਾਂਦਾ ਹੈ। ਅਜਿਹੀ ਅਣਗਹਿਲੀ ਦੁਆਰਾ ਚੈੱਕ ਦੇ ਲਿਖਵਾਲ ਦਾ ਤਦ ਹੀ ਨਿਸਤਾਰਾ ਹੁੰਦਾ ਹੈ ਜੇ ਉਸ ਦੁਆਰਾ ਉਸ ਨੂੰ ਵਾਸਤਵ ਵਿਚ ਹਰਜਾਨਾ (damages) ਹੋਇਆ ਹੋਵੇ।

(3)   ਚੈਕ ਦੀ ਅਦਾਇਗੀ ਤੋਂ ਪਹਿਲਾਂ ਚੈੱਕ ਦੇ ਲਿਖਵਾਲ ਦੀ ਮੌਤ ਹੋ ਜਾਣ ਦੀ ਸੂਰਤ ਵਿਚ ਬੈਂਕਰ ਨੂੰ ਅਦਾਇਗੀ ਕਰਨ ਦੀ ਅਥਾਰਿਟੀ ਦਾ ਅੰਤ ਹੋ ਜਾਂਦਾ ਹੈ ਜਦ ਕਿ ਵਟਾਂਦਰਾ ਪੱਤਰ ਦੇ ਲਿਖਵਾਲ (drawer) ਦੀ ਮੌਤ ਨਾਲ ਧਿਰਾਂ ਦੇ ਸਬੰਧਾਂ ਤੇ ਕੋਈ ਪ੍ਰਭਾਵ ਨਹੀਂ ਪੈਂਦਾ।

(4)   ਚੈੱਕ ਦੀ ਅਦਾਇਗੀ ਲਈ ਰਿਆਇਤ ਦੇ ਦਿਨ ਨਹੀਂ ਦਿੱਤੇ ਜਾਂਦੇ ਜਦ ਕਿ ਵਟਾਂਦਰਾਂ ਬਿਲਾਂ ਦੀ ਸੂਰਤ ਵਿਚ ਇਹ ਦਿਨ ਮਿਲਦੇ ਹਨ।

       ਚੈੱਕ ਬੈਂਕਾਂ ਅਤੇ ਬੈਂਕਰਾਂ ਅਤੇ ਉਨ੍ਹਾਂ ਦੇ ਗਾਹਕਾਂ ਵਿਚਕਾਰ ਬੈਂਕਕਾਰੀ ਦੇ ਕੰਮ ਨੂੰ ਸਹਿਲ ਬਣਾਉਣ ਲਈ ਵਰਤੇ ਜਾਂਦੇ ਹਨ। ਮੰਗਣ ਤੇ ਅਦਾਇਗੀ ਯੋਗ ਹੋਣਾ ਚੈੱਕ ਦੀ ਤਤਸਾਰ ਹੈ, ਕਿਉਂ ਕਿ ਬੈਂਕਰ ਅਤੇ ਗਾਹਕ ਵਿਚਕਾਰ ਮੁਆਇਦਾ ਇਹ ਹੁੰਦਾ ਹੈ ਕਿ ਮੰਗਣ ਤੇ ਧਨ ਅਦਾਇਗੀਯੋਗ ਹੋਵੇਗਾ।

       ਚੈੱਕ ਦੇ ਧਾਰਕ ਅਤੇ ਪਿੰਠਕਣ ਕਰਤਾ ਵਿਚਕਾਰ ਪੇਸ਼ ਕਰਨ ਵਿਚ ਯੋਗਤਨਦਿਹੀ ਦੀ ਵਰਤੋਂ ਲੋੜੀ ਜਾਂਦੀ ਹੈ। ਜੇ ਚੈੱਕ ਕੱਟੇ ਜਾਣ ਪਿਛੋਂ ਵਾਜਬ ਸਮੇਂ ਦੇ ਅੰਦਰ ਅਦਾਇਗੀ ਲਈ ਪੇਸ਼ ਨ ਕੀਤਾ ਜਾਵੇ ਤਾਂ ਇਸ ਨਾਲ ਦੇਰੀ ਕਾਰਨ ਹੋਏ ਨੁਕਸਾਨ ਦੀ ਹਦ ਤਕ ਚੈਕ ਦੇ ਲਿਖਵਾਲ ਦਾ ਨਿਸਤਾਰਾ ਹੋ ਜਾਂਦਾ ਹੈ। ਜਦ ਕੋਈ ਚੈੱਕ ਕਿਸੇ ਬੈਂਕ ਵਿਚ ਜਮ੍ਹਾਂ ਕਰਵਾਉਂਦਾ ਹੈ ਅਤੇ ਉਸ ਦੀ ਰਕਮ ਵਸੂਲ ਕਰਨ ਉਪਰੰਤ ਉਸ ਦੇ ਖਾਤੇ ਜਮ੍ਹਾਂ ਕਰ ਦਿੱਤੀ ਜਾਂਦੀ ਹੈ ਤਾਂ ਇਹ ਅਦਾਇਗੀ ਉਸ ਨੂੰ ਸਾਧਾਰਨ ਅਨੁਕ੍ਰਮ ਵਿਚ ਕੀਤੀ ਗਈ ਸਮਝੀ ਜਾਂਦੀ ਹੈ ਅਰਥਾਤ ਜਿਵੇਂ ਕਿ ਉਹ ਚੈੱਕ ਦੂਜੇ ਬੈਂਕ ਦੇ ਕਾਂਊਟਰ ਤੇ ਪੇਸ਼ ਕੀਤਾ ਗਿਆ ਹੋਵੇ ਅਤੇ ਉਸ ਲਈ ਅਦਾਇਗੀ ਵਸੂਲੀ ਗਈ ਹੋਵੇ।

       ਮਿਤੀ ਪਸ਼ਚਾਤ ਦੇ ਚੈੱਕ ਆਪਣੀ ਤਰੀਕ ਨੂੰ ਅਦਾਇਗੀ-ਯੋਗ ਹੁੰਦੇ ਹਨ, ਭਾਵੇਂ ਉਨ੍ਹਾਂ ਦਾ ਵਿੱਕਾ ਪਹਿਲਾਂ ਹੋ ਜਾਂਦਾ ਹੈ।

       ਚੈੱਕ ਕਟਣ ਦਾ ਮਤਲਬ ਇਹ ਨਹੀਂ ਲਿਆ ਜਾ ਸਕਦਾ ਕਿ ਚੈੱਕ ਵਿਚ ਦਰਜ ਰਕਮ ਜਮ੍ਹਾਂਕਾਰ ਦੇ ਖਾਤੇ ਵਿਚੋਂ ਨਮਿਤੀ (assign) ਗਈ ਹੈ। ਅਤੇ ਜਦ ਤਕ ਬੈਂਕ ਕੋਈ ਚੈੱਕ ਸਵੀਕਾਰ ਨ ਕਰ ਲਵੇ ਤਦ ਤਕ ਉਹ ਧਾਰਕ ਨੂੰ ਦੇਣਦਾਰ ਨਹੀਂ ਹੁੰਦਾ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 34139, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਚੈੱਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੈੱਕ : ਵੇਖੋ, ਚੈਕੋਸਲੋਵਾਕੀਆ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no

