ਜੱਥਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜੱਥਾ : ਸੰਸਕ੍ਰਿਤ ਦੇ ‘ ਯੂਥ’ ਸ਼ਬਦ ਤੋਂ ਵਿਉਤਪੰਨ ਇਸ ਸ਼ਬਦ ਦਾ ਅਰਥ ਹੈ ਟੋਲਾ , ਗਰੋਹ , ਸਮੂਹ ਆਦਿ । ਸਿੱਖ ਸਮਾਜ ਵਿਚ ਹੁਣ ਇਹ ਸ਼ਬਦ ਸਿੱਖਾਂ ਦੇ ਟੋਲੇ ਲਈ ਰੂੜ੍ਹ ਹੋ ਚੁਕਿਆ ਹੈ । ਬੰਦਾ ਬਹਾਦਰ ਦੀ ਸ਼ਹਾਦਤ ਤੋਂ ਬਾਦ ਜਦੋਂ ਸਿੱਖਾਂ ਉਤੇ ਜ਼ੁਲਮਾਂ ਦੀ ਹਨੇਰੀ ਚੜ੍ਹ ਆਈ , ਤਾਂ ਉਨ੍ਹਾਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਛੋਟੇ ਛੋਟੇ ਟੋਲਿਆਂ ਵਿਚ ਇਧਰ ਉਧਰ ਲੁਕ ਛਿਪ ਕੇ ਸੰਕਟ ਦਾ ਸਮਾਂ ਬਤੀਤ ਕਰਨਾ ਸ਼ੁਰੂ ਕੀਤਾ । ਇਹ ਟੋਲੇ ਹੀ ਜੱਥਿਆਂ ਦੇ ਨਾਂ ਨਾਲ ਪ੍ਰਸਿੱਧ ਹੋਏ ਹਰ ਟੋਲੇ ਦਾ ਮੁਖੀ ‘ ਜੱਥੇਦਾਰ ’ ਅਖਵਾਉਂਦਾ ਸੀ । ਹਰ ਜੱਥੇ ਦੇ ਸਿੰਘਾਂ ਲਈ ਅੰਮ੍ਰਿਤ ਪਾਨ ਕਰਨਾ ਜ਼ਰੂਰੀ ਸੀ । ਚੂੰਕਿ ਉਨ੍ਹਾਂ ਨੇ ਜ਼ਾਲਮਾਂ ਵਿਰੁੱਧ ਗੁਰੀਲਾ ਯੁੱਧ ਕਰਨਾ ਹੁੰਦਾ ਸੀ , ਇਸ ਲਈ ਸ਼ਸਤ੍ਰ ਅਤੇ ਅਸਤ੍ਰ ਨੂੰ ਚਲਾਉਣ ਵਿਚ ਉਨ੍ਹਾਂ ਦਾ ਨਿਪੁਣ ਹੋਣਾ ਜ਼ਰੂਰੀ ਸੀ । ਹਰ ਇਕ ਨੂੰ ਚੰਗਾ ਘੋੜਸਵਾਰ ਵੀ ਹੋਣਾ ਚਾਹੀਦਾ ਸੀ । ਪਰ ਹਰ ਇਕ ਜੱਥੇ ਵਿਚ ਕਿਤਨੇ ਸਿੰਘ ਹੋਣ ? ਇਸ ਬਾਰੇ ਕੋਈ ਗਿਣਤੀ ਨਿਸਚਿਤ ਨਹੀਂ ਸੀ ।

                      ਸੰਨ 1734 ਈ. ਵਿਚ ਨਵਾਬ ਕਪੂਰ ਸਿੰਘ ਨੇ ਇਨ੍ਹਾਂ ਜੱਥਿਆਂ ਨੂੰ ਬੁੱਢਾ ਦਲ ਅਤੇ ਤਰੁਣਾ ਦਲ ਵਿਚ ਵੰਡ ਦਿੱਤਾ । ਇਨ੍ਹਾਂ ਜੱਥਿਆਂ ਲਈ ਵਿਸਾਖੀ ਅਤੇ ਦੀਵਾਲੀ ਦੇ ਮੌਕਿਆਂ’ ਤੇ ਅੰਮ੍ਰਿਤਸਰ ਵਿਚ ਜੁੜਨ ਵਾਲੇ ਸਰਬੱਤ ਖ਼ਾਲਸਾ ਵਿਚ ਸ਼ਾਮਲ ਹੋਣਾ ਜ਼ਰੂਰੀ ਸੀ । ਸਿੱਖਾਂ ਦੀਆਂ ਸਾਂਝੀਆਂ ਸਮਸਿਆਵਾਂ ਜਾਂ ਕਾਰਜਾਂ ਲਈ ‘ ਗੁਰਮਤਾ ’ ਕੀਤਾ ਜਾਂਦਾ ਸੀ । ਸੰਨ 1745 ਈ. ਵਿਚ ਇਨ੍ਹਾਂ ਜੱਥਿਆਂ ਨੂੰ ਸੌ , ਸੌ ਸਿੰਘਾਂ ਦੇ 25 