ਧਨਾਸਰੀ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਧਨਾਸਰੀ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 93 ਚਉਪਦੇ , ਤਿੰਨ ਅਸ਼ਟਪਦੀਆਂ , ਪੰਜ ਛੰਤ ਦਰਜ ਹਨ । ਭਗਤ-ਬਾਣੀ ਦੇ ਪ੍ਰਸੰਗ ਵਿਚ ਦਰਜ 17 ਸ਼ਬਦਾਂ ਵਿਚੋਂ ਪੰਜ ਸ਼ਬਦ ਕਬੀਰ ਦੇ , ਪੰਜ ਨਾਮਦੇਵ ਦੇ , ਤਿੰਨ ਰਵਿਦਾਸ ਦੇ , ਇਕ ਇਕ ਤ੍ਰਿਲੋਚਨ , ਸੈਣ , ਪੀਪਾ ਅਤੇ ਧੰਨਾ ਦੇ ਹਨ ।

                      ਚਉਪਦੇ ਪ੍ਰਕਰਣ ਦੇ ਗੁਰੂ ਨਾਨਕ ਦੇਵ ਜੀ ਦੇ ਲਿਖੇ ਨੌਂ ਚਉਪਦਿਆਂ ਵਿਚੋਂ ਸੱਤ ਚਾਰ ਚਾਰ ਪਦਿਆਂ ਵਾਲੇ ਅਤੇ ਦੋ ਪੰਜ ਪੰਜ ਪਦਿਆਂ ਵਾਲੇ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਸਾਰੇ ਡਰਾਂ ਅਤੇ ਦੁਖਾਂ ਦਾ ਸਮਾਧਾਨ ਪਰਮਾਤਮਾ ਦੇ ਨਾਮ ਵਿਚ ਦਸਿਆ ਹੈ । ਗੁਰੂ ਅਮਰਦਾਸ ਜੀ ਦੇ ਨੌਂ ਸ਼ਬਦਾਂ ਵਿਚੋਂ ਅੱਠ ਚਉਪਦੇ ਹਨ ਅਤੇ ਇਕ ਤ੍ਰਿਪਦਾ । ਇਨ੍ਹਾਂ ਵਿਚ ਗੁਰੂ ਜੀ ਨੇ ਨਾਮ ਦੀ ਮਹਿਮਾ ਦਸ ਕੇ ਇਹ ਸਪੱਸ਼ਟ ਕੀਤਾ ਹੈ ਕਿ ਨਾਮ ਦੀ ਪ੍ਰਾਪਤੀ ਗੁਰੂ ਰਾਹੀਂ ਹੁੰਦੀ ਹੈ । ਗੁਰੂ ਰਾਮਦਾਸ ਜੀ ਦੇ 13 ਚਉਪਦਿਆਂ ਵਿਚੋਂ ਸੱਤ ਵਿਚ ਚਾਰ ਚਾਰ ਪਦੇ ਹਨ ਅਤੇ ਛੇ ਵਿਚ ਦੋ ਦੋ ਦੇ ਜੁੱਟ ਹਨ । ਇਨ੍ਹਾਂ ਪਦਿਆਂ ਦਾ ਮੁੱਖ ਵਿਸ਼ਾ ਪਰਮਾਤਮਾ ਨੂੰ ਮਿਲਣ ਦੀ ਇੱਛਾ ਅਤੇ ਉਸ ਇੱਛਾ ਨੂੰ ਪੂਰਾ ਕਰਨ ਲਈ ਗੁਰੂ ਅਤੇ ਸਾਧ-ਸੰਗਤ ਦੀ ਲੋੜ ਦਸੀ ਗਈ ਹੈ । ਗੁਰੂ ਅਰਜਨ ਦੇਵ ਜੀ ਦੇ ਲਿਖੇ 58 ਚਉਪਦਿਆਂ ਵਿਚੋਂ ਕੇਵਲ 18 ਚਾਰ ਚਾਰ ਪਦਿਆਂ ਵਾਲੇ , ਬਾਕੀ ਦੇ 33 ਦੁਪਦੇ , ਪੰਜ ਤ੍ਰਿਪਦੇ ਅਤੇ ਦੋ ਪੰਚਪਦੇ ਹਨ । ਇਨ੍ਹਾਂ ਵਿਚ ਗੁਰਮਤਿ ਦੇ ਅਨੇਕ ਸਿੱਧਾਂਤਾਂ ਉਤੇ ਪ੍ਰਕਾਸ਼ ਪਾਇਆ ਗਿਆ ਹੈ । ਨੌਵੇਂ ਗੁਰੂ ਜੀ ਨੇ ਆਪਣੇ ਚਾਰ ਚਉਪਦਿਆਂ ਵਿਚ ਹਰਿ ਨੂੰ ਬਨ ਵਿਚ ਖੋਜਣ ਦੀ ਥਾਂ ਤੇ ਅੰਦਰ ਲਭਣ ਦੀ ਤਾਕੀਦ ਕੀਤੀ ਹੈ ।

ਅਸ਼ਟਪਦੀਆਂ ਪ੍ਰਕਰਣ ਵਿਚੋਂ ਦੋ ਗੁਰੂ ਨਾਨਕ ਦੇਵ ਜੀ ਦੀਆਂ ਹਨ । ਇਨ੍ਹਾਂ ਵਿਚ ਮਨ ਦੇ ਸੰਸੇ ਨੂੰ ਦੂਰ ਕਰਨ ਲਈ ਗੁਰੂ ਦੀ ਸ਼ਰਣ ਵਿਚ ਜਾਣ ਦਾ ਉਪਦੇਸ਼ ਹੈ । ਪੰਜਵੇਂ ਗੁਰੂ ਦੀ ਲਿਖੀ ਇਕ ਅਸ਼ਟਪਦੀ ਵਿਚ ਇਸ ਸੁਆਲ ਦਾ ਉੱਤਰ ਹੈ ਕਿ ਮਾਇਆ ਦੇ ਪ੍ਰਪੰਚ ਤੋਂ ਕੌਣ ਬਚਾ ਸਕਦਾ ਹੈ ? ਅਸਲ ਵਿਚ , ਬਚਾਉਣ ਵਾਲਾ ਤਾਂ ਕੇਵਲ ਪਰਮਾਤਮਾ ਹੈ , ਬਾਕੀਆਂ ਵਿਚ ਕੋਈ ਸਮਰਥਤਾ ਨਹੀਂ ਹੈ ।

                      ਛੰਤ ਸਿਰਲੇਖ ਅਧੀਨ ਦਰਜ ਕੁਲ ਪੰਜ ਛੰਤਾਂ ਵਿਚੋਂ ਪਹਿਲੇ ਤਿੰਨ ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਇਕ ਵਿਚ ਚਾਰ ਅਤੇ ਦੂਜੇ ਦੋਹਾਂ ਵਿਚ ਪੰਜ ਪੰਜ ਪਦੇ ਹਨ । ਇਨ੍ਹਾਂ ਵਿਚ ਤਰਕ-ਪੂਰਵਕ ਨਾਮ ਦੇ ਮਹੱਤਵ ਅਤੇ ਸਿਮਰਨ ਦੀ ਲੋੜ ਨੂੰ ਦਰਸਾਇਆ ਗਿਆ ਹੈ । ਗੁਰੂ ਰਾਮਦਾਸ ਨੇ ਪੰਜ ਪਦਿਆਂ ਦੇ ਆਪਣੇ ਇਕ ਛੰਤ ਵਿਚ ਪ੍ਰਭੂ ਦੇ ਸੰਯੋਗ ਦਾ ਅਨੁਭਵ ਗੁਰੂ ਅਤੇ ਸਾਧ-ਸੰਗਤ ਦੁਆਰਾ ਦਸਿਆ ਹੈ । ਇਸੇ ਗੱਲ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਵੀ ਚਾਰ ਪਦਿਆਂ ਦੇ ਆਪਣੇ ਇਕ ਛੰਤ ਵਿਚ ਕੀਤੀ ਹੈ ।