ਚੈੱਕ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੈੱਕ : ਇਹ ਇਕ ਕਿਸਮ ਦੀ ਹੁੰਡੀ (ਵਟਾਂਦਰਾ-ਪੱਤਰ) ਜਾਂ ਆਦੇਸ਼-ਪੱਤਰ ਹੈ ਜਿਸ ਦੁਆਰਾ ਬੈਂਕ ਦਾ ਜਮ੍ਹਾਂ-ਕਰਤਾ ਬੈਂਕ ਨੂੰ ਇਹ ਆਦੇਸ਼ ਦਿੰਦਾ ਹੈ ਕਿ ਚੈੱਕ ਵਿਚ ਲਿਖੀ ਰਕਮ, ਚੈੱਕ ਵਿਚ ਲਿਖੇ ਵਿਅਕਤੀ ਨੂੰ ਜਾਂ ਉਸ ਦੁਆਰਾ ਆਦੇਸ਼ ਕੀਤੇ ਕਿਸੇ ਹੋਰ ਵਿਅਕਤੀ ਨੂੰ ਚੈੱਕ ਦੇ ਪੇਸ਼ ਕਰਨ ਉਤੇ ਅਦਾ ਕਰ ਦਿੱਤੀ ਜਾਵੇ। ਕਿਸੇ ਬੈਂਕ ਦੇ ਨਾਂ ਤੇ ਚੈੱਕ ਲਿਖਣ ਦਾ ਅਧਿਕਾਰ ਕੇਵਲ ਉਸ ਵਿਅਕਤੀ ਨੂੰ ਹੁੰਦਾ ਹੈ ਜਿਸ ਦਾ ਉਸ ਬੈਂਕ ਵਿਚ ਖਾਤਾ ਹੋਵੇ ਅਤੇ ਖਾਤੇ  ਵਿਚ ਲੋੜੀਂਦੀ ਰਕਮ ਜਮ੍ਹਾਂ ਹੋਵੇ। ਇਹੋ ਜਿਹੇ ਵਿਅਕਤੀ ਨੂੰ ਬੈਂਕ ਦੇ ਲੈਣ-ਦੇਣ ਵਿਚ ਜਮ੍ਹਾਂ-ਕਰਤਾ ਜਾਂ ਗਾਹਕ ਕਹਿੰਦੇ ਹਨ। ਚੈੱਕ ਭਾਵੇਂ ਕਿਸੇ ਵੀ ਬੈਂਕ ਦਾ ਕਿਉਂ ਨਾ ਹੋਵੇ, ਉਸਦਾ ਆਮ ਵਿਵਰਣ ਅਤੇ ਆਕਾਰ ਇਕੋ ਜਿਹਾ ਹੀ ਹੁੰਦਾ ਹੈ। ਬੈਂਕ ਆਪਣੇ ਨਾਂ ਦੇ ਚੈੱਕ ਛਪਵਾ ਕੇ ਗਾਹਕਾਂ ਨੂੰ ਦੇ ਦਿੰਦੇ ਹਨ ਤਾਂ ਕਿ ਪਛਾਣ ਦੀ ਸੌਖ ਰਹੇ ਅਤੇ ਚੈੱਕ ਲਿਖਦੇ ਸਮੇਂ ਲੇਖਕ ਤੋਂ ਕਿਸੇ ਕਿਸਮ ਦੀ ਸੂਚਨਾ ਰਹਿ ਜਾਣ ਦੀ ਗੁੰਜਾਇਸ਼ ਨਾ ਰਹੇ।

