ਤਖ਼ਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਖ਼ਤ [ ਨਾਂਪੁ ] ਰਾਜ-ਗੱਦੀ , ਸਿੰਘਾਸਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3753, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਖ਼ਤ . ਫ਼ਾ.   ਅ਼  ਬੈਠਣ ਦੀ ਚੌਕੀ । ੨ ਰਾਜਸਿੰਘਾਸਨ. “ ਤਖਤਿ ਬਹੈ ਤਖਤੈ ਕੀ ਲਾਇਕ.” ( ਮਾਰੂ ਸੋਲਹੇ ਮ : ੧ ) ੩ ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾ੉ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ : — ਅਕਾਲਬੁੰਗਾ , ਪਟਨਾ ਸਾਹਿਬ ਦਾ ਹਰਿਮੰਦਿਰ , ਕੇਸਗੜ੍ਹ ਅਤੇ ਹ਼੒੤ਰ ਸਾਹਿਬ ( ਅਬਿਚਲ ਨਗਰ ) .


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3390, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਖ਼ਤ : ਫ਼ਾਰਸੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੈ ਸਿੰਘਾਸਨ , ਸ਼ਾਹੀ ਆਸਣ । ਗੁਰਬਾਣੀ ਵਿਚ ਪਰਮਾਤਮਾ ਜਾਂ ਪਰਮ-ਸੱਤਾ ਨੂੰ ਸੱਚਾ ਪਾਤਿਸ਼ਾਹ ਕਿਹਾ ਗਿਆ ਹੈ ਅਤੇ ਉਸ ਦੁਆਰਾ ਵਰਤੇ ਜਾਣ ਵਾਲੇ ਤਖ਼ਤ ਦੀ ‘ ਸੱਚਾ ਤਖ਼ਤ’ ਵਜੋਂ ਕਲਪਨਾ ਕੀਤੀ ਗਈ ਹੈ— ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ( ਗੁ.ਗ੍ਰੰ.907 ) ; ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ( ਗੁ.ਗ੍ਰੰ.1279 ) । ਗੁਰਬਾਣੀ ਵਿਚ ਚੂੰਕਿ ਪਰਮਾਤਮਾ ਅਤੇ ਗੁਰੂ ਨੂੰ ਅਭੇਦ ਮੰਨਿਆ ਗਿਆ ਹੈ ( ਗੁਰੁ ਗੋਵਿੰਦ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਭਾਈ । — ਗੁ.ਗ੍ਰੰ.442; ਪਾਰਬ੍ਰਹਮ ਗੁਰ ਨਾਹੀ ਭੇਦ— ਗੁ. ਗ੍ਰੰ.1142 ) । ਇਸ ਲਈ ਗੁਰੂ ਦੇ ਸਿੰਘਾਸਨ ਨੂੰ ‘ ਸੱਚਾ ਤਖ਼ਤ’ ਕਿਹਾ ਜਾਣ ਲਗਿਆ ਹੈ । ਭੱਟਾਂ ਦੀ ਬਾਣੀ ਵਿਚ ਇਸ ਤੱਥ ਦੀ ਸਪੱਸ਼ਟ ਸਥਾਪਨਾ ਹੋਈ ਹੈ । ਗੁਰੂ ਰਾਮਦਾਸ ਜੀ ਬਾਰੇ ਨਲ੍ਹ ਭੱਟ ਨੇ ਕਿਹਾ ਹੈ— ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸੇ ( ਗੁ.ਗ੍ਰੰ.1399 ) ਮਥੁਰਾ ਭੱਟ ਦਾ ਕਥਨ ਹੈ— ਬਿਦੁਮਾਨ ਗੁਰਿ ਆਪਿ ਧਪ੍ਹਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ( ਗੁ.ਗ੍ਰੰ.1404 ) । ਬਲਵੰਡ ਡੂਮ ਦੇ ਕਥਨ ਅਨੁਸਾਰ— ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ( ਗੁ.ਗ੍ਰੰ.967 ) ।

