ਪਾਣਿਨੀ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਪਾਣਿਨੀ: ਉੱਤਰ ਪੱਛਮੀ ਪੰਜਾਬ ਦਾ ਨਿਵਾਸੀ, ਸੰਸਕ੍ਰਿਤ ਦਾ ਸਰਬਸ੍ਰੇਸ਼ਠ, ਪ੍ਰਾਗਬੁੱਧ ਵਿਆਕਰਨਕਾਰ ਜੋ ਈਸਾ ਦੀ ਸੱਤਵੀਂ ਸਦੀ ਪੂਰਵ ਮਹਾਂਮੱਧਨੰਦ ਦਾ ਸਮਕਾਲੀ ਰਿਹਾ ਹੋਵੇਗਾ। ਉਸ ਦਾ ਗ੍ਰੰਥ ਅਸ਼ਟਧਿਆਈ ਮਨੁੱਖੀ ਭਾਸ਼ਾਵਾਂ ਦਾ ਇੱਕੋ-ਇੱਕ ਸੰਪੂਰਨ ਵਿਆਕਰਨ, ਭਾਰਤੀ ਵਿਦਵਾਨਾਂ ਦੇ ਗਿਆਨ, ਪ੍ਰਤਿਭਾ ਅਤੇ ਚਿੰਤਨ ਦਾ ਮਹੱਤਵਪੂਰਨ ਉਦਾਹਰਨ ਅਤੇ ਮਨੁੱਖੀ ਦਿਮਾਗ਼ ਦੀ ਅਤਿਅੰਤ ਮਹੱਤਵਪੂਰਨ ਕਾਢ ਮੰਨੀ ਗਈ ਹੈ। ਪਾਣਿਨੀ ਵਿਆਕਰਨ ਤੰਤਰ ਦੇ ਛੇ ਅੰਗ ਹਨ-ਪ੍ਰਤਿਯਾਹਾਰ ਸੂਤਰ, ਸੂਤਰਪਾਠ, ਧਾਤੂਪਾਠ, ਗਣਪਾਠ, ਲਿੰਗਾਸ਼ਾਸਨ, ਉਣਾਦ ਸੂਤਰ/ਕੋਸ਼। ਪਾਣਿਨੀ ਤੱਕ ਵਿਆਕਰਨ ਸ਼ਾਸਤਰ ਦੇ 85 ਪਰਵਰਤਾ, 2 ਸੰਪਰਦਾਇ-ਏਂਦਰ ਅਤੇ ਮਾਹੇਸ਼ਵਰ ਅਤੇ ਕਈ ਵਿਆਕਰਨਾਂ ਦੀ ਹੋਂਦ ਮੰਨੀ ਜਾਂਦੀ ਹੈ। ਚਾਹੇ ਪਾਣਿਨੀ ਸ਼ੈਵ ਸੰਪਰਦਾਇ ਨਾਲ ਸੰਬੰਧਿਤ ਸੀ ਤਾਂ ਵੀ ਉਸ ਦਾ ਵਿਆਕਰਨ ਵਿਆਪਕ ਦ੍ਰਿਸ਼ਟੀ ਤੋਂ ਵੱਖ-ਵੱਖ ਸੰਪਰਦਾਵਾਂ ਦੇ ਦਸ ਪੁਰਾਣੇ/ਪ੍ਰਾਚੀਨ ਵਿਆਕਰਨਕਾਰਾਂ- ਆਪਿਸ਼ਾਲੀ, ਸ਼ਾਕਟਾਯਨ, ਗਾਰਗਯ, ਸਾਕਲਯ, ਕਾਸ਼ਯਪ, ਭਾਰਦਵਾਜ, ਗਾਲਵ, ਚਾਕਰਵਰਮਣ, ਸੇਨਕ, ਸਫੋਟਾਥਨ-ਦੇ ਭਾਸ਼ਾ ਸੰਬੰਧੀ ਮੂਲ ਤੱਥਾਂ ਜਾਂ ਵਿਵਰਨ ਕੋਟੀਆਂ ਦਾ ਜ਼ਿਕਰ ਕਰਦਾ ਹੈ। ਵਿਸ਼ਾਲ, ਵਿਗਿਆਨਿਕ, ਤਰਕਸੰਗਤ, ਸੁਵਿਅਕਤ, ਅਤਿ ਸੰਖੇਪ ਅਤੇ ਵਿਆਪਕ ਪਾਣਿਨੀ ਵਿਆਕਰਨ ਦੇ ਸਾਰੇ ਪ੍ਰਾਚੀਨ ਗ੍ਰੰਥਾਂ ਦੀ ਥਾਂ ਤੇ ਵਿਆਕਰਨ ਦੇ ਮੂਲ ਸ਼ਾਸਤਰ ਦੇ ਰੂਪ ਵਿੱਚ ਪ੍ਰਸਿੱਧ ਹੋ ਕੇ ਇੱਕ ਤਾਕਤਵਰ ਬੌਧਿਕ ਗਿਆਨ ਸਾਧਨਾਂ ਨੂੰ ਜਨਮ ਦਿੱਤਾ। ਪਹਿਲਾਂ ਇੱਕ ਟੀਕਾ ਪਰੰਪਰਾ ਸ਼ੁਰੂ ਹੋਈ, ਜਿਸ ਨੇ ਵਿਆਖਿਆ ਦੁਆਰਾ ਵਿਆਕਰਨ ਦੇ ਗਿਆਨ ਨੂੰ ਹੋਰ ਅਮੀਰ ਕੀਤਾ। ਦੂਜਾ, ਵਿਆਕਰਨ ਨੂੰ ਸੌਖਾ ਬਣਾਉਣ ਲਈ ਇੱਕ ਪੁਨਰਲੇਖਨ ਪਰੰਪਰਾ ਬੋਧ ਚੰਦਰ ਦੇ ਪ੍ਰਮਾਣਿਕ ਸ਼ਬਦਾਵਲੀ ਰਹਿਤ ਵਿਆਕਰਨ ਤੋਂ ਸ਼ੁਰੂ ਹੋਈ। ਤੀਜਾ, ਪਾਣਿਨੀ ਦੀ ਪ੍ਰਣਾਲੀ ਅਨੁਸਾਰ ਹੋਰ ਭਾਸ਼ਾਵਾਂ ਦੇ ਵਿਆਕਰਨ ਲਿਖੇ ਗਏ-ਫ਼ਾਰਸੀ, ਤਾਮਿਲ, ਪ੍ਰਾਕ੍ਰਿਤ। ਚੌਥਾ, ਵਿਆਕਰਨ ਸਿਧਾਂਤਾਂ ਦਾ ਵਿਸ਼ਲੇਸ਼ਣ ਜੋ ਮਹਾਭਾਸ਼ ਤੋਂ ਸ਼ੁਰੂ ਹੋਇਆ ਬਾਅਦ ਵਿੱਚ ਨਾਗੇਸ਼ ਭਟ ਦੁਆਰਾ ਵਿਆਕਰਨ ਸਿਧਾਂਤ ਮੰਜੁਸ਼ (8ਵੀਂ ਸਦੀ) ਜਿਹੇ ਗ੍ਰੰਥਾਂ ਵਿੱਚ ਸੁਤੰਤਰ ਅਧਿਐਨ ਬਣ ਗਿਆ। ਪੰਜਵਾਂ, ਵਿਆਕਰਨ ਦੇ ਆਧਾਰ ਭੂਤ ਭਾਸ਼ਾ ਦਰਸ਼ਨ ਤੋਂ ਆਮ ਸਧਾਰਨ ਭਾਸ਼ਾ ਦਰਸ਼ਨ ਦਾ ਚਿੰਤਨ ਸ਼ੁਰੂ ਹੋਇਆ। ਮਾਧਵਾਚਾਰੀਆ ਸਵਰਦਰਸ਼ਨ ਸੰਗ੍ਰਹਿ (13ਵੀਂ ਸਦੀ) ਵਿੱਚ ਪਾਣਿਨੀ ਦਰਸ਼ਨ ਨੂੰ ਤੇਰਵ੍ਹੇਂ ਸ੍ਰੋਤ ਤਾਰਕਿਕ ਦਰਸ਼ਨ ਵਿੱਚ ਪੇਸ਼ ਕਰਦਾ ਹੈ।
ਪਰੰਤੂ ਪਾਣਿਨੀ ਦਾ ਯੋਗਦਾਨ ਵਿਆਕਰਨ ਜਾਂ ਭਾਰਤ ਤੱਕ ਹੀ ਸੀਮਿਤ ਨਹੀਂ। ਉਸ ਨੇ ਵਰਣੋਉਚਾਰਨ ਸਿੱਖਿਆ, ਜਾਂਬਵਤੀ ਵਿਜੈ ਅਤੇ ਦਵਿਰੂਪ ਕੋਸ਼ ਗ੍ਰੰਥਾਂ ਦੀ ਵੀ ਰਚਨਾ ਕੀਤੀ (ਅਜਿਹੇ ਪ੍ਰਮਾਣ ਹਨ ਅਤੇ ਲੋਕਮਾਨਤਾ ਹੈ)। ਉਸ ਨੇ ਭਾਸ਼ਾ ਤੋਂ ਇਲਾਵਾ ਵੈਦਿਕ ਨੂੰ ਵਿਵਰਨ ਬੱਧ ਕਰ ਕੇ ਭਾਰਤੀ ਸੰਸਕ੍ਰਿਤੀ ਅਤੇ ਚਿੰਤਨ ਦੇ ਸ੍ਰੋਤ ਵੈਦਿਕ ਸਾਹਿਤ ਦਾ ਨਿਰੀਖਣ ਅਤੇ ਅਧਿਐਨ ਸੰਭਵ ਕੀਤਾ। ਪਾਣਿਨੀ ਦੇ ਸਿਧਾਂਤਾਂ ਅਤੇ ਕੋਟੀਆਂ ਦਾ ਪ੍ਰਭਾਵ ਅਤੇ ਵਰਤੋਂ ਦੂਜੇ ਸ਼ਾਸਤਰਾਂ ਅਤੇ ਵਿਧਾਵਾਂ, ਦਰਸ਼ਨ, ਕਾਵਿ ਗਣਿਤ, ਨਿਆਂ ਆਦਿ ਵਿੱਚ ਵੀ ਸਪਸ਼ਟ ਹੋਇਆ। ਇਹੋ ਨਹੀਂ, ਉਹਨਾਂ ਦੀ ਵਿਸ਼ਲੇਸ਼ਣ ਵਿਧੀ ਸ਼੍ਰੇਣੀਆਂ, ਸੂਤਰ, ਪ੍ਰਕਿਰਿਆਵਾਂ ਅਤੇ ਸਿਧਾਂਤ ਇੱਕ ਆਮ ਸ਼ਾਸਤਰ ਵਿਧੀ ਦੇ ਰੂਪ ਵਿੱਚ ਉੱਭਰੇ ਅਤੇ ਵਰਤੇ ਗਏ ਕਿਉਂਕਿ ਇਹ ਭਾਸ਼ਾ ਦੇ ਹੀ ਨਹੀਂ ਬਲਕਿ ਮਨੁੱਖੀ ਦਿਮਾਗ਼ ਦੀਆਂ ਸ਼੍ਰੇਣੀਆਂ ਅਤੇ ਪ੍ਰਕਿਰਿਆਵਾਂ ਨੂੰ ਪ੍ਰਤਿਬਿੰਬਤ ਕਰਦੇ ਹਨ। ਹੁਣ ਤਾਂ ਇਹ ਸਮਝਿਆ ਜਾਂਦਾ ਹੈ ਕਿ ਪਾਣਿਨੀ ਤੰਤਰ ਸੱਤਾ ਅਤੇ ਗਿਆਨ ਮੀਮਾਂਸਾ ਦੇ ਇੱਕ ਢਾਂਚੇ ਦੇ ਰੂਪ ਵਿੱਚ ਨਾ ਸਿਰਫ਼ ਭਾਰਤੀ ਬੌਧਿਕ ਚਿੰਤਨ ਦਾ ਆਧਾਰ ਬਣ ਗਿਆ ਬਲਕਿ ਸਾਰੇ ਮਾਨਸਿਕ ਚਿੰਤਨ ਪ੍ਰਕਿਰਿਆਵਾਂ ਲਈ ਪ੍ਰਸੰਗਿਕ ਅਤੇ ਢੁੱਕਵਾਂ ਹੈ। ਇਸ ਲਈ ਅੱਜ ਪਾਣਿਨੀ ਦਾ ਅਧਿਐਨ ਸੰਸਾਰ ਭਰ ਦੀਆਂ ਮਹੱਤਵਪੂਰਨ ਯੂਨੀਵਰਸਿਟੀਆਂ ਵਿੱਚ ਹੋ ਰਿਹਾ ਹੈ। ਖ਼ਾਸ ਕਰ ਕੇ ਆਧੁਨਿਕ ਕੰਪਿਊਟਰ ਤਕਨਾਲੋਜੀ ਦੇ ਪ੍ਰਸੰਗ ਵਿੱਚ। ਪਾਣਿਨੀ ਦਾ ਆਧੁਨਿਕ ਅਧਿਐਨ ਅਠਾਰ੍ਹਵੀਂ ਸਦੀ ਦੇ ਅੰਤ ਅਤੇ ਉਨ੍ਹੀਵੀਂ ਸਦੀ ਵਿੱਚ ਜਰਮਨੀ/ਡੈਨਮਾਰਕ ਵਿੱਚ ਸ਼ੁਰੂ ਹੋਇਆ, ਜਦੋਂ ਸੰਸਕ੍ਰਿਤ ਵਿਭਾਗਾਂ ਦੀ ਸਥਾਪਨਾ ਹੋਈ ਅਤੇ ਅਸ਼ਟਾਧਿਆਈ ਦਾ ਬੇੲੋਟਲਿੰਕ ਨੇ ਜਰਮਨ ਅਨੁਵਾਦ ਕੀਤਾ (1839-40)। ਬਾਅਦ ਵਿੱਚ ਵਿਸ਼ਵ ਦੀਆਂ ਕਈ ਮਹੱਤਵਪੂਰਨ ਭਾਸ਼ਾਵਾਂ ਵਿੱਚ ਅਨੁਵਾਦ ਹੋਏ, ਜਿਨ੍ਹਾਂ ਵਿੱਚ ਰੇਨੂ ਦਾ ਫ਼੍ਰਾਂਸੀਸੀ ਅਤੇ ਐਸ.