ਜੈਦੇਵ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਜੈਦੇਵ : ਸੰਸਕ੍ਰਿਤ ਸਾਹਿਤ ਵਿੱਚ ਜੈਦੇਵ ਦਾ ਸਥਾਨ ਮਹੱਤਵਪੂਰਨ ਹੈ । ਇਹ ਬੰਗਾਲ ਦੇ ਰਾਜਾ ਲਛਮਣਸੈਨ ਤੇ ਆਸ਼ਰਿਤ ਕਵੀ ਸੀ । ਉਸ ਦੇ ਪਿਤਾ ਦਾ ਨਾਂ ਭੋਜਦੇਵ ਅਤੇ ਮਾਤਾ ਦਾ ਨਾਂ ਰਾਧਾਦੇਵੀ ਸੀ ।

        ਜੈਦੇਵ ਨੇ ਗੀਤਗੋਵਿੰਦ ਦੀ ਰਚਨਾ ਕਰ ਕੇ ਗੀਤ ਕਾਵਿ ਪਰੰਪਰਾ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ । ਇਸ ਕਾਵਿ ਵਿੱਚ ਰਾਧਾ ਤੇ ਕ੍ਰਿਸ਼ਨ ਦੀ ਕਥਾ ਦਾ ਵਰਣਨ ਹੈ । ਇਸ ਵਿੱਚ ਸ਼ਿੰਗਾਰ ਰਸ ਦੇ ਵਿਯੋਗ ਅਤੇ ਸੰਯੋਗ ਦੋਨਾਂ ਪੱਖਾਂ ਦਾ ਚਰਮ ਉਤਕਰਸ਼ ਦੇਖਣ ਨੂੰ ਮਿਲਦਾ ਹੈ । ਇਸ ਕਾਵਿ ਵਿੱਚ ਬਾਰਾਂ ਸਰਗ ਹਨ । ਕ੍ਰਿਸ਼ਨ ਨਾਇਕ ਹੈ ਅਤੇ ਰਾਧਾ ਨਾਇਕਾ । ਸੰਖੇਪ ਵਿੱਚ ਗੀਤਗੋਵਿੰਦ ਦੀ ਕਥਾ ਇਸ ਪ੍ਰਕਾਰ ਹੈ-ਕ੍ਰਿਸ਼ਨ ਗੋਪੀਆਂ ਦੇ ਨਾਲ ਰਾਸ-ਲੀਲ੍ਹਾ ਕਰਦੇ ਹਨ । ਇਹ ਦੇਖ ਕੇ ਰਾਧਾ ਆਪਣੀ ਸਹੇਲੀ ਨੂੰ ਕਈ ਉਲਾਂਭੇ ਭਰੇ ਵਚਨ ਕਹਿੰਦੀ ਹੈ । ਇਸ ਦੇ ਨਾਲ ਹੀ ਉਹ ਆਪਣਾ ਕ੍ਰਿਸ਼ਨ ਦੇ ਪ੍ਰਤਿ ਅਨੁਰਾਗ ਵੀ ਪ੍ਰਗਟ ਕਰ ਦਿੰਦੀ ਹੈ । ਕ੍ਰਿਸ਼ਨ ਵੀ ਰਾਧਾ ਵੱਲ ਜ਼ਿਆਦਾ ਆਕਰਸ਼ਿਤ ਹੋ ਜਾਂਦੇ ਹਨ । ਰਾਧਾ ਦੀ ਸਹੇਲੀ ਉਸ ਦੇ ਅਨੁਰਾਗ ਅਤੇ ਵਿਯੋਗ ਦਾ ਵਰਣਨ ਕਰਦੀ ਹੈ । ਉਹ ਕ੍ਰਿਸ਼ਨ ਅਤੇ ਰਾਧਾ ਨੂੰ ਮਿਲਣ ਲਈ ਪ੍ਰੇਰਿਤ ਕਰਦੀ ਹੈ । ਕ੍ਰਿਸ਼ਨ ਰਾਧਾ ਦੇ ਪ੍ਰੇਮ ਪ੍ਰਤਿ ਬਿਹਬਲ ਹੋ ਕੇ ਉਸ ਨੂੰ ਮਿਲਣ ਲਈ ਨਹੀਂ ਆਉਂਦੇ । ਰਾਧਾ ਆਪਣੀ ਬਿਰਹਾ-ਵੇਦਨਾ ਨੂੰ ਪ੍ਰਗਟ ਕਰਦੀ ਹੈ । ਉਸੀ ਵਕਤ ਕ੍ਰਿਸ਼ਨ ਆ ਜਾਂਦੇ ਹਨ । ਰਾਧਾ ਕ੍ਰਿਸ਼ਨ ਨੂੰ ਕਈ ਤਰ੍ਹਾਂ ਦੇ ਉਲਾਂਭੇ ਦਿੰਦੀ ਹੈ । ਰਾਧਾ ਦੀ ਸਹੇਲੀ ਉਸ ਨੂੰ ਸਮਝਾਉਂਦੀ ਹੈ । ਫੇਰ ਕ੍ਰਿਸ਼ਨ ਰਾਧਾ ਨੂੰ ਮਨਾਉਂਦੇ ਹਨ । ਅੰਤ ਵਿੱਚ ਰਾਧਾ ਗੁੱਸਾ ਛੱਡ ਕੇ ਕ੍ਰਿਸ਼ਨ ਨੂੰ ਮਿਲਣ ਲਈ ਚਲੀ ਜਾਂਦੀ ਹੈ ।

        ਇਸ ਗੀਤ-ਕਾਵਿ ਦੀ ਕਥਾ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਜੈਦੇਵ ਨੇ ਇਸ ਵਿੱਚ ਸ਼ਿੰਗਾਰ ਰਸ ਦਾ ਵਰਣਨ ਕੀਤਾ ਹੈ । ਇਸ ਵਿੱਚ ਆਸ਼ਾ-ਨਿਰਾਸ਼ਾ , ਈਰਖਾ , ਮਾਣ , ਕ੍ਰੋਧ , ਵਿਯੋਗ ਮਿਲਣ ਆਦਿ ਕਈ ਸ਼ਿੰਗਾਰਕ ਅਵਸਥਾਵਾਂ ਦਾ ਵਰਣਨ ਕੀਤਾ ਗਿਆ ਹੈ । ਸ਼ਿੰਗਾਰ ਦੇ ਕਈ ਪੱਖਾਂ ਦਾ ਵਰਣਨ ਕਰ ਕੇ ਵੀ ਰਾਧਾ ਕ੍ਰਿਸ਼ਨ ਦੀ ਭਗਤੀ ਦੇ ਰੂਪ ਵਿੱਚ ਜੈਦੇਵ ਨੇ ਸ਼ਿੰਗਾਰਕ ਕਾਵਿ , ਲੀਲ੍ਹਾਗਾਨ ਅਤੇ ਸਤੋਤਰ ਦਾ ਇੱਕ ਅਨੋਖਾ ਸੁਮੇਲ ਪੇਸ਼ ਕੀਤਾ ਹੈ ।

