ਨਾਨਕ ਸਿੰਘ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਨਾਨਕ ਸਿੰਘ (1897–1971): ਪੰਜਾਬੀ ਦੇ ਇਸ ਸੁਪ੍ਰਸਿੱਧ ਨਾਵਲਕਾਰ ਦਾ ਜਨਮ 4 ਜੁਲਾਈ 1897 ਵਿੱਚ ਚਕ ਹਮੀਦ, ਜ਼ਿਲ੍ਹਾ ਜਿਹਲਮ (ਪਾਕਿਸਤਾਨ) ਦੀ ਧਰਤੀ ਤੇ ਭਾਈ ਬਹਾਦਰ ਚੰਦ ਦੇ ਘਰ ਹੋਇਆ। ਨਾਨਕ ਸਿੰਘ ਦਾ ਪਹਿਲਾ ਨਾਂ ਹੰਸਰਾਜ ਸੀ। ਉਮਰ ਅਜੇ 12 ਸਾਲ ਦੀ ਹੀ ਸੀ ਕਿ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ, ਪੰਜਵੀਂ ਜਮਾਤ ਵਿੱਚ ਹੀ ਸਕੂਲ ਦੀ ਪੜ੍ਹਾਈ ਛੱਡਣੀ ਪਈ। ਰੁਜ਼ਗਾਰ ਦੀ ਤਲਾਸ਼ ਲਈ ਪਿਸ਼ਾਵਰ ਜਾਣਾ ਪਿਆ, ਜਿੱਥੇ ਉਸ ਦਾ ਸੰਪਰਕ ਗਿਆਨੀ ਬਾਗ ਸਿੰਘ ਨਾਲ ਹੋਇਆ। ਗਿਆਨੀ ਜੀ ਤੋਂ ਹੀ ਅੰਮ੍ਰਿਤ ਛੱਕ ਕੇ ਉਹ ਹੰਸਰਾਜ ਤੋਂ ਨਾਨਕ ਸਿੰਘ ਬਣ ਗਿਆ। ਓਦੋਂ ਉਸ ਦੀ ਉਮਰ ਕੇਵਲ 13 ਸਾਲਾਂ ਦੀ ਸੀ, ਜਦੋਂ ਉਸ ਨੇ ਇੱਕ ਸੀਹਰਫੀ ਲਿਖੀ। ਇਸ ਤੋਂ ਬਾਅਦ ਉਸ ਦੀ ਧਾਰਮਿਕ ਗੀਤਾਂ ਦੀ ਇੱਕ ਰਚਨਾ ਸਤਿਗੁਰ ਮਹਿਮਾ ਪ੍ਰਕਾਸ਼ਿਤ ਹੋਈ। ਜੋ ਗੁਰਦੁਆਰਿਆਂ ਅਤੇ ਧਾਰਮਿਕ ਸਟੇਜਾਂ ਤੇ ਗਾਈ ਗਈ ਅਤੇ ਬਹੁਤ ਹੀ ਜ਼ਿਆਦਾ ਸਲਾਹੀ ਗਈ। 13 ਅਪ੍ਰੈਲ 1919 ਵਿੱਚ ਅੰਮ੍ਰਿਤਸਰ ਵਿਖੇ ਜਲ੍ਹਿਆਂ ਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ ਪ੍ਰਭਾਵ ਅਧੀਨ ਉਸ ਨੇ ‘ਖ਼ੂਨੀ ਬੈਸਾਖੀ` ਨਾਂ ਦੀ ਇੱਕ ਲੰਮੀ ਕਵਿਤਾ ਲਿਖੀ, ਜਿਸਦੇ ਫਲਸਰੂਪ ਇੱਕ ਦੇਸ਼ ਭਗਤ ਕਵੀਸ਼ਰ ਵਜੋਂ ਉਹ ਪ੍ਰਸਿੱਧ ਹੋ ਗਿਆ।

