ਜੀਂਦ ਰਿਆਸਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਂਦ ਰਿਆਸਤ. ਦੇਖੋ , ਜੀਂਦ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1209, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਂਦ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੀਂਦ ਰਿਆਸਤ : ਪੰਜਾਬ ਦੀਆਂ ਸਿੱਖ ਰਿਆਸਤਾਂ ਵਿਚੋਂ ਇਕ ਜੋ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਦ ਪਹਿਲਾਂ ‘ ਪੈਪਸੂ ’ ਵਿਚ ਸਮੋਈ ਗਈ ਅਤੇ ਬਾਦ ਵਿਚ ਪੰਜਾਬ ਦਾ ਅੰਗ ਬਣ ਗਈ । ਪੰਜਾਬ ਵਿਚ ਇਸ ਰਿਆਸਤ ਦਾ ਤੀਜਾ ਦਰਜਾ ਮੰਨਿਆ ਜਾਂਦਾ ਸੀ । ਇਸ ਵਿਚ ਕੁਲ 442 ਪਿੰਡ ਸਨ ਅਤੇ ਚਾਰ ਪ੍ਰਮੁਖ ਨਗਰ ਸਨ , ਜਿਵੇਂ ਜੀਂਦ , ਸੰਗਰੂਰ , ਦਾਦਰੀ ਅਤੇ ਸਫ਼ੀਦੋਂ । ਇਸ ਦੀ ਰਾਜਧਾਨੀ ਸੰਗਰੂਰ ਵਿਚ ਸੀ । ਇਸ ਦੀ ਸਥਾਪਨਾ ਸੰਨ 1764 ਈ. ਵਿਚ ਹੋਈ ਦਸੀ ਜਾਂਦੀ ਹੈ ਅਤੇ ਇਸ ਨੂੰ ਫੂਲਕੀਆਂ ਰਿਆਸਤਾਂ ਵਿਚ ਸ਼ਾਮਲ ਕੀਤਾ ਜਾਂਦਾ ਹੈ ।

                      ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਿਲੋਕ ਸਿੰਘ ਦੇ ਛੋਟੇ ਪੁੱਤਰ ਸੁਖਚੈਨ ਸਿੰਘ ਤੋਂ ਜੀਂਦ ਦੀ ਸ਼ਾਖ ਚਲਦੀ ਹੈ । ਸ. ਸੁਖਚੈਨ ਸਿੰਘ ਦੇ ਘਰ ਮਾਈ ਆਗਾਂ ਦੀ ਕੁੱਖੋਂ ਸੰਨ 1738 ਈ. ਵਿਚ ਗਜਪਤਿ ਸਿੰਘ ਦਾ ਜਨਮ ਹੋਇਆ । ਸੰਨ 1751 ਈ. ਵਿਚ ਪਿਤਾ ਦੀ ਮ੍ਰਿਤੂ ਤੋਂ ਬਾਦ ਭਰਾਵਾਂ ਨਾਲ ਹੋਈ ਜਾਇਦਾਦ ਦੀ ਵੰਡ ਕਰਕੇ ਗਜਪਤਿ ਸਿੰਘ ਨੂੰ ਬਡਰੁਖਾਂ ਦਾ ਇਲਾਕਾ ਮਿਲਿਆ । ਇਸ ਨੇ ਆਪਣੇ ਬਲ ਨਾਲ ਜੀਂਦ , ਸਫ਼ੀਦੋਂ ਅਤੇ ਕਰਨਾਲ ਦੇ ਇਲਾਕੇ ਜਿਤੇ । ਸੰਨ 1764 ਈ. ਵਿਚ ਇਸ ਨੇ ਦਲ ਖ਼ਾਲਸਾ ਨਾਲ ਮਿਲ ਕੇ ਸਰਹਿੰਦ ਉਤੇ ਹਮਲਾ ਕੀਤਾ ਅਤੇ ਜਿਤ ਪ੍ਰਾਪਤ ਕੀਤੀ , ਜਿਸ ਦੇ ਬਦਲੇ ਇਸ ਨੂੰ ਕੁਝ ਇਲਾਕੇ ਹੋਰ ਮਿਲੇ । ਇਸ ਨੇ ਦਿੱਲੀ ਸਲਤਨਤ ਨਾਲ ਸੰਬੰਧ ਬਣਾਈ ਰਖੇ ਅਤੇ ਉਸ ਨੂੰ ਖ਼ਿਰਾਜ ਦਿੰਦਾ ਰਿਹਾ । ਸੰਨ 1772 ਈ. ਵਿਚ ਇਸ ਨੇ ਸ਼ਾਹ ਆਲਮ ਤੋਂ ‘ ਰਾਜਾ ’ ਦਾ ਖ਼ਿਤਾਬ ਹਾਸਲ ਕੀਤਾ । ਸੰਨ 1773 ਈ. ਵਿਚ ਇਸ ਨੇ ਅਮਲੋਹ , ਭਾਦਸੋਂ ਅਤੇ ਸੰਗਰੂਰ ਨੂੰ ਆਪਣੇ ਅਧੀਨ ਕਰ ਲਿਆ , ਜਦਕਿ ਇਹ ਨਾਭਾ ਰਿਆਸਤ ਦੇ ਅਧੀਨ ਸਨ । ਪਟਿਆਲਾ ਰਿਆਸਤ ਅਤੇ ਭੰਗੀ ਮਿਸਲ ਵਾਲੇ ਸਰਦਾਰ ਦੇ ਜ਼ੋਰ ਪਾਉਣ’ ਤੇ ਇਸ ਨੇ ਅਮਲੋਹ ਅਤੇ ਭਾਦਸੋਂ ਉਪਰ ਅਧਿਕਾਰ ਛਡ ਦਿੱਤਾ , ਪਰ ਸੰਗਰੂਰ ਨੂੰ ਆਪਣੇ ਪਾਸ ਹੀ ਰਖਿਆ । ਸੰਨ 1744 ਈ. ਵਿਚ ਦਿੱਲੀ ਦੇ ਬਾਦਸ਼ਾਹ ਨੇ ਇਸ ਤੋਂ ਜੀਂਦ ਨੂੰ ਫਿਰ ਤੋਂ ਹਾਸਲ ਕਰਨ ਲਈ ਹਮਲਾ ਕੀਤਾ , ਪਰ ਇਸ ਨੇ ਗਵਾਂਢੀ ਰਾਜਿਆਂ ਦੀ ਮਦਦ ਲੈ ਕੇ ਹਮਲਾ ਪਛਾੜ ਦਿੱਤਾ । ਸੰਨ 1774 ਈ. ਵਿਚ ਇਸ ਨੇ ਆਪਣੀ ਪੁੱਤਰੀ ਰਾਜ ਕੌਰ ਦਾ ਵਿਆਹ ਸੁਕਰਚਕੀਆ ਸਰਦਾਰ ਮਹਾਂ ਸਿੰਘ ਨਾਲ ਕੀਤਾ ਜਿਸ ਦੀ ਕੁੱਖੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ ।

                      ਸੰਨ 1789 ਈ. ਵਿਚ ਰਾਜਾ ਗਜਪਤਿ ਸਿੰਘ ਦਾ ਦੇਹਾਂਤ ਹੋ ਗਿਆ । ਉਸ ਤੋਂ ਬਾਦ 21 ਵਰ੍ਹਿਆਂ ਦੇ ਇਸ ਦੇ ਵੱਡੇ ਪੁੱਤਰ ਭਾਗ ਸਿੰਘ ਨੂੰ ਰਾਜ-ਗੱਦੀ ਮਿਲੀ ਅਤੇ ਜੀਂਦ ਤੇ ਸਫ਼ੀਦੋਂ ਦੇ ਇਲਾਕੇ ਇਸ ਅਧੀਨ ਆਏ । ਬਡਰੁੱਖਾਂ ਦਾ ਇਲਾਕਾ ਛੋਟੇ ਭਰਾ ਭੂਪ ਸਿੰਘ ਨੂੰ ਮਿਲਿਆ । ਜਦੋਂ ਲਾਰਡ ਲੇਕ ਜਸਵੰਤ ਰਾਓ ਹੁਲਕਰ ਦਾ ਪਿਛਾ ਕਰ ਰਿਹਾ ਸੀ ਤਾਂ ਉਸ ਨੂੰ ਬਿਆਸ ਤਕ ਖਦੇੜਨ ਲਈ ਇਸ ਨੇ ਲਾਰਡ ਲੇਕ ਦਾ ਸਾਥ ਦਿੱਤਾ ਅਤੇ ਫੂਲਕੀਆਂ ਰਿਆਸਤਾਂ ਦੇ ਝਗੜੇ ਨੂੰ ਨਿਪਟਾਉਣ ਲਈ ਮਹਾਰਾਜਾ ਰਣਜੀਤ ਸਿੰਘ ਨੂੰ ਨਿਮੰਤਰਿਤ ਕੀਤਾ । ਇਨ੍ਹਾਂ ਦੋਹਾਂ ਤੋਂ ਕਈ ਪਿੰਡ ਪ੍ਰਾਪਤ ਕਰਕੇ ਆਪਣੀ ਰਿਆਸਤ ਦਾ ਵਿਸਤਾਰ ਕੀਤਾ ।

                      ਸੰਨ 1819 ਈ. ਵਿਚ ਰਾਜਾ ਭਾਗ ਸਿੰਘ ਦੀ ਮ੍ਰਿਤੂ ਹੋ ਗਈ ਅਤੇ ਉਸ ਤੋਂ ਬਾਦ ਉਸ ਦਾ ਪੁੱਤਰ ਫਤਹ ਸਿੰਘ ਗੱਦੀ ਉਤੇ ਬੈਠਾ , ਪਰੰਤੂ ਤਿੰਨ ਸਾਲਾਂ ਵਿਚ ਉਸ ਦਾ ਦੇਹਾਂਤ ਹੋ ਗਿਆ । ਫਿਰ ਰਾਜਾ ਫਤਹ ਸਿੰਘ ਦਾ ਲੜਕਾ ਸੰਗਤ ਸਿੰਘ ਰਾਜ-ਗੱਦੀ ਉਤੇ ਬੈਠਾ , ਪਰ ਸੰਨ 1834 ਈ. ਵਿਚ ਉਸ ਦੀ ਮ੍ਰਿਤੂ ਹੋ ਗਈ । ਉਸ ਦੀ ਕੋਈ ਸੰਤਾਨ ਨ ਹੋਣ ਕਾਰਣ ਜਾਨਸ਼ੀਨੀ ਬਾਰੇ ਝਗੜਾ ਚਲ ਪਿਆ । ਆਖ਼ਿਰ ਮਾਮਲਾ ਇਥੇ ਮੁਕਿਆ ਕਿ ਵਜੀਦਪੁਰ ਦੇ ਸਰਦਾਰ ਸਰੂਪ ਸਿੰਘ ਨੂੰ ਆਪਣੇ ਪੜਦਾਦੇ ਦੇ ਵੇਲੇ ਦੇ ਸਾਰੇ ਇਲਾਕੇ ਦਾ ਸਰਦਾਰ ਮੰਨ ਲਿਆ ਜਾਏ ਅਤੇ ਬਾਦ ਦੇ ਪ੍ਰਾਪਤ ਕੀਤੇ ਇਲਾਕੇ ਅੰਗ੍ਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਪਾਸ ਰਹਿਣ ਦਿੱਤੇ ਜਾਣ । ਸਰੂਪ ਸਿੰਘ ਦਾ ਪਹਿਲਾਂ ਤਾਂ ਅੰਗ੍ਰੇਜ਼ਾਂ ਨਾਲ ਸੰਬੰਧ ਕੋਈ ਬਹੁਤਾ ਸੁਖਾਵਾਂ ਨਹੀਂ ਸੀ , ਪਰ ਜਦੋਂ ਉਸ ਨੇ ਪਹਿਲੇ ਅੰਗ੍ਰੇਜ਼-ਸਿੱਖ ਯੁੱਧ ਵਿਚ ਅੰਗ੍ਰੇਜ਼ਾਂ ਦੀ ਸਹਾਇਤਾ ਕੀਤੀ , ਇਸ ਦੇ ਬਦਲੇ ਵਿਚ ਉਸ ਨੂੰ ਤਿੰਨ ਹਜ਼ਾਰ ਰੁਪਏ ਸਾਲਾਨਾ ਆਮਦਨ ਵਾਲੀ ਜਾਗੀਰ ਮਿਲੀ ਅਤੇ ਪਿਛਲਾ ਜੁਰਮਾਨਾ ਵੀ ਮਾਫ਼ ਹੋ ਗਿਆ । ਸੰਨ 1857 ਈ. ਦੇ ਗ਼ਦਰ ਵੇਲੇ ਵੀ ਇਸ ਨੇ ਅੰਗ੍ਰੇਜ਼ਾਂ ਦੀ ਖ਼ੂਬ ਮਦਦ ਕੀਤੀ । ਖ਼ੁਦ ਦਿੱਲੀ ਗਿਆ ਅਤੇ ਫ਼ੌਜ ਦੀ ਅਗਵਾਈ ਕੀਤੀ । ਫਲਸਰੂਪ ਇਸ ਨੂੰ ਦਾਦਰੀ ਦਾ ਅਤੇ ਸੰਗਰੂਰ ਦੇ ਨੇੜੇ ਦਾ ਕੁਝ ਇਲਾਕਾ ( 13 ਪਿੰਡ ) ਪ੍ਰਦਾਨ ਕੀਤਾ ਗਿਆ । ਦੂਜੇ ਫੂਲਕੀਆਂ ਰਾਜਿਆਂ ਵਾਂਗ ਇਸ ਨੂੰ ਵੀ 11 ਤੋਪਾਂ ਦੀ ਸਲਾਮੀ ਮਿਲਣ ਲਗੀ । ਜੀ.ਸੀ.ਐਸ.ਆਈ. ਦਾ ਖ਼ਿਤਾਬ ਵੀ ਮਿਲਿਆ ।

                      ਸੰਨ 1864 ਈ. ਵਿਚ ਰਾਜਾ ਸਰੂਪ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਦਾ ਲੜਕਾ ਰਘਬੀਰ ਸਿੰਘ ਰਾਜ- ਗੱਦੀ ਉਤੇ ਬੈਠਾ । ਇਸ ਨੇ ਦਾਦਰੀ ਦੇ ਇਲਾਕੇ ਵਿਚ ਹੋਈ ਬਗ਼ਾਵਤ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਅਤੇ ਕੂਕਿਆਂ ਦੀਆਂ ਸਰਗਰਮੀਆਂ ਨੂੰ ਦਬਾਉਣ ਲਈ ਵੀ ਪੰਜਾਬ ਸਰਕਾਰ ਦੀ ਮਦਦ ਕੀਤੀ । ਸੰਨ 1878 ਈ. ਵਿਚ ਅਫ਼ਗ਼ਾਨਾਂ ਨਾਲ ਹੋਏ ਯੁੱਧ ਵਿਚ ਇਸ ਨੇ ਅੰਗ੍ਰੇਜ਼ਾਂ ਦੀ ਬਹੁਤ ਸਹਾਇਤਾ ਕੀਤੀ । ਇਨਾਮ ਵਜੋਂ ਇਸ ਨੂੰ ਰਾਜਾ-ਇ-ਰਾਜਗਾਨ ਦਾ ਖ਼ਿਤਾਬ ਦਿੱਤਾ ਗਿਆ ।

                      ਸੰਨ 1887 ਈ. ਵਿਚ ਰਘਬੀਰ ਸਿੰਘ ਗੁਜ਼ਰ ਗਿਆ । ਇਸ ਦਾ 8 ਸਾਲਾਂ ਦਾ ਪੋਤਾ ਰਨਬੀਰ ਸਿੰਘ ਰਾਜ- ਗੱਦੀ ਦਾ ਵਾਰਸ ਬਣਿਆ । ਨਾਬਾਲਗ਼ੀ ਦੌਰਾਨ ਰਿਆਸਤ ਦਾ ਪ੍ਰਬੰਧ ਚਲਾਉਣ ਲਈ ਕੌਂਸਲ ਆਫ਼ ਰੀਜੈਂਸੀ ਬਣਾਈ ਗਈ । ਨਵੰਬਰ 1899 ਈ. ਵਿਚ ਇਕ ਦਰਬਾਰ ਕਰਕੇ ਇਸ ਨੂੰ ਵਿਧੀਵਤ ਰਾਜ-ਅਧਿਕਾਰ ਸੌਂਪਿਆ ਗਿਆ । ਸੰਨ 1911 ਈ. ਵਿਚ ਇਸ ਨੂੰ ਮਹਾਰਾਜਾ ਪਦਵੀ ਪ੍ਰਦਾਨ ਕੀਤੀ ਗਈ । ਆਜ਼ਾਦੀ ਮਿਲਣ ਤੋਂ ਬਾਦ ਸੰਨ 1948 ਈ. ਦੇ ਸ਼ੁਰੂ ਵਿਚ ਇਸ ਦਾ ਦੇਹਾਂਤ ਹੋ ਗਿਆ । ਇਸ ਦਾ ਲੜਕਾ ਰਾਜਬੀਰ ਸਿੰਘ ਗੱਦੀ ਉਪਰ ਬੈਠਾ । ਸੰਨ 1948 ਈ. ਵਿਚ ਹੀ ਇਸ ਰਿਆਸਤ ਨੂੰ ਪੈਪਸੂ ਵਿਚ ਸ਼ਾਮਲ ਕਰ ਲਿਆ ਗਿਆ । ਸੰਨ 1931 ਈ. ਦੀ ਮਰਦਮ-ਸ਼ੁਮਾਰੀ ਵੇਲੇ ਇਸ ਰਿਆਸਤ ਵਿਚ 10 ਪ੍ਰਤਿਸ਼ਤ ਸਿੱਖ ਆਬਾਦੀ ਸੀ , 14 ਪ੍ਰਤਿਸ਼ਤ ਮੁਸਲਮਾਨ ਸਨ ਅਤੇ 75 ਪ੍ਰਤਿਸ਼ਤ ਹਿੰਦੂ ਸਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1188, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਜੀਂਦ ਰਿਆਸਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ

ਜੀਂਦ ਰਿਆਸਤ : ਜੀਂਦ ਦੇ ਵੱਖਰੇ ਰਾਜ ਦੇ ਇਤਿਹਾਸ ਦਾ ਸਾਲ 1763 ਈ. ਮੰਨਿਆ ਜਾਂਦਾ ਹੈ , ਜਦੋਂ ਮਿਸਲ ਸਰਦਾਰਾਂ ਨੇ ਅਹਿਮਦ ਸ਼ਾਹ ਅਬਦਾਲੀ ਦੁਆਰਾ ਨਿਯੁਕਤ ਕੀਤੇ ਗਵਰਨਰ ਨੂੰ ਹਰਾ ਕੇ ਸਰਹਿੰਦ ਉੱਤੇ ਕਬਜ਼ਾ ਕੀਤਾ । ਇਹ ਸਥਿਤੀ ਸਰਹਿੰਦ ਦੀ ਵੰਡ ਦੀ ਪ੍ਰਤੀਕ ਹੈ । ਇਸ ਤੋਂ ਪਹਿਲਾਂ ਸੁਖਸੈਨ ਨਾਮੀ ਵਿਅਕਤੀ ਜੋ ਕਿ ਫੂਲਕੀਆ ਵੰਸ਼ ਦੇ ਮੋਢੀ ਫੂਲ ਦਾ ਪੋਤਾ ਸੀ , ਸਰਹਿੰਦ ਦੇ ਹਾਕਮ ਦੇ ਤੌਰ ਉੱਤੇ ਪ੍ਰਸਿੱਧ ਹੈ । 1751 ਈ. ਵਿੱਚ ਉਸਦੀ ਮੌਤ ਉਪਰੰਤ ਉਸ ਦੇ ਪੁੱਤਰਾਂ ਵਿੱਚ ਉਸਦੇ ਖੇਤਰ ਦੀ ਵੰਡ ਹੋ ਗਈ । ਉਸਦੇ ਪੁੱਤਰਾਂ ਵਿੱਚੋਂ ਰਾਜਪਤ ਸਿੰਘ ( 1738-1786 ) ਜੋ ਵੱਡਾ ਸਾਹਸੀ ਹੋਇਆ ਹੈ , ਨੇ 1755 ਈ. ਵਿੱਚ ਜੀਂਦ ਤੇ ਸਫੀਦੋਂ ਦੇ ਪ੍ਰਗਨਿਆਂ ਨੂੰ ਅੰਗਰੇਜ਼ਾਂ ਤੋਂ ਜਿੱਤ ਕੇ ਪਾਣੀਪਤ ਤੇ ਕਰਨਾਲ ਨੂੰ ਉਜਾੜਿਆ ਅਤੇ ਆਪਣੀਆਂ ਹੱਦਾਂ ਨੂੰ ਵਧਾਇਆ । ਪਰ ਵਧੇਰੇ ਦੇਰ ਤੱਕ ਉਹ ਇਹਨਾਂ ਖੇਤਰਾਂ ਨੂੰ ਆਪਣੇ ਪਾਸ ਨਾ ਰੱਖ ਸਕਿਆ । ਸੰਨ 1766 ਈ. ਵਿੱਚ ਉਸਨੇ ਜੀਂਦ ਨੂੰ ਆਪਣੀ ਰਾਜਧਾਨੀ ਬਣਾਇਆ । ਉਹ ਦਿੱਲੀ ਰਾਜ ਦਾ ਬਾਜਗੁਜਾਰ ਜਾਂ ਅਧੀਨ ਸਰਦਾਰ ਵੀ ਰਿਹਾ ਸੀ । ਉਹ ਕਰ ਦਿੰਦਾ ਰਿਹਾ , ਜਿਸਦੇ ਫਲਸਰੂਪ ਉਸਦੇ ਨਾਮ ਉੱਤੇ ਸ਼ਾਹੀ ਫ਼ਰਮਾਨ ਜਾਰੀ ਕੀਤਾ ਗਿਆ ਅਤੇ ਉਸਨੂੰ ਰਾਜੇ ਦੀ ਪਦਵੀ ਅਤੇ ਆਪਣੇ ਨਾਮ ਦਾ ਸਿੱਕਾ ਚਲਾਉਣ ਦਾ ਹੱਕ ਦਿੱਤਾ ਗਿਆ । ਸੰਨ 1773 ਈ. ਵਿੱਚ ਨਾਭੇ ਦੇ ਰਾਜੇ ਨਾਲ ਲੜਾਈ ਉਪਰੰਤ ਭਾਦਸੋਂ ਦਾ ਇਲਾਕਾ ਉਸਦੇ ਹੱਥ ਆਇਆ , ਜੋ ਸਮਾਂ ਪਾ ਕੇ ਜੀਂਦ ਰਾਜ ਦਾ ਇੱਕ ਹਿੱਸਾ ਬਣ ਗਿਆ । ਸੰਗਰੂਰ ਦਾ ਇਲਾਕਾ ਵੀ ਉਸਨੇ ਆਪਣੇ ਅਧੀਨ ਕਰ ਲਿਆ । ਸੰਨ 1775 ਈ. ਵਿੱਚ ਉਸਨੇ ਜੀਂਦ ਵਿੱਚ ਇੱਕ ਕਿਲ੍ਹਾ ਬਣਵਾਇਆ । ਉਸ ਸਮੇਂ ਮੁਗ਼ਲ ਸਰਕਾਰ ਏਨੀ ਸ਼ਕਤੀਸ਼ਾਲੀ ਸੀ ਕਿ ਉਸਨੂੰ ਬਹੁਤ ਸਾਰਾ ਇਲਾਕਾ ਛੱਡਣਾ ਪਿਆ ਅਤੇ ਜੀਂਦ ਕੋਲ ਕੇਵਲ ਪੰਜ ਗੁਰਾਈਆਂ ਦਾ ਖੇਤਰ ਹੀ ਬਚ ਸਕਿਆ । ਸੰਨ 1780 ਈ. ਵਿੱਚ ਮਿੱਤਰ ਰਾਜਾਂ ਨੇ ਮੇਰਠ ਉੱਤੇ ਹਮਲਾ ਕੀਤਾ ਪਰੰਤੂ ਹਾਰ ਗਏ ਅਤੇ ਰਾਜਾ ਗਜਪਤ ਸਿੰਘ ਨੂੰ ਕੈਦੀ ਬਣਾ ਲਿਆ ਗਿਆ । ਬਹੁਤ ਸਾਰਾ ਦੰਡ ਜਾਂ ਮੁਆਵਜ਼ਾ ਦੇਣ ਉਪਰੰਤ ਉਸਨੂੰ ਛੱਡ ਦਿੱਤਾ ਗਿਆ । ਉਸਦੀ ਮੌਤ 1786 ਈ. ਵਿੱਚ ਹੋਈ ਅਤੇ ਉਸ ਤੋਂ ਬਾਅਦ ਉਸਦਾ ਪੁੱਤਰ ਰਾਜਾ ਭਾਗ ਸਿੰਘ ( 1793-1819 ) ਉਸਦਾ ਉੱਤਰ-ਅਧਿਕਾਰੀ ਬਣਿਆ । ਜੀਂਦ ਅਤੇ ਸਫੀਦੋਂ ਦਾ ਖੇਤਰ ਉਸਦੇ ਅਧੀਨ ਸੀ ।

ਰਾਜਾ ਗਜਪਤ ਸਿੰਘ ਦੀ ਪੁੱਤਰੀ ਬੀਬੀ ਰਾਜ ਕੌਰ ਦੀ ਸ਼ਾਦੀ ਸ਼ੁਕਰਚੱਕੀਆ ਮਿਸਲ ਦੇ ਆਗੂ ਚੜ੍ਹਤ ਸਿੰਘ ਦੇ ਪੁੱਤਰ ਮਹਾਂ ਸਿੰਘ ਸ਼ੁਕਰਚੱਕੀਆ ਨਾਲ ਹੋਈ , ਜਿਸ ਦੀ ਕੁੱਖ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਜਨਮ ਲਿਆ । ਰਾਜਾ ਭਾਗ ਸਿੰਘ ਆਪਣੀ ਸੂਖ਼ਮ ਰਾਜਨੀਤੀ ਕਾਰਨ ਅੰਗਰੇਜ਼ਾਂ ਦੀ ਵਿਰੋਧਤਾ ਤੋਂ ਬਚਿਆ ਰਿਹਾ ਅਤੇ ਜਦੋਂ ਰਾਜਕੁਮਾਰ ਸਿੰਧੀਆ ( ਮਰਾਠਾ ਆਗੂ ) ਦੀ ਸ਼ਕਤੀ ਦਾ ਉੱਤਰੀ ਭਾਰਤ ਵਿੱਚ ਪਤਨ ਹੋਇਆ ਤਾਂ ਉਸਨੇ 30 ਦਸੰਬਰ , 1803 ਈ. ਦੀ ਸੰਧੀ ਰਾਹੀਂ ਜਮਨਾ ਦੇ ਪੱਛਮ ਵਾਲੇ ਆਪਣੇ ਖੇਤਰਾਂ ਨੂੰ ਅੰਗਰੇਜ਼ ਸ਼ਕਤੀ ਦੇ ਹਵਾਲੇ ਕਰ ਦਿੱਤਾ । ਲਾਰਡ ਲੇਕ ਨੇ ਖ਼ੁਸ਼ ਹੋ ਕੇ ਗੋਹਾਨਾ ਦਾ ਇਲਾਕਾ ਉਸਦੇ ਸਪੁਰਦ ਕਰ ਦਿੱਤਾ । ਰਾਜਾ ਭਾਗ ਸਿੰਘ ਜਸਵੰਤ ਰਾਓ ਹੋਲਕਰ ਦਾ ਪਿੱਛਾ ਕਰਦਾ ਹੋਇਆ ਅਤੇ ਲਾਰਡ ਲੇਕ ਦਾ ਸਾਥ ਨਿਭਾਉਂਦਾ ਹੋਇਆ ਬਿਆਸ ਦਰਿਆ ਤੱਕ ਪੁੱਜਾ , ਜੋ ਉਸ ਸਮੇਂ ਦੀ ਇਤਿਹਾਸਿਕ ਘਟਨਾ ਹੈ । ਅੰਗਰੇਜ਼ੀ ਸਰਕਾਰ ਨੇ ਉਸਨੂੰ ਮਹਾਰਾਜਾ ਰਣਜੀਤ ਸਿੰਘ ਕੋਲ ਭਗੌੜੇ ਰਾਜ ਕੁਮਾਰ ਸਿੰਧੀਆ ਦੀ ਸਹਾਇਤਾ ਨਾ ਕਰਨ ਦੇ ਉਦੇਸ਼ ਨਾਲ ਭੇਜਿਆ ਅਤੇ ਉਸਦਾ ਇਹ ਮਿਸ਼ਨ ਸਫਲ ਹੋਇਆ । ਹੋਲਕਰ ਨੂੰ ਪੰਜਾਬ ਵਿੱਚੋਂ ਨਿਕਲਣ ਤੇ ਮਜਬੂਰ ਕਰ ਦਿੱਤਾ ਗਿਆ ਅਤੇ ਭਾਗ ਸਿੰਘ ਨੂੰ ਪਾਣੀਪਤ ਦੇ ਦੱਖਣ-ਪੱਛਮ ਵਿੱਚ ਸਥਿਤ ਕੁਝ ਖੇਤਰ ਇਨਾਮ ਵਿੱਚ ਦੇ ਦਿੱਤੇ ਗਏ । ਮਹਾਰਾਜਾ ਰਣਜੀਤ ਸਿੰਘ ਨਾਲ ਉਸ ਦੇ ਸੰਬੰਧ ਬਹੁਤ ਚੰਗੇ ਸਨ । ਉਸ ਵੱਲੋਂ ਰਾਜਾ ਭਾਗ ਸਿੰਘ ਨੂੰ ਲੁਧਿਆਣੇ ਜ਼ਿਲ੍ਹੇ ਵਿੱਚ ਬੱਸੀਆਂ , ਜਗਰਾਓਂ , ਜੰਡਿਆਲਾ ਤੇ ਰਾਏਕੋਟ ਦਾ ਇਲਾਕਾ ਦਿੱਤਾ ਗਿਆ । ਇਸ ਰਾਜੇ ਨੇ ਵੀ ਹੋਰਨਾਂ ਰਾਜਿਆਂ ਦੇ ਵਾਂਗ ਅੰਗਰੇਜ਼ਾਂ ਦੀ ਸਰਪ੍ਰਸਤੀ ਕਬੂਲ ਕਰ ਲਈ । ਰਾਜਾ ਭਾਗ ਸਿੰਘ ਦੀ ਮੌਤ 1819 ਈ. ਵਿੱਚ ਹੋਈ , ਜਿਸ ਉਪਰੰਤ ਉਸਦਾ ਲੜਕਾ ਰਾਜਾ ਫ਼ਤਿਹ ਸਿੰਘ ਜੀਂਦ ਦਾ ਰਾਜਾ ਬਣਿਆ , ਜਿਸ ਦੀ ਮੌਤ 1821 ਈ. ਵਿੱਚ ਹੋ ਗਈ ।

ਉਸ ਉਪਰੰਤ ਉਸਦਾ ਲੜਕਾ ਸੰਗਤ ਸਿੰਘ ਰਾਜ ਗੱਦੀ ਉੱਤੇ ਬੈਠਾ ਪਰੰਤੂ ਕੁਝ ਸਮੇਂ ਲਈ ਉਸਨੇ ਰਾਜ ਵਿਦੇਸੀ ਹੱਥਾਂ ਵਿੱਚ ਦੇ ਦਿੱਤਾ । ਰਾਜਾ ਸੰਗਤ ਸਿੰਘ ਦੀ ਮੌਤ 1834 ਈ. ਵਿੱਚ ਹੋਈ ਅਤੇ ਉਸਦਾ ਕੋਈ ਪੁੱਤਰ ਨਾ ਹੋਣ ਕਾਰਨ ਕਈ ਸਹਿਭਾਗੀਆਂ ਅਤੇ ਸੰਬੰਧੀਆਂ ਦੇ ਹੁੰਦੇ ਹੋਏ ਵੀ ਰਾਜ ਦੇ ਸ਼ਾਸਨ ਸੰਬੰਧੀ ਪ੍ਰਸ਼ਨ ਪੈਦਾ ਹੋਇਆ । ਸੰਨ 1837 ਈ. ਵਿੱਚ ਰਾਜਾ ਸਰੂਪ ਸਿੰਘ ਬਾਜ਼ੀਦਪੁਰ ਨਿਵਾਸੀ ਜੋ ਰਾਜਾ ਸੰਗਤ ਸਿੰਘ ਦਾ ਚਚੇਰਾ ਭਰਾ ਸੀ , ਨੂੰ ਰਾਜਭਾਗ ਸੌਂਪ ਦਿੱਤਾ ਗਿਆ । ਪਰੰਤੂ ਇਹ ਪਾਬੰਦੀ ਲਗਾ ਦਿੱਤੀ ਗਈ ਕਿ ਉਹ ਆਪਣੇ ਪੜ੍ਹਦਾਦਾ ਰਾਜਾ ਗਜਪਤ ਸਿੰਘ ਦੀ ਸੰਪਤੀ ਤੋਂ ਵਧੇਰੇ ਖੇਤਰ ਨਹੀਂ ਰੱਖ ਸਕਦਾ , ਜਿਸ ਦੇ ਰਾਹੀਂ ਉਸਨੂੰ ਰਾਜੇ ਦੀ ਪਦਵੀ ਪ੍ਰਾਪਤ ਹੋਈ ਸੀ । ਇਸ ਖੇਤਰ ਵਿੱਚ ਸਾਰਾ ਜੀਂਦ ਅਤੇ ਨੌਂ ਹੋਰ ਪ੍ਰਗਨੇ ਸ਼ਾਮਲ ਸਨ , ਜਿਨ੍ਹਾਂ ਵਿੱਚ 322 ਪਿੰਡ ਸਨ । ਅੰਗਰੇਜ਼ੀ ਸਰਕਾਰ ਨੇ 182000/- ਰੁਪੈ ਦਾ ਖੇਤਰ ਜਬਤੀ ਵਜੋਂ ਲੈ ਲਿਆ । ਇਸ ਵਿੱਚ ਰਾਜਾ ਭਾਗ ਸਿੰਘ ਦੀ ਸੰਪਤੀ ਜਿਸ ਵਿੱਚ ਲੁਧਿਆਣਾ ਅਤੇ ਨਾਲ ਲੱਗਦਾ ਖੇਤਰ ਪਾਣੀਪਤ , ਹਾਂਸੀ ਅਤੇ ਹਿਸਾਰ ਸ਼ਾਮਲ ਸਨ । ਸੰਨ 1843 ਈ. ਵਿੱਚ ਕੈਥਲ ਨੂੰ ਵੀ ਅੰਗਰੇਜ਼ਾਂ ਅਧੀਨ ਲੈ ਲਿਆ ਗਿਆ । ਕੁਝ ਇੱਕ ਪ੍ਰਗਨੇ ਜੀਂਦ ਨੂੰ ਦਿੱਤੇ ਗਏ । ਇਸਦੇ ਬਦਲੇ ਸਫੀਦੋਂ ਦੇ ਕੁਝ ਖੇਤਰ ਦੀ ਵੰਡ ਤੇ ਅਦਲਾ-ਬਦਲੀ ਕਰ ਦਿੱਤੀ ਗਈ ।

