ਚੰਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਚੰਨ: ਲੋਕ ਸਾਹਿਤ ਦਾ ਕਾਵਿ-ਰੂਪ ਚੰਨ ਪੁਣਛ ਦੇ ਇਲਾਕੇ ਨਾਲ ਸੰਬੰਧ ਰੱਖਦਾ ਹੈ। ਇਹ ਇਲਾਕਾ ਅੱਜ- ਕੱਲ੍ਹ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਹੈ, ਜਿਸ ਤਰ੍ਹਾਂ ਧਨ ਪੋਠੋਹਾਰ (ਪਾਕਿਸਤਾਨ) ਇਲਾਕੇ ਦੇ ਪ੍ਰਸਿੱਧ ਲੋਕ-ਕਾਵਿ ਰੂਪ ਬਾਲੋ ਮਾਹੀਆ ਜਿਸ ਨੂੰ ਕਈ ਵਾਰ ਕੇਵਲ ‘ਮਾਹੀਆ’ ਹੀ ਕਿਹਾ ਜਾਂਦਾ ਹੈ, ਵਿੱਚ ਬਾਲੋ ਨਾਂ ਦੀ ਮੁਟਿਆਰ ਬਾਰ-ਬਾਰ ਆਪਣੇ ਪ੍ਰੀਤਮ/ਪ੍ਰੇਮੀ ਨੂੰ ‘ਮਾਹੀ’ ਕਰ ਕੇ ਅਤੇ ‘ਢੋਲਾ’ ਕਾਵਿ-ਰੂਪ ਵਿੱਚ ‘ਢੋਲ’ ਕਹਿ ਕੇ ਸੰਬੋਧਿਤ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ‘ਚੰਨ’ ਲੋਕ-ਕਾਵਿ ਰੂਪ ਵਿੱਚ ਬਿਰਹੋਂ ਕੁੱਠੀ ਮੁਟਿਆਰ ਆਪਣੇ ਪ੍ਰੇਮੀ ਨੂੰ ਚੰਨ ਕਹਿ-ਕਹਿ ਕੇ ਪੁਕਾਰਦੀ ਹੈ ਅਤੇ ਉਸ ਨੂੰ ਮਿਲਣ ਦੀ ਤਾਂਘ ਪ੍ਰਗਟ ਕਰਦੀ ਹੈ। ਜਵਾਨੀ ਦੀ ਉਮਰੇ ਉਹ ਮੁਟਿਆਰ ਜਦੋਂ ਆਪਣੇ ਪ੍ਰੇਮੀ/ਪਿਆਰੇ ਨਾਲੋਂ ਵਿਛੜੀ ਹੁੰਦੀ ਹੈ, ਉਸ ਵੇਲੇ ਉਹ ਆਪਣੇ ਦਿਲ ਦੇ ਭਾਵਾਂ ਨੂੰ ਇਸ ਲੋਕ-ਕਾਵਿ ਰੂਪ ਵਿੱਚ ਪ੍ਰਗਟ ਕਰਦੀ ਹੈ। ਵਿਛੋੜੇ ਦੇ ਤੀਰ ਨਾਲ ਵਿੰਨ੍ਹੀ ਗਈ ਉਹ ਮੁਟਿਆਰ ਆਪਣੇ ‘ਚੰਨ’ ਮਾਹੀ ਨਾਲ ਮੁੜ ਮਿਲਾਪ ਦੀ ਤਾਂਘ ਉਜਾਗਰ ਕਰਦੀ ਹੈ। ਨਿਮਨ ਲਿਖਤ ਨਮੂਨੇ ਵਿੱਚ ਮੁਟਿਆਰ ਦੇ ਅਜਿਹੇ ਹੀ ਭਾਵ ਰੂਪਮਾਨ ਹੋ ਰਹੇ ਹਨ ਜਿਸ ਵਿੱਚ ਪ੍ਰਦੇਸੀਆਂ ਦੀ ਤਰਸਯੋਗ ਹਾਲਤ ਦਾ ਚਿੱਤਰ ਖਿੱਚਿਆ ਗਿਆ ਹੈ:

ਚੰਨ ਮਾਹੜਿਆ ਪ੍ਰਦੇਸੀਆਂ ਦੀ ਕੀ ਵੇ ਨਿਸ਼ਾਣੀ

ਮੈਲੇ ਮੈਲੇ ਕੱਪੜੇ ਤੇ ਟੋਰ ਨਿਮਾਣੀ

          ਗਏ ਪ੍ਰਦੇਸੀਆ ਚੰਨਾ ਰੱਬ ਮੇਲੇ।

          ਵਣਜਾਰਾ ਬੇਦੀ ਲੋਕਧਾਰਾ ਵਿਸ਼ਵਕੋਸ਼ ਵਿੱਚ ਇਸ ਕਾਵਿ-ਰੂਪ ਦੇ ਮੁੱਢ ਬਾਰੇ ਇੱਕ ਦੰਦ-ਕਥਾ ਪ੍ਰਚਲਿਤ ਦੱਸਦੇ ਹਨ-ਪੁਣਛ ਦੇ ਨੇੜੇ ਮੁਜ਼ੱਫਰਾਬਾਦ ਵੱਲ ਜਾਂਦਿਆਂ ਰਸਤੇ ਵਿੱਚ ਇੱਕ ਪਹਾੜ ਆਉਂਦਾ ਹੈ। ਉਸ ਪਹਾੜ ਨੂੰ ਲੋਕ ‘ਗੰਗਾ ਚੋਟੀ’ ਦੇ ਨਾਂ ਨਾਲ ਜਾਣਦੇ ਹਨ। ਉਸ ਪਹਾੜ ਦੇ ਕੋਲ ਇੱਕ ਮੁਟਿਆਰ ਆਪਣੀ ਜਵਾਨੀ ਦੀ ਅਵਸਥਾ ਵਿੱਚ ਭੇਡਾਂ-ਬੱਕਰੀਆਂ ਚਾਰਨ ਜਾਇਆ ਕਰਦੀ ਸੀ। ਉਸੇ ਥਾਂ ਤੇ ਉਸੇ ਇਲਾਕੇ ਦਾ ਇੱਕ ਜਵਾਨ ਆਜੜੀ ਵੀ ਆਪਣੇ ਪਸ਼ੂਆਂ ਨੂੰ ਚਰਾਉਣ ਜਾਂਦਾ ਸੀ। ਅਕਸਰ ਮਿਲਦੇ ਰਹਿਣ ਕਾਰਨ ਦੋਵਾਂ ਦਾ ਪਿਆਰ ਪੈ ਗਿਆ। ਕੁਦਰਤ ਨੇ ਅਜਿਹੇ ਹਾਲਾਤ ਪੈਦਾ ਕਰ ਦਿੱਤੇ ਕਿ ਘਰ ਦੀ ਮੰਦੀ ਆਰਥਿਕਤਾ ਕਾਰਨ ਉਸ ਗੱਭਰੂ ਨੂੰ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਫ਼ੌਜ ਵਿੱਚ ਭਰਤੀ ਹੋਣਾ ਪੈ ਗਿਆ। ਫ਼ੌਜ ਵਿੱਚ ਭਰਤੀ ਹੋਣ ਕਾਰਨ ਦੋਵਾਂ ਦਾ ਮਿਲਣਾ ਬੰਦ ਹੋ ਗਿਆ। ਪਿਆਰੇ ਦੇ ਵਿਛੋੜੇ ਕਾਰਨ ਉਸ ਮੁਟਿਆਰ ਦਾ ਕਿਤੇ ਦਿਲ ਨਾ ਲੱਗਦਾ। ਉਹ ਇੱਧਰ- ਉੱਧਰ ਭਟਕਦੀ ਆਪਣੇ ਚੰਨ ਦੇ ਵੈਰਾਗ ਵਿੱਚ ਗੀਤ ਗਾਉਂਦੀ ਫਿਰਦੀ ਰਹਿੰਦੀ। ਨਿਮਨਲਿਖਤ ਕਾਵਿ ਟੁਕੜੀਆਂ ਵਿੱਚ ਬਾਰ-ਬਾਰ ਆਉਂਦਾ ਚੰਨ ਦਾ ਜ਼ਿਕਰ ਮਨ ਦੀ ਵਿਰਾਗਮਈ ਭਟਕਣ ਅਤੇ ਬਿਹਬਲਤਾ ਦਾ ਸੰਕੇਤ ਹੈ :