     1922 ਵਿੱਚ ਅਕਾਲੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਜੇਲ੍ਹ ਯਾਤਰਾ ਵੀ ਕਰਨੀ ਪਈ। ਇਸ ਸਮੇਂ ਦੌਰਾਨ ਉਸ ਨੇ ਪ੍ਰਸਿੱਧ ਬੰਗਾਲੀ ਨਾਵਲਕਾਰ ਸ਼ਰਤਚੰਦਰ ਅਤੇ ਹਿੰਦੂ ਉਰਦੂ ਦੇ ਨਾਮਵਰ ਗਲਪਕਾਰ ਮੁਨਸ਼ੀ ਪ੍ਰੇਮਚੰਦ ਦੇ ਪ੍ਰਸਿੱਧ ਨਾਵਲ ਪੜ੍ਹੇ। ਇਹਨਾਂ ਨਾਵਲਾਂ ਨੂੰ ਪੜ੍ਹਨ ਉਪਰੰਤ ਉਸ ਦੇ ਹਿਰਦੇ ਵਿੱਚ ਨਾਵਲਕਾਰ ਬਣਨ ਦੀ ਇੱਛਾ ਉਤਪੰਨ ਹੋਈ। ਇਸ ਪ੍ਰਬਲ ਇੱਛਾ ਅਧੀਨ ਉਸ ਨੇ ਜੇਲ੍ਹ ਵਿੱਚ ਹੀ ਇੱਕ ਨਾਵਲ ਅੱਧਖਿੜੀ ਕਲੀ ਅਖ਼ਬਾਰ ਦੇ ਹਾਸ਼ੀਏ ਤੇ ਲਿਖ ਦਿੱਤਾ ਪਰ ਜੇਲ੍ਹ ਅਧਿਕਾਰੀਆਂ ਨੇ ਇਸ ਨਾਵਲ ਨੂੰ ਜੇਲ੍ਹ ਤੋਂ ਬਾਹਰ ਨਾ ਆਉਣ ਦਿੱਤਾ। ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਲੇਖਕ ਨੇ ਇਸ ਤੀਖਣ ਅਹਿਸਾਸ ਨੂੰ ਪ੍ਰਸਿੱਧ ਨਾਵਲ ਅੱਧ ਖਿੜਿਆ ਫੁੱਲ ਵਿੱਚ ਪ੍ਰਸਤੁਤ ਕੀਤਾ।

     ਚਿੱਟਾ ਲਹੂ, ਅੱਧ ਖਿੜਿਆ ਫੁੱਲ, ਗਰੀਬ ਦੀ ਦੁਨੀਆਂ, ਧੁੰਦਲੇ ਪਰਛਾਵੇਂ, ਜੀਵਨ ਸੰਗਰਾਮ, ਪਵਿੱਤਰ ਪਾਪੀ, ਪਿਆਰ ਦੀ ਦੁਨੀਆਂ, ਅੱਗ ਦੀ ਖੇਡ, ਖ਼ੂਨ ਦੇ ਸੋਹਿਲੇ, ਆਦਮ ਖੋਰ, ਸੰਗਮ, ਕਟੀ ਹੋਈ ਪਤੰਗ, ਨਾਸੂਰ, ਛਲਾਵਾ, ਬੰਜਰ, ਇੱਕ ਮਿਆਨ ਦੋ ਤਲਵਾਰਾਂ, ਕੋਈ ਹਰਿਆ ਬੂਟ ਰਹਿਓ ਰੀ, ਗਗਨ ਦਮਾਮਾ ਬਾਜਿਓ ਆਦਿ 38 ਨਾਵਲ ਲਿਖ ਕੇ ਉਸ ਨੇ ਪੰਜਾਬੀ ਸਾਹਿਤ ਜਗਤ ਵਿੱਚ ਇੱਕ ਪ੍ਰੌੜ੍ਹ ਨਾਵਲਕਾਰ ਵਜੋਂ ਆਪਣੀ ਪਛਾਣ ਬਣਾ ਲਈ। ਗਿਣਨਾਤਮਿਕ ਅਤੇ ਗੁਣਾਤਮਿਕ ਦੋਹਾਂ ਪੱਖੋਂ ਪੰਜਾਬੀ ਸਾਹਿਤ ਖੇਤਰ ਵਿੱਚ ਵੱਡਮੁੱਲੇ ਯੋਗਦਾਨ ਸਦਕਾ 1952 ਵਿੱਚ ਮਹਿਕਮਾ ਪੰਜਾਬੀ ਪਟਿਆਲਾ ਵੱਲੋਂ ਉਸ ਨੂੰ ਸਨਮਾਨਿਤ ਕੀਤਾ ਗਿਆ। ਇਤਿਹਾਸਿਕ ਨਾਵਲ ਇੱਕ ਮਿਆਨ ਦੋ ਤਲਵਾਰਾਂ ਲਈ ਉਸ ਨੂੰ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਪੁਰਸਕਾਰ ਵੀ ਮਿਲਿਆ।