ਸੀ. ਵਾਸੂ ਦਾ ਅੰਗਰੇਜ਼ੀ ਅਨੁਵਾਦ ਮੁੱਖ ਹੈ। 1988 ਵਿੱਚ ਸੁਮੰਤ ਮੰਗੇਸ਼ ਕਤਰੇ ਨੇ ਇੱਕ ਨਵਾਂ ਅੰਗਰੇਜ਼ੀ ਅਨੁਵਾਦ ਕੀਤਾ ਅਤੇ ਜਾਰਜ ਕਾਰਡੋਨਾ, ਪ੍ਰਸਿੱਧ ਪਾਣਿਨੀ ਵਿਦਵਾਨ, ਅੱਠ ਗ੍ਰੰਥਾਂ ਦਾ ਪਾਣਿਨੀ ਅਧਿਐਨ ਪ੍ਰਕਾਸ਼ਿਤ ਕਰ ਰਹੇ ਹਨ।
ਪਾਣਿਨੀ ਦੀ ਤੇਜ਼ ਬੁੱਧੀ, ਅਦੁੱਤੀ ਪ੍ਰਤਿਭਾ, ਗਿਆਨ ਵਿੱਚ ਅਦਭੁੱਤ ਅਤੇ ਬੇਮਿਸਾਲ ਯੋਗਦਾਨ ਦੇ ਕਾਰਨ ਭਾਰਤਵਾਸੀ ਪਰੰਪਰਾਗਤ ਰੂਪ ਵਿੱਚ ਪਾਣਿਨੀ ਨੂੰ ਭਗਵਾਨ ਦੀ ਉਪਾਧੀ ਦਿੰਦੇ ਹਨ।
ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 6066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਪਾਣਿਨੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਾਣਿਨੀ : ਇਹ ਸੰਸਕ੍ਰਿਤ ਦਾ ਪ੍ਰਸਿੱਧ ਵਿਆਕਰਣਕਾਰ ਸੀ ਜਿਸ ਨੇ ਪ੍ਰਮਾਣਿਕ ਸੰਸਕ੍ਰਿਤ ਵਿਆਕਰਣ ਅਸ਼ਟਾਧਿਆਇ ਦੀ ਰਚਨਾ ਕੀਤੀ। ਇਸ ਨੂੰ ਸੰਸਕ੍ਰਿਤ ਵਿਆਕਰਣ ਦਾ ਸਭ ਤੋਂ ਵੱਡਾ ਵਿਦਵਾਨ ਮੰਨਿਆ ਜਾਂਦਾ ਹੈ। ਇਹੋ ਕਾਰਨ ਹੈ ਕਿ ਇਸ ਬਾਰੇ ਆਦਰ ਤੇ ਸਤਿਕਾਰ ਨਾਲ ਕਿਹਾ ਜਾਂਦਾ ਹੈ ਕਿ ਇਸ ਦੀ ਰਚਨਾ ਈਸ਼ਵਰੀ ਗਿਆਨ ਕਾਰਨ ਹੋਈ। ਪ੍ਰਾਚੀਨ ਸਮੇਂ ਵਿਚ ਪਾਣਿਨੀ ਨੂੰ ਰਿਸ਼ੀ ਮੰਨਿਆ ਜਾਂਦਾ ਸੀ।
