ਨਿਵਾਰਕ ਨਜ਼ਰਬੰਦੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Preventive detention_ਨਿਵਾਰਕ ਨਜ਼ਰਬੰਦੀ: ਕਿਸੇ ਵਿਅਕਤੀ ਨੂੰ ਵਿਚਾਰਣ ਤੋਂ ਬਿਨਾਂ ਅਜਿਹੇ ਹਾਲਾਤ ਵਿਚ ਨਜ਼ਰਬੰਦ ਰਖਣਾ ਜਿਨ੍ਹਾਂ ਵਿਚ ਸਰਕਾਰ ਪਾਸ ਉਪਲਬਧ ਸ਼ਹਾਦਤ ਇਤਨੀ ਕਾਫ਼ੀ ਨ ਹੋਵੇ ਕਿ ਉਸ ਵਿਅਕਤੀ ਉਤੇ ਫ਼ਰਦ ਜੁਰਮ ਲਾ ਕੇ ਅਤੇ ਕਾਨੂੰਨੀ ਸਬੂਤ ਪੇਸ਼ ਕਰਕੇ ਉਸ ਨੂੰ ਸਿੱਧ-ਦੋਸ਼ ਕਰਾਰ ਦਿਵਾਇਆ ਜਾ ਸਕੇ , ਲੇਕਿਨ ਉਸ ਨੂੰ ਕੈਦ ਵਿਚ ਰਖਣਾ ਉਚਿਤ ਹੋਵੇ। ਨਿਵਾਰਕ ਨਜ਼ਰਬੰਦੀ ਵਿਚ ਕੈਦੀ ਦੇ ਵਿਰੁਧ ਕੋਈ ਅਪਰਾਧ ਸਾਬਤ ਨਹੀਂ ਕੀਤਾ ਜਾਂਦਾ, ਨ ਹੀ ਕੋਈ ਅਰੋਪ ਪੱਤਰ ਲਾਇਆ ਜਾਂਦਾ, ਲੇਕਿਨ ਏ.ਕੇ.ਗੋਪਾਲਨ ਬਨਾਮ ਮਦਰਾਸ ਰਾਜ (ਏ ਆਈਆਰ 1950 ਐਸ ਸੀ 27) ਵਿਚ ਸਰਵ ਉੱਚ ਅਦਾਲਤ ਸ਼ੱਕ ਦੇ ਆਧਾਰ ਤੇ ਨਜ਼ਰਬੰਦੀ ਉਚਿਤ ਸਮਝੀ ਜਾਂਦੀ ਹੈ। ਭਾਰਤੀ ਕਾਨੂੰਨ ਵਿਚ ਨਿਵਾਰਕ ਨਜ਼ਰਬੰਦੀ ਨੂੰ ਪਰਿਭਾਸ਼ਤ ਨਹੀਂ ਕੀਤਾ ਗਿਆ। ਨਿਵਾਰਕ ਸ਼ਬਦ ਦੀ ਵਰਤੋਂ ਸਜ਼ਾਗਤ ਨਜ਼ਰਬੰਦੀ ਤੋਂ ਨਿਖੇੜਨ ਲਈ ਕੀਤੀ ਗਈ ਹੈ। ਨਿਵਾਰਕ ਨਜ਼ਰਬੰਦੀ ਦਾ ਉਦੇਸ਼ ਵਿਅਕਤੀ ਨੂੰ ਉਸ ਦੁਆਰਾ ਕੀਤੇ ਕਿਸੇ ਕੰਮ ਲਈ ਸਜ਼ਾ ਦੇਣਾ ਨਹੀਂ ਹੁੰਦਾ ਸਗੋਂ ਉਸ ਨੂੰ ਕੋਈ ਕੰਮ ਕਰਨ ਤੋਂ ਰੋਕਣਾ ਹੁੰਦਾ ਹੈ। ਇਸ ਤਰ੍ਹਾਂ ਦੀ ਨਜ਼ਰਬੰਦੀ ਨੂੰ ਸ਼ੱਕ ਜਾਂ ਵਾਜਬ ਅਧਿਸੰਭਾਵਨਾ ਦੇ ਆਧਾਰ ਤੇ ਉਚਿਤ ਠਹਿਰਾਇਆ ਜਾਂਦਾ ਹੈ। ਐਡੀਸ਼ਨਲ ਡਿਸਟ੍ਰਿਕਟ ਮੈਜਿਸਟਰੇਟ ਬਨਾਮ ਸ਼ਿਵਕਾਂਤ ਸ਼ੁਕਲਾ (ਏ ਆਈ ਆਰ 1976 ਐਸ ਸੀ 1207) ਅਨੁਸਾਰ ਇਸ ਅਧਿਕਾਰਤਾ ਨੂੰ ਸਹੀ ਰੂਪ ਵਿਚ ‘ਸ਼ੱਕ ਦੀ ਅਧਿਕਾਰਤਾ ਕਿਹਾ ਜਾਂਦਾ ਹੈ। ਨਿਵਾਰਕ ਨਜ਼ਰਬੰਦੀ ਨਾਲ ਸਬੰਧਤ ਉਪਬੰਧ ਕਾਨੂੰਨ ਦੇ ਆਮ ਪਰਵਾਨਤ ਨਾਰਮਾਂ ਤੋਂ ਹਟ ਕੇ ਹੁੰਦੇ ਹਨ। ਆਮ ਕਰਕੇ ਇਨ੍ਹਾਂ ਉਪਬੰਧਾਂ ਦਾ ਸਹਾਰਾ ਜਾਂ ਤਾਂ ਯੁੱਧ ਦੇ ਸਮੇਂ ਜਾਂ ਅੰਦਰੂਨੀ ਗੜਬੜ ਦੇ ਅੰਦੇਸ਼ੇ ਦੇ ਅਤੇ ਗੰਭੀਰ ਪ੍ਰਕਾਰ ਦੀ ਗੜਬੜ ਦੇ ਅੰਦੇਸ਼ੇ ਦੇ ਸਨਮੁਖ ਲਿਆ ਜਾਂਦਾ ਹੈ। ਇਸ ਪਿੱਛੇ ਉਦੇਸ਼ ਕੌਮੀ ਸੁਰੱਖਿਅਤਾ ਅਤੇ ਅਖੰਡਤਾ ਦੇ ਵਡੇਰੇ ਖ਼ਤਰੇ ਤੋਂ ਬਚਣਾ ਹੁੰਦਾ ਹੈ ਅਤੇ ਜ਼ਾਤੀ ਸੁਤੰਤਰਤਾ ਦੇ ਸਦਾਚਾਰਕ ਜਾਂ ਕਾਨੂੰਨ ਤੇ ਆਧਾਰਤ ਅਧਿਕਾਰ ਨੂੰ ਪਿੱਛੇ ਪਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਹ ਇਕ ਪੇਸ਼ਬੰਦੀ ਵਿਚ ਕੀਤਾ ਗਿਆ ਉਪਾ ਹੁੰਦਾ ਹੈ ਅਤੇ ਅਪਰਾਧ ਨਾਲ ਇਸ ਦਾ ਕੋਈ ਸਬੰਧ ਨਹੀਂ ਹੁੰਦਾ, ਜਦ ਕਿ ਫ਼ੌਜਦਾਰੀ ਕਾਰਵਾਈਆਂ ਕਿਸੇ ਵਿਅਕਤੀ ਨੂੰ ਕਿਸੇ ਕੀਤੇ ਅਪਰਾਧ ਲਈ ਸਜ਼ਾ ਦੇਣ ਦੇ ਮਨਸ਼ਾ ਨਾਲ ਕੀਤੀਆਂ ਜਾਂਦੀਆਂ ਹਨ। ਬਲੈਕ ਦੀ ਕਾਨੂੰਨੀ ਡਿਕਸ਼ਨਰੀ ਵਿਚ ਇਸ ਪਦ ਦੇ ਖੁਲ੍ਹੇ ਅਰਥ ਲਏ ਗਏ ਹਨ। ਉਸ ਅਨੁਸਾਰ ਨਿਵਾਰਕ ਨਜ਼ਰਬੰਦੀ ਉਸ ਕੈਦ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਫ਼ੌਜਦਾਰੀ ਮੁਕੱਦਮੇ ਵਿਚਲੇ ਅਜਿਹੇ ਮੁਦਾਲੇ ਨੂੰ ਪਾਇਆ ਜਾਂਦਾ ਹੈ, ਜੋ ਵਿਚਾਰਣ ਦੀ ਉਡੀਕ ਕਰ ਰਿਹਾ ਹੋਵੇ ਅਤੇ ਭਜ ਨਿਕਲਣ ਦੀ ਜਾਂ ਹੋਰਵੇਂ ਕਾਨੂੰਨ ਭੰਗ ਕਰਨ ਦੀ ਧਮਕੀ ਦਿੰਦਾ ਹੋਵੇ।
ਇਸ ਤਰ੍ਹਾਂ ਦੀ ਨਜ਼ਰਬੰਦੀ ਦੇ ਮੁਤੱਲਕ ਲੋੜੀਂਦੇ ਉਪਬੰਧ ਭਾਰਤ ਦੇ ਸੰਵਿਧਾਨ ਦੇ ਅਨੁਛੇਦ 22 ਵਿਚ ਕੀਤੇ ਗਏ ਹਨ। ਨਿਵਾਰਕ ਨਜ਼ਰਬੰਦੀ ਨਾਲ ਸਬੰਧਤ ਸੰਸਦੀ ਕਾਨੂੰਨ ਦੇ ਖ਼ਿਲਾਫ਼ ਦੋ ਤਰ੍ਹਾਂ ਦੀ ਹਿਫ਼ਾਜ਼ਤ ਦਾ ਉਪਬੰਧ ਉਸ ਵਿਚ ਕੀਤਾ ਗਿਆ ਹੈ। ਪਹਿਲੀ ਇਹ ਕਿ ਨਿਵਾਰਕ ਤੌਰ ਤੇ ਨਜ਼ਰਬੰਦ ਕੀਤੇ ਗਏ ਵਿਅਕਤੀ ਨੂੰ ਉਸ ਦੀ ਨਜ਼ਰਬੰਦੀ ਦੇ ਕਾਰਨ ਦਸੇ ਜਾਣ ਅਤੇ ਦੂਜੀ ਇਹ ਕਿ ਪ੍ਰਤੀ-ਬੇਨਤੀ ਕਰਨ ਲਈ ਉਸ ਨੂੰ ਵਾਜਬ ਅਵਸਰ ਦਿੱਤਾ ਜਾਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1105, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First