ਦਮੋਦਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਦਮੋਦਰ : ਪੰਜਾਬੀ ਭਾਸ਼ਾ ਵਿੱਚ ਹੀਰ ਰਾਂਝੇ ਦੀ ਪ੍ਰਸਿੱਧ ਪ੍ਰੇਮ ਕਹਾਣੀ ਨੂੰ ਸਭ ਤੋਂ ਪਹਿਲਾਂ ਕਲਮਬੰਦ ਕਰਨ ਵਾਲਾ ਕਵੀ ਦਮੋਦਰ ਹੈ । ਦਮੋਦਰ ਦੇ ਜੀਵਨ ਬਾਰੇ ਸਾਡੇ ਕੋਲ ਕੋਈ ਭਰੋਸੇਯੋਗ ਸ੍ਰੋਤ ਨਹੀਂ ਹਨ । ਉਸ ਦੇ ਲਿਖੇ ਹੀਰ ਦੇ ਕਿੱਸੇ ਤੋਂ ਹੀ ਇਹ ਪਤਾ ਲੱਗਦਾ ਹੈ ਕਿ ਉਹ ਜਾਤ ਦਾ ਗੁਲਾਟੀ ਸੀ-

                  ਨਾਉਂ ਦਮੋਦਰ ਜਾਤ ਗੁਲਾਟੀ , ਆਇਆ ਸਿਕ ਸਿਆਲੀ ।

        ਉਹ ਸਿਆਲਾਂ ਦੇ ਪਿੰਡ ਆ ਤਾਂ ਗਿਆ ਪਰ ਉਸ ਨੇ ਆਪਣੇ ਪਿਛੋਕੜ ਦਾ ਕੋਈ ਜ਼ਿਕਰ ਨਹੀਂ ਕੀਤਾ । ਨਾ ਹੀ ਇਹ ਦੱਸਿਆ ਕਿ ਉਸ ਦਾ ਇੱਥੇ ਆਉਣ ਦਾ ਕੀ ਕਾਰਨ ਸੀ । ਹੋ ਸਕਦਾ ਹੈ ਕਿ ਉਹ ਕਿਸੇ ਨੇੜਲੇ ਪਿੰਡ ਦਾ ਹੀ ਹੋਵੇ ਕਿਉਂਕਿ ਉਸ ਦੀ ਬੋਲੀ ਵਿੱਚੋਂ ਪੋਠੋਹਾਰ ਦਾ ਸੰਕੇਤ ਮਿਲਦਾ ਹੈ । ਇਹ ਵੀ ਹੋ ਸਕਦਾ ਹੈ ਕਿ ਕਿਸੇ ਵਜ੍ਹਾ ਕਰ ਕੇ ਉਸ ਦਾ ਦਿਲ ਆਪਣੇ ਪਿੰਡ ਤੋਂ ਖੱਟਾ ਹੋ ਗਿਆ ਹੋਵੇ ਜਿਸ ਦਾ ਉਹ ਜ਼ਿਕਰ ਕਰਨਾ ਹੀ ਮੁਨਾਸਬ ਨਹੀਂ ਸਮਝਦਾ ।

        ਸਰ ਰਿਚਰਡ ਟੈਂਪਲ ਉਸ ਨੂੰ ਕਿੱਤੇ ਵੱਜੋਂ ਪਟਵਾਰੀ ਦੱਸਦਾ ਹੈ । ਪਰ ਬਾਵਾ ਬੁੱਧ ਸਿੰਘ ਉਸ ਨੂੰ ਹਟਵਾਣੀਆਂ ਆਖਦਾ ਹੈ । ਦਮੋਦਰ ਖ਼ੁਦ ਲਿਖਦਾ ਹੈ :

ਚੂਚਕ ਬਹੂੰ ਦਿਲਾਸਾ ਦਿੱਤਾ , ਤਾਂ ਦਿਲਗੀਰੀ ਲਾਹੀ ।

                  ਆਖ ਦਮੋਦਰ ਹੋਇਆ ਦਿਲਾਸਾ , ਹੱਟੀ ਉਥੇ ਪਾਈ

        ਲੱਗਦਾ ਹੈ ਕਿ ਉਸ ਨੇ ਹੀਰ ਤੇ ਰਾਂਝੇ ਦੇ ਇਸ਼ਕ ਦੀ ਕਹਾਣੀ ਅੱਖੀਂ ਦੇਖੀ ਹੋਵੇ :

ਅੱਖੀਂ ਡਿੱਠਾ ਕਿੱਸਾ ਕੀਤਾ , ਮੈਂ ਤਾਂ ਗੁਣੀ ਨਾ ਕੋਈ ।

                  ਅਸਾਂ ਮੂੰਹੋਂ ਅਲਾਇਆ ਓਹੀ , ਜੋ ਕੁਝ ਨਜ਼ਰ ਪਇਓਈ ।

        ਇਹਨਾਂ ਸਤਰਾਂ ਤੋਂ ਜਾਪਦਾ ਹੈ ਕਿ ਦਮੋਦਰ ਦੇ ਝੰਗ ਵਿੱਚ ਰਹਿੰਦਿਆਂ ਹੀ ਇਹ ਘਟਨਾ ਵਾਪਰੀ , ਪਰ ਸੀ ਇਹ ਬੜੀ ਦਿਲਚਸਪ । ਇਹ ਵੀ ਮੁਮਕਿਨ ਹੈ ਕਿ ‘ ਅੱਖੀਂ ਡਿੱਠਾ` ਵਾਲੀ ਗੱਲ ਉਸ ਦੀ ਇੱਕ ਕਲਾ ਜੁਗਤ ਹੀ ਹੋਵੇ , ਆਪਣੇ ਕਥਨ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਲਈ । ਕਿਉਂਕਿ ਉਸ ਦੇ ਕਿੱਸੇ ਵਿੱਚ ਇਹ ਕਿਤੇ ਜ਼ਿਕਰ ਨਹੀਂ ਆਉਂਦਾ ਕਿ ਉਹ ਝੰਗ ਕਿਵੇਂ ਪਹੁੰਚ ਗਿਆ । ਇਹ ਜ਼ਰੂਰ ਪਤਾ ਲੱਗਦਾ ਹੈ ਕਿ ਉਹ ਅਕਬਰ ਦੇ ਸਮੇਂ ਵਿੱਚ ਹੋਇਆ-

ਕਿਤ ਨੂੰ ਆਖਾਂ ਸਦਾਈਂ , ਕੋਈ ਅਕਬਰ ਮੈਥੋਂ ਧਾਇਆ ।

      ਜਾਂ

                  ਬਾਦਸ਼ਾਹੀ ਜੋ ਅਕਬਰ ਸੰਦੀ , ਦਿਨ ਦਿਨ ਦੂਣ ਸਵਾਏ ।

        ਦਮੋਦਰ ਤੋਂ ਬਾਅਦ ਦੇ ਕਵੀਆਂ ਨੇ ਵੀ ਹੀਰ ਰਾਂਝੇ ਦੀ ਕਹਾਣੀ ਨੂੰ ਲਗਪਗ ਉਸੇ ਤਰ੍ਹਾਂ ਹੀ ਲਿਖਿਆ । ਇਹ ਗੱਲ ਜ਼ਰੂਰ ਹੈ ਕਿ ਵੇਰਵਿਆਂ ਵਿੱਚ ਥੋੜ੍ਹਾ ਬਹੁਤ ਫ਼ਰਕ ਪਾ ਦਿੱਤਾ ਹੈ । ਦਮੋਦਰ ਦੁਆਰਾ ਲਿਖੀ ਹੀਰ ਦੀ ਕਹਾਣੀ ਕੁਝ ਇਵੇਂ ਵਾਪਰੀ :