ਪਾਣਿਨੀ ਸ਼ਾਲਾਤੁਰ ਦਾ ਜੰਮਪਲ ਸੀ ਜਿਹੜਾ ਸਿੰਧ ਦੇ ਉੱਤਰ ਵਿਚ ਕੰਧਾਰ ਦੇਸ਼ ਵਿਚ ਸੀ। ਇਸ ਕਰ ਕੇ ਇਸ ਨੂੰ ਸ਼ਾਲੋਤਰੀਯ ਵੀ ਕਿਹਾ ਜਾਂਦਾ ਹੈ। ਪਾਣਿਨੀ ਪਾਣਿਨ ਦਾ ਪੁੱਤਰ ਅਤੇ ਦੇਵਲ ਦਾ ਪੋਤਰਾ ਸੀ। ਇਸ ਦੀ ਮਾਂ ਦਾ ਨਾਂ ਦਾਕਸ਼ੀ ਸੀ ਜਿਹੜੀ ਸ਼ਾਇਦ ਦਕਸ਼ ਵੰਸ਼ ਨਾਲ ਸਬੰਧਤ ਸੀ। ਇਸੇ ਆਧਾਰ ਤੇ ਇਸ ਨੂੰ ਦਾਕਸ਼ੇਯ ਵੀ ਕਹਿੰਦੇ ਹਨ। ਇਸ ਨੂੰ ਅਹਿਕ ਵੀ ਕਿਹਾ ਜਾਂਦਾ ਹੈ। ਇਸ ਦੇ ਜੀਵਨ ਕਾਲ ਸਬੰਧੀ ਨਿਸਚੇ ਨਾਲ ਕੁਝ ਨਹੀਂ ਕਿਹਾ ਜਾ ਸਕਦਾ ਪਰ ਖਿਆਲ ਕੀਤਾ ਜਾਂਦਾ ਹੈ ਕਿ ਇਹ ਲਗਭਗ 400 ਈ.ਪੂ. ਹੋਇਆ ਸੀ। ਗੋਲਡਸਟੂਕਰ ਇਸ ਨੂੰ ਹੋਰ ਪਿੱਛੇ ਛੇਵੀਂ ਸਦੀ ਈ. ਪੂ. ਵਿਚ ਹੋਇਆ ਮੰਨਦਾ ਹੈ ਪਰੰਤੂ ਵੈਬਰ ਇਸ ਨੂੰ ਉੱਤਰਕਾਲੀ ਸਮੇਂ ਵਿਚ ਹੀ ਰੱਖਣਾ ਚਾਹੁੰਦਾ ਹੈ। ਆਧੁਨਿਕ ਸਮੇਂ ਵਿਚ ਵੀ ਇਸ ਬਾਰੇ ਇਹੋ ਕਥਨ ਪ੍ਰਸਿੱਧ ਹੈ ਕਿ ਇਸ ਨੂੰ ਪੁਸਤਕ ਸਬੰਧੀ ਵਿਸ਼ੇ ਦਾ ਗਿਆਨ ਸ਼ਿਵ ਜੀ ਤੋਂ ਪ੍ਰਾਪਤ ਹੋਇਆ ਸੀ। ਲੋਕ ਕਥਾ ਹੈ ਕਿ ਪਾਣਿਨੀ ਬਚਪਨ ਵਿਚ ਬੜਾ ਹੀ ਸ਼ਰਾਰਤੀ ਹੁੰਦਾ ਸੀ ਜਿਸ ਕਾਰਨ ਇਸ ਨੂੰ ਪਾਠਸ਼ਾਲਾ ਵਿਚੋਂ ਕੱਢ ਦਿੱਤਾ ਗਿਆ ਸੀ ਪਰ ਸ਼ਿਵ ਜੀ ਦੀ ਕਿਰਪਾ ਨਾਲ ਇਹ ਵਿਦਵਾਨਾਂ ਦੀ ਪਹਿਲੀ ਸ਼੍ਰੇਣੀ ਵਿਚ ਆ ਗਿਆ। ਇਹ ਪਹਿਲਾ ਵਿਆਕਰਣਕਾਰ ਨਹੀਂ ਸੀ ਕਿਉਂਕਿ ਆਪਣੀ ਪੁਸਤਕ ਵਿਚ ਇਹ ਕਈ ਵਿਆਕਰਣਕਾਰਾਂ ਦਾ ਜ਼ਿਕਰ ਕਰਦਾ ਹੈ ਜੋ ਨਿਰਸੰਦੇਹ ਇਸ ਤੋਂ ਪਹਿਲਾਂ ਪੈਦਾ ਹੋਏ ਹੋਣਗੇ ਜਾਂ ਫ਼ਿਰ ਇਸ ਦੇ ਸਮਕਾਲੀ ਹੋਣਗੇ। ਪਾਣਿਨੀ ਤੋਂ ਬਾਅਦ ਵਿਚ ਲਿਖੇ ਗਏ ਵਿਆਕਰਣਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਬੇਸ਼ਕ ਇਨ੍ਹਾਂ ਵਿਚੋਂ ਬਹੁਤੇ ਆਮ ਵਰਤੇ ਜਾਂਦੇ ਹਨ। ਪਰ ਪਾਣਿਨੀ ਦੁਆਰਾ ਬਣਾਏ ਨਿਯਮ ਅੱਜ ਵੀ ਸਰਵਉੱਚ ਤੇ ਵਿਵਾਦ ਰਹਿਤ ਹਨ। ਇਸ ਦੀ ਪੁਸਤਕ ਸੂਤਰ-ਸ਼ੈਲੀ ਜਾਂ ਪਰਿਭਾਸ਼ਾਵਾਂ ਵਿਚ ਲਿਖੀ ਹੋਈ ਹੈ ਅਤੇ ਇਨ੍ਹਾਂ ਸੂਤਰਾਂ ਦੀ ਗਿਣਤੀ 3996 ਹੈ। ਇਨ੍ਹਾਂ ਸਾਰੇ ਸੂਤਰਾਂ ਦਾ ਵਰਗੀਕਰਣ 8 ਅਧਿਆਵਾਂ ਵਿਚ ਕੀਤਾ ਹੋਇਆ ਹੈ। ਇਹੋ ਕਾਰਨ ਹੈ ਇਸ ਨੂੰ ਅਸ਼ਟ-ਅਧਿਆਇ ਵੀ ਕਿਹਾ ਜਾਂਦਾ ਹੈ। ਇਹ ਸੂਤਰ ਬਹੁਤ ਸੰਖਿਪਤ ਤੇ ਗੁੰਝਲਦਾਰ ਹਨ। ਇਨ੍ਹਾਂ ਦੇ ਅਰਥਾਂ ਨੂੰ ਜਾਣਨ ਲਈ ਬਹੁਤ ਜ਼ਿਆਦਾ ਮਿਹਨਤ ਤੇ ਅਧਿਐਨ ਦੀ ਜ਼ਰੂਰਤ ਪੈਂਦੀ ਹੈ। ਇਸ ਵਿਆਕਰਣ ਦੀਆਂ ਕਈ ਐਡੀਸ਼ਨਾਂ ਛਪ ਚੁੱਕੀਆਂ ਹਨ। ਵਿਦਵਾਨਾਂ ਨੇ ਵਿਸਤ੍ਰਿਤ ਟੀਕੇ ਲਿਖੇ ਹਨ ਤੇ ਹਿੰਦੀ ਵਿਚ ਅਨੁਵਾਦ ਵੀ ਕੀਤੇ ਹਨ। ਇਹ ਸੂਤਰ ਬਧ ਸ਼ੈਲੀ ਵਿਚ ਹੋਣ ਕਾਰਨ ਆਮ ਪਾਠਕਾਂ ਲਈ ਕਾਫ਼ੀ ਕਠਿਨ ਹੈ ਪਰ ਸੰਸਕ੍ਰਿਤ ਭਾਸ਼ਾ ਦਾ ਸ਼ੁੱਧ ਸਰੂਪ ਕਾਇਮ ਕਰਨ ਲਈ ਇਸ ਦਾ ਯੋਗਦਾਨ ਬੜਾ ਮਹੱਤਵਪੂਰਨ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3193, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-17-11-13-01, ਹਵਾਲੇ/ਟਿੱਪਣੀਆਂ: ਹ. ਪੁ.–ਹਿੰ. ਮਿ. ਕੋ. : 354 : ਚ. ਕੋ : 259
ਵਿਚਾਰ / ਸੁਝਾਅ
Please Login First