ਤਾਰਾ ਸਿੰਘ ਗ਼ੈਬਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਤਾਰਾ ਸਿੰਘ ਗ਼ੈਬਾ (1717-1807 ਈ.): ਡਲੇਵਾਲੀਆ ਮਿਸਲ ਦੇ ਮੋਢੀ ਸ. ਗੁਲਾਬ ਸਿੰਘ ਦੇ ਦੇਹਾਂਤ ਤੋਂ ਬਾਦ ਉਸ ਮਿਸਲ ਦੇ ਸਰਦਾਰ ਬਣਨ ਵਾਲੇ ਤਾਰਾ ਸਿੰਘ ਨੇ ਆਪਣਾ ਜੀਵਨ ਇਕ ਆਜੜੀ ਵਾਂਗ ਸ਼ੁਰੂ ਕੀਤਾ ਅਤੇ ਫਿਰ ਪਸ਼ੂਆਂ ਅਤੇ ਭੇਡਾਂ ਨੂੰ ਰਾਵੀ ਦਰਿਆ ਤੋਂ ਪਾਰ ਕਰਕੇ ਛੁਪਾ ਦੇਣਾ (ਗ਼ਾਇਬ ਕਰ ਦੇਣਾ) ਇਸ ਦਾ ਨਿੱਤ ਦਾ ਕੰਮ ਬਣ ਗਿਆ। ਪਸ਼ੂਆਂ ਨੂੰ ਗ਼ਾਇਬ ਕਰਨ ਕਰਕੇ ਇਸ ਦੇ ਨਾਂ ਨਾਲ ‘ਗ਼ੈਬਾ’ (ਗ਼ਾਇਬਾ) ਸ਼ਬਦ ਜੁੜ ਗਿਆ।
ਮਿਸਲ ਦਾ ਸਰਦਾਰ ਬਣਨ ਤੋਂ ਬਾਦ ਇਸ ਦੇ ਯੁੱਧ-ਕਰਮ ਨੂੰ ਕਾਫ਼ੀ ਬੜਾਵਾ ਮਿਲਿਆ ਅਤੇ ਸਿਰਲਥ ਯੋਧਿਆਂ ਦਾ ਤਕੜਾ ਟੋਲਾ ਇਸ ਨਾਲ ਰਲ ਗਿਆ। ਸਭ ਤੋਂ ਪਹਿਲਾਂ ਇਸ ਨੇ ਅਹਿਮਦ ਸ਼ਾਹ ਦੁਰਾਨੀ ਦੇ ਦਲ ਨੂੰ ਕਪੂਰਥਲਾ ਜ਼ਿਲ੍ਹੇ ਦੇ ‘ਕੰਗ ’ ਪਿੰਡ ਦੇ ਨੇੜੇ ਵੇਈਂ ਪਾਰ ਕਰਦਿਆਂ ਲੁਟਿਆ। ਫਿਰ ਸਤਲੁਜ ਦਰਿਆ ਪਾਰ ਕਰਕੇ ਧਰਮਕੋਟ ਅਤੇ ਫਤਹਿਗੜ੍ਹ ਨਾਂ ਦੇ ਕਸਬੇ ਜਿਤੇ ਅਤੇ ਦੁਆਬੇ ਵਲ ਪਰਤ ਕੇ ਰਾਹੋਂ ਦੇ ਨੇੜੇ ਤੇੜੇ ਦਾ ਇਲਾਕਾ ਜਿਤਿਆ ਅਤੇ ਰਾਹੋਂ ਵਿਚ ਆਪਣਾ ਪੱਕਾ ਡੇਰਾ ਜਮਾਇਆ। ਫਿਰ ਇਸ ਨੇ ਨਕੋਦਰ ਅਤੇ ਉਸ ਦੇ ਸਮੀਪਵਰਤੀ ਖੇਤਰਾਂ ਨੂੰ ਆਪਣੇ ਅਧੀਨ ਕੀਤਾ। ਸੰਨ 1763 ਈ. ਵਿਚ ਇਸ ਨੇ ਭੰਗੀ , ਕਨ੍ਹੀਆ ਅਤੇ ਰਾਮਗੜ੍ਹੀਆ ਮਿਸਲਾਂ ਨਾਲ ਰਲ ਕੇ ਕਸੂਰ ਦੇ ਪਠਾਣ ਨਵਾਬ ਉਤੇ ਹਮਲਾ ਕੀਤਾ ਅਤੇ ਨਗਰ ਨੂੰ ਖ਼ੂਬ ਲੁਟਿਆ। ਜਨਵਰੀ 1764 ਈ. ਵਿਚ ਇਹ ਦਲ ਖ਼ਾਲਸੇ ਵਲੋਂ ਸਰਹਿੰਦ ਉਤੇ ਕੀਤੀ ਫ਼ੌਜ-ਕਸ਼ੀ ਵਿਚ ਹਿੱਸਾ ਲਿਆ। ਸੰਨ 1765 ਈ. ਤਕ ਇਸ ਨੇ ਜਲਿੰਧਰ ਦੁਆਬ, ਲੁਧਿਆਣਾ , ਅੰਬਾਲਾ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਦੇ ਕਈ ਖੇਤਰ ਆਪਣੇ ਅਧੀਨ ਕਰ ਲਏ। ਉਨ੍ਹਾਂ ਦੀ ਸਾਲਾਨਾ ਆਮਦਨ ਲਗਭਗ 17 ਲੱਖ ਰੁਪਏ ਸੀ। ਇਸ ਨੇ ਜਮਨਾ ਨਦੀ ਦੇ ਪਾਰ ਦੀਆਂ ਮੁਹਿੰਮਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਇਸ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਬਹੁਤ ਦੋਸਤੀ ਸੀ ਅਤੇ ਉਸ ਦੀਆਂ ਕਈ ਸੈਨਿਕ ਮੁਹਿੰਮਾਂ ਵਿਚ ਹਿੱਸਾ ਲਿਆ ਸੀ। ਸੰਨ 1807 ਈ. ਵਿਚ ਇਸ ਦੀ ਮ੍ਰਿਤੂ ਤੋਂ ਬਾਦ ਇਸ ਦੀ ਜਾਗੀਰ ਨੂੰ ਮਹਾਰਾਜੇ ਨੇ ਲਾਹੌਰ ਦਰਬਾਰ ਵਿਚ ਸ਼ਾਮਲ ਕਰ ਲਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1078, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First