ਜੱਥਿਆਂ ਵਿਚ ਵਿਵਸਥਿਤ ਕੀਤਾ ਗਿਆ । ਪੰਜਾਬ ਵਿਚ ਜਿਉਂ ਜਿਉਂ ਮੁਗ਼ਲ ਹਕੂਮਤ ਕਮਜ਼ੋਰ ਹੁੰਦੀ ਗਈ , ਸਿੱਖਾਂ ਦੇ ਜੱਥਿਆਂ ਦੀ ਗਿਣਤੀ ਵਧਦੀ ਗਈ । ਸੰਨ 1748 ਈ. ਤਕ ਹੋਂਦ ਵਿਚ ਆ ਚੁਕੇ 65 ਜੱਥਿਆਂ ਨੂੰ ‘ ਦਲ ਖ਼ਾਲਸਾਅਧੀਨ 11 ਮਿਸਲਾਂ ( ਫੂਲਕੀਆਂ ਤੋਂ ਬਿਨਾ ) ਵਿਚ ਵੰਡ ਦਿੱਤਾ ਗਿਆ । ਇਸ ਤੋਂ ਬਾਦ ਜੱਥੇ ਦੀ ਥਾਂ ‘ ਮਿਸਲ ’ ਅਤੇ ਜੱਥੇਦਾਰ ਦੀ ਥਾਂ ‘ ਸਰਦਾਰ ’ ਸ਼ਬਦਾਂ ਦੀ ਵਰਤੋਂ ਸ਼ੁਰੂ ਹੋ ਗਈ । ਮਹਾਰਾਜਾ ਰਣਜੀਤ ਸਿੰਘ ਨੇ ਇਹ ਸਾਰੀ ਮਰਯਾਦਾ ਖ਼ਤਮ ਕਰ ਦਿੱਤੀ ।

                      ਸਿੰਘ ਸਭਾ ਲਹਿਰ ਦੇ ਪ੍ਰਚਾਰ ਪ੍ਰਸਾਰ ਲਈ ਕੀਰਤਨ ਕਰਨ ਵਾਲੇ ਸਿੰਘਾਂ ਦੇ ਜੁਟ ਲਈ ‘ ਜੱਥਾ’ ਸ਼ਬਦ ਦੀ ਵਰਤੋਂ ਨਾਲ ਇਸ ਦਾ ਪੁਨਰ ਪ੍ਰਚਲਨ ਸ਼ੁਰੂ ਹੋਇਆ । ਢਾਡੀਆਂ ਦੇ ਜੁਟ ਲਈ ਵੀ ‘ ਜੱਥਾ’ ਸ਼ਬਦ ਵਰਤਿਆ ਜਾਣ ਲਗਾ । ਇਸ ਤੋਂ ਬਾਦ ਗੁਰਦੁਆਰਾ ਸੁਧਾਰ ਲਹਿਰ ਦੇ ਚਲਣ ਨਾਲ ਮੋਰਚਿਆਂ ਲਈ ਭੇਜੇ ਜਾਂਦੇ ਸਿੰਘਾਂ ਦੇ ਟੋਲਿਆਂ ਨੂੰ ਵੀ ਜੱਥੇ ਕਿਹਾ ਜਾਣ ਲਗਿਆ । ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਨਾਲ ‘ ਦਲ ’ ਸ਼ਬਦ ਦਾ ਵੀ ਪੁਨਰ-ਪ੍ਰਯੋਗ ਆਰੰਭ ਹੋ ਗਿਆ । ਅਕਾਲੀ ਦਲ ਦੀਆਂ ਸ਼ਾਖਾਵਾਂ ਨੂੰ ਜੱਥੇ ਕਿਹਾ ਜਾਣ ਲਗਾ ਅਤੇ ਉਨ੍ਹਾਂ ਦੇ ਮੁਖੀ ਸਿੰਘਾਂ ਲਈ ਜੱਥੇਦਾਰ ਸ਼ਬਦ ਦੀ ਵਰਤੋਂ ਚਲ ਪਈ । ਉਸ ਤੋਂ ਬਾਦ ਅਨੇਕ ਪ੍ਰਕਾਰ ਦੇ ਅੰਦੋਲਨਾਂ ਨੂੰ ਚਲਾਉਣ ਲਈ ਜੱਥੇ ਭੇਜੇ ਜਾਂਦੇ ਰਹੇ । ਅਕਾਲੀਆਂ ਦੇ ਅਨੇਕ ਪ੍ਰਸਿੱਧ ਆਗੂਆਂ ਨੂੰ ‘ ਜੱਥੇਦਾਰ’ ਸ਼ਬਦ ਨਾਲ ਵਿਸ਼ਿਸ਼ਟ ਕੀਤਾ ਜਾਣ ਲਗਿਆ । ਹੁਣ ਵੀ ‘ ਜੱਥਾ’ ਅਤੇ ‘ ਜੱਥੇਦਾਰ’ ਸ਼ਬਦ ਸਿੱਖ ਸਮਾਜ ਵਿਚ ਖ਼ੂਬ ਪ੍ਰਚਲਿਤ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.