ਧਰਮ ਸ਼ਾਸਤਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Dharam Shastra_ਧਰਮ ਸ਼ਾਸਤਰ: ਧਰਮ ਸ਼ਾਸਤਰ ਜਾਂ ਮਗਰਲੇ ਕਾਲ ਦੀਆਂ ਅਧਿਕਤਰ ਸਿਮਰਤੀਆਂ ਛੰਦਬਧ ਕਵਿਤਾ ਵਿਚ ਹਨ। ਇਹ ਕਾਫ਼ੀ ਹਦ ਤਕ ਧਰਮਸੂਤਰਾਂ ਤੇ ਆਧਾਰਤ ਹਨ ਪਰ ਉਨ੍ਹਾਂ ਦਾ ਕਾਵਿਕ ਰੂਪ ਨਹੀਂ ਕਹੇ ਜਾ ਸਕਦੇ। ਅਧਿਕਤਰ ਧਰਮਸ਼ਾਸਤਰ ਤਿੰਨ ਭਾਗਾਂ ਵਿਚ ਵੰਡੇ ਹੋਏ ਹਨ-ਆਚਾਰ, ਵਿਹਾਰ ਅਤੇ ਪ੍ਰਾਯਸਚਿਤ। ਆਚਾਰ ਨਾਂ ਦੇ ਭਾਗ ਵਿਚ ਧਾਰਮਕ ਰਸਮਾਂ ਰੀਤਾਂ ਦਾ ਵਰਣਨ ਹੈ, ਦੂਜੇ ਭਾਗ ਵਿਚ ਦੀਵਾਨੀ ਕਾਨੂੰਨ ਅਤੇ ਤੀਜੇ ਵਿਚ ਪਸ਼ਚਾਤਾਪ ਜਾਂ ਪ੍ਰਾਯਸਚਿਤ। ਨਾਰਦ ਵਰਗੇ ਸਿਮਰਤੀਕਾਰ ਕੇਵਲ ਦੀਵਾਨੀ ਕਾਨੂੰਨ ਦੀ ਗੱਲ ਕਰਦੇ ਹਨ। ਜਦ ਕਿ ਮਗਰਲੇ ਸਿਮਰਤੀਕਾਰਾਂ ਨੇ ਅਸਲੀ ਕਾਨੂੰਨ ਦੇ ਨਿਯਮਾਂ ਦਾ ਵਿਸਤਾਰਪੂਰਬਕ ਵਰਣਨ ਕੀਤਾ ਹੈ। ਕਣੇ ਨੇ ਆਪਣੀ ਪ੍ਰਸਿਧ ਪੁਸਤਕ ‘ਹਿਸਟਰੀ ਔਫ਼ ਧਰਮ ਸ਼ਾਸਤਰਾਜ਼’ ਵਿਚ ਕਿਹਾ ਹੈ ਕਿ ਸਭ ਸਿਮਰਤੀਕਾਰਾਂ ਦੀਆਂ ਰਚਨਾਵਾਂ ਇਕੋ ਜਿਹੀ ਅਥਾਰਿਟੀ ਨਹੀਂ ਰਖਦੀਆਂ। ਸਿਮਰਤੀਕਾਰਾਂ ਵਿਚੋਂ ਮਨੂੰ , ਯਾਗਨਵਲਕ ਅਤੇ ਨਾਰਦ ਨੂੰ ਸਭ ਤੋਂ ਅਹਿਮ ਮੰਨਿਆ ਗਿਆ ਹੈ। ਮਨੂੰ ਸਿਮਰਤੀ ਦੇ ਅੱਠਵੇਂ ਅਧਿਆਏ ਵਿਚ ਅਠਾਰ੍ਹਾਂ ਸਿਰਲੇਖਾਂ ਅਧੀਨ ਦੀਵਾਨੀ ਅਤੇ ਫ਼ੌਜਦਾਰੀ ਕਾਨੂੰਨ ਬਿਆਨ ਕੀਤਾ ਗਿਆ ਹੈ। ਵਿਦਵਾਨਾਂ ਵਿਚ ਇਸ ਬਾਰੇ ਮਤ ਭੇਦ ਹੈ ਕਿ ਕੀ ਇਸ ਸਿਮਰਤੀ ਦਾ ਰਚਨਹਾਰ ਉਹ ਹੀ ਮਨੂੰ ਹੈ ਜਿਸ ਨੂੰ ਆਦਿ ਮਾਨਵ, ਵ੍ਰਿਧ ਅਤੇ ਬ੍ਰਿਹਤ ਕਹਿ ਕੇ ਯਾਦ ਕੀਤਾ ਗਿਆ ਹੈ। ਵੇਦਾਂ ਵਿਚ ਵੀ ਮਨੂੰ ਦੀ ਸਰਵੋਤਮ ਪੋਜ਼ੀਸ਼ਨ ਨੂੰ ਮਾਨਤਾ ਦਿੱਤੀ ਗਈ ਹੈ। ਕਣੇ ਦੇ ਮੁਤਾਬਕ ‘‘ਇਹ ਦਸਣਾ ਲਗਭਗ ਅਸੰਭਵ ਹੈ ਕਿ ਮਨੂੰ ਸਿਮਰਤੀ ਕਿਸ ਦੀ ਰਚਨਾ ਹੈ। ਇਹ ਕਹਿਣ ਦੀ ਲੋੜ ਨਹੀਂ ਕਿ ਮਿਥਿਹਾਸਕ ਮਨੂੰ ਜਿਸ ਦਾ ਜ਼ਿਕਰ ਰਿਗ ਵੇਦ ਵਿਚ ਵੀ ਹੈ ਅਤੇ ਜਿਸ ਨੂੰ ਆਦਿ ਮਾਨਵ ਕਿਹਾ ਗਿਆ ਹੈ, ਇਸ ਦਾ ਕਰਤਾ ਨਹੀਂ ਹੋ ਸਕਦਾ।’’ ਮਨੂੰ ਸਿਮਰਤੀ ਦਾ ਰਚਨਾ ਕਾਲ 200 ਈ. ਪੂ. ਦੇ ਲਾਗੇ ਚਾਗੇ ਮਿਥਿਆ ਗਿਆ ਹੈ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗਾਥਾਵਾਂ ਅਤੇ ਵਖ ਵਖ ਸਿਮਰਤੀਆਂ ਵਿਚ ਖਿੰਡੇ ਪੁੰਡੇ ਕਾਨੂੰਨ ਨੂੰ ਮਨੂੰ ਸਿਮਰਤੀ ਵਿਚ ਸੰਕਲਿਤ ਕਰ ਦਿੱਤਾ ਗਿਆ ਹੈ ਅਤੇ ਇਸ ਤਰ੍ਹਾਂ ਹਿੰਦੂ ਕਾਨੂੰਨ ਦੇ ਵਿਕਾਸ ਵਿਚ ਇਹ ਇਕ ਅਹਿਮ ਮੀਲ ਪੱਥਰ ਹੈ। ਮਨੂੰ ਆਪਣੇ ਸਮੇਂ ਦੀ ਇਸ ਧਾਰਨਾ ਨੂੰ ਮੰਨ ਕੇ ਚਲਦਾ ਹੈ ਕਿ ‘‘ਕਾਨੂੰਨ ਰਾਜਿਆਂ ਦਾ ਰਾਜਾ ਹੈ’’ ਅਰਥਾਤ ਕਾਨੂੰਨ ਰਾਜੇ ਤੋਂ ਵੀ ਉਪਰ ਹੈ ਅਤੇ ਰਾਜੇ ਦਾ ਕੰਮ ਕੇਵਲ ਕਾਨੂੰਨ ਨੂੰ ਲਾਗੂ ਕਰਨਾ ਹੈ। ਮਨੂੰ ਦੇ ਸਮੇਂ ਬ੍ਰਹਮਣੀਮਤ ਸੁਰਜੀਤ ਹੋ ਰਿਹਾ ਸੀ। ਬ੍ਰਹਮਣ ਨੂੰ ਰਾਜੇ ਦੀ ਸਹਾਇਤਾ ਦੀ ਲੋੜ ਸੀ। ਇਸ ਲਈ ਮਨੂੰ ਨੇ ਇਕ ਤਾਂ ਇਹ ਮੰਨਿਆਂ ਕਿ ਹਿੰਦੂ ਕਾਨੂੰਨ ਦਾ ਮੁੱਢ ਦੈਵੀ ਹੈ ਅਤੇ ਦੂਜੇ ਇਹ ਕਿ ਉਸ ਕਾਨੂੰਨ ਨੂੰ ਲਾਗੂ ਕਰਨ ਵਾਲਾ ਰਾਜਾ ਵੀ ਦੈਵੀ ਅਧਿਕਾਰ ਰਖਦਾ ਹੈ। ਉਹ ਅਪਰਾਧ ਲਈ ਦੰਡ ਦੇਣ ਦਾ ਅਧਿਕਾਰ ਰਖਦਾ ਹੈ। ਇਸ ਤਰ੍ਹਾਂ ਮਨੂੰ ਦੰਡ ਉਤੇ ਬਹੁਤ ਜ਼ੋਰ ਦਿੰਦਾ ਹੈ। ਮਨੂੰ ਪ੍ਰਚਲਤ ਪ੍ਰਥਾ ਅਤੇ ਰਵਾਜ ਨੂੰ (ਸਦਾਚਾਰ) ਕਾਨੂੰਨ ਦਾ ਦਰਜਾ ਦਿੰਦਾ ਹੈ। ਬ੍ਰਹਮਣੀਮਤ ਦਾ ਉਥਾਨ ਚਾਹੁੰਦੇ ਹੋਣ ਕਾਰਨ ਮਨੂੰ ਸ਼ੂਦਰ ਅਤੇ ਇਸਤਰੀ ਨਾਲ ਨਿਆਂ ਨਹੀਂ ਕਰ ਸਕਿਆ। ਉਸ ਅਨੁਸਾਰ ਬ੍ਰਹਮਣ ਹੱਤਿਆ ਦੇ ਦੋਸ਼ੀ ਲਈ ਕੋਈ ਪ੍ਰਾਯਸਚਿਤ ਕਾਫ਼ੀ ਨਹੀਂ। ਜਿਹੜਾ ਸ਼ੂਦਰ ਬ੍ਰਹਮਣ ਔਰਤ ਨਾਲ ਵਿਆਹ ਕਰਦਾ ਹੈ ਉਸ ਲਈ ਮਨੂੰ ਮੌਤ ਦੀ ਸਜ਼ਾ ਮੁਕੱਰਰ ਕਰਦਾ ਹੈ।

       ਯਾਰਗਵਲਕ ਦੀ ਸਿਮਰਤੀ ਕਾਫ਼ੀ ਹਦ ਤਕ ਮਨੂੰ ਸਿਮਰਤੀ ਉਤੇ ਆਧਾਰਤ ਹੈ, ਪਰ ਉਹ ਰਾਜੇ ਦੇ ਦੈਵੀ ਅਧਿਕਾਰਾਂ ਨੂੰ ਨਹੀਂ ਮੰਨਦਾ। ਉਹ ਰਾਜੇ ਨੂੰ ਵੀ ਕਾਨੂੰਨ ਅਧੀਨ ਮੰਨਦਾ ਹੈ। ਉਹ ਇਹ ਮੰਨਦਾ ਹੈ ਕਿ ਰਾਜੇ ਨੂੰ ਦੰਡ ਦੇਣ ਦਾ ਅਧਿਕਾਰ ਹੈ, ਪਰ ਰਾਜੇ ਦੇ ਦੈਵੀ ਅਧਿਕਾਰਾਂ ਨੂੰ ਮੰਨਣ ਨੂੰ ਤਿਆਰ ਨਹੀਂ। ਉਸ ਦੇ ਹੋਰ ਵਿਚਾਰ ਵੀ ਮਨੂੰ ਤੋਂ ਕਿਤੇ ਉਦਾਰ ਹਨ। ਮਿਸਾਲ ਲਈ ਸ਼ੂਦਰ ਦੇ ਦਰਜੇ ਅਤੇ ਇਸਤਰੀ ਦੀ ਸੰਪਤੀ ਧਾਰਨ ਕਰਨ ਦੇ ਅਧਿਕਾਰ ਬਾਰੇ ਉਸ ਦੇ ਅਤੇ ਮਨੂੰ ਦੇ ਵਿਚਾਰਾਂ ਵਿਚ ਫ਼ਰਕ ਹੈ। ਸਜ਼ਾ ਦਾ ਉਪਬੰਧ ਵੀ ਮਨੂੰ ਜਿਤਨਾ ਕਰੜਾ ਨਹੀਂ।