        ਅਨੋਖੀ ਗਾਇਨ ਯੋਗਤਾ ਅਤੇ ਕੋਮਲ ਭਾਸ਼ਾ ਸੰਯੋਜਨ ਦੇ ਕਾਰਨ ਗੀਤਗੋਵਿੰਦ ਵਰਗਾ ਸਰਲ , ਸੋਹਣਾ ਅਤੇ ਮਧੁਰਕਾਵਿ ਵਿਸ਼ਵ ਸਾਹਿਤ ਵਿੱਚ ਲੱਭਣ ਤੇ ਵੀ ਨਹੀਂ ਮਿਲਦਾ । ਇਸ ਦੀ ਭਾਸ਼ਾ ਭਾਵਾਂ ਦੇ ਅਨੁਸਾਰ ਹੈ । ਸ਼ਬਦਾਂ ਅਤੇ ਅਰਥਾਂ ਦਾ ਵਿਚਿੱਤਰ ਸੁਮੇਲ ਹੈ । ਇਸ ਦੀ ਸ਼ੈਲੀ ਸਰਲ ਹੈ । ਅਲੰਕਾਰਾਂ ਅਤੇ ਛੰਦਾਂ ਦੇ ਪ੍ਰਯੋਗ ਨੇ ਇਸ ਕਾਵਿ ਵਿੱਚ ਇੱਕ ਅਨੋਖੀ ਗਤੀ ਪ੍ਰਦਾਨ ਕਰ ਦਿੱਤੀ ਹੈ । ਇਹਨਾਂ ਸੰਗੀਤ ਅਤੇ ਸ੍ਵਰਾਂ ਨਾਲ ਪਾਠਕ ਜਾਂ ਸ੍ਰੋਤਾ ਮੋਹਿਤ ਹੋ ਜਾਂਦਾ ਹੈ । ਇਹਨਾਂ ਗੀਤਾਂ ਦੇ ਪਾਠ ਕਰਨ ਨਾਲ ਹੀ ਰਸਿਕਾਂ ਦੇ ਦਿਲ ਵਿੱਚ ਰਸ ਪੈਦਾ ਹੋ ਜਾਂਦਾ ਹੈ । ਪ੍ਰੇਮ ਦੇ ਕੋਮਲ ਭਾਵਾਂ ਦੀ ਵਿਅੰਜਨਾ ਅਤੇ ਸਾਹਿਤਿਕ ਗੁਣਾਂ ਕਰ ਕੇ ਇਹ ਕਾਵਿ ਆਪਣਾ ਉਪਮਾਨ ਆਪ ਹੈ ।

        ਜੈਦੇਵ ਨੇ ਗੀਤਗੋਵਿੰਦ ਵਿੱਚ ਜਿਸ ਪ੍ਰੇਮ ਦਾ ਵਰਣਨ ਕੀਤਾ ਹੈ , ਭਾਰਤ ਦੇ ਵਿਆਖਿਆਕਾਰਾਂ ਨੇ ਰਾਧਾ ਕ੍ਰਿਸ਼ਨ ਦੇ ਪਿਛੋਕੜ ਵਿੱਚ ਉਸ ਪ੍ਰੇਮ ਦੀਆਂ ਪ੍ਰਤੀਕਾਤਮਿਕ ਦਾਰਸ਼ਨਿਕ ਵਿਆਖਿਆਵਾਂ ਪੇਸ਼ ਕੀਤੀਆਂ ਹਨ । ਨਾਇਕਾ ਰਾਧਾ ਜੀਵਾਤਮਾ ਹੈ ਅਤੇ ਨਾਇਕ ਕ੍ਰਿਸ਼ਨ ਪਾਰਬ੍ਰਹਮ । ਕ੍ਰਿਸ਼ਨ ਦਾ ਗੋਪੀਆਂ ਨਾਲ ਰਾਸ ਕਰਨਾ ਪਰਮਾਤਮਾ ਦਾ ਅਣਗਿਣਤ ਜੀਵਾਤਮਾ ਨਾਲ ਰਮਣ ਕਰਨਾ ਹੈ । ਪ੍ਰੇਮ ਨਾਲ ਵਿਆਕੁਲ ਅਤੇ ਮਿਲਣ ਦੀ ਇੱਛਾ ਨਾਲ ਹੀ ਉਸ ਦਾ ਕ੍ਰਿਸ਼ਨ ਨਾਲ ਮੇਲ ਹੋ ਸਕਿਆ , ਇਹ ਜੀਵ ਅਤੇ ਪਾਰਬ੍ਰਹਮ ਦਾ ਮਿਲਣ ਹੈ । ਇਹੀ ਜੀਵਨ ਅਤੇ ਆਤਮਾ ਦੀ ਅਭੇਦਤਾ ਹੈ ।