                      ਗੁਰੂ-ਗਦੀ ਨੂੰ ਗੁਰੂ-ਸਿੰਘਾਸਨ ਦਾ ਮਹੱਤਵ ਛੇਵੇਂ ਗੁਰੂ ਜੀ ਤੋਂ ਦਿੱਤਾ ਜਾਣ ਲਗਾ ਜਦੋਂ ਉਨ੍ਹਾਂ ਨੇ ‘ ਪੀਰੀ’ ਦੇ ਨਾਲ ‘ ਮੀਰੀ’ ਨੂੰ ਗ੍ਰਹਿਣ ਕੀਤਾ ਅਤੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਹਮਣੇ ਥੜਾ ਸਾਹਿਬ ਬਣਵਾ ਕੇ ਉਸ ਉਪਰ ਆਪਣੀ ਮਸਨਦ ਸਜਾਈ । ਇਹ ਥੜਾ ਸਾਹਿਬ ਹੀ ਕਾਲਾਂਤਰ ਵਿਚ ‘ ਅਕਾਲ ਤਖ਼ਤ ’ ਅਖਵਾਇਆ । ਛੇਵੇਂ ਗੁਰੂ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿਚ ਆਤਮ ਸੁਰਖਿਆ ਦੀ ਚੇਤਨਾ ਪੈਦਾ ਕੀਤੀ । ਸੰਤ ਨੂੰ ਸਿਪਾਹੀ ਬਣਾਇਆ , ਭਗਤੀ ਦੇ ਪ੍ਰਤੀਕ ਮਾਲਾ ਦੇ ਨਾਲ ਸ਼ਕਤੀ ਦੇ ਪ੍ਰਤੀਕ ਕ੍ਰਿਪਾਣ ਨੂੰ ਸੰਯੁਕਤ ਕੀਤਾ । ਫਲਸਰੂਪ ਦਸਮ ਗੁਰੂ ਦੇ ਜਨਮ , ਖ਼ਾਲਸਾ ਸਿਰਜਨ ਅਤੇ ਮਹਾਪ੍ਰਸਥਾਨ ਨਾਲ ਸੰਬੰਧਿਤ ਸਥਾਨਾਂ ਨੂੰ ਤਖ਼ਤ ਘੋਸ਼ਿਤ ਕੀਤਾ ਗਿਆ । ਇਨ੍ਹਾਂ ਚਾਰ ਤਖ਼ਤਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ 18 ਨਵੰਬਰ 1966 ਈ. ਦੀ ਮੀਟਿੰਗ ਵਿਚ ਦਮਦਮਾ ਸਾਹਿਬ ਨੂੰ ਵੀ ਤਖ਼ਤਾਂ ਵਿਚ ਸ਼ਾਮਲ ਕਰਕੇ ਇਨ੍ਹਾਂ ਦੀ ਗਿਣਤੀ ਪੰਜ ਕਰ ਦਿੱਤੀ । ਇਨ੍ਹਾਂ ਪੰਜਾਂ ਵਿਚੋਂ ‘ ਅਕਾਲ ਤਖ਼ਤ’ ਦੀ ਸਰਦਾਰੀ ਹੈ । ਹਰ ਪ੍ਰਕਾਰ ਦੇ ਧਾਰਮਿਕ ਮਸਲਿਆਂ ਬਾਰੇ ਦਲ ਖ਼ਾਲਸਾ ਇਥੋਂ ਹੀ ਫ਼ੈਸਲੇ ਕਰਿਆ ਕਰਦਾ ਸੀ । ਆਧੁਨਿਕ ਯੁਗ ਵਿਚ ਅਧਿਕਤਰ ਸਿੱਖ ਮੋਰਚੇ ਇਥੋਂ ਹੀ ਪ੍ਰੇਰਣਾ ਲੈਂਦੇ ਹਨ । ਇਨ੍ਹਾਂ ਪੰਜਾਂ ਤਖ਼ਤਾਂ ਦੇ ਜੱਥੇਦਾਰ ਜੱਥੇਦਾਰੀ ਦੇ ਪਦ ਕਾਰਣ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3360, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ

ਤਖ਼ਤ : ਤਖ਼ਤ ਫ਼ਾਰਸੀ ਬੋਲੀ ਦਾ ਬਹੁ-ਅਰਥ ਸ਼ਬਦ ਹੈ ਜਿਸਦਾ ਆਖ਼ਰੀ ਅਰਥ ਲੱਕੜੀ ਦੇ ਫੱਟੇ ਦੀ ਬਣੀ ਵੱਡੀ ਚੌਂਕੀ ਹੋ ਸਕਦੀ ਹੈ । ਫ਼ਾਰਸੀ-ਅੰਗਰੇਜ਼ੀ ਦੇ ਸ਼ਬਦ ਕੋਸ਼ ਸਟੈਨਗਾਸ ਵਿਚ ਇਸਦੇ ਕਈ ਅਰਥ ਦਿੱਤੇ ਹਨ ਜੋ ਈਰਾਨ ਦੇ ਇਤਿਹਾਸ ਨਾਲ ਜੁੜਦੇ ਹਨ ਜਿਵੇਂ ਤਖ਼ਤ-ਇ-ਜਮਸ਼ੇਦ ( ਜਮਸ਼ੇਦ ਬਾਦਸ਼ਾਹ ਦਾ ਤਖ਼ਤ , ਤਖ਼ਤ-ਇ-ਸੁਲੇਮਾਨ ) ( ਪਾਕਿਸਤਾਨ ਦੇ ਉੱਤਰ-ਪੱਛਮ ਵਿਚ ਪਹਾੜਾਂ ਦੀ ਲੜੀ ਦਾ ਨਾਂ ਹੈ ) ਆਦਿ । ਤਖ਼ਤ ਨਾਲ ਜੁੜਵੇਂ ਕਈ ਫ਼ਾਰਸੀ ਦੇ ਸ਼ਬਦ ਬਣਦੇ ਹਨ ਜੋ ਪੰਜਾਬੀ ਵਿਚ ਵੀ ਵਰਤੇ ਜਾਂਦੇ ਹਨ ਜਿਵੇਂ ਤਖ਼ਤ ਪੋਸ਼ , ਤਖ਼ਤ-ਨਸ਼ੀਨੀ ( ਤਖ਼ਤ ਤੇ ਬੈਠਣ ਦੀ ਰਸਮ ) ਆਦਿ ।

ਭਾਰਤ ਦੇ ਮੁਗ਼ਲ ਸਮਰਾਟ ਸ਼ਾਹ ਜਹਾਨ ( 1627 ) ਨੇ ਇਕ ਸੋਨੇ ਦਾ ਤਖ਼ਤ ਮੋਰ ਦੇ ਖੰਭਾਂ ਦੀ ਸ਼ਕਲ ਦਾ ਬਣਾਇਆ ਜਿਸ ਨੂੰ ਤਖ਼ਤ-ਇ-ਤਾਊਸ ਕਹਿੰਦੇ ਹੁੰਦੇ ਸਨ । ਮੁਗ਼ਲ ਸਮਰਾਟਾਂ ਦੀ ਇਹ ਪ੍ਰਸਿੱਧ ਕਿਰਤ ਸੀ । ਜਦੋਂ 1739 ਈ. ਵਿਚ ਨਾਦਰ ਸ਼ਾਹ ਨੇ ਭਾਰਤ ਤੇ ਹਮਲਾ ਕੀਤਾ ਤਾਂ ਉਹ ਉਸ ਨੂੰ ਈਰਾਨ ਹੀ ਲੈ ਗਿਆ । ਉਸ ਦੀ ਮੌਤ ਪਿੱਛੋਂ ਉਸ ਦੇ ਵਾਰਸਾਂ ਨੇ ਇਸ ਨੂੰ ਤੋੜ ਕੇ ਆਪਸ ਵਿਚ ਵੰਡ ਲਿਆ ।