          ਚੈੱਕ ਲਿਖਦੇ ਸਮੇਂ ਲੇਖਕ ਨੂੰ ਤਾਰੀਖ, ਰਕਮ, ਲੈਣਦਾਰ ਬੇਅਰਰ ਦਾ ਨਾਂ ਅਤੇ ਆਪਣੇ ਹਸਤਾਖ਼ਰ ਕਰਨ ਵਿਚ ਬਹੁਤ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਜੇਕਰ ਇਨ੍ਹਾਂ ਵਿਚੋਂ ਕੋਈ ਚੀਜ਼ ਰਹਿ ਗਈ ਹੋਵੇ ਜਾਂ ਅਪੂਰਣ, ਅਸ਼ੁੱਧ ਜਾਂ ਪੜ੍ਹੀ ਨਾ ਜਾਣ ਵਾਲੀ ਹੋਵੇ ਤਾਂ ਬੈਂਕ ਉਸ ਚੈੱਕ ਦਾ ਭੁਗਤਾਨ ਨਹੀਂ ਕਰਦਾ। ਇਹੋ ਜਿਹੀ ਸਥਿੱਤੀ ਨੂੰ ‘ਚੈੱਕ ਦਾ ਅਣ-ਸਕਾਰਨਾ’ ਕਹਿੰਦੇ ਹਨ। ਲੇਖਕ ਨੂੰ ਚੈੱਕ ਉੱਤੇ ਆਪਣੇ ਹਸਤਾਖਰ ਠੀਕ ਉਸੇ ਤਰ੍ਹਾਂ ਦੇ ਕਰਨੇ ਜ਼ਰੂਰੀ ਹੁੰਦੇ ਹਨ ਜਿਸ ਤਰ੍ਹਾਂ ਦੇ ਉਸਨੇ ਖਾਤਾ ਖੋਲ੍ਹਣ ਸਮੇਂ ਬੈਂਕ ਵਿਚ ਕੀਤੇ ਹੁੰਦੇ ਹਨ। ਜੇਕਰ ਕੋਈ ਲੇਖਕ ਚੈੱਕ ਵਿਚ ਕੋਈ ਅਦਲਾ ਬਦਲੀ ਕਰੇ ਤਾਂ ਉਸਨੂੰ ਕੱਟੇ-ਵੱਢੇ ਅੱਖਰਾਂ ਵਾਲੀ ਥਾਂ ਤੇ ਦੁਬਾਰਾ ਹਸਤਾਖਰ ਕਰਨੇ ਜ਼ਰੂਰੀ ਹੁੰਦੇ ਹਨ। ਲੇਖਕ ਤੋਂ ਬਗੈਰ ਕਿਸੇ ਹੋਰ ਵਿਅਕਤੀ ਨੂੰ ਚੈੱਕ ਵਿਚ ਤਬਦੀਲੀ ਕਰਨ ਦਾ ਅਧਿਕਾਰ ਨਹੀਂ ਹੁੰਦਾ।