          1.        ਚੰਨ ਮਾਹੜਿਆ ਬਣਾਂ ਵਿੱਚ ਬੋਲਦੀ ਏ ਟੋਟਰ

                   ਨਿਕਾ ਜਿਹਾ ਚੰਨ ਮਾਹੜਾ ਘਰੇ ਵਿੱਚ ਨੌਕਰ

                   ਗਏ ਪ੍ਰਦੇਸੀਆ ਚੰਨਾ ਕਿਹੜੇ ਦੇਸ ਏਂ।

          2.       ਚੰਨ ਮਾਹੜਿਆ ਬਣਾਂ ਵਿੱਚ ਬੋਲ ਦੀਆ ਕਾਗਣੀ

                   ਸੁੱਖਾਂ ਵਾਲੀ ਸੁਤੀ ਏ ਤੇ ਦੁਖਾਂ ਵਾਲੀ ਜਾਗਣੀ।

          ਗਏ ਪ੍ਰਦੇਸੀਆ ਚੰਨਾ ਵੇ ਰੱਬ ਮੇਲੇ।

     ਪਹਿਲੇ ਵਿਸ਼ਵ ਯੁੱਧ ਵਿੱਚ ਉਹ ਜਵਾਨ ਮਾਰਿਆ ਗਿਆ। ਇਸ ਦਰਦਨਾਕ ਘਟਨਾ ਦੀ ਖ਼ਬਰ ਜਦੋਂ ਉਸ ਆਜੜਨ ਮੁਟਿਆਰ ਨੂੰ ਮਿਲੀ ਤਾਂ ਉਹ ਉਸ ਜਵਾਨ ਦੇ ਗ਼ਮ ਵਿੱਚ ਪਾਗਲ ਹੋ ਗਈ। ਉਸ ਗੱਭਰੂ ਦੇ ਸਦੀਵੀ ਵਿਛੋੜੇ ਦੇ ਗ਼ਮ ਵਿੱਚ ਉਸ ਵੇਲੇ ਉਸ ਮੁਟਿਆਰ ਨੇ ਜਿਹੜੇ ਕੀਰਨੇ ਤੇ ਵੈਣ ਪਾਏ, ਉਹ ‘ਚੰਨ’ ਦੇ ਨਾਂ ਨਾਲ ਪ੍ਰਸਿੱਧ ਹੋ ਗਏ। ਉਸ ਆਜੜਨ ਮੁਟਿਆਰ ਵੱਲੋਂ ਗਾਏ ਹਰ ਗੀਤ ਵਿੱਚ ਆਪਣੇ ਪ੍ਰੇਮੀ ਨੂੰ ‘ਚੰਨ’ ਸ਼ਬਦ ਨਾਲ ਸੰਬੋਧਿਤ ਹੋਣ ਕਾਰਨ ਵੀ ਇਸ ਲੋਕ-ਕਾਵਿ ਰੂਪ ਦਾ ਨਾਂ ‘ਚੰਨ’ ਪੈ ਗਿਆ। ਇਹ ਮਾਹੀਏ ਨਾਲ ਮਿਲਦਾ- ਜੁਲਦਾ ਲੋਕ-ਕਾਵਿ ਰੂਪ ਹੈ ਕਿਉਂਕਿ ਦੋਹਾਂ ਕਾਵਿ-ਰੂਪਾਂ ਦੇ ਕਈ ਟੱਪਿਆਂ ਵਿੱਚ ‘ਚੰਨ’ ਅਤੇ ‘ਮਾਹੀ’ ਦੇ ਸੰਬੋਧਨੀ ਸ਼ਬਦਾਂ ਤੋਂ ਬਿਨਾਂ ਹੋਰ ਕੋਈ ਅੰਤਰ ਨਹੀਂ ਹੈ।

