ਤੇਜਾ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਤੇਜਾ ਸਿੰਘ ( 1894– 1958 ) : ਪੰਜਾਬੀ ਸਾਹਿਤ ਜਗਤ ਵਿੱਚ ਤੇਜਾ ਸਿੰਘ ਵਿਦਵਾਨ ਸਾਹਿਤਕਾਰ ਵਜੋਂ ਜਾਣਿਆ ਜਾਂਦਾ ਹੈ । ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਉਸ ਨੇ ਅਨੇਕਾਂ ਪੁਸਤਕਾਂ ਰਚੀਆਂ ਅਤੇ ਭਾਸ਼ਾ , ਸਾਹਿਤ , ਧਰਮ ਅਤੇ ਇਤਿਹਾਸ ਦੇ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਦੀ ਛਾਪ ਛੱਡੀ ।

        ਤੇਜਾ ਸਿੰਘ ਦਾ ਜਨਮ ਰਾਵਲਪਿੰਡੀ ( ਹੁਣ ਪਾਕਿਸਤਾਨ ) ਦੇ ਅਡਿਆਲਾ ਪਿੰਡ ਵਿੱਚ 2 ਜੂਨ 1894 ਨੂੰ ਸ. ਭਲਕਾਰ ਸਿੰਘ ਦੇ ਘਰ ਹੋਇਆ । ਤੇਜਾ ਸਿੰਘ ਨੇ ਮੁਢਲੀ ਵਿੱਦਿਆ ਢੱਲੇ ਅਤੇ ਸਰਗੋਧੇ ਤੋਂ ਹਾਸਲ ਕੀਤੀ । ਆਪਣੀ ਉਚੇਰੀ ਵਿੱਦਿਆ ( ਐਮ.ਏ. ਅੰਗਰੇਜ਼ੀ ) ਰਾਵਲਪਿੰਡੀ ਅਤੇ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਕੇ ਤੇਜਾ ਸਿੰਘ ਖ਼ਾਲਸਾ ਕਾਲਜ , ਅੰਮ੍ਰਿਤਸਰ ਵਿੱਚ ਇਤਿਹਾਸ , ਅੰਗਰੇਜ਼ੀ ਅਤੇ ਧਾਰਮਿਕ ਵਿਸ਼ਿਆਂ ਨੂੰ ਪੜ੍ਹਾਉਣ ਲਈ ਨਿਯੁਕਤ ਹੋਏ । ਤੇਜਾ ਸਿੰਘ ਨੇ ਆਪਣੇ ਜੀਵਨ ਦਾ ਲੰਮਾ ਅਰਸਾ ਇਸੇ ਕਾਲਜ ਵਿੱਚ ਸੇਵਾ ਨਿਭਾਈ । ਮਹਿੰਦਰਾ ਕਾਲਜ , ਪਟਿਆਲਾ ਵਿਖੇ ਪ੍ਰਿੰਸੀਪਲ ਵੀ ਰਹੇ ਅਤੇ ਮਹਿਕਮਾ ਪੰਜਾਬ , ਪਟਿਆਲਾ ਵਿੱਚ ਡਾਇਰੈਕਟਰ ਦੇ ਵਕਾਰੀ ਅਹੁਦੇ ਉਪਰ ਵੀ ਆਪਣੀ ਪ੍ਰਤਿਭਾ ਅਤੇ ਕੁਸ਼ਲਤਾ ਨਾਲ ਬਖ਼ੂਬੀ ਸੇਵਾ ਕੀਤੀ ।