     ਬਹੁਪੱਖੀ ਪ੍ਰਤਿਭਾ ਦੇ ਮਾਲਕ ਇਸ ਲੇਖਕ ਨੇ ਨਾਵਲ ਰਚਨਾ ਤੋਂ ਇਲਾਵਾ ਸਾਹਿਤ ਦੀਆਂ ਹੋਰ ਵਿਧਾਵਾਂ, ਕਹਾਣੀ, ਨਾਟਕ, ਸ੍ਵੈਜੀਵਨੀ ਅਤੇ ਅਨੁਵਾਦ ਦੇ ਖੇਤਰ ਵਿੱਚ ਕਲਮ ਚਲਾਈ ਅਤੇ ਸਫਲਤਾ ਵੀ ਹਾਸਲ ਕੀਤੀ। ਮਾਨਵਵਾਦੀ ਅਤੇ ਸਮਾਜਵਾਦੀ ਵਿਚਾਰਾਂ ਦੇ ਧਾਰਨੀ, ਇਸ ਰਚਨਾਕਾਰ ਨੇ ਆਪਣੀ ਸਿਰਜਣ-ਪ੍ਰਕਿਰਿਆ ਵਿੱਚ ਸਮਾਜ ਸੁਧਾਰ ਮਨੋਰਥ ਨੂੰ ਮੁੱਖ ਰੱਖਦਿਆਂ ਸੁਚੇਤ ਤੌਰ ਤੇ ਸਮਕਾਲੀਨ ਪ੍ਰਮੁਖ ਸਮਾਜਿਕ ਕੁਰੀਤੀਆਂ ਦਾ ਭਰਪੂਰ ਖੰਡਨ ਕੀਤਾ। ਨਾਵਲਕਾਰ ਨੇ ਉਸ ਸਮੇਂ ਦੀਆਂ ਜਟਿਲ ਸਮੱਸਿਆਵਾਂ-ਬਾਲ ਵਿਆਹ, ਅਧੇੜ ਵਿਆਹ, ਵੇਸਵਾ-ਗਮਨੀ, ਸ਼ਰਾਬਨੋਸ਼ੀ, ਜਾਤ- ਪਾਤ, ਬਾਲ- ਵਿਧਵਾ ਦਾ ਜੀਵਨ, ਧਾਰਮਿਕ ਪਖੰਡ, ਰਿਸ਼ਵਤਖੋਰੀ, ਗ਼ਰੀਬੀ, ਮਿਲਾਵਟ, ਸਮਗਲਿੰਗ ਆਦਿ ਸਮੱਸਿਆਵਾਂ ਨੂੰ ਆਧਾਰ ਬਣਾ ਕੇ ਨਾਵਲ ਲਿਖੇ।

     ਉਸ ਨੇ ਆਪਣੇ ਜੀਵਨ ਦਾ ਬਹੁਤ ਸਮਾਂ ਅੰਮ੍ਰਿਤਸਰ ਵਿਖੇ ਹੀ ਬਤੀਤ ਕੀਤਾ। ਅੰਮ੍ਰਿਤਸਰ ਰਹਿ ਕੇ ਉਸ ਨੇ ਪ੍ਰਕਾਸ਼ਨ ਦਾ ਕੰਮ ਵੀ ਅਰੰਭ ਕੀਤਾ। ਨਾਵਲ ਲਿਖਣ ਲਈ ਉਹ ਹਰ ਸਾਲ ਡਲਹੋਜ਼ੀ ਜਾਂਦਾ ਸੀ ਅਤੇ ਉੱਥੋਂ ਦੇ ਸ਼ਾਂਤ ਵਾਤਾਵਰਨ ਵਿੱਚ ਬੈਠ ਕੇ ਇੱਕ ਨਵੇਂ ਨਾਵਲ ਦੀ ਸਿਰਜਣਾ ਕਰ ਕੇ ਵਾਪਸ ਅੰਮ੍ਰਿਤਸਰ ਪਰਤਦਾ ਸੀ। ਉਸ ਦੀਆਂ ਸਮੁੱਚੀਆਂ ਮੌਲਿਕ ਅਤੇ ਅਨੁਵਾਦਿਤ ਰਚਨਾਵਾਂ ਦੀ ਸੰਖਿਆ ਛੇ ਦਰਜਨ ਤੋਂ ਵੀ ਵੱਧ ਹੈ। 1933 ਵਿੱਚ ਛਪੇ ਨਾਵਲ ਚਿੱਟਾ ਲਹੂ ਨਾਲ ਉਸ ਨੂੰ ਬਹੁਤ ਪ੍ਰਸਿੱਧੀ ਹਾਸਲ ਹੋਈ। ਉਸ ਦੇ ਲਿਖੇ ਨਾਵਲ ਪਵਿੱਤਰ ਪਾਪੀ ਨੂੰ ਹਿੰਦੀ ਫ਼ਿਲਮ ਵਿੱਚ ਫ਼ਿਲਮਾਇਆ ਗਿਆ ਅਤੇ ਇਸ ਫ਼ਿਲਮ ਨੂੰ ਸਾਰੇ ਭਾਰਤ ਵਿੱਚ ਬਹੁਤ ਸਲਾਹਿਆ ਗਿਆ। 1951-52 ਵਿੱਚ ਉਸ ਨੇ ਲੋਕ ਸਾਹਿਤ ਨਾਂ ਦਾ ਇੱਕ ਸਾਹਿਤਿਕ ਮਾਸਿਕ ਪੱਤਰ ਵੀ ਜਾਰੀ ਕੀਤਾ।