ਪਹਿਲੇ ਐਗਲੋ-ਸਿੱਖ ਯੁੱਧ ਤੋਂ ਪਹਿਲਾਂ ਜੀਂਦ ਦਾ ਰਾਜਾ ਨਾਭੇ ਦੇ ਰਾਜੇ ਵਿਰੁੱਧ ਪਟਿਆਲਾ ਦੇ ਰਾਜੇ ਦੇ ਨਾਲ ਗਠਜੋੜ ਰੱਖਦਾ ਸੀ । ਇਸ ਸਮੇਂ ਜੀਂਦ ਵੱਲੋਂ ਅੰਗਰੇਜ਼ਾਂ ਦੀ ਸਹਾਇਤਾ ਕੀਤੀ ਗਈ । ਬਾਅਦ ਵਿੱਚ ਜੀਂਦ ਦੀ ਕੁਝ ਫ਼ੌਜ ਮਹਾਰਾਜਾ ਗੁਲਾਬ ਸਿੰਘ ਵਿਰੁੱਧ ਕਸ਼ਮੀਰ ਵਿਖੇ ਭੇਜੀ ਗਈ ਜੋ ਮੁਹਿੰਮ ਵਿੱਚ ਵੀ ਸ਼ਾਮਲ ਸੀ । ਇਸ ਦੇ ਫਲਸਰੂਪ ਅੰਗਰੇਜ਼ੀ ਸਰਕਾਰ ਵੱਲੋਂ ਕੁਝ ਖੇਤਰ ਅਤੇ ਹੋਰ ਸਹੂਲਤਾਂ ਜੀਂਦ ਰਾਜ ਨੂੰ ਮਿਲੀਆਂ । ਸੰਨ 1847 ਈ. ਵਿੱਚ ਜੀਂਦ ਦੇ ਰਾਜਾ ਨੂੰ ਇੱਕ ਸੰਨਦ ਪ੍ਰਾਪਤ ਹੋਈ , ਜਿਸ ਵਿੱਚ ਅੰਗਰੇਜ਼ੀ ਸਰਕਾਰ ਨੇ ਜੀਂਦ ਦੇ ਰਾਜਾ ਜਾਂ ਉਸਦੇ ਉੱਤਰ-ਅਧਿਕਾਰੀ ਤੋਂ ਕਿਸੇ ਪ੍ਰਕਾਰ ਦਾ ਕੋਈ ਕਰ ਨਾ ਲੈਣਾ ਸ੍ਵੀਕਾਰ ਕੀਤਾ । ਜੀਂਦ ਦੇ ਰਾਜੇ ਨੇ ਲੜਾਈ ਸਮੇਂ ਅੰਗਰੇਜ਼ ਸਰਕਾਰ ਨੂੰ ਸਹਾਇਤਾ ਦੇਣਾ ਪ੍ਰਵਾਨ ਕੀਤਾ ਜਿਸ ਵਿੱਚ ਫ਼ੌਜੀ ਸੜਕਾਂ ਦੀ ਮੁਰੰਮਤ ਅਤੇ ਆਪਣੇ ਇਲਾਕੇ ਵਿੱਚ ਸਤੀ ਪ੍ਰਥਾ , ਦਾਸ ਪ੍ਰਥਾ ਅਤੇ ਬਾਲ ਹੱਤਿਆ ਨੂੰ ਰੋਕਣਾ ਸ਼ਾਮਲ ਸੀ । ਰਾਜਾ ਸਰੂਪ ਸਿੰਘ ਸਮੇਂ ਸੰਨ 1857 ਵਿੱਚ ਜੀਂਦ ਰਿਆਸਤ ਨੇ ਅੰਗਰੇਜ਼ੀ ਸਹਾਇਤਾ ਦੀ ਮੰਗ ਪੇਸ਼ ਕੀਤੀ । ਜੀਂਦ ਅਤੇ ਅੰਗਰੇਜ਼ੀ ਸਰਕਾਰ ਵਿੱਚ ਇੱਕੜ-ਦੁੱਕੜ ਪਿੰਡਾਂ ਦੀ ਅਦਲਾ-ਬਦਲੀ ਦਾ ਸਿਲਸਿਲਾ ਕੁਝ ਦੇਰ ਜਾਰੀ ਰਿਹਾ , ਜਿਸ ਦੁਆਰਾ ਜੀਂਦ ਰਾਜ ਦਾ ਇਲਾਕਾ ਸੰਗਠਿਤ ਹੋਇਆ ।

ਰਾਜਾ ਸਰੂਪ ਸਿੰਘ 1864 ਈ. ਵਿੱਚ ਪ੍ਰਲੋਕ ਸਿਧਾਰ ਗਿਆ । ਉਸ ਦੀ ਮੌਤ ਤੋਂ ਕੁਝ ਮਹੀਨੇ ਪਹਿਲਾਂ ਉਸਨੂੰ ਨਾਈਟ ਦੀ ਉਪਾਧੀ ਨਾਲ ( Knight grand commander of the star of India ) ਨਿਵਾਜਿਆ ਗਿਆ । ਉਸ ਉਪਰੰਤ ਉਸਦਾ ਸਪੁੱਤਰ ਰਾਜਾ ਰਘਬੀਰ ਸਿੰਘ ਉਸ ਦਾ ਉੱਤਰ-ਅਧਿਕਾਰੀ ਬਣਿਆ । ਉਹਨਾਂ ਨੂੰ ਸੰਨ 1878 ਈ. ਵਿੱਚ ਦੂਜੇ ਅਫ਼ਗਾਨ ਯੁੱਧ ਸਮੇਂ ਅੰਗਰੇਜ਼ੀ ਸਰਕਾਰ ਨੂੰ ਸਹਾਇਤਾ ਦੇਣ ਉਪਰੰਤ ‘ ਰਾਜਾ-ਏ-ਰਾਜਗਾਨ’ ਦੀ ਪਦਵੀ ਪ੍ਰਾਪਤ ਹੋਈ ।

