ਪੁਰਾਣ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੁਰਾਣ : ਵੇਦ ਕਈ ਸਦੀਆਂ ਤੱਕ ਲਿਖਤ ਰੂਪ ਵਿੱਚ ਨਾ ਹੋਣ ਦੇ ਕਾਰਨ ਮੌਖਿਕ ਰੂਪ ਵਿੱਚ ਹੀ ਰਹੇ । ਪੀੜ੍ਹੀ-ਦਰ-ਪੀੜ੍ਹੀ ਇਹਨਾਂ ਨੂੰ ਮੂੰਹ ਜ਼ੁਬਾਨੀ ਯਾਦ ਕਰ ਕੇ ਸਾਂਭ ਕੇ ਰੱਖਿਆ ਜਾਂਦਾ ਸੀ । ਇਸ ਲਈ ਇਹਨਾਂ ਦਾ ਨਾਂ ‘ ਸ਼ਰੂਤੀ’ ਪਿਆ । ਵੇਦਾਂ ਵਿੱਚ ਦੋ ਗੱਲਾਂ ਮੁੱਖ ਸਨ- ਯੱਗ ਅਤੇ ਬ੍ਰਹਮ ਦੇ ਵਿਸ਼ੇ ਵਿੱਚ ਗਿਆਨ । ਪਰੋਹਤਾਂ ਨੇ ‘ ਯੱਗ’ ਤੇ ਜ਼ਿਆਦਾ ਧਿਆਨ ਦਿੱਤਾ ਅਤੇ ਗਿਆਨ ਦੀ ਵਿਆਖਿਆ ਕਰਨੀ ਘੱਟ ਕਰ ਦਿੱਤੀ । ਵੇਦਾਂ ਦੀਆਂ ਗੱਲਾਂ ਨੂੰ ਅੱਗੇ ਆਉਣ ਵਾਲੀ ਪੀੜ੍ਹੀ ਨੂੰ ਸਮਝਣ ਸਮਝਾਉਣ ਲਈ ਦੋ ਪ੍ਰਕਾਰ ਦੇ ਗ੍ਰੰਥ ਲਿਖੇ ਗਏ । ਬ੍ਰਾਹਮਣਾ ਗ੍ਰੰਥ ਵਿੱਚ ਯੱਗ ਸੰਬੰਧੀ ਗੱਲਾਂ ਨੂੰ ਅਤੇ ਬ੍ਰਹਮ ਗਿਆਨ ਸੰਬੰਧੀ ਗੱਲਾਂ ਨੂੰ ‘ ਪੁਰਾਣਾਂ’ ਵਿੱਚ ਸਮਝਾਇਆ ਗਿਆ । ਇਸ ਕਰ ਕੇ ਪੁਰਾਣ ਵੈਦਿਕ ਧਰਮ ਦੇ ਨਵੇਂ ਸੁਧਾਰਕ ਬਣੇ । ਸ਼ਤਪਥ ਬ੍ਰਾਹਮਣ ਨਾਮਕ ਗ੍ਰੰਥ ਵਿੱਚ ਪੁਰਾਣਾਂ ਨੂੰ ਵੀ ਵੇਦ ਹੀ ਕਿਹਾ ਗਿਆ ਹੈ ।

        ਪੁਰਾਣਾਂ ਦੀ ਰਚਨਾ ਕਿਸ ਨੇ ਕੀਤੀ - ਇਹ ਵੀ ਇੱਕ ਜਟਿਲ ਪ੍ਰਸ਼ਨ ਹੈ । ਵਾਯੂ ਪੁਰਾਣ ਵਿੱਚ ਕਿਹਾ ਗਿਆ ਹੈ ਕਿ ਸਭ ਤੋਂ ਪਹਿਲਾਂ ਮਾਤਰਸ਼ਿਵਾ ( ਵਾਯੂ ) ਵਿੱਚ ਇਸ ਦੀ ਵਿਆਖਿਆ ਬ੍ਰਹਮਾ ਨੇ ਕੀਤੀ ਸੀ । ਦੰਦ-ਕਥਾਵਾਂ ਵਿਆਸ ਨੂੰ ਪੁਰਾਣਾਂ ਦਾ ਰਚਨਾਕਾਰ ਮੰਨਦੀਆਂ ਹਨ ।

