ਜੋਤਿ-ਸਰੂਪ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਜੋਤਿ-ਸਰੂਪ: ਗੁਰੂ ਨਾਨਕ ਦੇਵ ਜੀ ਨੇ ‘ਆਰਤੀ ’ ਨਾਂ ਦੀ ਨਿੱਕੀ ਜਿਹੀ ਰਚਨਾ ਵਿਚ ਕਿਹਾ ਹੈ ਕਿ ਜੋਤਿ-ਸਰੂਪ ਪਰਮਾਤਮਾ ਦੀ ਜੋਤਿ ਸਭ ਵਿਚ ਵਿਆਪਤ ਹੈ ਅਤੇ ਇਹ ਵੀ ਮੰਨਿਆ ਹੈ ਕਿ ਉਸ ਦੇ ਪ੍ਰਕਾਸ਼ ਨਾਲ ਹੀ ਸਾਰਾ ਜੜ- ਚੇਤਨ ਪ੍ਰਕਾਸ਼ਿਤ ਹੈ। ਇਹ ਜੋਤਿ ਗੁਰੂ ਦੇ ਉਪਦੇਸ਼ ਦੁਆਰਾ ਮਨ-ਅੰਤਰ ਵਿਚ ਪ੍ਰਗਟ ਹੁੰਦੀ ਹੈ—ਸਭ ਮਹਿ ਜੋਤਿ ਜੋਤਿ ਹੈ ਸੋਇ। ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ। ਗੁਰ ਸਾਖੀ ਜੋਤਿ ਪਰਗਟੁ ਹੋਇ। (ਗੁ.ਗ੍ਰੰ.663)। ਪਰਮਾਤਮਾ ਨੇ ਸਾਰਾ ਜਗਤ ਸਹਿਜ-ਸੁਭਾ ਪੈਦਾ ਕਰਕੇ ਤਿੰਨਾਂ ਲੋਕਾਂ ਵਿਚ ਆਪਣੀ ਜੋਤਿ ਨੂੰ ਸਥਾਪਿਤ ਕੀਤਾ ਹੈ—ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ। (ਗੁ.ਗ੍ਰੰ. 930)। ਇਕ ਹੋਰ ਥਾਂ’ਤੇ ਵੀ ਕਿਹਾ ਗਿਆ ਹੈ—ਜੋਤਿ ਸਬਾਇੜੀਏ ਤ੍ਰਿਭਵਣ ਸਾਰੇ ਰਾਮ। ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ। (ਗੁ.ਗ੍ਰੰ.843)।
ਪਰਮਾਤਮਾ ਨੂੰ ਜੋਤਿ-ਸਰੂਪ ਮੰਨਣ ਦਾ ਬਹੁਤ ਪੁਰਾਤਨ ਸਿੱਧਾਂਤ ਹੈ। ਪੂਰਬੀ ਦੇਸ਼ਾਂ ਦੇ ਧਰਮਾਂ ਅਤੇ ਯੂਨਾਨੀ ਦਰਸ਼ਨ ਵਿਚ ਇਸ ਸਿੱਧਾਂਤ ਦਾ ਬਹੁਤ ਪ੍ਰਚਲਨ ਰਿਹਾ ਹੈ। ‘ਕੁਰਾਨ’ ਵਿਚ ਵੀ ਅੱਲ੍ਹਾ ਨੂੰ ਆਕਾਸ਼ ਅਤੇ ਧਰਤੀ ਵਿਚ ਪਸਰਿਆ ‘ਨੂਰ’ ਦਸਿਆ ਗਿਆ ਹੈ। ਸੂਫ਼ੀਆਂ ਵਿਚ ਵੀ ‘ਨੂਰਵਾਦ’ ਦਾ ਪ੍ਰਚਲਨ ਰਿਹਾ ਹੈ।