     ਪੰਜਾਬੀ ਗਲਪ ਸਾਹਿਤ ਖੇਤਰ ਵਿੱਚ ਉਸ ਦੀਆਂ ਰਚਨਾਵਾਂ ਦੀ ਸਫਲਤਾ ਦਾ ਪ੍ਰਮੁਖ ਕਾਰਨ ਕਹਾਣੀ ਰਸ ਹੈ ਅਰਥਾਤ ਲੇਖਕ ਨੇ ਹਰੇਕ ਰਚਨਾ ਵਿੱਚ ਕਹਾਣੀ ਨੂੰ ਇਸ ਤਰ੍ਹਾਂ ਪ੍ਰਸਤੁਤ ਕੀਤਾ ਹੈ ਕਿ ਰਚਨਾ ਨੂੰ ਪੜ੍ਹਨ ਉਪਰੰਤ ਪਾਠਕ ਨੂੰ ਰਚਨਾ ਵਿਚਲੀ ਕਹਾਣੀ ਆਪਣੀ ਜਾਂ ਆਪਣੇ ਨੇੜੇ-ਤੇੜੇ ਘਟੀ ਜਾਪਦੀ ਹੈ। ਪੰਜਾਬੀ ਦੇ ਇਸ ਗਲਪ ਸਮਰਾਟ ਦੀਆਂ ਰਚਨਾਵਾਂ ਤੇ ਹੁਣ ਤੱਕ ਖੋਜਾਰਥੀਆਂ ਵੱਲੋਂ ਬਹੁਤ ਸਾਰੀ ਖੋਜ ਹੋ ਚੁੱਕੀ ਹੈ ਤੇ ਇਹ ਸਿਲਸਿਲਾ ਅਜੇ ਵੀ ਜਾਰੀ ਹੈ।

8 ਦਸੰਬਰ 1971 ਵਿੱਚ ਪੰਜਾਬੀ ਦੇ ਇਸ ਮਹਾਨ ਨਾਵਲਕਾਰ ਦੀ ਅੰਮ੍ਰਿਤਸਰ ਵਿੱਚ ਪ੍ਰੀਤ ਨਗਰ ਵਿਖੇ ਮੌਤ ਹੋ ਗਈ।


ਲੇਖਕ : ਵੀਰਪਾਲ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਨਾਨਕ ਸਿੰਘ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਨਾਨਕ ਸਿੰਘ :  ਪੰਜਾਬੀ ਦੇ ਇਸ ਪ੍ਰਸਿੱਧ ਨਾਵਲਕਾਰ ਦਾ ਜਨਮ 4 ਜੁਲਾਈ, 1897 ਨੂੰ ਅਜੋਕੇ ਪਾਕਿਸਤਾਨ ਦੇ ਜਿਹਲਮ ਜ਼ਿਲ੍ਹੇ ਵਿਚ ਸਥਿਤ ਚੱਕ ਹਮੀਦ ਵਿਖੇ ਭਾਈ ਬਹਾਦਰ ਚੰਦ ਦੇ ਗ੍ਰਹਿ ਵਿਖੇ ਹੋਇਆ । ਇਸ ਦਾ ਮੁੱਢਲਾ ਨਾਂ ਹੰਸ ਰਾਜ ਸੀ । ਇਸ ਦੀ ਉਮਰ ਉਦੋਂ ਬਾਰ੍ਹਾਂ ਵਰ੍ਹਿਆਂ ਦੀ ਵੀ ਨਹੀਂ ਸੀ ਹੋਈ ਜਦੋਂ ਪਿਤਾ ਦਾ ਸਾਇਆ ਸਿਰ ਤੋਂ ਉਠ ਗਿਆ। ਘਰ ਦੀ ਮਾੜੀ ਅਰਥਿਕ ਹਾਲਤ  ਕਾਰਨ ਇਸ  ਨੂੰ ਪੰਜਵੀਂ ਜਮਾਤ ਵਿਚ ਹੀ ਸਕੂਲੀ ਪੜ੍ਹਾਈ ਨੂੰ ਅਲਵਿਦਾ ਕਹਿਣਾ ਪਿਆ। ਇਹ  ਰੋਜ਼ਗਾਰ ਦੀ ਤਲਾਸ਼ ਵਿਚ ਪਿਸ਼ਾਵਰ ਚਲਾ ਗਿਆ ਜਿੱਥੇ ਉਸ ਦਾ ਸੰਪਰਕ ਗਿਆਨੀ ਬਾਗ਼ ਸਿੰਘ ਨਾਲ ਹੋ ਗਿਆ। ਇਸ ਨੇ ਗਿਆਨੀ ਬਾਗ਼ ਸਿੰਘ ਪਾਸੋਂ ਅੰਮ੍ਰਿਤ ਛਕਿਆ ਤੇ ਹੰਸ ਰਾਜ ਤੋਂ ਨਾਨਕ ਸਿੰਘ ਬਣ ਗਿਆ।