        ਮਹਾਪੁਰਾਣਾਂ ਦੀ ਕੁੱਲ ਗਿਣਤੀ ਅਠਾਰਾਂ ਹੈ :

        ਵਿਸ਼ਨੂੰ ਪੁਰਾਣ , ਪਦਮ ਪੁਰਾਣ , ਬ੍ਰਹਮ ਪੁਰਾਣ , ਸ਼ਿਵ ਪੁਰਾਣ , ਭਾਗਵਤ ਪੁਰਾਣ , ਨਾਰਦ ਪੁਰਾਣ , ਮਾਰਕੰਡੇਯ ਪੁਰਾਣ , ਅਗਨਿ ਪੁਰਾਣ , ਬ੍ਰਹਮ ਵੈਵਰਤ ਪੁਰਾਣ , ਲਿੰਗ ਪੁਰਾਣ , ਵਾਰਾਹ ਪੁਰਾਣ , ਸਕੰਦ ਪੁਰਾਣ , ਵਾਮਨ ਪੁਰਾਣ , ਕੂਰਮ ਪੁਰਾਣ , ਮਤਸਯ ਪੁਰਾਣ , ਗਰੁੜ ਪੁਰਾਣ , ਬ੍ਰਹਮਾਂਡ ਪੁਰਾਣ , ਭਵਿਸ਼ ਪੁਰਾਣ ।

        ਇਹਨਾਂ ਅਠਾਰਾਂ ਦੇ ਨਾਲ ਅਠਾਰਾਂ ਹੀ ਉਪ-ਪੁਰਾਣ ਭੀ ਕਹੇ ਜਾਂਦੇ ਹਨ : ਸਨਤਕੁਮਾਰ ਪੁਰਾਣ , ਨਰਸਿੰਘ , ਨਾਰਦੀਯ , ਦੇਵੀ ਭਾਗਵਤ , ਦੁਰਵਾਸਾ , ਕਪਿਲ , ਮਾਨਵ , ਔਸ਼ੰਸ , ਵਰੁਣ , ਕਾਲਿਕਾ , ਸ਼ਾਂਬ , ਨੰਦਾ , ਸੌਰ , ਪਾਰਾਸ਼ਰ , ਆਦਿਤਯ , ਮਾਹੇਸ਼ਵਰ , ਭਾਰਗਵ , ਵਸ਼ਿਸਠ । ਪੁਰਾਣਾਂ ਦੀ ਰਚਨਾ ਦਾ ਸ਼ੁਰੂਆਤੀ ਸਮਾਂ ਵੈਦਿਕ ਯੁੱਗ ਦੀ ਸਮਾਪਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਪੁਰਾਣ ਸਾਹਿਤ ਪੰਜਵੀਂ ਸਦੀ ਤੱਕ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕਾ ਸੀ ।

        ਪੁਰਾਣਾਂ ਵਿੱਚ ਵੈਦਿਕ ਧਰਮ ਨੂੰ ਹੀ ਕੇਂਦਰ ਵਿੱਚ ਰੱਖ ਕੇ ਸਮਝਾਇਆ ਗਿਆ ਹੈ ਤਾਂ ਹੀ ਤਾਂ ਇਹਨਾਂ ਵਿੱਚ ਸਮਾਜਿਕ ਪੱਖ ਦੀ ਪ੍ਰਧਾਨਤਾ ਹੈ । ਪੁਰਾਣਾਂ ਵਿੱਚ ਚਰਚਾ ਦੇ ਪੰਜ ਵਿਸ਼ੇ ਹਨ : ( 1 ) ਸੰਸਾਰ ਦਾ ਗਿਆਨ ( ਸਰਗ ) ( 2 ) ਦੁਬਾਰਾ ਪਰਲੋ ਤੋਂ ਬਾਅਦ ਸੰਸਾਰ ਕਿਵੇਂ ਹੋਇਆ ( ਪ੍ਰਤੀਸਰਗ ) ( 3 ) ਪ੍ਰਿਥਵੀ ਤੇ ਕਿਸ-ਕਿਸ ਵੰਸ਼ ਦਾ ਜਨਮ ਹੋਇਆ ( ਵੰਸ ) ( 4 ) ਕਈ ਪ੍ਰਕਾਰ ਦੇ ਮਨੂਆਂ ਦਾ ਸਮਾਂ ( ਮਨਵਨਤਰ ) ਅਤੇ ( 5 ) ਸੂਰਯਵੰਸ ਅਤੇ ਚੰਦਰਵੰਸ ਦਾ ਵਿਵਰਨ ( ਵੰਸ਼ਾਂਨੁਚਰਿਤ ) । ਇਸ ਤੋਂ ਇਲਾਵਾ ਪੁਰਾਣਾਂ ਵਿੱਚ ਭੂਗੋਲਿਕ ਗਿਆਨ , ਇਤਿਹਾਸਿਕ ਗਿਆਨ , ਆਚਾਰ-ਸ਼ਾਸਤਰ , ਦਰਸ਼ਨ ਸ਼ਾਸਤਰ ਆਦਿ ਦਾ ਅਜਿਹਾ ਗਿਆਨ ਭਰਿਆ ਪਿਆ ਹੈ , ਜਿਸ ਵਿੱਚ ਨਾ ਕੇਵਲ ਪੁਰਾਣ ਸੰਬੰਧੀ ਧਰਮ ਦਾ ਵਿਕਾਸ ਹੋਇਆ , ਬਲਕਿ ਭਾਰਤੀ ਸੰਸਕ੍ਰਿਤ ਦਾ ਵੀ ਵਿਸਤਾਰ ਹੋਇਆ ਹੈ । ਇਸ ਵਿੱਚ ਪ੍ਰਾਚੀਨ ਕਥਾਵਾਂ ਬਹੁਤ ਹਨ , ਇਸ ਲਈ ਪੁਰਾਣਾਂ ਨੂੰ ਇਤਿਹਾਸ ਦੀ ਤੋਲ ਵਿੱਚ ‘ ਮਿਥਿਹਾਸ’ ਵੀ ਕਿਹਾ ਜਾਂਦਾ ਹੈ । ਪ੍ਰਾਚੀਨ ਦ੍ਵੀਪਾਂ , ਦੇਸ਼ਾਂ , ਜਾਤੀਆਂ , ਥਾਂਵਾਂ , ਤੀਰਥਾਂ , ਨਦੀਆਂ , ਪਹਾੜਾਂ ਆਦਿ ਦੇ ਉਲੇਖ ਇਹਨਾਂ ਵਿੱਚ ਭਰੇ ਪਏ ਹਨ । ਇਹਨਾਂ ਦੀ ਭਾਸ਼ਾ ਸ਼ੈਲੀ ਕਥਾਤਮਿਕ ( ਕਥਾ ਵਾਲੀ ) ਅਤੇ ਸਰਲ ਹੈ । ਸਵਰਗ ਅਤੇ ਨਰਕ ਦੀ ਕਲਪਨਾ ਦੁਆਰਾ ਸਮਾਜ ਵਿੱਚ ਮਨੁੱਖਾਂ ਦੇ ਆਚਰਨ ( ਵਿਹਾਰ ) ਨੂੰ ਸੰਜਮ ਵਿੱਚ ਰੱਖਣ ਦਾ ਅਤੇ ਪਛਤਾਵੇ ਦੁਆਰਾ ਸੁਧਾਰਨ ਦੀ ਕੋਸ਼ਿਸ਼ ਪੁਰਾਣਾਂ ਵਿੱਚ ਕੁਸ਼ਲਤਾ ਨਾਲ ਕੀਤੀ ਗਈ ਹੈ । ਧਰਮ ਦੀ ਸਥਾਪਨਾ ਅਤੇ ਅਧਰਮ ਦਾ ਨਾਸ ਪੁਰਾਣਾਂ ਦਾ ਕੇਂਦਰੀ ਵਿਸ਼ਾ ਹੈ । ਸਮਾਜ ਦੇ ਔਰਤਾਂ-ਮਰਦਾਂ ਇੱਥੋਂ ਤੱਕ ਕਿ ਬੱਚਿਆਂ ਤੱਕ ਨੂੰ ਭਿਕਸ਼ੂ ਬਣਾ ਕੇ ਬੁੱਧ ਧਰਮ ਸਮਾਜਿਕ ਕਰਤੱਵਾਂ ਤੋਂ ਦੂਰ ਕਰ ਰਿਹਾ ਸੀ ਅਤੇ ਉਪਨਿਸ਼ਦਾਂ ਦਾ ਗਿਆਨ ਉਹਨਾਂ ਨੂੰ ਵਿਰਕਤ ਕਰ ਰਿਹਾ ਸੀ , ਤਾਂ ਇਹਨਾਂ ਪੁਰਾਣਾਂ ਨੇ ਗ੍ਰਹਿਸਥ ਆਸ਼ਰਮ ਨੂੰ ਮਹੱਤਵ ਦਿੱਤਾ । ਆਸ਼੍ਰਮ ਵਿੱਚ ਰਹਿੰਦੇ ਹੋਏ ਕਈ ਪ੍ਰਕਾਰ ਦੇ ਅਵਤਾਰਾਂ ਅਤੇ ਦੇਵੀ ਦੇਵਤਿਆਂ ਦੀ ਪੂਜਾ ਦਾ ਆਦਰਸ਼ ਸਾਮ੍ਹਣੇ ਰੱਖਦੇ ਹੋਏ ਪੁਰਾਣਾਂ ਨੇ ਸਮਾਜ ਵਿੱਚ ਮਨੁੱਖਾਂ ਦੇ ਆਚਰਨ ਨੂੰ ਪਾਪ ਤੋਂ ਬਚਣ ਅਤੇ ਪੁੰਨ ਵੱਲ ਜਾਣ ਦੀ ਪ੍ਰੇਰਨਾ ਦਿੱਤੀ ।