ਭਾਰਤੀ ਦਾਰਸ਼ਨਿਕ ਪਰੰਪਰਾਵਾਂ ਵਿਚ ਵੀ ਪਰਮਾਤਮਾ ਨੂੰ ਜੋਤਿ-ਸਰੂਪ ਅਤੇ ਅਨੰਤ ਪ੍ਰਕਾਸ਼ ਵਾਲਾ ਮੰਨਿਆ ਗਿਆ ਹੈ। ‘ਕਠ-ਉਪਨਿਸ਼ਦ’ (2/2/15) ਵਿਚ ਬ੍ਰਹਮ ਦੇ ਅਨੰਤ ਪ੍ਰਕਾਸ਼ ਦਾ ਵਰਣਨ ਕੀਤਾ ਹੋਇਆ ਮਿਲਦਾ ਹੈ ਅਤੇ ਲਿਖਿਆ ਹੈ ਕਿ ਉਥੇ ਨ ਤਾਂ ਸੂਰਜ ਪ੍ਰਕਾਸ਼ਿਤ ਹੁੰਦਾ ਹੈ, ਨ ਚੰਦ੍ਰਮਾ ਅਤੇ ਨ ਹੀ ਤਾਰੇ ਚਮਕਦੇ ਹਨ। ਉਥੇ ਬਿਜਲੀ ਦੀ ਚਮਕ ਵੀ ਨਹੀਂ ਪੈਂਦੀ। ਲੌਕਿਕ ਅਗਨੀ ਉਸ ਦੇ ਪ੍ਰਕਾਸ਼ ਨਾਲ ਪ੍ਰਕਾਸ਼ਿਤ ਹੁੰਦੀ ਹੈ। ਉਸ ਦੇ ਪ੍ਰਕਾਸ਼ਿਤ ਹੋਣ ਨਾਲ ਸਾਰੀਆਂ ਵਸਤੂਆਂ ਪ੍ਰਕਾਸ਼ਿਤ ਹੁੰਦੀਆਂ ਹਨ ਅਤੇ ਉਸ ਦੇ ਪ੍ਰਕਾਸ਼ ਨਾਲ ਸਾਰਾ ਜਗਤ ਆਲੋਕਿਤ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਵੀ ਪਰਮਾਤਮਾ ਨੂੰ ਜੋਤਿ-ਸਰੂਪ ਮੰਨਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਮਨੁੱਖ ਸ਼ਰੀਰ ਵਿਚ ਪਰਮਾਤਮਾ ਦੇ ਕਲਪਿਤ ਨਿਵਾਸ- ਸਥਾਨ ‘ਦਸ਼ਮ-ਦਵਾਰ’ ਨੂੰ ਇਲਾਹੀ ਚਮਕ-ਦਮਕ ਨਾਲ ਪ੍ਰਕਾਸ਼ਮਾਨ ਦਸਿਆ ਹੈ। ਇਥੇ ਨ ਚੰਦ੍ਰਮਾ ਹੈ, ਨ ਤਾਰੇ ਹਨ ਅਤੇ ਨ ਹੀ ਸੂਰਜ ਦੀਆਂ ਕਿਰਣਾਂ। ਨ ਬਿਜਲੀ ਹੈ ਅਤੇ ਨ ਹੀ ਆਕਾਸ਼। ਫਿਰ ਵੀ ਉਸ ਦੀ ਜੋਤਿ ਦੀਆਂ ਕਿਰਣਾਂ ਹਰ ਪਾਸੇ ਪਸਰੀਆਂ ਹੋਈਆਂ ਹਨ। ਫਲਸਰੂਪ ਉਸ ਦੀ ਜੋਤਿ ਦਾ ਸਰਬਤ੍ਰ ਪ੍ਰਕਾਸ਼ ਹੈ— ਝਿਲਿਮਿਲਿ ਝਿਲਕੈ ਚੰਦੁ ਨ ਤਾਰਾ। ਸੂਰਜ ਕਿਰਣਿ ਨ ਬਿਜੁਲਿ ਗੈਣਾਰਾ। ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ। ਪਸਰੀ ਕਿਰਣਿ ਜੋਤਿ ਉਜਿਆਲਾ। ਕਰਿ ਕਰਿ ਦੇਖੈ ਆਪਿ ਦਇਆਲਾ। ਅਨਹਦ ਰੁਝਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ। (ਗੁ.ਗ੍ਰੰ.1033)।