ਰਾਜਾ ਰਘਬੀਰ ਸਿੰਘ ਆਪਣੀ ਪਰਜਾ ਦੀ ਭਲਾਈ ਕਰਨ ਵਿੱਚ ਅਣਥੱਕ ਰਾਜਾ ਸਿੱਧ ਹੋਇਆ । ਉਸ ਨੇ ਸੰਗਰੂਰ ਦੇ ਨਗਰ ਨੂੰ ਮੁੜ ਬਣਾਇਆ ਜੋ ਜੈਪੁਰ ਦਾ ਪ੍ਰਤੀਕ ਬਣਾਇਆ ਗਿਆ । ਰਾਜਾ ਰਘਬੀਰ ਸਿੰਘ ਨੇ ਜੀਂਦ , ਦਾਦਰੀ ਅਤੇ ਸਫੀਦੋਂ ਆਦਿ ਦੇ ਸਥਾਨਾਂ ਉੱਤੇ ਬਹੁਤ ਸੁਧਾਰ ਕੀਤੇ । ਉਹਨਾਂ ਨੇ ਸਦਾਵਰਤ ਦੀ ਪਰੰਪਰਾ ਨੂੰ ਸਥਾਪਿਤ ਕੀਤਾ , ਜੋ ਉਹਨਾਂ ਦੇ ਸਖੀ ਦਿਲ ਹੋਣ ਦੀ ਗਵਾਹੀ ਭਰਦੀ ਹੈ । ਉਸ ਨੇ ਧਾਰਮਿਕ ਅਦਾਰਿਆਂ ਅਤੇ ਕਈ ਹੋਰਨਾਂ ਥਾਵਾਂ ਨੂੰ ਬਹੁ ਮਾਤਰਾ ਵਿੱਚ ਧਨ ਦਿੱਤਾ । ਉਹ ਹਰ ਰੋਜ਼ ਰਾਜ ਦੇ ਕੰਮਾਂ ਵਿੱਚ ਆਪਣਾ ਬਹੁਤ ਸਾਰਾ ਸਮਾਂ ਖ਼ਰਚ ਕਰਦਾ । ਉਸ ਨੂੰ ਸਥਾਨਿਕ ਕਲਾ ਅਤੇ ਉਤਪਾਦਨ ਦਾ ਨਿਰਮਾਤਾ ਕਿਹਾ ਜਾਂਦਾ ਹੈ । ਉਸ ਨੇ ਬਹੁਤ ਸਾਰੇ ਕਾਰੀਗਰਾਂ ਨੂੰ ਰੁੜ੍ਹਕੀ ਅਤੇ ਦੂਜੇ ਕੇਂਦਰਾਂ ਵਿੱਚ ਭੇਜਿਆ ਤਾਂ ਜੋ ਉਹ ਸੋਨੇ , ਚਾਂਦੀ ਅਤੇ ਲੱਕੜ ਆਦਿ ਵਿੱਚ ਬਣਾਈ ਜਾਂਦੀ ਕਲਾ ਨੂੰ ਸਿੱਖਣ । ਉਸ ਨੇ ਅਸਲੀ ਰੂਪ ਵਿੱਚ ਸੰਗਰੂਰ ਵਿੱਚ ਦਰੀ ਉਦਯੋਗ ਦੀਆਂ ਵਸਤੂਆਂ ਨੂੰ ਇੱਕਤਰ ਕਰਵਾਇਆ । ਇਸ ਪ੍ਰਕਾਰ ਉਸ ਨੇ ਸਥਾਨਿਕ ਕਲਾ ਨੂੰ ਉਤਸ਼ਾਹਿਤ ਕੀਤਾ । ਇਸਦੇ ਫਲਸਰੂਪ ਜੀਂਦ ਪਹਿਲੀ ਫੂਲਕੀਆ ਰਿਆਸਤ ਸੀ , ਜਿਸ ਵਿੱਚ ਸਥਾਨਿਕ ਕਲਾ ਤੇ ਉਤਪਾਦਨ ਵਧਿਆ ਫੁਲਿਆ । ਇਸ ਸੁਘੜ੍ਹ ਪ੍ਰਬੁੱਧ ਰਾਜੇ ਦੀ ਸੰਨ 1887 ਈ. ਵਿੱਚ ਮੌਤ ਹੋ ਗਈ । ਜਿਸ ਕਾਰਨ ਸੰਬੰਧਿਤ ਖੇਤਰਾਂ ਨੂੰ ਬਹੁਤ ਭਾਰੀ ਹਾਨੀ ਪੁੱਜੀ । ਉਹਨਾਂ ਦਾ ਇੱਕੋ-ਇੱਕ ਪੁੱਤਰ ਬਲਬੀਰ ਸਿੰਘ , ਉਹਨਾਂ ਦੇ ਜੀਵਨ ਸਮੇਂ ਪ੍ਰਲੋਕ ਸਿਧਾਰ ਗਿਆ ਸੀ ਅਤੇ ਇਸ ਲਈ ਉਸ ਦਾ ਪੋਤਾ ਰਣਬੀਰ ਸਿੰਘ ਗੱਦੀ ਦਾ ਵਾਰਸ ਬਣਿਆ । ਰਾਜਾ ਰਣਬੀਰ ਸਿੰਘ ਦਾ ਜਨਮ 1879 ਈ. ਵਿੱਚ ਹੋਇਆ ਸੀ ਅਤੇ ਉਸ ਦੇ ਗੱਦੀ ਬੈਠਣ ਸਮੇਂ ਉਸ ਦੀ ਉਮਰ ਅੱਠ ਸਾਲ ਦੀ ਸੀ । ਇਸ ਲਈ ਅੰਗਰੇਜ਼ੀ ਸਰਕਾਰ ਵੱਲੋਂ ਜੀਂਦ ਰਾਜ ਦੇ ਪ੍ਰਬੰਧ ਲਈ ‘ ਕੌਂਸਲ ਆਫ਼ ਰਿਜੈਂਨਸੀ’ ਨਿਯੁਕਤ ਕੀਤੀ ਗਈ । ਨਵੰਬਰ , 1899 ਈ. ਵਿੱਚ ਸੰਗਰੂਰ ਵਿੱਚ ਲੱਗੇ ਦਰਬਾਰ ਵਿੱਚ ਰਾਜਾ ਰਣਬੀਰ ਸਿੰਘ ਨੂੰ ਜੀਂਦ ਰਾਜ ਦੀ ਪੂਰੀ ਤਾਕਤ ਨਾਲ ਨਿਵਾਜ ਦਿੱਤਾ ਗਿਆ ।


ਲੇਖਕ : ਕਵਿਤਾ ਰਾਣੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਪਹਿਲੀ , ਹੁਣ ਤੱਕ ਵੇਖਿਆ ਗਿਆ : 58, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2019-03-27-03-06-23, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.