        ਪਰਵਰਤੀ ਕਾਲ ਵਿੱਚ ਗੀਤਗੋਵਿੰਦ ਬਹੁਤ ਪ੍ਰਸਿੱਧ ਹੋਇਆ । ਇਸ ਦੀਆਂ ਬਹੁਤ ਵਿਆਖਿਆਵਾਂ ਅਤੇ ਟੀਕਿਆਂ ਤੋਂ ਇਸ ਦੀ ਪ੍ਰਸਿੱਧੀ ਦਾ ਪ੍ਰਮਾਣ ਮਿਲਦਾ ਹੈ । ਚੈਤਨਯ ਸੰਪਰਦਾਇ ਨੇ ਤਾਂ ਗੀਤਗੋਬਿੰਦ ਨੂੰ ਸੰਪਰਦਾਇਕ ਮਹੱਤਵ ਪ੍ਰਦਾਨ ਕੀਤਾ ਅਤੇ ਇਸ ਨੂੰ ਕਾਵਿ ਦੀ ਜ਼ਮੀਨ ਤੋਂ ਚੁੱਕ ਕੇ ਪਰਮ ਪਵਿੱਤਰ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਪ੍ਰਤਿਸ਼ਠਿਤ ਕਰ ਦਿੱਤਾ । ਵੈਸ਼ਨਵ ਪਰੰਪਰਾ ਵਿੱਚ ਇਹ ਪੱਕੀ ਮਾਨਤਾ ਹੈ ਕਿ ਅਯੋਗ ਥਾਂ ਤੇ ਗੀਤਗੋਵਿੰਦ ਦਾ ਗਾਣ ਨਹੀਂ ਕਰਨਾ ਚਾਹੀਦਾ ਕਿਉਂਕਿ ਜਿੱਥੇ ਵੀ ਗੀਤ ਗੋਵਿੰਦ ਗਾਇਆ ਜਾਂਦਾ ਹੈ , ਉੱਥੇ ਪ੍ਰਤੱਖ ਰੂਪ ਵਿੱਚ ਕ੍ਰਿਸ਼ਨ ਭਗਵਾਨ ਜ਼ਰੂਰ ਪ੍ਰਗਟ ਹੁੰਦੇ ਹਨ ।

        ਇਸ ਤਰ੍ਹਾਂ ਗੀਤਗੋਵਿੰਦ ਸੰਗੀਤ , ਨਾਚ , ਭਗਤੀ , ਸ਼ਿੰਗਾਰ ਅਤੇ ਅਧਿਆਤਮ ਦਾ ਅਨੋਖਾ ਸੁਮੇਲ ਹੈ । ਗੀਤਗੋਵਿੰਦ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦਾ ਸੰਸਕ੍ਰਿਤਿਕ ਯੋਗਦਾਨ ਹੈ । ਇਸ ਛੋਟੇ ਜਿਹੇ ਗ੍ਰੰਥ ਨੇ ਆਪਣੀ ਅਲੌਕਿਕ ਸ਼ਕਤੀ ਨਾਲ ਉੱਤਰ ਤੋਂ ਦੱਖਣ ਅਤੇ ਪੂਰਬ ਤੋਂ ਪੱਛਮ ਤੱਕ ਸਾਰੇ ਭਾਰਤ ਨੂੰ ਇੱਕ ਭਾਵ-ਧਾਰਾ ਨਾਲ ਜੋੜ ਦਿੱਤਾ ਹੈ ।