        ਵੇਦਾਂ ਵਿੱਚ ਜਿਨ੍ਹਾਂ ਆਦਰਸ਼ਾਂ ਅਤੇ ਦੋਸ਼ਾਂ ਦਾ ਵਰਣਨ ਸੂਤਰ ਰੂਪ ( ਸੰਖੇਪ ਵਿੱਚ ) ਵਿੱਚ ਕੀਤਾ ਗਿਆ ਸੀ , ਉਹਨਾਂ ਹੀ ਸਾਰਿਆਂ ਨੂੰ ਵਿਸਤਾਰ ਨਾਲ ਸਮਝਣ ਲਈ ਕਹਾਣੀ ਸ਼ੈਲੀ ਵਿੱਚ ਅਠਾਰਾਂ ਪੁਰਾਣਾਂ ਵਿੱਚ ਲਿਖਿਆ ਗਿਆ ਹੈ । ਵੇਦਾਂ ਨੂੰ ਪੂਰੀ ਤਰ੍ਹਾਂ ਸਮਝਣ ਲਈ ਪੁਰਾਣਾਂ ਦਾ ਗਿਆਨ ਜ਼ਰੂਰੀ ਹੈ । ਪੁਰਾਣਾਂ ਵਿੱਚ ਕਹੀਆਂ ਗਈਆਂ ਬਹੁਤ ਗੱਲਾਂ ਅਸੰਭਵ ਅਤੇ ਪਰਸਪਰ ਵਿਰੋਧੀ ਸਮਝੀਆਂ ਜਾਣ ਕਰ ਕੇ ਕੁਝ ਲੋਕ ਇਹਨਾਂ ਉੱਤੇ ਸ਼ਰਧਾ ਨਹੀਂ ਰੱਖਦੇ । ਉਹ ਇਹਨਾਂ ਗੱਲਾਂ ਦੀ ਸੂਖਮਤਾ ਨੂੰ ਨਹੀਂ ਸਮਝਦੇ । ਉਦਾਹਰਨ ਦੇ ਤੌਰ ਤੇ ਵੇਦਾਂ ਵਿੱਚ ਹਵਾਈ ਜਹਾਜ਼ਾਂ ਦਾ ਸੰਦਰਭ ਆਇਆ ਹੈ । ਵਿਮਾਨ ਜਾਂ ਜਹਾਜ਼ ਦੀ ਈਜਾਦ ਤੋਂ ਪਹਿਲਾਂ ਅਜਿਹਾ ਉਲੇਖ ਕਲਪਨਾ ਹੀ ਪ੍ਰਤੀਤ ਹੁੰਦੀ ਸੀ । ਹੁਣ ਇਹ ਗੱਲ ਸਹਿਜ ਲੱਗਦੀ ਹੈ ।