          ਚੈੱਕ ਆਮ ਕਰਕੇ ਦੋ ਤਰ੍ਹਾਂ ਦੇ ਹੁੰਦੇ ਹਨ––1. ਆਰਡਰ ਚੈੱਕ 2. ਵਾਹਕ ਚੈੱਕ (Bearer Cheque)। ਆਰਡਰ ਚੈੱਕ ਦਾ ਭੁਗਤਾਨ ਚੈੱਕ ਵਿਚ ਲਿਖੇ ਵਿਅਕਤੀ (ਲੈਣਦਾਰ) ਨੂੰ ਜਾਂ ਲੈਣਦਾਰ ਦੁਆਰਾ ਅਧਿਕਾਰਤ ਕੀਤੇ ਕਿਸੇ ਹੋਰ ਵਿਅਕਤੀ ਨੂੰ ਹੀ ਮਿਲ ਸਕਦਾ ਹੈ। ਪਰ ਵਾਹਕ ਚੈੱਕ ਦਾ ਭੁਗਤਾਨ ਕਿਸੇ ਵੀ ਵਿਅਕਤੀ ਨੂੰ ਜੋ ਉਸਨੂੰ ਲੈ ਕੇ ਬੈਂਕ ਵਿਚ ਪੇਸ਼ ਕਰਦਾ ਹੈ, ਮਿਲ ਸਕਦਾ ਹੈ। ਬੈਂਕ ਚੈੱਕ ਦਾ ਭੁਗਤਾਨ ਕਰਨ ਵੇਲੇ, ਰਕਮ ਪ੍ਰਾਪਤ ਕਰਨ ਵਾਲੇ ਵਿਅਕਤੀ ਦੇ ਹਸਤਾਖ਼ਰ ਚੈੱਕ ਉੱਤੇ ਕਰਵਾ ਕੇ ‘ਵਸੂਲ ਪਾਇਆ’ ਸ਼ਬਦ ਲਿਖਵਾ ਲੈਂਦਾ ਹੈ। ਜੇਕਰ ਲੇਖਕ ਜਾਂ ਕੋਈ ਧਾਰਕ ਚੈੱਕ ਦੇ ਮੁੱਖ ਉੱਤੇ ਦੋ ਆਡੀਆਂ ਸਮਾਨਾਂਤਰ ਰੇਖਾਵਾਂ ਖਿੱਚ ਦੇਵੇ ਤਾਂ ਉਸ ਚੈੱਕ ਨੂੰ ‘ਰੇਖਿਤ ਚੈੱਕ’ ਜਾਂ ‘ਕ੍ਰਾਸ ਚੈੱਕ’ ਕਹਿੰਦੇ ਹਨ। ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਚੈੱਕ ਦਾ ਭੁਗਤਾਨ ਕਿਸੇ ਵੀ ਵਿਅਕਤੀ ਨੂੰ ਭਾਵੇਂ ਉਹ ਲੈਣਦਾਰ ਹੀ ਕਿਉਂ ਨਾ ਹੋਵੇ, ਨਕਦ ਨਹੀਂ ਹੋ ਸਕਦਾ। ਇਸ ਰਕਮ ਦੇ ਭੁਗਤਾਨ ਲਈ ਲੈਣਦਾਰ ਨੂੰ ਕਿਸੇ ਬੈਂਕ ਵਿਚ ਆਪਣਾ ਖਾਤਾ ਖੁਲ੍ਹਵਾਉਣਾ ਪੈਂਦਾ ਹੈ ਅਤੇ ਰਕਮ ਉਸ ਦੇ ਖਾਤੇ ਵਿਚ ਜਮ੍ਹਾਂ ਹੋ ਜਾਂਦੀ ਹੈ। ਇਸ ਤਰ੍ਹਾਂ ਦੇ ਚੈੱਕ ਵਿਚ ਧੋਖੇ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਜੇਕਰ ਕਦੇ ਕੋਈ ਵਿਅਕਤੀ ਕ੍ਰਾੱਸ ਕੀਤੇ ਚੈੱਕ ਨੂੰ ਚੁਰਾ ਕੇ ਆਪਣੇ ਬੈਂਕ ਰਾਹੀਂ ਉਸਦੀ ਰਕਮ ਹਾਸਲ ਕਰ ਵੀ ਲਵੇ ਤਾਂ ਉਸਦਾ ਵੇਰਵਾ ਉਸਦੇ ਖਾਤੇ ਵਿਚੋਂ ਪ੍ਰਾਪਤ ਕਰਕੇ ਧੋਖੇ ਦਾ ਪਤਾ ਲੱਗ ਜਾਂਦਾ ਹੈ। ਇਸ ਸੁਰੱਖਿਆ ਕਾਰਨ ਬਾਹਰ ਪਿੰਡਾਂ ਨੂੰ ਭੇਜੇ ਜਾਣ ਵਾਲੇ ਚੈੱਕਾਂ ਨੂੰ ਕ੍ਰਾੱਸ ਕਰਨਾ ਲਾਹੇਵੰਦ ਹੁੰਦਾ ਹੈ। ਚੈੱਕ ਨੂੰ ਕਈ ਤਰ੍ਹਾਂ ਕ੍ਰਾੱਸ ਕੀਤਾ ਜਾ ਸਕਦਾ ਹੈ ਜਿਵੇਂ ਚੈੱਕ ਦੇ ਪਿੱਛਲੇ ਪਾਸੇ ਚੈੱਕ ਲਿਖਣ ਵਾਲਾ ਅਤੇ ਲੈ ਜਾਣ ਵਾਲਾ (ਬੇਅਰਰ ਜਾਂ ਧਾਰਕ) ਆਪੋ-ਆਪਣੇ ਹਸਤਾਖ਼ਰ ਕਰਕੇ ਕਿਸੇ ਹੋਰ ਵਿਅਕਤੀ ਦੇ ਨਾਂ ਕਰ ਸਕਦੇ ਹਨ। ਹਰੇਕ ਧਾਰਕ ਆਪਣੇ ਕਰਜ਼ੇ ਦੇ ਭੁਗਤਾਨ ਲਈ ਅਜਿਹੇ ਚੈੱਕ ਨੂੰ ਅੱਗੇ ਕਿਸੇ ਹੋਰ ਦੇ ਨਾਂ ਕਰ ਸਕਦਾ ਹੈ ਅਤੇ ਇਸ ਤਰ੍ਹਾਂ ਸੰਭਵ ਹੈ ਕਿ ਚੈੱਕ ਕਾਫੀ ਸਮੇਂ ਤੱਕ ਬੈਂਕ ਵਿਚ ਭੁਗਤਾਨ ਲਈ ਪੇਸ਼ ਹੀ ਨਾ ਕੀਤਾ ਜਾਵੇ। ਪਰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਚੈੱਕ ਲਿਖਤੀ ਮਿਤੀ ਤੋਂ ਅਗਲੇ ਛੇ ਮਹੀਨਿਆਂ ਦੇ ਅੰਦਰ-ਅੰਦਰ ਅਵੱਸ਼ਕ ਤੌਰ ਤੇ ਬੈਂਕ ਵਿਚ ਭੁਗਤਾਨ ਲਈ ਪੇਸ਼ ਕੀਤਾ ਜਾਣਾ ਚਾਹੀਦਾ ਹੈ ਨਹੀਂ ਤਾਂ ਬੈਂਕ ‘ਮਿਆਦ ਪੁੱਗਿਆ ਚੈੱਕ’ ਕਹਿ ਕੇ ਉਸਨੂੰ ਅਣ-ਸਕਾਰਿਆ ਕਰ ਦਿੰਦਾ ਹੈ।

