ਦਸਮ ਦੁਆਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਦਸਮ ਦੁਆਰ: ਭਾਰਤੀ ਧਰਮ-ਸਾਧਨਾ ਵਿਚ ਅਤੇ ਖ਼ਾਸ ਕਰ ਹਠ-ਯੋਗ ਵਿਚ, ਇਸ ਸੰਕਲਪ ਬਾਰੇ ਵਿਚਾਰ ਹੋਇਆ ਹੈ। ਯੋਗ ਮਤ ਅਨੁਸਾਰ ਸ਼ਰੀਰ ਵਿਚ 72000 ਨਾੜੀਆਂ ਹਨ, ਪਰ ਉਨ੍ਹਾਂ ਵਿਚੋਂ ਤਿੰਨ ਦਾ ਮਹੱਤਵ ਅਧਿਕ ਹੈ—ਇੜਾ, ਪਿੰਗਲਾ ਅਤੇ ਸੁਖਮਨਾ। ਇਨ੍ਹਾਂ ਵਿਚੋਂ ਸੁਖਮਨਾ ਨਾੜੀ ਰਾਹੀਂ ਕੁੰਡਲਿਨੀ ਉਪਰ ਵਲ ਚਲਦੀ ਹੈ। ਇਸ ਦੇ ਖੱਬੇ ਸੱਜੇ ਇੜਾ ਅਤੇ ਪਿੰਗਲਾ ਨਾੜੀਆਂ ਹਨ। ਇੜਾ ਦਾ ਸੁਭਾ ਸ਼ੀਤਲ ਹੈ, ਇਸ ਲਈ ਇਸ ਨੂੰ ਚੰਦ੍ਰਮਾ ਨਾੜੀ ਵੀ ਮੰਨਿਆ ਜਾਂਦਾ ਹੈ। ਪਿੰਗਲਾ ਗਰਮ ਸੁਭਾ ਦੀ ਹੈ ਇਸ ਲਈ ਇਸ ਨੂੰ ਸੂਰਯ ਨਾੜੀ ਦਾ ਨਾਂ ਦਿੱਤਾ ਜਾਂਦਾ ਹੈ। ਸੁਖਮਨਾ ਇਨ੍ਹਾਂ ਦੇ ਮੱਧਵਰਤੀ ਅਤੇ ਚੰਦ੍ਰ-ਸੂਰਯ-ਅਗਨੀ-ਸਰੂਪਾ ਹੋਣ ਕਰਕੇ ਸਰਸਵਤੀ ਨਾੜੀ ਅਖਵਾਉਂਦੀ ਹੈ। ਇਨ੍ਹਾਂ ਤਿੰਨਾਂ ਨਾੜੀਆਂ ਦਾ ਸੰਗਮ (ਤ੍ਰਿਵੇਣੀ) ਬ੍ਰਹਮਰੰਧ੍ਰ ਵਿਚ ਹੁੰਦਾ ਹੈ। ਇਹ ਬ੍ਰਹਮਰੰਧ੍ਰ ਮਸਤਕ ਦੇ ਮੱਧ ਵਿਚ ਕਲਪਿਤ ਇਕ ਰੰਧ੍ਰ (ਛੇਦ) ਹੈ। ਯੋਗੀਆਂ ਦੇ ਪ੍ਰਾਣ ਇਸੇ ਰੰਧ੍ਰ ਨੂੰ ਵਿੰਨ੍ਹ ਕੇ ਨਿਕਲਦੇ ਹਨ ਅਤੇ ਇਸ ਨਾਲ ਉਨ੍ਹਾਂ ਨੂੰ ਬ੍ਰਹਮਤ੍ਵ ਦੀ ਪ੍ਰਾਪਤੀ ਹੁੰਦੀ ਹੈ। ਸ਼ਰੀਰ ਵਿਚਲੇ ਨੌ ਦੁਆਰ ਸਦਾ ਖੁਲ੍ਹੇ ਰਹਿੰਦੇ ਹਨ, ਪਰ ਬ੍ਰਹਮਰੰਧ੍ਰ ਬੰਦ ਰਹਿਣ ਵਾਲਾ ਦਸਵਾਂ ਦੁਆਰ ਹੈ। ਇਸ ਨੂੰ ਹਠ-ਸਾਧਨਾ ਰਾਹੀਂ ਖੋਲ੍ਹਣਾ ਪੈਂਦਾ ਹੈ। ਇਸ ਦੇ ਖੁਲ੍ਹਣ ਨਾਲ ਸਹਸ੍ਰਾਰਚਕ੍ਰ ਤੋਂ ਅੰਮ੍ਰਿਤ ਰਸ ਝਰਨ ਲਗਦਾ ਹੈ। ਇਸ ਰਸ ਨਾਲ ਹੀ ਯੋਗੀ ਨੂੰ ਅਮਰ- ਕਾਇਆ ਦੀ ਪ੍ਰਾਪਤੀ ਹੁੰਦੀ ਹੈ।
