ਟ੍ਰਿਬਿਊਨਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Tribunal _ਟ੍ਰਿਬਿਊਨਲ : ਟ੍ਰਿਬਿਊਨਲ ਸ਼ਬਦ ਦਾ ਲਫ਼ਜ਼ੀ ਅਰਥ ਹੈ ‘ ਨਿਆਂ ਦੀ ਥਾਂ’ । ਪਰ ਇਹ ਹੋ ਸਕਦਾ ਹੈ ਕਿ ਨਿਆਂ ਕਿਸੇ ਅਰਧ-ਨਿਆਂਇਕ ਬਾਡੀ ਦੁਆਰਾ , ਕਿਸੇ ਸਾਲਸ , ਕਿਸੇ ਕਮਿਸ਼ਨ ਜਾਂ ਰਾਜ ਦੁਆਰਾ ਸਿਰਜੀ ਗਈ ਨਿਆਂ-ਨਿਰਣਾ ਦੇਣ ਵਾਲੀ ਕਿਸੇ ਬਾਡੀ ਦੁਆਰਾ ਦਿੱਤਾ ਜਾ ਰਿਹਾ ਹੋਵੇ । ਉਹ ਸਾਰੇ ਟ੍ਰਿਬਿਊਨਲ ਕਹੇ ਜਾ ਸਕਦੇ ਹਨ , ਪਰ ਫਿਰ ਵੀ ਟ੍ਰਿਬਿਊਨਲ ਸ਼ਬਦ ਬਹੁ-ਅਰਥਾ ਸ਼ਬਦ ਹੈ ਅਤੇਅਦਾਲਤ ’ ਸ਼ਬਦ ਵਾਂਗ ਉਸ ਦੇ ਅਰਥ ਸੁਨਿਸਚਿਤ ਅਤੇ ਪਰਿਭਾਸ਼ਤ ਨਹੀਂ ਹਨ ।

            ਇੰਜੀਨੀਅਰਿੰਗ ਮਜ਼ਦੂਰ ਸਭਾ ਬਨਾਮ ਹਿੰਦ ਸਾਈਕਲਜ਼ ਲਿ. ( ਏ  ਆਈਆਰ 1963 ਐਸ ਸੀ 874 ) ਵਿਚ ਅਦਾਲਤ ਨੇ ਸਪਸ਼ਟ ਕੀਤਾ ਹੈ ਕਿ ਅਦਾਲਤ ਨਾਲੋਂ ਟ੍ਰਿਬਿਊਨਲ ਨਿਖੜਵੀਂ ਬਾਡੀ ਹੈ , ਜੋ ਨਿਆਂਇਕ ਇਖ਼ਤਿਆਰਾਂ ਦੀ ਵਰਤੋਂ ਕਰਦੀ ਹੈ , ਅਤੇ ਉਸ ਅੱਗੇ ਲਿਆਂਦੇ ਗਏ ਮਾਮਲਿਆਂ ਦਾ ਨਿਆਂਇਕ ਤੌਰ ਤੇ ਜਾਂ ਅਰਧ ਨਿਆਂਇਕ ਤੌਰ ਤੇ ਉਨ੍ਹਾਂ ਦਾ ਫ਼ੈਸਲਾ ਕਰਦੀ ਹੈ , ਲੇਕਿਨ ਤਕਨੀਕੀ ਤੌਰ ਤੇ ਟ੍ਰਿਬਿਊਨਲ ਇਕ ਅਦਾਲਤ ਨਹੀਂ ਹੈ । ਇਹ ਜ਼ਰੂਰ ਹੈ ਕਿ ਅਦਾਲਤ ਦੀਆਂ ਕੁਝ ਖ਼ਾਸੀਅਤਾਂ ਟ੍ਰਿਬਿਊਨਲ ਵਿਚ ਪਾਈਆਂ ਜਾਂਦੀਆਂ ਹਨ ।

            ਭਾਰਤ ਬੈਂਕ ਲਿਮਟਿਡ ਬਨਾਮ ਭਾਰਤ ਬੈਂਕ ਦੇ ਕਰਮਚਾਰੀ ( ਏ ਆਈ ਆਰ 1950 ਐਸ ਸੀ 188 ) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਭਾਰਤ ਦੇ ਸੰਵਿਧਾਨ ਦੇ ਅਨੁਛੇਦ 136 ਵਿਚ ਵਰਤੇ ਸ਼ਬਦ ਟ੍ਰਿਬਿਊਨਲ ਦਾ ਅਰਥ ਉਹੀ ਨਹੀਂ ਜੋ ਅਦਾਲਤ ਦਾ ਹੈ । ਲੇਕਿਨ ਅਜਿਹੀਆਂ ਸਭ ਬਾਡੀਆਂ ਟ੍ਰਿਬਿਊਨਲ ਦੇ ਅਰਥਾਂ ਵਿਚ ਆ ਜਾਂਦੀਆਂ ਹਨ ਜੋ ਨਿਆਂ-ਨਿਰਣਾ ਕਰਦੀਆਂ ਹਨ : ਪਰੰਤੂ ਇਹ ਤਦ ਜੇ ਉਹ ਰਾਜ ਦੁਆਰਾ ਸਥਾਪਤ ਕੀਤੀਆਂ ਗਈਆਂ ਹੋਣ ਅਤੇ ਨਿਰੋਲ ਪ੍ਰਬੰਧਕੀ ਜਾਂ ਕਾਰਜਪਾਲਕ ਕੰਮ-ਕਾਜ ਨਾਲੋਂ ਨਿਖੜਵੇਂ ਰੂਪ ਵਿਚ ਨਿਆਂਇਕ ਕੰਮ ਕਾਜ ਉਨ੍ਹਾਂ ਨੂੰ ਸੌਂਪੇ ਗਏ ਹੋਣ । ਨਿਰੋਲ ਰੂਪ ਵਿਚ ਪ੍ਰਬੰਧਕੀ ਜਾਂ ਕਾਰਜਪਾਲਕ ਟ੍ਰਿਬਿਊਨਲ ਅਨੁਛੇਦ 136 ( 1 ) ਦੀ ਜ਼ਦ ਤੋਂ ਪੂਰੀ ਤਰ੍ਹਾਂ ਬਾਹਰ ਹਨ । ਜਿਹੜੇ ਟ੍ਰਿਬਿਊਨਲ ਅਨੁਛੇਦ 136 ਵਿਚ ਚਿਤਵੇ ਗਏ ਹਨ ਉਨ੍ਹਾਂ ਨੂੰ ਕੁਝ ਕੁ ਅਦਾਲਤੀ ਇਖ਼ਤਿਆਰ ਪ੍ਰਾਪਤ ਹੁੰਦੇ ਹਨ । ਉਹ ਗਵਾਹਾਂ ਨੂੰ ਹਾਜ਼ਰ ਹੋਣ ਲਈ ਮਜਬੂਰ ਕਰ ਸਕਦੇ ਹਨ , ਸਹੁੰ ਚੁੱਕਾ ਸਕਦੇ ਹਨ ਅਤੇ ਜ਼ਾਬਤੇ ਦੇ ਕੁਝ ਨਿਯਮਾਂ ਦੀ ਪਾਲਣਾ ਵੀ ਕਰਦੇ ਹਨ , ਭਾਵੇਂ ਸ਼ਹਾਦਤ ਦੇ ਤਕਨੀਕੀ ਨਿਯਮਾਂ ਦੇ ਪਾਬੰਦ ਨਹੀਂ ਹੁੰਦੇ । ਲੇਕਿਨ ਉਨ੍ਹਾਂ ਨੂੰ ਫ਼ੈਸਲੇ ਬਾਹਰਮੁੱਖੀ ਤੌਰ ਤੇ ਲੈਣੇ ਪੈਂਦੇ ਹਨ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.