        ਪੁਰਾਣਾਂ ਦੀਆਂ ਇਹਨਾਂ ਕਥਾ-ਕਹਾਣੀਆਂ ਤੋਂ ਗਿਆਨ , ਵਿਗਿਆਨ , ਵਿਰਾਗ , ਭਗਤੀ , ਪ੍ਰੇਮ , ਸ਼ਰਧਾ , ਯੱਗ , ਦਾਨ , ਤਪ , ਸੰਜਮ , ਨਿਯਮ , ਸੇਵਾ , ਪ੍ਰਾਣੀਆਂ ਦੇ ਵਰਨ-ਆਸ਼੍ਰਮ-ਧਰਮ , ਵਿਅਕਤੀ ਧਰਮ , ਨਾਰੀ ਧਰਮ , ਰਾਜ ਧਰਮ ਅਤੇ ਸਦਾਚਾਰ ਦੀ ਸਿੱਖਿਆ , ਪੁੰਨ ਅਤੇ ਪਾਪ ਦੇ ਧਰਮ ਦੇ ਆਧਾਰ ਤੇ ਦਿੱਤੀ ਗਈ ਹੈ । ਇਹਨਾਂ ਸਾਰੀਆਂ ਸਿੱਖਿਆਵਾਂ ਦਾ ਸਾਰ ਇਹ ਹੈ ਕਿ ਪਰਉਪਕਾਰ ਤੋਂ ਵੱਡਾ ਪੁੰਨ ਅਤੇ ਪਰਪੀੜਨ ( ਦੂਜੇ ਨੂੰ ਦੁੱਖ ਪਹੁੰਚਾਉਣਾ ) ਵਰਗਾ ਕੋਈ ਪਾਪ ਨਹੀਂ ਹੈ ।

        ਮੁੱਖ ਤੌਰ ਤੇ ਮਹਾਪੁਰਾਣਾਂ ਨੂੰ ਹੀ ਪੁਰਾਣ ਕਿਹਾ ਜਾਂਦਾ ਹੈ । ਹਾਲਾਂਕਿ ਇਹਨਾਂ ਪੁਰਾਣਾਂ ਵਿੱਚ ਵੈਦਿਕ ਧਰਮ ਦੀਆਂ ਗੱਲਾਂ ਨੂੰ ਹੀ ਕਥਾਵਾਂ ਰਾਹੀਂ ਸਮਝਾਇਆ ਗਿਆ ਹੈ । ਇਹਨਾਂ ਵਿੱਚ ਫੇਰ ਵੀ ਸਮਾਜਿਕਤਾ ਪ੍ਰਬਲ ਹੈ । ਅੱਜ ਵੀ ਇਹਨਾਂ ਦੀਆਂ ਕਈ ਗੱਲਾਂ ਸਮਾਜ ਲਈ ਲਾਹੇਵੰਦ ਹਨ । ਇਹਨਾਂ ਨੂੰ ਪ੍ਰਾਚੀਨ ਭਾਰਤੀ ਇਤਿਹਾਸ , ਭੂਗੋਲ ਅਤੇ ਵਿਗਿਆਨ ਦਾ ਸੋਮਾ ਕਿਹਾ ਜਾ ਸਕਦਾ ਹੈ ।


ਲੇਖਕ : ਜੈ ਪ੍ਰਕਾਸ਼,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 8789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੁਰਾਣ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰਾਣ [ ਨਾਂਪੁ ] ਹਿੰਦੂਆਂ ਦੇ ਅਠਾਰਾਂ ਧਰਮ-ਗ੍ਰੰਥਾਂ ਵਿੱਚੋਂ ਕੋਈ ਇੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8778, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁਰਾਣ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁਰਾਣ . ਸੰ. ਵਿ— ਪੁਰਾਣਾ. ਪ੍ਰਾਚੀਨ । ੨ ਸੰਗ੍ਯਾ— ਰੁਦ੍ਰ. ਸ਼ਿਵ. । ੩ ਪ੍ਰਾਚੀਨ ਪ੍ਰਸੰਗ ਅਤੇ ਇਤਿਹਾਸ. “ ਪੋਥੀ ਪੁਰਾਣ ਕਮਾਈਐ.” ( ਸ੍ਰੀ ਮ : ੧ )