        ਰਾਜੇ ਅਕਬਰ ਦਾ ਰਾਜ ਸੀ । ਝੰਗ ਸਿਆਲ ਵਿੱਚ ਚੂਚਕ ਦੇ ਘਰ ਚਾਰ ਪੁੱਤ ਹੋਏ-ਖ਼ਾਨ , ਸੁਲਤਾਨ , ਪਠਾਣ ਤੇ ਬਹਾਦਰ । ਫਿਰ ਧੀ ਨੇ ਜਨਮ ਲਿਆ । ਨਾਂ ਉਸ ਦਾ ਰੱਖਿਆ , ਹੀਰ । ਸਰਫ਼ੇ ਦੀ ਔਲਾਦ । ਚੂਚਕ ਨੇ ਉਸ ਨੂੰ ਬਹੁਤ ਲਾਡਾਂ ਨਾਲ ਪਾਲਿਆ । ਛੋਟੀ ਉਮਰੇ ਹੀ ਉਸ ਦੀ ਮੰਗਣੀ ਖੇੜਿਆਂ ਦੇ ਮੁੰਡੇ ਨਾਲ ਕਰ ਦਿੱਤੀ । ਸਹੇਲੀਆਂ ਨਾਲ ਉਹ ਤੀਆਂ ਖੇਡਦੀ , ਬੇਲੇ ਵਿੱਚ ਪੀਂਘਾਂ ਝੂਟਦੀ ਤੇ ਦਰਿਆ ਵਿੱਚ ਬੇੜੀ ਚਲਾਉਂਦੀ ।

        ਇੱਕ ਦਿਨ ਨੂਰੇ ਚੰਧੜ ਦੀ ਬੇੜੀ ਨੂੰ ਲੁੱਡਣ ਮਲਾਹ ਨੇ ਦਰਿਆ ਵਿੱਚ ਰੋੜ੍ਹ ਦਿੱਤਾ । ਹੀਰ ਨੇ ਉਹ ਬੇੜੀ ਆਪਣੇ ਪੱਤਣ `ਤੇ ਬੰਨ੍ਹ ਲਈ । ਇਸੇ ਗੱਲੋਂ ਨੂਰੇ ਨਾਲ ਝੜੱਪ ਹੋ ਗਈ । ਹੀਰ ਨੇ ਆਪਣੇ ਭਰਾਵਾਂ ਨੂੰ ਦੱਸਣ ਤੋਂ ਬਿਨਾਂ ਹੀ ਚੰਧੜ ਦਾ ਟਾਕਰਾ ਕੀਤਾ ਤੇ ਉਸ ਨੂੰ ਹਾਰ ਦਿੱਤੀ ।

        ਉਸ ਸਮੇਂ ਹੀ ਮੌਜ਼ਮ ਚੌਧਰੀ ਦੇ ਘਰ ਤਖ਼ਤ ਹਜ਼ਾਰੇ ਧੀਦੋ ਰਾਂਝਾ ਜੰਮਿਆ ਸੀ । ਚੌਹਾਂ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਉਹ । ਛੇ ਸਾਲ ਦੀ ਉਮਰ ਵਿੱਚ ਹੀ ਮਾਂ ਦਾ ਸਾਇਆ ਸਿਰ ਤੋਂ ਉੱਠ ਗਿਆ । ਮੌਜ਼ਮ ਨੇ ਯਾਕੂਬ ਵੜਾਇਚ ਦੀ ਧੀ ਨਾਲ ਉਸ ਦੀ ਮੰਗਣੀ ਕਰ ਦਿੱਤੀ । ਵਿਆਹ ਰੱਖਿਆ ਹੋਇਆ ਸੀ ਕਿ ਮੌਜ਼ਮ ਵੀ ਪ੍ਰਲੋਕ ਸਿਧਾਰ ਗਿਆ । ਭਰਾਵਾਂ ਦੇ ਦਿਲ ਵਿੱਚ ਖੋਟ ਸੀ । ਉਹ ਛੋਟੇ ਭਰਾ ਦਾ ਫਸਤਾ ਵੱਢਣਾ ਚਾਹੁੰਦੇ ਹਨ । ਧੀਦੋ ਨੂੰ ਇਹ ਗੱਲ ਖੁੜਕ ਗਈ ਤੇ ਉਹ ਘਰੋਂ ਨਿਕਲ ਗਿਆ । ਰਾਹ ਵਿੱਚ ਇੱਕ ਮਸੀਤੇ ਠਹਿਰਿਆ ਜਿੱਥੇ ਇੱਕ ਝਿਉਰੀ ਦੀ ਧੀ ਉਸ ਉਤੇ ਮੋਹਿਤ ਹੋ ਗਈ । ਉਹ ਆਪਣੀ ਮਾਂ ਨੂੰ ਆਖਣ ਲੱਗੀ :