ਗੁਰੂ ਨਾਨਕ ਦੇਵ ਜੀ ਦੀ ਉਕਤ ਸਥਾਪਨਾ ਉਪਨਿਸ਼ਦਕ ਸਥਾਪਨਾ ਨਾਲ ਦੂਰ ਤਕ ਸਮਾਨਤਾ ਰਖਦੀ ਹੋਈ ਵੀ ਆਪਣੀ ਨਵੇਕਲੀ ਨੁਹਾਰ ਦਰਸਾਉਂਦੀ ਹੈ। ਗੁਰੂ ਨਾਨਕ ਦੇਵ ਜੀ ਨੇ ਬੜੀ ਭਾਵਨਾਤਮਕ ਅਭਿਵਿਅਕਤੀ ਰਾਹੀਂ ਦਸਮ-ਦਵਾਰ ਸਥਿਤੀ ਬ੍ਰਹਮ-ਜੋਤਿ ਨੂੰ ਸਭ ਵਿਚ ਵਿਆਪਤ ਮੰਨਿਆ ਹੈ ਅਤੇ ਘਟ ਘਟ ਵਿਚ ਉਸੇ ਦੀ ਜੋਤਿ ਨੂੰ ਸਮਾਇਆ ਹੋਇਆ ਦਸਿਆ ਹੈ। ਨਾਲ ਹੀ ਭਰਮ ਰੂਪ ਅੰਧਕਾਰ ਦੇ ਵਿਨਾਸ਼ ਅਤੇ ਜੋਤਿ-ਸਰੂਪ ਦੀ ਪ੍ਰਾਪਤੀ ਗੁਰੂ ਦੁਆਰਾ ਦਸ ਕੇ ਸਤਿ-ਸਰੂਪ ਦੇ ਨਾਮ ਦਾ ਗੌਰਵ ਸਥਾਪਿਤ ਕੀਤਾ ਹੈ—ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ। ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮ੍ਹਾਰੀ। (ਗੁ.ਗ੍ਰੰ.795); ਨਿਰਭਉ ਨਿਰੰਕਾਰੁ ਨਿਰਵੈਰੁ ਪੂਰਨ ਜੋਤਿ ਸਮਾਈ। ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ। (ਗੁ.ਗ੍ਰੰ.596)।
ਗੁਰੂ ਅਮਰਦਾਸ ਜੀ ਨੇ ਸ਼ਰੀਰ ਨੂੰ ਸੰਬੋਧਨ ਕਰਦੇ ਹੋਇਆਂ ਕਿਹਾ ਹੈ— ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ। (ਗੁ.ਗ੍ਰੰ.921)।
ਇਹ ਜੋਤਿ ਗੁਰੂ ਨਾਨਕ ਦੇਵ ਜੀ ਵਿਚ ਮੌਜੂਦ ਸੀ। ਇਹ ਜੋਤਿ ਉਨ੍ਹਾਂ ਤੋਂ ਬਾਦ ਅਗਲੇ ਗੁਰੂ ਸਾਹਿਬਾਨ ਵਿਚ ਸ਼ਰੀਰਾਂਤਰਿਤ ਹੁੰਦੀ ਰਹੀ ਅਤੇ ਅੰਤ ਵਿਚ ਇਹ ਜੋਤਿ ਸ਼ਬਦ ਵਿਚ ਸਮਾ ਗਈ। ਫਲਸਰੂਪ ਦਸਮ ਗੁਰੂ ਦੁਆਰਾ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ-ਪਦ ਪ੍ਰਦਾਨ ਕੀਤਾ ਗਿਆ। ਵੇਖੋ ‘ਦਸ ਗੁਰੂ-ਇਕਾ ਜੋਤਿ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1678, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First