        ੪ ਰਿਖੀ ਵ੍ਯਾਸ ਅਥਵਾ ਉਸ ਦੇ ਨਾਉਂ ਤੋਂ ਹੋਰ ਵਿਦ੍ਵਾਨਾਂ ਦੇ ਰਚੇ ਹੋਏ ਇਤਿਹਾਸ ਨਾਲ ਮਿਲੇ ਧਰਮਗ੍ਰੰਥ , ਜਿਨ੍ਹਾਂ ਦੀ ਗਿਣਤੀ ਅਠਾਰਾਂ ਹੈ ਅਤੇ ਸ਼ਲੋਕਾਂ ਦੀ ਗਿਣਤੀ ਚਾਰ ਲੱਖ ਹੈ , ਵਿ੄ਨੁ ਅਤੇ ਬ੍ਰਹਮਾਂਡ ਪੁਰਾਣ ਵਿੱਚ ਪੁਰਾਣ ਦਾ ਲੱਛਣ ਇਹ ਕੀਤਾ ਹੈ—

                  “ सर्गश्य प्रतिसर्गश्य वंशो मन्वन्तराणिचण्

वंषानुचरितं चैव , पुराणं पञ्च लक्षणम् ॥                                    

ਜਗਤ ਦੀ ਉਤਪੱਤੀ , ਪ੍ਰਲੈ , ਦੇਵਤਾ ਅਤੇ ਪਿਤਰਾਂ ਦੀ ਵੰਸ਼ਾਵਲੀ , ਮਨੁ ਦੇ ਰਾਜ ਦਾ ਸਮਾਂ ਅਤੇ ਉਸ ਦਾ ਹਾਲ , ਸੂਰਜ ਅਤੇ ਚੰਦ੍ਰਵੰਸ਼ ਦੀ ਕਥਾ , ਜਿਸ ਵਿੱਚ ਇਹ ਪੰਜ ਪ੍ਰਸੰਗ ਹੋਣ , ਉਹ ਪੁਰਾਣ ਹੈ.

        ਪੁਰਾਣਾਂ ਦੀ ਗਿਣਤੀ ਅਠਾਰਾਂ ਹੈ , ਯਥਾ—

        ਵਿ੄ਨੁ ਪੁਰਾਣ , ਪਦਮ , ਬ੍ਰਹ੝ , ਸ਼ਿਵ , ਭਾਗਵਤ , ਨਾਰਦ , ਮਾਰਕੰਡੇਯ , ਅਗਨਿ , ਬ੍ਰਹ੝ਵੈਵਰਤ , ਲਿੰਗ , ਵਾਰਾਹ , ਸਕੰਦ , ਵਾਮਨ , ਕੂਰਮ , ਮਤਸ੍ਯ , ਗਰੁੜ , ਬ੍ਰਹਮਾਂਡ ਅਤੇ ਭਵਿ੄਴ ਪੁਰਾਣ.

        ਇਨ੍ਹਾਂ ਪ੍ਰਧਾਨ ਅਠਾਰਾਂ ਪੁਰਾਣਾਂ ਤੋਂ ਵੱਖ , ਅਠਾਰਾਂ ਉਪਪੁਰਾਣ ਭੀ ਹਨ—

        ਸਨਤਕੁਮਾਰ ਪੁਰਾਣ , ਨਾਰਸਿੰਹ , ਨਾਰਦੀਯ , ਦੇਵੀ , ਭਾਗਵਤ , ਦੁਰਵਾਸਾ , ਕਪਿਲ , ਮਾਨਵ , ਔਸ਼ਨਸ , ਵਰੁਣ , ਕਾਲਿਕਾ , ਸ਼ਾਂਬ , ਨੰਦਾ , ਸੌਰ , ਪਾਰਾਸ਼ਰ , ਆਦਿਤ੍ਯ , ਮਾਹੇਸ਼੍ਵਰ , ਭਾਗ੗ਵ ਅਤੇ ਵਾਸ਼ਿ੄਎˜ । 1