ਹਿੱਕ ਸੁਣੇਂਦੀ , ਲਖ ਸੁਣੇਸੀ , ਜੇ ਮੈਂ ਮੂੰਹ ਤੋਂ ਪੱਲੂ ਲਾਹਿਆ ।

ਮੈਂ ਤਾਂ ਮੁੱਲ ਬਗੈਰ ਵਿਕਾਣੀ , ਤਾਂ ਮੈਂ ਕੂਕ ਸੁਣਾਇਆ ।

ਜਿਉਂ ਜਾਣੇ ਤਿਉਂ ਦੇਹਿ ਆਸਾਨੂੰ , ਬਖਤੇ ਮੈਂ ਹੱਥ ਆਇਆ ।

                  ਨਹੀਂ ਤਾਂ ਮੈਂ ਆਪੇ ਵੈਂਦੀ ਆਹੂ , ਸ਼ਰਮ ਅਸਾਂ ਸਭ ਲਾਹਿਆ ।

        ਤੇ ਜਦ ਮਾਂ ਨੇ ਖ਼ੁਦ ਧੀਦੋ ਨੂੰ ਦੇਖਿਆ ਤੇ ਉਹ ਵੀ ਦਿਲ ਫੜ ਕੇ ਬੈਠ ਕੇ ਗਈ :

ਨਾਹੀਂ ਕੁੜੀ ਆਹੀ ਸੱਚੀ , ਕੇ ਇਸ ਆਖ ਸੁਣਾਈ ।

ਨਾਹੀਂ ਮਾਊ ਪੀਊ ਜਾਇਆ , ਕਿਸ ਜ਼ਬਾਨ ਸਲਾਹੀਂ ।

ਵੇਖ ਵਿਕਾਣੀ ਝੀਵਰਆਣੀ , ਕਦਮ ਉਠੀਉਸੁ ਨਾਹੀਂ ।

                  ਹੈ ਜੇ ਚੁਖ ਵਡੇਰਾ ਹੋਵੇ , ਮੈਂ ਆਪ ਨਿਕਾਹ ਬਨ੍ਹਾਈਂ ।

        ਮਾਂ-ਧੀ ਦੇ ਮਨਸੂਬੇ ਦੇਖ ਕੇ ਧੀਦੋ ਅਛੋਪਲੇ ਹੀ ਮਸੀਤ ਵਿੱਚੋਂ ਖਿਸਕ ਗਿਆ ।

        ਫਿਰ ਝਨਾਂ ਦੇ ਕੰਢੇ ਪੰਜਾਂ ਪੀਰਾਂ ਨਾਲ ਉਸ ਦੀ ਭੇਟ ਹੁੰਦੀ ਹੈ । ਲੁੱਡਣ ਨੇ ਬੇੜੀ ਵਿੱਚ ਡੱਠੇ ਰਾਂਗਲੇ ਪਲੰਘ ਉੱਤੇ ਉਸ ਨੂੰ ਸਵਾਇਆ । ਜਦ ਹੀਰ ਨੇ ਉਸ ਨੂੰ ਪਲੰਘ ਉੱਤੇ ਪਏ ਨੂੰ ਦੇਖਿਆ ਤਾਂ ਉਹ ਉਸ ਉੱਤੇ ਮੋਹਿਤ ਹੋ ਗਈ । ਤੇ ਫਿਰ ਆਪਣੇ ਬਾਪ ਨਾਲ ਉਸ ਦੀ ਜਾਣ ਪਛਾਣ ਕਰਾਈ । ਧੀਦੋ ਨੇ ਮੱਝਾਂ ਚਾਰਨ ਦਾ ਕੰਮ ਸਾਂਭ ਲਿਆ । ਚੁਫੇਰੇ ਹੀਰ ਨਾਲ ਉਸ ਦੇ ਇਸ਼ਕ ਦਾ ਚਰਚਾ ਛਿੜ ਗਿਆ । ਸਿਆਲਾਂ ਨੇ ਹੀਰ ਦਾ ਵਿਆਹ ਰੰਗਪੁਰ ਖੇੜਿਆ ਦੇ ਪੁੱਤ ਸਾਹਿਬ ਨਾਲ ਕਰ ਦਿੱਤਾ । ਰਾਂਝਾ ਲਾਗੀ ਬਣ ਕੇ ਡੋਲੀ ਨਾਲ ਚਲਾ ਗਿਆ । ਖੇੜਿਆਂ ਨੂੰ ਉਸ ਉੱਤੇ ਸ਼ੱਕ ਪੈ ਗਿਆ । ਉੱਥੋਂ ਦੌੜ ਕੇ ਉਹ ਇੱਕ ਤਕੀਏ ਬੈਠ ਕੇ ਦਿਨ ਕਟੀ ਕਰਨ ਲੱਗਾ ।