ਪੰਜਾਬੀ ਬੋਲੀ ਵਿਚ ਤਖ਼ਤ ਦਾ ਭਾਵ ਰਾਜ ਸਿੰਘਾਸਨ ਜਾਂ ਮਹਾਂਪੁਰਖਾਂ ਦੇ ਬੈਠਣ ਦੀ ਥਾਂ ਹੈ । ਸਿੱਖ ਇਤਿਹਾਸ ਵਿਚ ਸਿੱਖ ਗੁਰੂ ਸਾਹਿਬਾਨ ਦੇ ਬੈਠਣ ਦੀ ਥਾਂ ਨੂੰ ਤਖ਼ਤ ਕਹਿੰਦੇ ਹਨ । ਜਿਵੇਂ ਕਿ ਸਿੱਖਾਂ ਦੇ ਪਹਿਲਾਂ ਚਾਰ ਤਖ਼ਤ ਅਤੇ ਹੁਣ ਪੰਜ ਤਖ਼ਤ ਪ੍ਰਸਿੱਧ ਹਨ– ਸ੍ਰੀ ਅਕਾਲ ਤਖ਼ਤ ( ਅੰਮ੍ਰਿਤਸਰ ) , ਸ੍ਰੀ ਕੇਸਗੜ੍ਹ ਸਾਹਿਬ ( ਆਨੰਦਪੁਰ ਸਾਹਿਬ ) , ਸ੍ਰੀ ਪਟਨਾ ਸਾਹਿਬ ( ਬਿਹਾਰ ) , ਸ੍ਰੀ ਹਜ਼ੂਰ ਸਾਹਿਬ ( ਮਹਾਂਰਾਸ਼ਟਰ ) ਅਤੇ ਸ੍ਰੀ ਦਮਦਮਾ ਸਾਹਿਬ ( ਤਲਵੰਡੀ ਸਾਬੋ-ਪੰਜਾਬ ) । ਤਖ਼ਤ ਹਜ਼ਾਰਾ ਪੱਛਮੀ ਪੰਜਾਬ ਪਾਕਿਸਤਾਨ ਦੇ ਜ਼ਿਲ੍ਹੇ ਸ਼ਾਹਪੁਰ ਵਿਚ ਇਕ ਇਤਿਹਾਸਕ ਪਿੰਡ ਹੈ ਜਿਥੇ ਪੰਜਾਬ ਦਾ ਪ੍ਰਸਿੱਧ ਨਾਇਕ ਰਾਂਝਾ ਵੱਸਦਾ ਸੀ । ਪਾਕਿਸਤਾਨ ਦੇ ਉੱਤਰ-ਪੱਛਮੀ ਸਰਹੱਦੀ ਸੂਬੇ ਵਿਚ ਤਖ਼ਤ-ਇ-ਸੁਲੇਮਾਨ ਦੇ ਨਾਲ ਲਗਦੇ ਇਲਾਕੇ ਨੂੰ ਵੀ ਤਖ਼ਤ ਹਜ਼ਾਰਾ ਕਹਿੰਦੇ ਹਨ ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਤਖ਼ਤ ਦਾ ਪ੍ਰਯੋਗ ਬਹੁ-ਅਰਥ ਹੈ । ਰਾਜ ਸਿੰਘਾਸਨ ਦੇ ਅਰਥਾਂ ਵਿਚ ਕਈ ਥਾਂ ਆਉਂਦਾ ਹੈ ਜਿਵੇਂ ਗੁਰੂ ਅਮਰਦਾਸ ਜੀ ਫੁਰਮਾਉਂਦੇ ਹਨ : –

ਤਖਤਿ ਰਾਜਾ ਸੋ ਬਹੈ

ਜਿ ਤਖਤੈ ਲਾਇਕ ਹੋਈ ।

                                        ਗੁਰੂ ਗ੍ਰੰਥ ਸਾਹਿਬ ਪੰਨਾ – 1088

ਗੁਰੂ ਨਾਨਕ ਸਾਹਿਬ ਫੁਮਾਉਂਦੇ ਹਨ : –

ਤਖਤਿਬਹੈ ਤਖਤੈ ਕੀ ਲਾਇਕ ‖

                                                            ਗੁ. ਗ. ਪੰਨਾ 1039

ਬਲਵੰਡ ਤੇ ਸਤਾ ਨੇ ਰਾਮਕਲੀ ਵਾਰ ਵਿਚ ਲਿਖਿਆ ਹੈ :

ਤਖਤਿ ਬੈਠਾ ਅਰਜਨ ਗੁਰੂ

ਸਤਿਗੁਰ ਕਾ ਖਿਵੈ ਚੰਦੋਆ

                            ਗੁ. ਗ. ਪੰਨਾ– 968

ਗੁਰੂ ਨਾਨਕ ਸਾਹਿਬ ਨੇ ਕਈ ਥਾਂਈ ਅਕਾਲ ਪੁਰਖ ਦੇ ਨਿਵਾਸ ਨੂੰ ਤਖ਼ਤ ਕਿਹ ਹੈ ਜਿਥੇ ਉਹ ਹਰ ਇਕ ਨਾਲ ਇਨਸਾਫ਼ ਕਰਦਾ ਹੈ ।

ਤਖਤਿ ਬਹੈ ਅਦਲੀ ਪ੍ਰਭ ਆਪੇ

ਭਰਮੁ ਭੇਦੁ ਭਉ ਜਾਈ ਹੈ ‖

                                    ਗੁ. ਗ. ਪੰਨਾ– 1022

ਗੁਰੂ ਨਾਨਕ ਸਾਹਿਬ ਅਨੁਸਾਰ ਅਕਾਲ ਪੁਰਖ ਦਾ ਤਖ਼ਤ ਹਰ ਇਕ ਮਨੁੱਖ ਦੇ ਅੰਦਰ ਮੌਜੂਦ ਹੈ :

ਕਾਇਆਗੜ ਮਹਲ ਮਹਲੀ ਪ੍ਰਭੂ ਸਾਚਾ

ਸਚੁ ਸਾਚਾ ਤਖਤੁ ਰਚਾਇਆ

                                          ਗੁ. ਗ. ਪੰਨਾ– 1039

ਇਹ ਅੰਦਰਲਾ ਪਰਮਾਤਮਾ ਦਾ ਤਖ਼ਤ ਕਿਸ ਤਰ੍ਹਾਂ ਅਨੁਭਵ ਹੁੰਦਾ ਹੈ ਜਾਂ ਨਜ਼ਰੀਂ ਆਉਂਦਾ ਹੈ , ਦਾ ਪੂਰਾ ਵਿਸਥਾਰ ਗੁਰੂ ਨਾਨਕ ਸਾਹਿਬ ਨੇ ਮਲਾਰ ਰਾਗ ਦੀ ਵਾਰ ਦੀ ਪਉੜੀ ਸਤਾਈਵੇਂ ਦੇ ਸਲੋਕ ਵਿਚੋਂ ਦਿੱਤਾ ਹੈ । ਉਹ ਅਵਸਥਾ ਕਿੰਨੀ ਆਨੰਦਮਈ ਅਤੇ ਵਿਸਮਾਦ ਵਾਲੀ ਹੋੇਵੇਗੀ ਇਸ ਦਾ ਧਿਆਨ ਅਸੰਭਵ ਹੈ : –

ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦ ਨੀਸਾਣੁ ‖

ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ‖

ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ‖

                                                                    ਗੁ. ਗ. ਪੰਨਾ– 1291


ਲੇਖਕ : ਕਿਰਪਾਲ ਸਿੰਘ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਬਾਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 571, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-03-06-02-31-09, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.