ਲੇਖਕ : ਰੰਜਨਾ ਮਹਿਤਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਜੈਦੇਵ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈਦੇਵ : ਇਹ ‘ ਗੀਤ ਗੋਬਿੰਦ’ ਕਾਵਿ ਗ੍ਰੰਥ ਦਾ ਰਚਣਹਾਰ ਸੰਸਕ੍ਰਿਤ ਦਾ ਪ੍ਰਸਿੱਧ ਕਵੀ ਸੀ ਜਿਸ ਨੂੰ ਬੰਗਾਲ ਦਾ ਰਾਜਾ ਲਕਸ਼ਮਣ ( 1119-1170 ਈ. ) ਦੀ ਸਭਾ ਦੇ ਪੰਜ ਰਤਨਾਂ ਵਿਚੋਂ ਮੰਨਿਆ ਜਾਂਦਾ ਹੈ । ਇਸ ਦਾ ਜਨਮ ਪਿੰਡ ਵਿੰਦੂਬਲਿਵ ਜ਼ਿਲ੍ਹਾ ਬੀਰਭੂਮੀ ਵਿਖੇ ਹੋਇਆ । ‘ ਭਗਤਮਾਲਾ’ ਵਿਚ ਇਸ ਦੀ ਚਰਚਾ ਵਿਸ਼ੇਸ਼ ਕ੍ਰਿਸ਼ਨ ਭਗਤਾਂ ਵਿਚ ਕੀਤੀ ਗਈ ਹੈ । ਭਾਵੇਂ ਉਸ ਅਨੁਸਾਰ ਇਸ ਦੀ ਜਨਮ ਭੂਮੀ ਪੁਰੀ ਦੇ ਨੇੜੇ ਵਿੰਦੂਬਲਿਵ ਪਿੰਡ ਸੀ । ਕਿਹਾ ਜਾਂਦਾ ਹੈ ਕਿ ਮਥੁਰਾ ਬਿੰਦਰਾਬਨ ਦੀ ਯਾਤਰਾ ਕਰਦਿਆਂ ਹੋਇਆਂ ਇਕ ਵਾਰ ਇਹ ਜਗਨਨਾਥਪੁਰੀ ਪਹੁੰਚੇ । ਉਥੇ ਇਕ ਬ੍ਰਾਹਮਣ ਨੂੰ ਸੁਪਨਾ ਆਇਆ ਕਿ ਉਹ ਆਪਣੀ ਲੜਕੀ ਪਦਮਾਵਤੀ ਦਾ ਵਿਆਹ ਜੈਦੇਵ ਨਾਲ ਕਰ ਦੇਵੇ । ਉਸ ਨਾਲ ਵਿਆਹ ਕਰਵਾ ਕੇ ਇਸ ਕਵੀ ਦੀ ਅਲੌਕਿਕ ਪ੍ਰਤਿਭਾ ਨਿੱਖਰ ਪਈ । ਇਸ ਨੇ ਗੀਤ ਗੋਬਿੰਦ ਵਿਚ ਪਦਮਾਵਤੀ ਦਾ ਧੰਨਵਾਦ ਵੀ ਕੀਤਾ ਹੈ ।

                  ਗੀਤ ਗੋਬਿੰਦ ਭਾਰਤੀ ਸਾਹਿਤ ਵਿਚ ਸ਼ਕੁੰਤਲਾ ਦੇ ਮੇਘਦੂਤ ਵਾਂਗ ਮਹੱਤਵਪੂਰਨ ਪ੍ਰਤਿਨਿਧ ਕਾਵਿ ਹੈ । ਇਸ ਦੀ ਲੋਕਪ੍ਰਿਯਤਾ ਦੇਸ਼ ਤੇ ਬਿਦੇਸ਼ ਦੋਹਾਂ ਵਿਚ ਹੈ । ਗੇਟੇ ਜਿਹੇ ਮਹਾਨ ਕਵੀ ਇਸ ਤੇ ਮੁਗਧ ਹੋ ਗਏ ਸਨ । ਇਸ ਦੇ ਕਈ ਟੀਕੇ ਲਿਖੇ ਗਏ ਹਨ ਤੇ ਇਸ ਦੀ ਨਕਲ ਤੇ ਕਾਵਿ ਰਚਨਾ ਕੀਤੀ ਗਈ ।