        ਹੀਰ ਤੇ ਉਸ ਦੀ ਨਨਾਣ ਸਹਿਤੀ ਦਾ ਰਾਜ ਸਾਂਝਾ ਸੀ । ਹੀਰ ਨੇ ਝੂਠੀ-ਮੂਠੀ ਦਾ ਸੱਪ ਲੜਾ ਲਿਆ । ਇਲਾਜ ਕਰਨ ਲਈ ਰਾਂਝਾ ਜੋਗੀ ਬਣ ਕੇ ਰੰਗਪੁਰ ਆ ਗਿਆ । ਅੱਧੀ ਰਾਤੀਂ ਕੰਧ ਪਾੜ ਕੇ ਉਹ ਹੀਰ ਨੂੰ ਲੈ ਕੇ ਫਰਾਰ ਹੋ ਗਿਆ । ਖੇੜਿਆਂ ਦਾ ਵਾਹਰ ਤੇ ਨਾਹੜਾਂ ਦੀ ਹੀਰ ਰਾਂਝੇ ਨੂੰ ਪਨਾਹ । ਮੁਆਮਲਾ ਕੋਟ ਕਬੂਲੇ ਦੇ ਕਾਜ਼ੀ ਕੋਲ ਪਹੁੰਚਾ ਤੇ ਕਾਜ਼ੀ ਨੇ ਹੀਰ ਨੂੰ ਖੇੜਿਆਂ ਹਵਾਲੇ ਕਰ ਦਿੱਤਾ । ਰੱਬ ਦਾ ਭਾਣਾ ਇਹ ਵਰਤਿਆ ਕਿ ਕੋਟ ਕਬੂਲੇ ਨੂੰ ਅੱਗ ਲੱਗ ਗਈ । ਇਸ ਕਹਿਰ ਦੇ ਖ਼ੌਫ਼ ਤੋਂ ਡਰ ਕੇ ਕਾਜ਼ੀ ਨੇ ਹੀਰ ਰਾਂਝੇ ਦੇ ਲੜ ਲਾ ਦਿੱਤੀ । ਫੇਰ ਉਹ ਦੋਵੇਂ ਜਣੇ ਮੱਕੇ ਨੂੰ ਚਲੇ ਗਏ ।

        ਦਮੋਦਰ ਦੀ ਹੀਰ ਇੱਕ ਸੁਖਾਂਤ ਹੈ ਜਦ ਕਿ ਵਾਰਿਸ ਸ਼ਾਹ ਦੀ ਰਚਨਾ ਦੁਖਾਂਤ ਵਿੱਚ ਮੁੱਕਦੀ ਹੈ । ਦੋਹਾਂ ਦੀ ਕਹਾਣੀ ਵਿੱਚ ਇਹੋ ਵੱਡਾ ਫ਼ਰਕ ਹੈ ।

        ਦਮੋਦਰ ਦੇ ਕਿੱਸੇ ਦੀ ਬੋਲੀ ਵਧੇਰੇ ਕਰ ਕੇ ਕੇਂਦਰੀ ਪੰਜਾਬੀ ਹੈ ਪਰ ਕਿਧਰੇ-ਕਿਧਰੇ ਪਾਤਰਾਂ ਦੇ ਬੋਲਾਂ ਵਿੱਚ ਇਲਾਕੇ ਦੀ ਬੋਲੀ ਦੀ ਰੰਗਤ ਹੈ । ਮੁਹਾਵਰਿਆਂ ਦੀ ਚੋਣ ਬੜੀ ਢੁੱਕਵੀਂ ਹੈ । ਉਪਮਾਵਾਂ , ਰੂਪਕ ਤੇ ਅਲੰਕਾਰ ਆਮ ਜੀਵਨ ਵਿੱਚੋਂ ਲਏ ਗਏ ਹਨ :

ਸਿਕ ਸਿਆਲੀਂ ਹੀਰੇ , ਕੀਕਣ ਜੀਕਣ ਕੱਚਾ ਪਾਰਾ

                  ਤੜਫੇ ਸਹੀ ਨਿਹਾਇਤ ਮੱਛੀ , ਗਲਦਾ ਪਿੰਡ ਵਿਚਾਰਾ

ਵਿੱਚ ਮਸੀਤੇ ਚੰਨ ਫਥਿਓਈ , ਮੈਂ ਵਰ ਨੀਹੇਂ ਦੇਂਦੀ ।

                  ਬੱਗਾ ਸ਼ੀਂਹ ਫਿਰੇ ਵਿੱਚ ਝੱਲਾਂ , ਪੌਂਦੀ ਧ੍ਰੋਹੀ ਜੈਂਦੀ ।

        ਦਮੋਦਰ ਦੇ ਕਿੱਸੇ ਵਿੱਚ ਪੰਜਾਬ ਦੇ ਦਰਿਆਵਾਂ , ਬੇਲਿਆਂ , ਚਰਾਂਦਾਂ , ਫ਼ਸਲਾਂ , ਜੱਟਾਂ ਦੇ ਨਿਤ ਜੀਵਨ , ਵਿਆਹ ਸ਼ਾਦੀਆਂ ਦੀਆਂ ਰੀਤਾਂ ਤੇ ਰਸਮਾਂ ਦੀਆਂ ਰਾਂਗਲੀਆਂ ਝਾਕੀਆਂ ਹਨ । ਸਮੁੱਚੇ ਸਮਾਜਿਕ ਜੀਵਨ ਲਈ ਵੀ ਦਮੋਦਰ ਨੇ ਕਈ ਤੱਤ ਵਰਤੇ ਹਨ । ਧੀਆਂ ਬਾਰੇ ਮਾਪਿਆਂ ਦੀ ਜ਼ੁੰਮੇਵਾਰੀ ਦੀ ਮਿਸਾਲ :

ਹੀਰ ਤੇਰੇ ਘਰ ਵੱਡੀ ਹੋਈ , ਕੀਚੇ ਸਾਕ ਕਿਦਾਈਂ ।

                  ਆਖਰ ਮਾਲ ਪਰਾਇਆ ਏਹੋ , ਰੱਖਿਆ ਬਣਦੀ ਨਾਹੀਂ ।

        ਦਮੋਦਰ ਨੇ ‘ ਹੀਰ` ਦਾ ਕਿੱਸਾ ਲਿਖ ਕੇ ਬਿਆਨੀਆਂ ਕਾਵਿ-ਸਾਹਿਤ ਦੀ ਨੀਂਹ ਰੱਖੀ । ਇਹ ਰਚਨਾ ਉਸ ਦੇ ਉਤਰਵਰਤੀ ਕਿੱਸਾਕਾਰਾਂ ਲਈ ਪ੍ਰੇਰਨਾ ਦਾ ਆਧਾਰ ਬਣ ਗਈ ।


ਲੇਖਕ : ਬਖਸ਼ੀਸ਼ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 10315, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਦਮੋਦਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਦਮੋਦਰ . ਦੇਖੋ , ਦਾਮੋਦਰ ੨. “ ਸੰਤ ਕ੍ਰਿਪਾਲ ਦਇਆਲ ਦਮੋਦਰ.” ( ਧਨਾ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8978, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਦਮੋਦਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਦਮੋਦਰ ਵੇਖੋ ਦਾਮੋਦਰ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.