     ਚੰਨ          ਕਟੋਰਾ ਕਾਂਸੀ ਦਾ

                   ਤੇਰੀ ਵੇ ਜੁਦਾਈ ਚੰਨਾ

                   ਜਿਵੇਂ ਝੂਟਾ ਫਾਂਸੀ ਦਾ।

     ਮਾਹੀਆ  1.  ਕਟੋਰਾ ਕਾਂਸੀ ਦਾ

                   ਤੇਰੀ ਵੇ ਜੁਦਾਈ ਮਾਹੀਆ

                   ਜਿਵੇਂ ਝੂਟਾ ਫਾਂਸੀ ਦਾ।

               2. ਦੋ ਪੁੱਤਰ ਅਨਾਰਾਂ ਦੇ।

                   ਸਾਡੀ ਗਲੀ ਆ ਚੰਨ ਵੇ,

                   ਦੁੱਖ ਟੁੱਟਣ ਬਿਮਾਰਾਂ ਦੇ।

     ਕਈ ਮਾਹੀਏ ਦੇ ਟੱਪਿਆਂ ਵਿੱਚ ਤਾਂ ਮਾਹੀਏ ਨੂੰ ‘ਚੰਨ’ ਸ਼ਬਦ ਨਾਲ ਪੁਕਾਰ ਕੇ ਉਸ ਨਾਲ ਕਾਵਿਕ ਗੱਲਾਂ ਕੀਤੀਆਂ ਗਈਆਂ ਹਨ। ਅਜਿਹੇ ਟੱਪਿਆਂ ਵਿੱਚ ‘ਚੰਨ’ ਅਤੇ ‘ਮਾਹੀਆ’ ਕਾਵਿ-ਰੂਪ ਦੀ ਇਹੀ ਪਛਾਣ ਹੁੰਦੀ ਹੈ ਕਿ ‘ਚੰਨ’ ਦੇ ਸਾਰੇ ਟੱਪਿਆਂ ਵਿੱਚ ਵਿਛੋੜੇ ਦਾ ਜ਼ਿਕਰ ਜ਼ਰੂਰ ਆਉਂਦਾ ਹੈ ਜਦੋਂ ਕਿ ‘ਮਾਹੀਏ’ ਦੇ ਟੱਪਿਆਂ ਵਿੱਚ ਬਹੁਤੀ ਥਾਈਂ ਮਿਲਾਪ ਦੀ ਗੱਲ ਛੋਹੀ ਗਈ ਹੁੰਦੀ ਹੈ; ਜਿਵੇਂ :

ਗਲ ਕਰ ਕੇ ਕੀ ਲੈਣਾ ਏ।

ਦੁਨੀਆ ਤੋਂ ਡਰ ਚੰਨ ਵੇ,

          ਅਸੀਂ ਦੁਨੀਆ ’ਚ ਰਹਿਣਾ ਏ।

     ਲੋਕ-ਕਾਵਿ ਦੇ ਕਈ ਰੂਪਾਂ ਵਿੱਚ ਚੰਨ ਸ਼ਬਦ ਦੀ ਵਰਤੋਂ ਕੀਤੀ ਮਿਲਦੀ ਹੈ ਜਿਵੇਂ ਸੁਹਾਗ, ਘੋੜੀਆਂ, ਸਿੱਖਿਆ ਅਤੇ ਸਿਹਰੇ ਕਾਵਿ-ਰੂਪ ਵਿੱਚ ਪਰ ਇਹਨਾਂ ਕਾਵਿ-ਰੂਪਾਂ ਨੂੰ ‘ਚੰਨ’ ਕਾਵਿ-ਰੂਪ ਦਾ ਬਦਲ ਨਹੀਂ ਮੰਨਿਆ ਜਾ ਸਕਦਾ ਕਿਉਂਕਿ ਇਹ ਚਾਰੇ ਲੰਮੇ ਬਿਰਤਾਂਤਕ ਕਾਵਿ-ਰੂਪ ਹਨ, ਟੱਪੇ ਨਹੀਂ। ਇਹਨਾਂ ਚਾਰਾਂ ਕਾਵਿ- ਰੂਪਾਂ ਵਿੱਚ ‘ਚੰਨ’ ਸ਼ਬਦ ਚੰਦਰਮਾ ਦੇ ਸੁਹੱਪਣ, ਚਮਕ ਅਤੇ ਉਸ ਦੇ ਠੰਢ ਵਰਤਾਉਣ ਵਾਲੇ ਸੁਭਾਅ ਵਾਸਤੇ ਵਰਤਿਆ ਗਿਆ ਹੈ, ਮਾਹੀ ਦੇ ਵਿਛੋੜੇ ਦੇ ਹੇਰਵੇ ਵਜੋਂ ਨਹੀਂ। ਜਿਵੇਂ ਨਿਮਨਲਿਖਤ ਸੁਹਾਗ ਵਿੱਚ ਲੜਕੀ ਆਪਣੇ ਵੀਰ/ਮਾਪਿਆਂ ਵੱਲੋਂ ਪੁੱਛਣ ਤੇ ਕਿ ਉਹ ਕਿਹੋ ਜਿਹਾ ਵਰ ਚਾਹੁੰਦੀ ਹੈ, ਇਹ ਅਰਜ਼ੋਈ ਕਰਦੀ ਹੈ ਕਿ ਉਸ ਲਈ ਲੱਭਿਆ ਜਾਣ ਵਾਲਾ ਵਰ ‘ਚੰਨ’ (ਚੰਦਰਮਾ) ਵਰਗਾ ਸੋਹਣਾ ਹੋਣਾ ਚਾਹੀਦਾ ਹੈ :