ਕੇਵਲ 13 ਸਾਲਾਂ ਦੀ ਉਮਰ ਵਿਚ ਇਸ ਦੀ ਲਿਖੀ ‘ਸੀਹਰਫ਼ੀ’ ਛਪੀ  ਅਤੇ 18 ਵਰ੍ਹਿਆਂ ਦੀ ਅਵਸਥਾ ਵਿਚ ਧਾਰਮਿਕ-ਗੀਤਾਂ ਦਾ ਇਕ ਖ਼ੂਬਸੂਰਤ ਮਜਮੂਆ ‘ਸਤਿਗੁਰੂ ਮਹਿਮਾ' ਪ੍ਰਕਾਸ਼ਿਤ ਹੋਇਆ ਜੋ ਗੁਰਦੁਆਰਿਆਂ ਅਤੇ ਧਾਰਮਿਕ ਸਟੇਜਾਂ ਉੱਤੇ ਬਹੁਤ ਹੀ ਜ਼ਿਆਦਾ ਮਕਬੂਲ ਹੋਇਆ । 13 ਅਪ੍ਰੈਲ, 1919 ਅੰਮ੍ਰਿਤਸਰ ਵਿਖੇ, ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਕਾਂਡ ਦੇ ਪ੍ਰਭਾਵ ਅਧੀਨ, ‘ਖ਼ੂਨੀ-ਬੈਸਾਖੀ' ਨਾਂ ਦੀ ਇਕ ਲੰਮੀ ਨਜ਼ਮ ਲਿਖਣ ਕਰ ਕੇ ਨਾਨਕ ਸਿੰਘ ਇਕ ਦੇਸ਼ ਭਗਤ ਕਵੀਸ਼ਰ ਵੱਜੋਂ ਸਮੁੱਚੇ ਪੰਜਾਬ ਵਿਚ ਪ੍ਰਸਿੱਧ ਹੋ  ਗਿਆ ।

ਹੁਣ ਇਸ ਨੂੰ ਸਾਹਿਤਕ ਜਾਗ ਲਗ ਚੁਕੀ ਸੀ। ਇਸ ਤੋਂ ਨਾਨਕ ਸਿੰਘ ਦੀ ਰੁਚੀ ਨਾਵਲ ਲਿਖਣ ਵੱਲ ਵਧੇਰੇ ਹੋ ਗਈ ਅਤੇ ਇਸ ਨੇ ਇਸ  ਨਿਵੇਕਲੇ ਖੇਤਰ ਵਿਚ ਬਹੁਤ ਨਾਮਣਾ ਖੱਟਿਆ। ਇਸ ਨੇ ਆਪਣੀ ਜ਼ਿੰਦਗੀ ਦਾ ਬਹੁਤ ਹਿੱਸਾ, ਗੁਰੂ ਦੀ ਨਗਰੀ, ਅੰਮ੍ਰਿਤਸਰ ਵਿਚ ਹੀ ਗੁਜ਼ਾਰਿਆ ।