                  ਗੀਤ ਗੋਬਿੰਦ ਸ਼੍ਰੀਮਦ ਭਾਗਵਤ ਤੇ ਬ੍ਰਹਮਵੈਵਰਤ ਪੁਰਾਣਾ ਤੋਂ ਪ੍ਰਭਾਵਿਤ ਹੈ । ਸ੍ਰੀਮਦਭਾਗਵਤ ਵਾਂਗ ਇਸ ਦੇ ਵੀ 12 ਸਰਗ ਹਨ । ਹਰ ਸਰਗ ਨੂੰ ਕਵੀ ਨੇ 24 ਅਸ਼ਟਪਦੀਆਂ ਵਿਚ ਅਲੰਕ੍ਰਿਤ ਕੀਤਾ ਹੈ । ਕੋਮਲ ਅਤੇ ਮਧੁਰ ਅਨੁਪ੍ਰਾਸਮਈ ਸ਼ਬਦਾਵਲੀ ਤੇ ਛੰਦਾਬੰਦੀ ਦਾ ਪ੍ਰਯੋਗ ਸੰਗੀਤ , ਨਾਚ , ਅਭਿਨਯ ਨਾਲ ਮਿਲ ਕੇ ਇਸ ਵਿਚ ਕਮਾਨ ਦੇ ਸੁਮੇਲ ਦਾ ਅਵਿਸ਼ਕਾਰ ਕਰਦੇ ਹਨ ਜੋ ਸੰਸਕ੍ਰਿਤ ਸਾਹਿਤ ਲਈ ਬਿਲਕੁਲ ਨਵਾਂ ਸੀ । ਜੈਦੇਵ ਸੰਸਕ੍ਰਿਤ ਦਾ ਅੰਤ੍ਰਿਮ ਮਹਾਂਕਵੀ ਸੀ । ਇਸ ਨੇ ਪ੍ਰਾਚੀਨ ਰਾਜਾ ਕ੍ਰਿਸ਼ਨ ਦੀਆਂ ਲੀਲ੍ਹਾਵਾਂ ਦੀ ਪਰੰਪਰਾ ਨੂੰ ਲੋਕ ਭਾਸ਼ਾਵਾਂ ਦੀਆਂ ਜੀਵਿਤ ਸ਼ਕਤੀਆਂ ਦੇ ਸਹਾਰੇ ਸੰਸਕ੍ਰਿਤ ਵਿਚ ਸਥਾਪਿਤ ਕਰਕੇ ਯੁਗਾਂ ਤਕ ਸੰਸਕ੍ਰਿਤ ਕਾਵਿ ਨੂੰ ਲੋਕਪ੍ਰਿਯ ਬਣਾਈ ਰੱਖਿਆ । ਪ੍ਰਾਚੀਨ ਮਿਥਿਲਾ ਤੇ ਆਧੁਨਿਕ ਨੇਪਾਲ ਵਿਚ ਜੈਦੇਵ ਦੀ ਸੰਗੀਤ ਪਰੰਪਰਾ ਸੁਰੱਖਿਅਤ ਰਹੀ ਹੈ ।