          ਬੈਂਕ ਦੁਆਰਾ ਚੈੱਕ ਉਦੋਂ ਵੀ ਅਣ-ਸਕਾਰਿਆ ਹੋ ਜਾਂਦਾ ਹੈ ਜਦੋਂ :

  1. ਗਾਹਕ (ਲੇਖਕ) ਨੇ ਉਸ ਚੈੱਕ ਦਾ ਭੁੱਗਤਾਨ ਰੋਕ ਦਿੱਤਾ ਹੋਵੇ,
  2. ਚੈੱਕ ਵਿਚ ਲਿਖੀ ਭਾਸ਼ਾ ਅਪੂਰਣ, ਅਸ਼ੁੱਧ ਅਤੇ ਅਪ੍ਰਮਾਣਿਤ ਹੋਵੇ,
  3. ਗਾਹਕ ਦੇ ਖਾਤੇ ਵਿਚ ਲੋੜੀਂਦੀ ਰਕਮ ਨਾ ਬਚਦੀ ਹੋਵੇ,
  4. ਅਦਾਲਤ ਦੁਆਰਾ ਬੈਂਕ ਨੂੰ ਗਾਹਕ ਦੇ ਖਾਤੇ ਵਿਚੋਂ ਭੁਗਤਾਨ ਨਾ ਕਰਨ ਦਾ ਆਦੇਸ਼ ਮਿਲ ਗਿਆ ਹੋਵੇ,
  5. ਗਾਹਕ ਪਾਗਲ ਹੋ ਗਿਆ ਹੋਵੇ ਜਾਂ ਉਸ ਦਾ ਦੀਵਾਲਾ ਨਿਕਲ ਗਿਆ ਹੋਵੇ ਜਾਂ ਉਸ ਦੀ ਮੌਤ ਹੋ ਗਈ ਹੋਵੇ ਅਤੇ ਇਸ ਬਾਰੇ ਬੈਂਕ ਵਾਲਿਆਂ ਨੂੰ ਪਤਾ ਲੱਗ ਗਿਆ ਹੋਵੇ,
  6. ਚੈੱਕ ਉੱਤੇ ਬਾਦ ਦੀ ਮਿਤੀ ਲਿਖੀ ਹੋਵੇ ਅਤੇ
  7. ਚੈੱਕ ਫਟ ਗਿਆ ਹੋਵੇ ਜਾਂ ਕਿਸੇ ਤਰ੍ਹਾਂ ਖ਼ਰਾਬ ਹੋ ਗਿਆ ਹੋਵੇ।

ਹ. ਪੁ.––ਹਿੰ. ਵਿ. ਕੋ. 4 : 276


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 23449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-23, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.