        ਪ੍ਰਿੰਸੀਪਲ ਤੇਜਾ ਸਿੰਘ ਦੀ ਸਾਹਿਤ ਦੇ ਖੇਤਰ ਵਿੱਚ ਸਭ ਤੋਂ ਵੱਡੀ ਦੇਣ ਪੰਜਾਬੀ ਵਾਰਤਕ ਲੇਖਣੀ ਨੂੰ ਲੋਕ ਮਨਾਂ ਵਿੱਚ ਵਸਾਉਣ ਵਜੋਂ ਪਛਾਣੀ ਜਾਂਦੀ ਹੈ । ਪ੍ਰਿੰਸੀਪਲ ਤੇਜਾ ਸਿੰਘ ਨੇ ਨਵੀਆਂ ਸੋਚਾਂ , ਸਹਿਜ ਸੁਭਾ , ਸੱਭਿਆਚਾਰ , ਘਰ ਦਾ ਪਿਆਰ , ਸਿਮਰਤੀਆਂ , ਗੁਸਲਖ਼ਾਨਾ ਅਤੇ ਹੋਰ ਲੇਖ ਨਾਮੀ ਪੰਜਾਬੀ ਨਿਬੰਧ-ਸੰਗ੍ਰਹਿ ਪੰਜਾਬੀ ਪਾਠਕਾਂ ਨੂੰ ਦਿੱਤੇ । ਪ੍ਰਿੰਸੀਪਲ ਤੇਜਾ ਸਿੰਘ ਦੀ ਸ੍ਵੈਜੀਵਨੀ ਆਰਸੀ ਵੀ ਸ੍ਵੈਜੀਵਨ ਸਾਹਿਤ ਵਿੱਚ ਵੱਡੀ ਪਛਾਣ ਦੀ ਧਾਰਨੀ ਹੈ ।

        ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਲੇਖਾਂ ਦੀ ਸ਼ੈਲੀ ਸਪਸ਼ਟ ਵਿਚਾਰ ਤੇ ਵਿਚਾਰਾਂ ਦਾ ਸਹਿਜ ਪ੍ਰਵਾਹ ਪੰਜਾਬੀ ਪਾਠਕਾਂ ਦੇ ਮਨਾਂ ਨੂੰ ਜਿਵੇਂ ਅੰਦਰੋਂ ਟੁੰਬ ਗਿਆ । ‘ ਘਰ ਦਾ ਪਿਆਰ` ਲੇਖ ਪੰਜਾਬੀ ਦੇ ਉਹਨਾਂ ਚਾਰ ਪੰਜ ਵਾਰਤਕ ਲੇਖਾਂ ਵਿੱਚੋਂ ਇੱਕ ਹੈ ਜਿਹੜੀਆਂ ਸ਼ਾਇਦ ਪੰਜਾਬੀ ਪਾਠਕਾਂ ਵੱਲੋਂ ਸਭ ਤੋਂ ਵੱਧ ਪੜ੍ਹੀਆਂ ਤੇ ਸਲਾਹੀਆਂ ਗਈਆਂ । ਤੇਜਾ ਸਿੰਘ ਦਾ ਇਹ ਲੇਖ ਅਤੇ ਇਸੇ ਤਰ੍ਹਾਂ ਦੀਆਂ ਉਸ ਦੀਆਂ ਅਨੇਕ ਹੋਰ ਲਿਖਤਾਂ ਜਿਵੇਂ ‘ ਮੇਰਾ ਵਿਆਹ` , ‘ ਗੁਸਲਖ਼ਾਨਾ` , ‘ ਵਿਹਲੀਆਂ ਗੱਲਾਂ` , ‘ ਹਾਸ ਰਸ` , ‘ ਗੁਰੂ ਨਾਨਕ ਦਾ ਦੇਸ਼ ਪਿਆਰ` , ‘ ਸਾਊਪੁਣਾ` ਤੇ ਉਹਨਾਂ ਦੀ ਸ੍ਵੈਜੀਵਨੀ ਆਰਸੀ ਨੂੰ ਪੜ੍ਹ ਕੇ ਇਹ ਧਾਰਨਾ ਸਹਿਜ ਹੀ ਬਣਾਈ ਜਾ ਸਕਦੀ ਹੈ ਕਿ ਸਧਾਰਨ ਭਾਸ਼ਾ ਤੇ ਆਮ ਮੁਹਾਵਰੇ ਰਾਹੀਂ ਗੂੜ੍ਹ ਗਿਆਨ ਵੀ ਆਮ ਆਦਮੀ ਤੱਕ ਸਹਿਜਤਾ ਨਾਲ ਹੀ ਪਹੁੰਚਾਇਆ ਜਾ ਸਕਦਾ ਹੈ । ਉਂਞ ਵੀ ਕਿਹਾ ਜਾਂਦਾ ਹੈ ਕਿ ਵੱਡੀਆਂ ਗੱਲਾਂ ਦੇ ਸਿਰਜਕ ਹਮੇਸ਼ਾਂ ਆਮ ਲੋਕਾਂ ਦੀ ਭਾਸ਼ਾ ਵਿੱਚ ਲੋਕਾਂ ਤੱਕ ਆਪਣੀ ਗੱਲ ਪਹੁੰਚਾਉਂਦੇ ਹਨ । ਸ਼ਾਇਦ ਤੇਜਾ ਸਿੰਘ ਵੀ ਆਪਣੇ ਚਿੰਤਨ ਨੂੰ ਆਮ ਆਦਮੀ ਤੱਕ ਇਸੇ ਤਰ੍ਹਾਂ ਪਹੁੰਚਾਉਣਾ ਚਾਹੁੰਦਾ ਸੀ ਤੇ ਉਹ ਸਫਲ ਵੀ ਰਿਹਾ । ਹਲਕੀ-ਫੁਲਕੀ ਸਹਿਜ ਭਾਸ਼ਾ ਰਾਹੀਂ ਪੇਸ਼ ਹੋਈਆਂ ਉਸ ਦੀਆਂ ਵਾਰਤਕ ਰਚਨਾਵਾਂ ਇਸੇ ਵਿਚਾਰ ਵੀ ਗਵਾਹੀ ਦਿੰਦੀਆਂ ਹਨ ।

        ਪ੍ਰਿੰਸੀਪਲ ਤੇਜਾ ਸਿੰਘ ਨੇ ਸਿੱਖ ਧਰਮ ਦੇ ਫ਼ਲਸਫ਼ੇ ਨੂੰ ਟੀਕਿਆ/ਸਟੀਕਾਂ ਰਾਹੀਂ ਸਧਾਰਨ ਭਾਸ਼ਾ ਵਿੱਚ ਲੋਕਾਂ ਤੱਕ ਪਹੁੰਚਾਇਆ । ਜਪੁ ਸਟੀਕ , ਆਸਾ ਦੀ ਵਾਰ ਸਟੀਕ ਅਤੇ ਇਸੇ ਤਰ੍ਹਾਂ ਗੁਰਬਾਣੀ ਵਿਚਲੀਆਂ ਸ਼ਬਦਾਂਤਿਕ ਲਗਾਂ , ਮਾਤਰਾਂ ਦੇ ਗੁੱਝੇ ਭੇਦਾਂ ਦੀ ਸਰਲ ਵਿਆਖਿਆ ਵੀ ਤੇਜਾ ਸਿੰਘ ਦੀ ਵੱਡੀ ਦੇਣ ਹੈ । ਪੰਜਾਬੀ ਕਿਵੇਂ ਲਿਖੀਏ ਅਤੇ ਪੰਜਾਬੀ ਸ਼ਬਦ-ਜੋੜ ਪੁਸਤਕ ਤੇਜਾ ਸਿੰਘ ਦੀ ਪੰਜਾਬੀ ਭਾਸ਼ਾ ਦੀ ਵਿਆਕਰਨਿਕ ਸੂਝ ਦਾ ਵੱਡਾ ਪ੍ਰਮਾਣ ਹਨ । ਪੰਜਾਬੀ ਭਾਸ਼ਾ ਬਾਰੇ ਇਹ ਮੁੱਢਲਾ ਕਾਰਜ ਇਸ ਖੇਤਰ ਵਿੱਚ ਹੋਏ ਅਗਲੇਰੇ ਕਾਰਜਾਂ ਦਾ ਮਾਰਗ ਦਰਸ਼ਨ ਕਰਦਾ ਰਿਹਾ ਹੈ । ਤੇਜਾ ਸਿੰਘ ਦੀ ਭਾਸ਼ਾ ਪ੍ਰਤਿ ਸੂਝ ਤੇ ਚਿੰਤਨ ਦਾ ਹੋਰ ਪ੍ਰਮਾਣ The Standard English Punjabi Dictionary ( ਹਰਨਾਮ ਸਿੰਘ ਸ਼ਾਨ ਇਸ ਦੇ ਸਹਿ-ਕਰਤਾ ਹਨ ) ਅਤੇ Anglo Punjabi Dictionary ਹਨ । ਇਸ ਤੋਂ ਇਲਾਵਾ ਪ੍ਰਿੰਸੀਪਲ ਤੇਜਾ ਸਿੰਘ ਨੇ ਅੰਗਰੇਜ਼ੀ ਵਿੱਚ ਵੀ ਆਪਣੀਆਂ ਪੁਸਤਕਾਂ ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਪੰਜਾਬੀ ਸਾਹਿਤ ਸੰਬੰਧੀ ਮੁੱਲਵਾਨ ਖੋਜ ਕਾਰਜ ਕੀਤਾ ਜਿਸ ਵਿੱਚੋਂ Guru Nanak and His Mission , Sikhism : Its Ideas and Institution ਅਤੇ Punjabi Literature ਪ੍ਰਮੁੱਖ ਹਨ ।

        ਪ੍ਰਿੰਸੀਪਲ ਤੇਜਾ ਸਿੰਘ ਨੂੰ ਜ਼ਿੰਦਗੀ ਦੀ ਡੂੰਘੀ ਸੂਝ ਸੀ ਜੋ ਉਸ ਦੀਆਂ ਵਾਰਤਕ ਲਿਖਤਾਂ ਵਿੱਚੋਂ ਝਲਕਦੀ ਹੈ । ਵਾਰਤਕ ਲੇਖਾਂ ਦੀ ਰੋਚਕਤਾ ਕਈ ਵਾਰ ਲੇਖ ਨੂੰ ਕਥਾ-ਰਸ ਵਿੱਚ ਬੰਨ੍ਹ ਕੇ ਪ੍ਰਸਤੁਤ ਕਰਦੀ ਹੈ ਜਿਸ ਨਾਲ ਲੇਖ ਦੇ ਵਿਚਾਰ-ਪ੍ਰਵਾਹ ਨੂੰ ਇੱਕ ਸ਼ਕਤੀ ਮਿਲਦੀ ਹੈ । ਵਾਰਤਕ ਲੇਖਣੀ ਦੀ ਮੂਲ ਸ਼ਰਤ ਬੁੱਧੀ/ਵਿਚਾਰ ਦੀ ਪੇਸ਼ਕਾਰੀ ਮੰਨੀ ਜਾਂਦੀ ਹੈ । ਪ੍ਰਿੰਸੀਪਲ ਤੇਜਾ ਸਿੰਘ ਦੀ ਵਾਰਤਕ ਡੂੰਘੇ ਜੀਵਨ ਫ਼ਲਸਫ਼ਿਆਂ ਨਾਲ ਓਤਪੋਤ ਹੋ ਕੇ ਪਾਠਕ ਤੱਕ ਪਹੁੰਚਦੀ ਹੈ । ਜ਼ਿੰਦਗੀ ਨੂੰ ਨੀਝ ਲਾ ਕੇ ਦੇਖਣ ਦੀ ਲੇਖਕ ਦੀ ਜੀਵਲ ਸ਼ੈਲੀ ਵਿੱਚੋਂ ਹੀ ਗੰਗਾਦੀਨ , ਅਗਲੇ ਜ਼ਮਾਨੇ , ਤੇ ਹੱਸਣਾ ਤੇ ਕੂਕਣਾ ਵਰਗੀਆਂ ਅਨੇਕਾਂ ਮਹੱਤਵਪੂਰਨ ਰਚਨਾਵਾਂ ਨਿਕਲਦੀਆਂ ਹਨ । ਤੇਜਾ ਸਿੰਘ ਨੇ ਜੀਵਨ ਦੇ ਅਨੇਕ ਖੇਤਰਾਂ ਅਤੇ ਚਿੰਤਨ ਦੇ ਅਨੇਕਾਂ ਪਸਾਰਾਂ ਨਾਲ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾਇਆ ਹੈ । ਪ੍ਰਿੰਸੀਪਲ ਤੇਜਾ ਸਿੰਘ ਪੰਜਾਬੀ ਸਾਹਿਤ ਦਾ ਵੱਡਾ ਹਾਸਲ ਹੈ ਅਤੇ ਪੰਜਾਬੀ ਲਈ ਮਾਣਮੱਤਾ ਸਾਹਿਤਕਾਰ ਹੈ ।


ਲੇਖਕ : ਉਮਿੰਦਰ ਜੌਹਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.