ਜੈਤੋ ਦਾ ਮੋਰਚਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੈਤੋ ਦਾ ਮੋਰਚਾ : ਫ਼ਰੀਦਕੋਟ ਜ਼ਿਲ੍ਹੇ ਦੇ ‘ ਜੈਤੋ ’ ਨਾਂ ਦੇ ਨਗਰ ਦੀ ਸਿੱਖ ਇਤਿਹਾਸ ਵਿਚ ਬੜੀ ਮਹੱਤਵਪੂਰਣ ਥਾਂ ਹੈ ਕਿਉਂਕਿ ਇਥੇ ਗੁਰੂ ਗੋਬਿੰਦ ਸਿੰਘ ਜੀ ਆਏ ਸਨ । ਆਜ਼ਾਦੀ ਤੋਂ ਪਹਿਲਾਂ ਜੈਤੋ ਨਾਂ ਦਾ ਕਸਬਾ ਰਿਆਸਤ ਨਾਭਾ ਵਿਚ ਸ਼ਾਮਲ ਸੀ । ਇਹ ਬਠਿੰਡਾ ਨਗਰ ਤੋਂ ਲਗਭਗ 27 ਕਿ.ਮੀ. ਦੀ ਵਿਥ ਉਤੇ ਬਠਿੰਡਾ-ਫ਼ਰੀਦਕੋਟ ਸੜਕ ਉਤੇ ਸਥਿਤ ਹੈ । 9 ਜੁਲਾਈ 1923 ਈ. ਨੂੰ ਨਾਭਾ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ , ਗੁਰਦੁਆਰਾ ਸੁਧਾਰ ਲਹਿਰ ਦਾ ਪੱਖੀ ਹੋਣ ਕਰਕੇ ਅਤੇ ਮਹਾਰਾਜਾ ਪਟਿਆਲਾ ਨਾਲ ਚਲੇ ਵਿਵਾਦ ਕਾਰਣ , ਗੱਦੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਗਿਆ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਹਾਰਾਜੇ ਦੇ ਹੱਕ ਵਿਚ ਆਵਾਜ਼ ਉਠਾਈ; ਜਲਸੇ ਹੋਏ ਅਤੇ ਜਲੂਸ ਕਢੇ ਗਏ । ਸਰਕਾਰ ਨੇ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲਗਭਗ 60 ਮੈਂਬਰ 13-14 ਅਕਤੂਬਰ 1923 ਈ. ਦੀ ਰਾਤ ਨੂੰ ਫੜ ਲਏ ।

                      ਉਧਰ ਜੈਤੋ ਦੇ ਸਥਾਨਕ ਸਿੰਘਾਂ ਨੇ 14 ਸਤੰਬਰ 1923 ਈ. ਨੂੰ ਗੁਰਦੁਆਰਾ ਗੰਗਸਰ ਵਿਖੇ ਅਖੰਡ-ਪਾਠ ਰਖ ਦਿੱਤਾ । ਸਰਕਾਰ ਨੇ ਉਥੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਅਤੇ ਪਾਠੀ ਸਿੰਘ ਨੂੰ ਚੁਕਵਾ ਦਿੱਤਾ ਅਤੇ ਗੁਰਦੁਆਰੇ ਵਿਚ ਦਾਖ਼ਲ ਹੋਣ’ ਤੇ ਪਾਬੰਦੀ ਲਗਾ ਦਿੱਤੀ । ਅਖੰਡ-ਪਾਠ ਵਿਚ ਵਿਘਨ ਪੈਣ ਅਤੇ ਗੁਰਦੁਆਰੇ ਵਿਚ ਦਾਖ਼ਲ ਨ ਹੋ ਸਕਣ ਦੇ ਵਿਰੋਧ ਵਿਚ ਸਿੱਖਾਂ ਨੇ ਮੋਰਚਾ ਲਗਾ ਦਿੱਤਾ । ਇਸ ਮੋਰਚੇ ਦਾ ਉਦੇਸ਼ ਸੀ ਕਿ ਅਖੰਡ-ਪਾਠ ਫਿਰ ਸ਼ੁਰੂ ਕੀਤਾ ਜਾਏ । 25 ਸਤੰਬਰ 1923 ਈ. ਤੋਂ ਅਖੰਡ-ਪਾਠ ਆਰੰਭ ਕਰਨ ਲਈ ਹਰ ਰੋਜ਼ ਅਕਾਲ-ਤਖ਼ਤ ਤੋਂ 25 , 25 ਸਿੰਘਾਂ ਦੇ ਜੱਥੇ ਜਾਣੇ ਸ਼ੁਰੂ ਹੋਏ । ਇਨ੍ਹਾਂ ਸਿੰਘਾਂ ਨੂੰ ਪਕੜ ਕੇ ਰਾਜਸਥਾਨ ਵਿਚ ਜਾਂ ਦੂਰ ਦੁਰਾਡੇ ਜੰਗਲਾਂ ਵਿਚ ਛੱਡ ਦਿੱਤਾ ਜਾਂਦਾ । ਇਸ ਮੋਰਚੇ ਦਾ ਤਸਲੀਬਖ਼ਸ਼ ਸਿੱਟਾ ਨ ਨਿਕਲਦਾ ਵੇਖ ਕੇ ਪ੍ਰਬੰਧਕਾਂ ਨੇ 9 ਫਰਵਰੀ 1924 ਈ. ਨੂੰ ਬਸੰਤ-ਪੰਚਮੀ ਵਾਲੇ ਦਿਨ 25 ਦੀ ਥਾਂ 500 ਸਿੰਘਾਂ ਦਾ ਜੱਥਾ ਜੱਥੇਦਾਰ ਊਧਮ ਸਿੰਘ ਗੋਲ੍ਹਵੜ ਦੀ ਜੱਥੇਦਾਰੀ ਅਧੀਨ ਅਕਾਲ-ਤਖ਼ਤ ਤੋਂ ਤੋਰਿਆ ਜੋ 21 ਫਰਵਰੀ 1924 ਈ. ਨੂੰ ਜੈਤੋ ( ਗੁਰਦੁਆਰਾ ਟਿੱਬੀ ਸਾਹਿਬ ) ਪਹੁੰਚਿਆ । ਸਰਕਾਰ ਵਲੋਂ ਜੱਥੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ , ਪਰ ਜਦੋਂ ਜੱਥਾ ਨ ਰੁਕਿਆ ਤਾਂ ਗੋਲੀ ਚਲਾ ਦਿੱਤੀ ਗਈ । ਫਲਸਰੂਪ , ਸ਼੍ਰੋਮਣੀ ਕਮੇਟੀ ਦੇ ਕਥਨ ਅਨੁਸਾਰ ਇਕ ਸੌ ਸਿੰਘ ਅਤੇ ਹੋਰਨਾਂ ਅਨੁਸਾਰ ਪੰਜਾਹ ਸਿੰਘ ਸ਼ਹੀਦ ਹੋਏ । ਉਨ੍ਹਾਂ ਸਿੰਘਾਂ ਦਾ ਇਕਠਿਆਂ ਸਸਕਾਰ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀਆਂ ਅਸਥੀਆਂ ਨੂੰ ਇਕ ਘੜੇ ਵਿਚ ਪਾ ਕੇ ‘ ਗੁਰਦੁਆਰਾ ਅੰਗੀਠਾ ਸਾਹਿਬ’ ਵਾਲੀ ਥਾਂ ਹੇਠ ਰਖ ਦਿੱਤਾ ਗਿਆ । ਜ਼ਖ਼ਮੀਆਂ ਦੀ ਵੀ ਕਾਫ਼ੀ ਗਿਣਤੀ ਸੀ । ਬਾਕੀ ਦੇ ਸਿੰਘ ਫੜ ਲਏ ਗਏ । ਇਸ ਗੋਲੀ-ਕਾਂਡ ਪ੍ਰਤਿ ਸਾਰੇ ਦੇਸ਼ ਵਿਚ ਰੋਸ ਮੰਨਾਇਆ ਗਿਆ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਸਲਾਹਿਆ ਗਿਆ । ਇਸ ਤੋਂ ਬਾਦ ਵੀ ਜੱਥੇ ਜਾਂਦੇ ਰਹੇ । ਉਨ੍ਹਾਂ ਨੂੰ ਕੇਵਲ ਗ੍ਰਿਫ਼ਤਾਰ ਕੀਤਾ ਜਾਂਦਾ । ਇਨ੍ਹਾਂ ਜੱਥਿਆਂ ਵਿਚ ਕੈਨੇਡਾ , ਹਾਂਗ ਕਾਂਗ , ਸ਼ਿੰਘਾਈ ਆਦਿ ਦੇਸ਼ਾਂ ਤੋਂ ਵੀ ਆ ਕੇ ਸਿੰਘ ਸ਼ਾਮਲ ਹੁੰਦੇ ਰਹੇ । ਸਰਕਾਰ ਨੇ ਸਮਝੌਤੇ ਦਾ ਯਤਨ ਕੀਤਾ , ਪਰ ਅਕਾਲੀ ਦਲ ਨੇ ਸਹਿਯੋਗ ਨ ਦਿੱਤਾ । ਆਖ਼ਿਰ 7 ਜੁਲਾਈ 1925 ਈ. ਨੂੰ ਗੁਰਦੁਆਰਾ ਐਕਟ ਪਾਸ ਹੋਇਆ ਅਤੇ 1 ਨਵੰਬਰ 1925 ਈ. ਨੂੰ ਲਾਗੂ ਕੀਤਾ ਗਿਆ । 9 ਜੁਲਾਈ 1925 ਈ. ਨੂੰ ਜੈਤੋ ਵਿਖੇ ਅਖੰਡ-ਪਾਠ ਦੀ ਖੁਲ੍ਹ ਦੇ ਦਿੱਤੀ ਗਈ । 21 ਜੁਲਾਈ 1925 ਈ. ਨੂੰ ਇਕ ਸੌ ਇਕ ਅਖੰਡ-ਪਾਠਾਂ ਦੀ ਲੜੀ ਸ਼ੁਰੂ ਕੀਤੀ ਗਈ ਜਿਸ ਦਾ ਭੋਗ 6 ਅਗਸਤ 1925 ਈ. ਨੂੰ ਪਿਆ । ਭੋਗ ਉਪਰੰਤ ਸਾਰੇ ਜੱਥੇ ਜੈਤੋ ਤੋਂ ਚਲ ਕੇ 9 ਅਗਸਤ 1925 ਈ. ਨੂੰ ਤਰਨਤਾਰਨ ਇਕੱਠੇ ਹੋਏ ਅਤੇ ਉਥੋਂ ਮੋਰਚੇ ਦੀ ਕਾਮਯਾਬੀ ਵਜੋਂ ਜਲੂਸ ਦੀ ਸ਼ਕਲ ਵਿਚ ਦਰਬਾਰ ਸਾਹਿਬ , ਅੰਮ੍ਰਿਤਸਰ ਪਹੁੰਚੇ ਜਿਥੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਦੌਰਾਨ ਗ੍ਰਿਫ਼ਤਾਰ ਕੀਤੇ ਸਿੰਘਾਂ ਨੂੰ ਰਿਹਾ ਕਰ ਦਿੱਤਾ ਗਿਆ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1472, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.