       ਧਰਮ ਸ਼ਾਸਤਰਾਂ ਵਿਚ ਤੀਜੀ ਅਹਿਮ ਸਿਮਰਤੀ ਨਾਰਦ ਸਿਮਰਤੀ ਹੈ ਅਤੇ ਉਹ ਅਸਲੀ ਛੰਦ-ਬਧ ਰੂਪ ਵਿਚ ਉਪਲਬਧ ਹੈ। ਉਸ ਨੇ ਸਿਰਫ਼ ‘ਵਿਹਾਰ’ ਬਾਰੇ ਗੱਲ ਕੀਤੀ ਹੈ ਅਤੇ ਆਚਾਰ ਤੇ ਪ੍ਰਾਯਸਚਿਤ ਦਾ ਜ਼ਿਕਰ ਨਹੀਂ ਕੀਤਾ। ਇਸ ਦੀ ਇਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਜ਼ਾਬਤੇ ਦੇ ਨਿਯਮਾਂ, ਦਾਵਿਆਂ ਅਤੇ ਆਰਜ਼ੀ ਦਾਵਿਆਂ ਦੇ ਕਾਨੂੰਨ ਦਾ ਜ਼ਿਕਰ ਹੈ। ਅਨੁਮਾਨ ਕੀਤਾ ਜਾਂਦਾ ਹੈ ਕਿ ਨਾਰਦ ਸਿਮਰਤੀ ਦੀ ਰਚਨਾ 200 ਈਸਵੀ ਦੇ ਲਗਭਗ ਹੋਈ ਜਦੋਂ ਮੌਰੀਆ ਖ਼ਾਨਦਾਨ ਦਾ ਰਾਜ ਸੀ। ਸ਼ਾਇਦ ਇਹ ਹੀ ਕਾਰਨ ਹੈ ਕਿ ਉਹ ਪਹਿਲੇ ਸਿਮਰਤੀਕਾਰ ਵਾਂਗ ਇਹ ਨਹੀਂ ਮੰਨਦਾ ਕਿ ਰਾਜੇ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਨਹੀਂ ਹੈ। ਸਗੋਂ ਉਹ ਇਹ ਵੀ ਕਹਿੰਦਾ ਹੈ ਕਿ ਰਾਜੇ ਦੁਆਰਾ ਬਣਾਇਆ ਕਾਨੂੰਨ ਰਵਾਜ ਅਤੇ ਧਾਰਮਕ ਕਾਨੂੰਨ ਨਾਲੋਂ ਪਰਮ ਪ੍ਰਭਾਵੀ ਹੁੰਦਾ ਹੈ। ਇਸੇ ਤਰ੍ਹਾਂ ਉਹ ਕਹਿੰਦਾ ਹੈ ਕਿ ਧਾਰਮਕ ਕਾਨੂੰਨ ਨਾਲੋਂ ਰਵਾਜ ਪਰਮ ਪ੍ਰਭਾਵੀ ਹੁੰਦਾ ਹੈ। ਉਸ ਤੋਂ ਪਹਿਲਾਂ ਰਵਾਜ ਧਾਰਮਕ ਕਾਨੂੰਨ ਦਾ ਅਨੁਪੂਰਕ ਮੰਨਿਆ ਜਾਂਦਾ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3478, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.