        ੫ ਅਠਾਰਾਂ ਸੰਖ੍ਯਾ ਬੋਧਕ , ਕਿਉਂਕਿ ਪੁਰਾਣ ਨਾਉਂ ਦੇ ਗ੍ਰੰਥ ੧੮ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੁਰਾਣ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੁਰਾਣ ( ਸੰ. । ਸੰਸਕ੍ਰਿਤ ਪੁਰਾਣ ) ਹਿੰਦੂ ਧਰਮ ਦੇ ੧੮ ਪੁਸਤਕ ਜਿਨ੍ਹਾਂ ਵਿਚ ਰਾਜਿਆਂ , ਦੇਵਤਿਆਂ ਤੇ ਮਹਾਤਮਾਂ ਦੀਆਂ ਪੀੜ੍ਹੀਆਂ , ਸ੍ਰਿਸ਼ਟੀ ਦੀ ਉਤਪਤੀ , ਪ੍ਰਲਯ , ਮਨੂੰ ਦੇ ਸਮੇਂ , ਉਨ੍ਹਾਂ ਦੇ ਪੁਤ੍ਰਾਂ ਦੇ ਹਾਲ , ਕ੍ਰਿਸ਼ਨ ਜੀਵਨ ਤੇ ਕਈ ਹੋਰ ਵਿਸ਼ੇ ਦਰਜ ਹਨ , ਪਰ ਕ੍ਰਮ ਕੋਈ ਨਹੀਂ , ਇਤਹਾਸਕ ਸਮਾਚਾਰ ਬੀ ਥੋੜੇ ਥੋੜੇ ਲਭਦੇ ਹਨ । ਕਵਿਤਾ ਵਿਖੇ ਕਹਾਣੀਆਂ ਆਦਿ ਕਥੀਆਂ ਹਨ । ਇਖਲਾਕੀ ਤੇ ਸਿਖ੍ਯਾਦਾਤੇ ਕਿੱਸੇ ਬੀ ਲਿਖੇ ਹਨ , ਬ੍ਰਹਮ ਵਿਦ੍ਯਾ ਦਾ ਵਿਸ਼ਾ ਬੀ ਆਉਂਦਾ ਹੈ , ਇਨ੍ਹਾਂ ਵਿਚੋਂ ਵਿਸ਼ਨੂੰ ਪੁਰਾਣ ਪੁਰਾਤਣ ਜਾਪਦਾ ਹੈ , ਸਾਰੇ ਪੁਰਾਣਾਂ ਦਾ ਕਰਤਾ ਵ੍ਯਾਸ ਨੂੰ ਮੰਨਦੇ ਹਨ , ਪਰ ਨਵੀਨ ਖੋਜ ਦੱਸਦੀ ਹੈ ਕਿ ਇਹ ਗਲ ਠੀਕ ਨਹੀਂ । ਅਠਾਰਾਂ ਪ੍ਰਸਿਧ ਪੁਰਾਣ ਹਨ- ਬ੍ਰਹਮ , ਪਦਮ , ਬ੍ਰਹਮਾਂਡ , ਅਗਨੀ , ਵਿਸ਼ਨੂੰ , ਗਰੜ , ਬ੍ਰਹਮ , ਵੈਵਰਤ , ਸ਼ਿਵ , ਲਿੰਗ , ਨਾਰਦੀ , ਸਕੰਧ , ਮਾਰਕੰਡੇ , ਭਵਿਖ੍ਯਤ , ਮਤਸ੍ਯ , ਵਰਾਹਾ , ਕੂਰਮ ਵਾਮਨ , ਭਾਗਵਤ । ਇਨ੍ਹਾਂ ਪੁਰਾਣਾਂ ਤੋਂ ਨਿਊਨ ੧੮ ਉਪ ਪੁਰਾਨ ਹਨ । ਯਥਾ-‘ ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ’ ।

੨. ਪੁਰਾਤਨ , ਪਰੰਪਰਾ ਤੋਂ ਚਲੀ ਆਈ । ਯਥਾ-‘ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ’ । ਵਾਹਿਗੁਰੂ ਦੀ ਯਸ਼ ਕੀਰਤੀ ਦੀ ਕਥਾ ਜੋ ਪਰੰਪਰਾ ਤੋਂ ਚਲੀ ਆਈ ਹੈ ਪੜ੍ਹੇ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8221, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.