ਬ੍ਰਹਮਰੰਧ੍ਰ ਦੇ ਕਲਪਿਤ ਸੰਕਲਪ ਤੋਂ ਹੀ ‘ਦਸਮ ਦੁਆਰ’ ਦਾ ਸੰਕਲਪ ਵਿਕਸਿਤ ਹੁੰਦਾ ਹੈ। ਇਸ ਵਿਚਾਰ ਦਾ ਆਰੰਭ ਬੋਧੀ ਸਿੱਧਾਂ ਦੀਆਂ ਬਾਣੀਆਂ ਤੋਂ ਹੁੰਦਾ ਹੈ। ਉਸ ਤੋਂ ਬਾਦ ਇਹ ਨਾਥ ਜੋਗੀਆਂ ਦੀ ਟਕਸਾਲ ਦਾ ਸਿੱਕਾ ਬਣਦਾ ਹੈ। ਸੰਤਾਂ ਤਕ ਪਹੁੰਚਣ’ਤੇ ਇਹ ਹਠ-ਸਾਧਨਾ ਦੀ ਥਾਂ ਭਗਤੀ ਦੁਆਰਾ ਪ੍ਰਾਪਤ ਕੀਤਾ ਮੰਨਿਆ ਜਾਣ ਲਗਾ। ਇਸ ਤਰ੍ਹਾਂ ਇਸ ਦੀ ਅਨੀਸ਼ਵਰਵਾਦਿਤਾ ਈਸ਼ਵਰਵਾਦੀ ਰੂਪ ਵਿਚ ਵਟ ਜਾਂਦੀ ਹੈ। ਮੱਧ-ਯੁਗ ਦੇ ਧਰਮ-ਸਾਧਕਾਂ ਨੇ ਸ਼ਰੀਰ ਵਿਚ ਨੌਂ ਦੁਆਰਾਂ ਜਾਂ ਛਿਦ੍ਰਾਂ ਦੀ ਗੱਲ ਕਈ ਵਾਰ ਕਹੀ ਹੈ। ਇਹ ਨੌਂ ਛ੍ਰਿਦ ਹਨ— ਦੋ ਕੰਨ , ਦੋ ਅੱਖਾਂ, ਦੋ ਨਾਸਾਂ, ਇਕ ਮੂੰਹ , ਇਕ ਗੁਦਾ , ਇਕ ਲਿੰਗ ਜਾਂ ਭਗ। ਇਨ੍ਹਾਂ ਛਿਦ੍ਰਾਂ ਰਾਹੀਂ ਜੀਵਾਤਮਾ ਗਿਆਨ ਪ੍ਰਾਪਤ ਕਰਦੀ ਅਥਵਾ ਕਰਮ-ਲੀਨ ਹੁੰਦੀ ਹੈ। ਰਹੱਸਵਾਦੀ ਸਾਧਕਾਂ ਨੇ ਪਰਮਾਤਮਾ ਦੇ ਨਿਵਾਸ ਲਈ ਇਨ੍ਹਾਂ ਨੌਂ ਛਿਦ੍ਰਾਂ ਤੋਂ ਵਖ ਜਿਸ ਸਥਾਨ ਦੀ ਕਲਪਨਾ ਕੀਤੀ ਹੈ, ਉਹ ਉਨ੍ਹਾਂ ਦੀ ਭਾਸ਼ਾ ਵਿਚ ‘ਦਸਮ-ਦੁਆਰ’ ਹੈ। ਇਸ ਦੀ ਸ਼ਰੀਰ ਵਿਚ ਸਥਿਤੀ ਸਪੱਸ਼ਟ ਨਹੀਂ ਹੈ— ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ। (ਗੁ.ਗ੍ਰੰ.1031)। ਨਉਦਰਵਾਜੇ ਕਾਇਆ ਕੋਟਿ ਹੈ ਦਸਵੈ ਗੁਪਤੁ ਰਖੀਜੈ। (ਗੁ.ਗ੍ਰੰ.954)। ਅਸਲ ਵਿਚ, ਇਹ ਅਨੁਭਵ ਦੀ ਗੱਲ ਹੈ, ਇਸ ਨੂੰ ਤਰਕ ਰਾਹੀਂ ਸਿੱਧ ਨਹੀਂ ਕੀਤਾ ਜਾ ਸਕਦਾ। ਬੇਣੀ ਭਗਤ ਅਨੁਸਾਰ ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ। (ਗੁ.ਗ੍ਰੰ. 974)। ਇਸ ਤਰ੍ਹਾਂ ‘ਦਸਮ ਦੁਆਰ’ ਪਰਮ ਸੱਤਾ ਦਾ ਨਿਵਾਸ ਸਿੱਧ ਹੁੰਦਾ ਹੈ— ਦਸਵੇ ਵਾਸਾ ਅਲਖ ਅਪਾਰੈ।
ਗੁਰੂ ਅਮਰਦਾਸ ਜੀ ਨੇ ‘ਅਨੰਦੁ ’ ਨਾਂ ਦੀ ਬਾਣੀ ਵਿਚ ਦਸਮ-ਦੁਆਰ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ਉਸ ਦਾ ਅਹਿਸਾਸ ਗੁਰੂ ਦੁਆਰਾ ਸੰਭਵ ਦਸਿਆ ਹੈ— ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ। ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ। ਗੁਰਦਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ। ਤਹਿ ਅਨੇਕ ਰੂਪ ਨਾਉ ਨਵਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ।... (ਗੁ.ਗ੍ਰੰ.922)। ਇਸ ਦੁਆਰ ਨੂੰ ‘ਬਜਰ ਕਪਾਟ’ ਕਹਿੰਦੇ ਹੋਇਆਂ ਇਸ ਦਾ ਖੁਲ੍ਹਣਾ ਗੁਰੂ ਤੋਂ ਬਿਨਾ ਅਸੰਭਵ ਦਸਿਆ ਗਿਆ ਹੈ—ਬਜਰ ਕਪਾਟ ਨ ਖੁਲਨੀ ਗੁਰਸਬਦਿ ਖੁਲੀਜੈ। (ਗੁ.ਗ੍ਰੰ.954)। ਇਸ ਦੁਆਰ’ਤੇ ‘ਅਨਹਦ ਸ਼ਬਦ ’ ਦੀ ਧੁਨੀ ਹੁੰਦੀ ਹੈ ਜਿਸ ਨੂੰ ਸੁਣ ਕੇ ਆਤਮ-ਪਰਮਾਤਮਾ ਦਾ ਏਕਾਕਾਰ ਹੁੰਦਾ ਹੈ— ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ। (ਗੁ.ਗ੍ਰੰ.1069)। ਇਥੇ ਇਹ ਵੀ ਧਿਆਨ ਰਖਣ ਦੀ ਗੱਲ ਹੈ ਕਿ ਅਨਹਦ ਨਾਦ ਆਪਣੇ ਆਪ ਸੁਣਿਆ ਨਹੀਂ ਜਾ ਸਕਦਾ, ਇਸ ਲਈ ਗੁਰੂ-ਸ਼ਬਦ ਦੀ ਲੋੜ ਹੈ— ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ। (ਗੁ.ਗ੍ਰੰ.954)। ਇਥੇ ਹੀ ਅੰਮ੍ਰਿਤ ਰੂਪੀ ਨਾਮ ਝਰਦਾ ਹੈ—ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ। (ਗੁ.ਗ੍ਰੰ.1002)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6893, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First