ਸੰਨ 1922 ਵਿਚ ਸ. ਨਾਨਕ ਸਿੰਘ ਨੇ ਅਕਾਲੀ-ਲਹਿਰ ਵਿਚ ਭਰਵਾਂ ਹਿੱਸਾ ਲਿਆ ਤੇ ਜੇਲ੍ਹ-ਯਾਤਰਾ ਵੀ ਕੀਤੀ। ਜੇਲ੍ਹ-ਸਮੇਂ ਦੌਰਾਨ, ਇਸ ਨੇ ਪ੍ਰਸਿੱਧ ਬੰਗਾਲੀ ਨਾਵਲਕਾਰ ਸ਼ਰਤ ਚੰਦਰ ਅਤੇ ਹਿੰਦੀ, ਉਰਦੂ ਦੇ ਨਾਮਵਰ ਗਲਪਕਾਰ ਮੁਨਸ਼ੀ ਪ੍ਰੇਮ ਚੰਦ ਦੇ ਪ੍ਰਸਿੱਧ ਨਾਵਲ ਪੜ੍ਹੇ ਅਤੇ ਇਸ ਦੇ ਹਿਰਦੇ ਵਿਚ ਨਾਵਲਕਾਰ ਬਣਨ ਦੀ ਇੱਛਾ ਉਤਪੰਨ ਹੋ ਗਈ । ਇਸ ਪ੍ਰਬਲ  ਇੱਛਾ ਅਧੀਨ ਇਸ ਨੇ ਜੇਲ੍ਹ ਵਿਚ ਹੀ  ਇਕ ਨਾਵਲ ‘ਅੱਧਖਿੜੀ-ਕਲੀ' ਅਖ਼ਬਾਰਾਂ ਦੇ ਹਾਸ਼ੀਏ ਉੱਤੇ ਹੀ ਉਲੀਕ ਦਿੱਤਾ ਪਰ ਜੇਲ੍ਹ ਦੇ ਅਧਿਕਾਰੀਆਂ ਨੇ ਇਸ ਨਾਵਲ ਨੂੰ ਜੇਲ੍ਹ ਤੋਂ  ਬਾਹਰ ਨਾ ਆਉਣ ਦਿੱਤਾ ਤੇ ਪਿੱਛੋਂ ਇਸ ਤੀਖਣ ਅਹਿਸਾਸ ਨੂੰ ਨਾਨਕ ਸਿੰਘ ਨੇ ਆਪਣੇ ਇਕ ਪ੍ਰਸਿੱਧ ਨਾਵਲ ‘ਅੱਧ ਖਿੜਿਆ ਫੁੱਲ' ਵਿਚ ਪੇਸ਼ ਕੀਤਾ ।

ਸੰਨ 1930 ਦੇ ਨੇੜੇ ਤੇੜੇ ਚਿੱਟਾ ਲਹੂ, ਫੌਲਾਦੀ ਫੁੱਲ, ਗ਼ਰੀਬ ਦੀ ਦੁਨੀਆ, ਕਾਗਤਾਂ ਦੀ ਬੇੜੀ, ਪਵਿੱਤਰ ਪਾਪੀ, ਲਵ-ਮੈਰਿਜ, ਚਿਤਰਕਾਰ ਆਦਿ  ਕਈ  ਦਰਜਨ ਨਾਵਲ ਲਿਖੇ ਜਿਸ ਨਾਲ ਇਹ ਇਕ ਪ੍ਰੋੜ੍ਹ ਨਾਵਲਕਾਰ ਵੱਜੋਂ ਪੰਜਾਬੀ ਜਗਤ ਵਿਚ ਪ੍ਰਸਿੱਧ ਹੋ ਗਿਆ । ਸੰਨ 1952 ਵਿਚ ਮਹਿਕਮਾ ਪੰਜਾਬੀ, ਪਟਿਆਲਾ ਨੇ ਇਸ ਦਾ ਭਰਵਾਂ ਤੇ ਨਿੱਘਾ ਸਨਮਾਨ ਕੀਤਾ । ਫਿਰ ਇਸ ਨੂੰ ਇਤਿਹਾਸਕ ਨਾਵਲ ‘ਇਕ ਮਿਆਨ ਦੋ ਤਲਵਾਰਾਂ' ਉੱਤੇ ਭਾਰਤੀ ਸਾਹਿਤ ਅਕਾਦਮੀ, ਨਵੀਂ ਦਿੱਲੀ ਵੱਲੋਂ ਪੁਰਸਕਾਰ ਵੀ ਮਿਲਿਆ । ਸ. ਨਾਨਕ ਸਿੰਘ ਬਹੁਪੱਖੀ ਸ਼ਖ਼ਸੀਅਤ ਸੀ । ਇਸ ਨੇ ਨਾਵਲ-ਰਚਨਾ ਤੋਂ ਇਲਾਵਾ ਕਹਾਣੀ, ਨਾਟਕ, ਸਵੈ-ਜੀਵਨੀ ਅਤੇ ਅਨੁਵਾਦ ਦੇ ਖੇਤਰ ਵਿਚ ਵੀ ਹੱਥ ਅਜ਼ਮਾਇਆ ਜਿਸ ਵਿਚ ਇਹ ਕਾਫ਼ੀ ਸਫ਼ਲ ਰਿਹਾ ।