                      ਭਗਤ ਬਾਣੀ ਪ੍ਰਕਰਣ ਵਿਚ ਕਬੀਰ ਜੀ ਨੇ ਆਪਣੇ ਪੰਜ ਸ਼ਬਦਾਂ ਵਿਚ ਅਨੇਕ ਮਿਥਿਹਾਸਿਕ ਹਵਾਲਿਆਂ ਨਾਲ ਮਨੁੱਖ ਨੂੰ ਦਸਿਆ ਹੈ ਕਿ ਹਰ ਪ੍ਰਕਾਰ ਦੇ ਭਰਮਾਂ ਨੂੰ ਤਿਆਗ ਕੇ ਨਾਮ-ਸਿਮਰਨ ਵਿਚ ਲੀਨ ਹੋਣਾ ਚਾਹੀਦਾ ਹੈ । ਭਗਤ ਨਾਮਦੇਵ ਨੇ ਆਪਣੇ ਪੰਜ ਸ਼ਬਦਾਂ ਵਿਚ ਪੁਰਾਤਨ ਸੰਕੇਤਾਂ ਨਾਲ ਜਿਗਿਆਸੂ ਨੂੰ ਦਸਿਆ ਹੈ ਕਿ ਮਾਇਆ ਦੇ ਛਲਾਵੇ ਤੋਂ ਬਚ ਕੇ ਹਰਿ-ਨਾਮ ਵਿਚ ਪ੍ਰੇਮ ਪਾਉਣਾ ਚਾਹੀਦਾ ਹੈ । ਭਗਤ ਰਵਿਦਾਸ ਨੇ ਆਪਣੇ ਤਿੰਨ ਸ਼ਬਦਾਂ ਵਿਚ ਪਰਮਾਤਮਾ ਦੇ ਪ੍ਰੇਮ ਦੀ ਗੱਲ ਕਰਦਿਆਂ ਨਾਮ-ਸਿਮਰਨ ਨੂੰ ਵਿਸ਼ੇਸ਼ ਸਥਾਨ ਦਿੱਤਾ ਹੈ । ਇਸ ਤੋਂ ਬਾਦ ਚਾਰ ਭਗਤਾਂ ਦਾ ਇਕ ਇਕ ਸ਼ਬਦ ਹੈ । ਭਗਤ ਤ੍ਰਿਲੋਚਨ ਨੇ ਆਪਣੇ ਅੰਦਰੋਂ ਦੋਸ਼ਾਂ ਨੂੰ ਕਢਣ ਉਤੇ ਜ਼ੋਰ ਦਿੱਤਾ ਹੈ । ਭਗਤ ਸੈਣ ਨੇ ਸਹੀ ਆਰਤੀ ਲਈ ਧੂਪ-ਦੀਪ ਦੀ ਥਾਂ ਦਿਲ ਦਾ ਸਚਾ ਪਿਆਰ ਜ਼ਰੂਰੀ ਸਮਝਿਆ ਹੈ । ਭਗਤ ਪੀਪਾ ਨੇ ਦਿਖਾਵੇ ਵਾਲੀ ਭਗਤੀ ਦੀ ਥਾਂ ਅੰਦਰੋਂ , ਸਚੇ ਦਿਲ ਤੋਂ ਭਗਤੀ ਜਾਂ ਪੂਜਾ ਕਰਨ ਦੀ ਗੱਲ ਨੂੰ ਦ੍ਰਿੜ੍ਹਾਇਆ ਹੈ । ਧੰਨੇ ਭਗਤ ਨੇ ਪ੍ਰਭੂ ਵਲੋਂ ਭਗਤਾਂ ਦੇ ਕਾਰਜ ਸੰਵਾਰਨ ਦੇ ਭੇਦ ਨੂੰ ਪ੍ਰਗਟਾਇਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.