                    ਗੀਤ ਗੋਬਿੰਦ ਦੇ ਆਰੰਭ ਵਿਚ ਕਵੀ ਨੇ ਆਪਣਾ ਪਰਿਚੈ ਦਿੱਤਾ ਹੈ । ਇਸ ਮਗਰੋਂ ਦਸ ਅਵਤਾਰ ਦਾ ਜਸ ਵਰਣਨ ਹੈ ਤੇ ਇਸ ਮਗਰੋਂ ਕ੍ਰਿਸ਼ਨ ਅਵਤਾਰ ਦੀਆਂ ਪ੍ਰਾਚੀਨ ਲੀਲਾਵਾਂ ਦਾ ਵਰਣਨ ਕੀਤਾ ਹੈ । ਕਥਾਨਕ ਦਾ ਆਰੰਭ ਬਸੰਤ ਵਿਚ ਕ੍ਰਿਸ਼ਨ ਦੀ ਰਾਸ ਲੀਲਾ ਤੋਂ ਹੁੰਦਾ ਹੈ । ਪ੍ਰੇਮ ਵਿਚ ਬਿਹਬਲ ਗੋਪੀਆਂ ਕ੍ਰਿਸ਼ਨ ਜੀ ਨੂੰ ਘੇਰ ਲੈਂਦੀਆਂ ਹਨ ਅਤੇ ਉਨ੍ਹਾਂ ਨਾਲ ਮਿਲਣ ਦੀ ਤੀਬਰ ਅਭਿਲਾਸ਼ਾ ਪ੍ਰਗਟ ਕਰਦੀਆਂ ਹਨ । ਦੂਜੇ ਪਾਸੇ ਕ੍ਰਿਸ਼ਨ ਜੀ ਵੀ ਪ੍ਰੇਮ ਵਿਚ ਬੇਤਾਬ ਦਿਖਾਏ ਗਏ ਹਨ ਉਹ ਕਾਮਦੇਵ ਤੇ ਰਾਧਾ ਨੂੰ ਯਾਦ ਕਰਦੇ ਹਨ । ਇਸੇ ਦੌਰਾਨ ਰਾਧਾ ਦੀ ਸਹੇਲੀ ਕ੍ਰਿਸ਼ਨ ਜੀ ਨੂੰ ਉਸ ਦੀ ਹਾਲਤ ਦੱਸਣ ਲਈ ਆਉਂਦੀ ਹੈ ਪਰ ਉਹ ਗੋਪੀਆਂ ਨਾਲ ਚਲੇ ਗਏ ਹਨ ਅਤੇ ਰਾਧਾ ਨਿਰਾਸ਼ ਪਈ ਰਹਿੰਦੀ ਹੈ । ਰਾਤ ਨੂੰ ਚੰਦਰਮਾ ਦੀਆਂ ਕਿਰਣਾਂ ਰਾਧਾ ਨੂੰ ਹੋਰ ਸਤਾਉਂਦੀਆਂ ਹਨ ।

                  ਅਖ਼ੀਰ ਜਦੋਂ ਕ੍ਰਿਸ਼ਨ ਜੀ ਆਪ ਰਾਧਾ ਪਾਸ ਪੁੱਜ ਜਾਂਦੇ ਹਨ ਤਾਂ ਉਸ ਅੰਦਰ ਮਾਣ ਦੀ ਭਾਵਨਾ ਜਾਗਦੀ ਹੈ । ਜਦੋਂ ਰਾਧਾ ਦਾ ਮਾਣ ਟੁੱਟਦਾ ਹੈ ਤਾਂ ਰਾਧਾ ਤੇ ਕ੍ਰਿਸ਼ਨ ਦਾ ਮਿਲਾਪ ਹੁੰਦਾ ਹੈ ।

                  ਜੈਦੇਵ ਦੀਆਂ ਹੋਰ ਰਚਨਾਵਾਂ ਬਾਰੇ ਸ਼ੱਕ ਹੈ ਕਿ ਇਹ ਕਿਸ ਜੈਦੇਵ ਦੀਆਂ ਹਨ । ਜੈਦੇਵ ਦੇ ਸਬੰਧ ਵਿਚ ਮੌਲਿਕ ਗ੍ਰੰਥ ਨਹੀਂ ਲਿਖਿਆ ਗਿਆ ਪਰੰਤੂ ਸੰਸਕ੍ਰਿਤ ਸਾਹਿਤ ਦੇ ਸਾਰੇ ਇਤਿਹਾਸਾਂ ਵਿਚ ਇਸ ਦੀ ਚਰਚਾ ਕੀਤੀ ਗਈ ਮਿਲਦੀ ਹੈ ।

                  ਹ. ਪੁ.– – ਹਿੰ. ਵਿ. ਕੋ. 4 : 390; ਮ. ਕੋ.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 366, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.