ਨਾਨਕ ਸਿੰਘ ਮਾਨਵਵਾਦੀ ਤੇ ਸਮਾਜਵਾਦੀ ਵਿਚਾਰਾਂ ਦਾ ਧਾਰਨੀ ਸੀ । ਇਸ ਨੇ ਆਪਣੀ ਸਿਰਜਣ-ਪ੍ਰਕ੍ਰਿਆ ਵਿਚ ਸਮਾਜ ਸੁਧਾਰ ਤੇ ਮਨੋਰਥ ਤੋਂ ਸੁਚੇਤ ਤੇ ਜਾਗਰੂਕ ਹੋ ਕੇ ਆਪਣੇ ਸਮੇਂ ਦੀਆਂ ਪ੍ਰਮੁੱਖ  ਸਮਾਜਕ-ਕੁਰੀਤੀਆਂ ਦਾ ਭਰਪੂਰ  ਖੰਡਨ ਕੀਤਾ ਹੈ  ਅਤੇ ਇਸ ਦੇ ਸੁਧਾਰ ਲਈ ਕਈ ਮੁੱਲਵਾਨ ਸੁਝਾਉ ਵੀ ਪੇਸ਼ ਕੀਤੇ  ਜਿਵੇਂ : ਵੇਸਵਾ-ਗਮਨੀ, ਸਰਾਬਨੋਸ਼ੀ, ਜਾਤ-ਪਾਤ ਪ੍ਰਬੰਧ, ਬਾਲ-ਵਿਧਵਾ ਦਾ ਜੀਵਨ, ਧਾਰਮਿਕ-ਪਾਖੰਡ, ਰਿਸ਼ਵਤ-ਖੋਰੀ, ਗ਼ਰੀਬੀ, ਮਿਲਾਵਟ, ਸਮਗਲਿੰਗ ਅਤੇ ਬਲੈਕ-ਮਾਰਕਿਟਿੰਗ ਆਦਿ ਦੀਰਘ ਤੇ ਜਟਿਲ ਸਮੱਸਿਆਵਾਂ ਨੂੰ ਇਸ ਨੇ ਆਪਣੇ  ਵੱਖ ਵੱਖ ਨਾਵਲਾਂ ਵਿਚ ਵਿਸ਼ੇ ਵੱਜੋਂ ਪ੍ਰਸਤੁਤ ਕਰਨ ਦਾ ਯਤਨ ਕੀਤਾ । ਇਸ ਦਾ ਲਿਖਣ-ਢੰਗ ਨਿਵੇਕਲਾ, ਸਾਦਾ, ਸਰਲ ਅਤੇ ਪ੍ਰਭਾਵਸ਼ਾਲੀ ਸੀ । ਇਹ ਹਰ ਸਾਲ ‘ਡਲਹੌਜੀ' ਦੇ ਸ਼ਾਂਤ ਤੇ ਇਕਾਂਤ ਵਾਤਾਵਰਣ ਵਿਚ ਬੈਠ ਕੇ ਇਕ ਨਵੇਂ ਨਾਵਲ ਦੀ ਸਿਰਜਣਾ ਕਰ ਕੇ ਹੀ ਅੰਮ੍ਰਿਤਸਰ ਪਰਤਦਾ ਸੀ । ਇਸ ਦੀਆਂ ਮੌਲਿਕ ਤੇ ਅਨੁਵਾਦਕ ਰਚਨਾਵਾਂ ਦੀ ਸੰਖਿਆ ਕੋਈ 6 ਦਰਜਨ ਤੋਂ ਵਧੀਕ ਹੋਵੇਗੀ ।

‘ਪਵਿੱਤਰ ਪਾਪੀ' ਨਾਵਲ ਹਿੰਦੀ ਵਿਚ ਫਿਲਮਾਇਆ ਗਿਆ ਅਤੇ ਇਸ ਨੂੰ ਫ਼ਿਲਮ ਰੂਪ ਵਿਚ ਸਾਰੇ ਭਾਰਤ ਵਿਚ ਬੇਹੱਦ ਸਲਾਹਿਆ ਗਿਆ ।

ਸੰਨ 1951-52 ਵਿਚ ਸ. ਨਾਨਕ ਸਿੰਘ ਨੇ ‘ਲੋਕ-ਸਾਹਿਤ' ਨਾਂ ਦਾ ਇਕ ਮਾਹਵਾਰੀ ਸਾਹਿਤਕ-ਪੱਤਰ ਵੀ ਪ੍ਰਕਾਸ਼ਿਤ ਕੀਤਾ ਸੀ ਪਰ ਛੇਤੀ ਹੀ ਆਰਥਿਕ ਔਕੜਾਂ ਕਾਰਣ ਉਸ ਪੱਤਰ ਨੂੰ ਬੰਦ ਕਰਨਾ ਪਿਆ ।