ਜਿਉਂ ਚੰਨਾ ਵਿੱਚੋਂ ਚੰਨ,

ਕਾਨ੍ਹਾਂ ਵਿੱਚੋਂ ਕਾਨ੍ਹ, ਕਨ੍ਹਈਆ ਵਰ ਲੋੜੀਏ।

          ਵੇ ਵੀਰਾ ਇਹੋ ਜਿਹਾ ਵਰ ਲੋੜੀਏ।

     ‘ਸਿੱਖਿਆ’ ਕਾਵਿ-ਰੂਪ ਦੀਆਂ ਤੁਕਾਂ ਵਿੱਚ ਲਾਵਾਂ/ਫੇਰੇ ਲੈ ਚੁੱਕੀ ਲੜਕੀ ਨੂੰ ਅਸੀਸ ਦਿੱਤੀ ਜਾਂਦੀ ਹੈ ਕਿ ਸਾਰੀ ਉਮਰ ਉਸ ਦੀ ਕਿਸਮਤ ਦਾ ਸਿਤਾਰਾ ਚੰਦਰਮਾ ਵਾਂਗ ਰੋਸ਼ਨ ਰਹੇ।

ਸਦਾ ਮਹਿਕ ਗ੍ਰਹਿਸਤ ਦੇ ਬਾਗ ਅੰਦਰ

ਜੁਗ ਜੁਗ ਜੀਂਦਾ ਰਹੇ ਸੁਹਾਗ ਤੇਰਾ।

ਤੇਰੇ ਜੀਵਨ ਦੇ ਚਾਨਣੀ ਪੈਰ ਧੋਵੇ

          ਅਤੇ ਚੰਨ ਵਾਂਗੂੰ ਚਮਕੇ ਭਾਗ ਤੇਰਾ।

     ਨਿਮਨ ਦਰਜ ਕਾਵਿ ਟੁਕੜੀ ਵਿੱਚ ਭਾਵ ‘ਸਿਹਰਾ’ ਕਾਵਿ ਰੂਪ ਵਿੱਚ ਚੰਨ ਸ਼ਬਦ ਲਾੜੇ ਦੀ ਉਪਮਾ ਵਜੋਂ ਵਰਤਿਆ ਗਿਆ ਹੈ।

ਇਹ ਕੁਝ ਕੀਤਾ ਇਕੱਠਾ ਤੇ ਬਹਿ ਗਿਆ ਮੈਂ

          ਸੋਹਣੇ ਚੰਨ ਦਾ ਸੇਹਰਾ ਬਨਾਵਣੇ ਨੂੰ।

     ਜਿਵੇਂ ਕਿ ਉਪਰ ਸੰਕੇਤ ਕੀਤਾ ਜਾ ਚੁੱਕਾ ਹੈ, ‘ਚੰਨ’ ਵੰਨਗੀ ਇੱਧਰਲੇ ਪੰਜਾਬ ਭਾਵ ਭਾਰਤੀ ਪੰਜਾਬ ਵਿੱਚ ਬਹੁਤ ਘੱਟ ਗਾਈ ਜਾਂਦੀ ਹੈ, ਹਾਂ ਮਾਹੀਆ-ਟੱਪਿਆਂ, ਬੋਲੀਆਂ ਅਤੇ ਢੋਲਿਆਂ ਵਿੱਚ ਚੰਨ ਦਾ ਅਕਸਰ ਜ਼ਿਕਰ ਆਉਂਦਾ ਰਹਿੰਦਾ ਹੈ। ਇਹ ਵੰਨਗੀ ਟਾਵੇਂ-ਟਾਵੇਂ ਰੂਪ ਵਿੱਚ ਸੱਭਿਆਚਾਰਿਕ ਅਤੇ ਲੋਕ-ਗੀਤਾਂ ਨਾਲ ਸੰਬੰਧਿਤ ਪੁਸਤਕਾਂ ਤੱਕ ਸਿਮਟ ਕੇ ਰਹਿ ਗਈ ਹੈ।


ਲੇਖਕ : ਰਾਜਵੰਤ ਕੌਰ ਪੰਜਾਬੀ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਚੰਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਨ (ਨਾਂ,ਪੁ) ਰਾਤ ਸਮੇਂ ਚਾਨਣ ਕਰਨ ਵਾਲਾ ਗ੍ਰਹਿ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15485, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੰਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਨ [ਨਾਂਪੁ] ਵੇਖੋ ਚੰਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੰਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੰਨ. ਸੰਗ੍ਯਾ—ਚੰਦ੍ਰ. ਚੰਦ੍ਰਮਾ. ਚਾਂਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15204, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.