ਅਜੋਕੇ ਯੁਗ ਵਿਚ ਵੀ ਸ. ਨਾਨਕ ਸਿੰਘ ਪੰਜਾਬ ਦਾ ਹਰਮਨ ਪਿਆਰਾ ਤੇ ਲੋਕ-ਦਿਲਾਂ ਉੱਤੇ ਸਦੀਵੀ ਰਾਜ ਕਰਨ ਵਾਲਾ ਇਕ ਮਹਿਬੂਬ ਨਾਵਲਕਾਰ ਹੈ ਜਿਸ ਦੇ ਸ਼ਾਹਕਾਰ ਨਾਵਲਾਂ ਵਿਚੋਂ ਇਕ ਮਿਆਨ ਦੋ ਤਲਵਾਰਾਂ, ਕਟੀ ਪਤੰਗ, ਚਿੱਟਾ ਲਹੂ, ਕੋਈ ਹਰਿਆ ਬੂਟ ਰਹਿਓ ਰੀ, ਗਗਨ ਦਮਾਮਾ ਬਾਜਿਓ ਆਦਿ ਅਜੇ ਵੀ ਨਾਵਲ-ਜਗਤ ਵਿਚ ਯਾਦਗਾਰੀ ਕਿਰਤਾਂ ਮੰਨੀਆਂ ਜਾਂਦੀਆਂ ਹਨ । ਇਕ ਗੱਲ ਹੋਰ ਵੀ ਇਸ ਦੇ ਹੱਕ ਵਿਚ  ਜਾਂਦੀ ਹੈ ਕਿ ਹੁਣ ਤਕ ਇਸ ਦੇ ਨਾਵਲਾਂ ਸਬੰਧੀ ਵੱਖ ਵੱਖ ਵਿਸ਼ਿਆਂ ਵਿਚ ਕੋਈ 20-25 ਖੋਜਕਾਰਾਂ ਨੇ ਭਾਰਤ ਦੀਆਂ ਭਿੰਨ ਭਿੰਨ ਯੂਨੀਵਰਸਿਟੀਆਂ ਵਿਚੋਂ ਸ਼ੋਧ-ਪ੍ਰਬੰਧ  ਲਿਖ ਕੇ ਪੀ. ਐੱਚ. ਡੀ. ਦੀਆਂ ਉਪਾਧੀਆਂ ਹਾਸਲ ਕੀਤੀਆਂ ਹਨ।  ਅਜੇ ਵੀ ਖੋਜ ਦਾ ਇਹ ਸਿਲਸਿਲਾ ਬ-ਦਸਤੂਰ ਜਾਰੀ ਹੈ ।

ਸ. ਨਾਨਕ ਸਿੰਘ ਦੇ ਨਾਵਲਾਂ ਦੀ ਵਿਲੱਖਣਤਾ ਇਹ ਵੀ ਹੈ ਕਿ ਇਸ ਨੇ ਆਪਣੇ ਪਾਠਕ-ਵਰਗ ਦੀਆਂ ਅੰਤ੍ਰੀਵ ਰੁਚੀਆਂ ਨੂੰ ਧਿਆਨ-ਗੋਚਰੇ ਰੱਖਿਆ ਅਤੇ ਆਪਣੇ ਸਮੇਂ ਦੀਆਂ ਰਾਜਨੀਤਕ, ਅਤੇ ਸਮਾਜਕ ਲਹਿਰਾਂ ਨਾਲ ਜੁੜ ਕੇ ਨਾਵਲਾਂ ਦੀ ਸਫਲ ਪੇਸ਼ਕਾਰੀ ਕੀਤੀ । ਹਰੇਕ ਨਾਵਲ ਵਿਚ ਇਸ ਨੇ ਕਹਾਣੀ-ਰਸ ਨੂੰ ਵਧੇਰੇ ਮਹੱਤਤਾ ਪ੍ਰਦਾਨ ਕੀਤੀ ।

28 ਦਸੰਬਰ, 1971 ਨੂੰ ਪ੍ਰੀਤ ਨਗਰ (ਅੰਮ੍ਰਿਤਸਰ) ਵਿਖੇ ਸ. ਨਾਨਕ ਸਿੰਘ ਦਾ ਦੇਹਾਂਤ ਹੋ ਗਿਆ ।


ਲੇਖਕ : ਡਾ. ਐਮ. ਐਸ. ਅੰਮ੍ਰਿਤ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2344, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-01-01-57, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.