ਪੂਰਨ ਸਿੰਘ, ਪ੍ਰੋਫੈਸਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੂਰਨ ਸਿੰਘ, ਪ੍ਰੋਫੈਸਰ (1881-1931 ਈ.): ਪੰਜਾਬੀ , ਹਿੰਦੀ ਅਤੇ ਅੰਗ੍ਰੇਜ਼ੀ ਦੇ ਪ੍ਰਸਿੱਧ ਕਵੀ ਅਤੇ ਲੇਖਕ ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਪਾਕਿਸਤਾਨ ਦੇ ਐਬਟਾਬਾਦ ਜ਼ਿਲ੍ਹੇ ਦੇ ਇਕ ਨਿੱਕੇ ਜਿਹੇ ਪਿੰਡ ਸਲਹਡ ਵਿਚ 17 ਫ਼ਰਵਰੀ 1881 ਈ. ਨੂੰ ਹੋਇਆ ਜਿਥੇ ਇਸ ਦਾ ਪਿਤਾ , ਕਰਤਾਰ ਸਿੰਘ , ਸਰਕਾਰੀ ਨੌਕਰੀ ਕਾਰਣ ਆਪਣੇ ਜੱਦੀ ਪਿੰਡ ਡੇਰਾ- ਖ਼ਾਲਸਾ , ਤਹਿਸੀਲ ਕਹੂਟਾ, ਜ਼ਿਲ੍ਹਾ ਰਾਵਲਪਿੰਡੀ ਤੋਂ ਦੂਰ ਰਹਿੰਦਾ ਸੀ। ਨੌਕਰੀ ਕਰਕੇ ਪਿਤਾ ਦੇ ਅਧਿਕਤਰ ਘਰੋਂ ਬਾਹਰ ਰਹਿਣ ਕਾਰਣ ਪੂਰਨ ਸਿੰਘ ਦੀ ਦੇਖ-ਭਾਲ ਇਸ ਦੀ ਮਾਤਾ ਪਰਮਾ ਦੇਵੀ ਨੇ ਹੀ ਕੀਤੀ। ਇਸ ਨੇ ਮੁੱਢਲੀ ਵਿਦਿਆ ‘ਹਵੇਲੀਆਂ’ ਪਿੰਡ ਦੀ ਮਸੀਤ ਵਿਚ ਮੌਲਵੀ ਪਾਸੋਂ ਪ੍ਰਾਪਤ ਕੀਤੀ, ਫਿਰ ਪਿੰਡ ਦੀ ਧਰਮਸਾਲਾ ਵਿਚ ਭਾਈ ਬੇਲਾ ਸਿੰਘ ਗ੍ਰੰਥੀ ਕੋਲੋਂ ਗੁਰਮੁਖੀ ਪੜ੍ਹੀ। ਸੰਨ 1897 ਈ. ਵਿਚ ਰਾਵਲਪਿੰਡੀ ਦੇ ਸਕੂਲ ਵਿਚ ਦਾਖ਼ਲ ਹੋ ਕੇ ਮੈਟ੍ਰਿਕ ਪਾਸ ਕਰਨ ਉਪਰੰਤ ਇਹ ਡੀ.ਏ.ਵੀ. ਕਾਲਜ ਲਾਹੌਰ ਵਿਚ ਦਾਖ਼ਲ ਹੋਇਆ।

ਸੰਨ 1900 ਈ. ਵਿਚ ਬੀ.ਏ. ਦੀ ਪੜ੍ਹਾਈ ਵਿਚੇ ਛਡ ਕੇ ਭਗਤ ਗੋਕਲ ਚੰਦ ਦੀ ਸਹਾਇਤਾ ਨਾਲ ਸਾਇੰਸ ਵਿਚ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਜਾਪਾਨ ਗਿਆ ਅਤੇ ਸੰਨ 1903 ਈ. ਵਿਚ ਪੜ੍ਹਾਈ ਮੁਕੰਮਲ ਕੀਤੀ। ਜਾਪਾਨ ਵਿਚ ਰਹਿਣ ਦੌਰਾਨ ਇਹ ਓਰੀਐਂਟਲ ਕਲਬ ਦਾ ਮੈਂਬਰ ਬਣਿਆ ਜਿਥੇ ਅਕਸਰ ਗ਼ੁਲਾਮ ਦੇਸ਼ਾਂ ਦੇ ਵਿਦਿਆਰਥੀ ਵਿਦੇਸ਼ੀ ਸਰਕਾਰਾਂ ਦੇ ਅਤਿਆਚਾਰਾਂ ਉਤੇ ਵਿਚਾਰ ਕਰਦੇ ਅਤੇ ਸੁਤੰਤਰਤਾ ਦੀ ਪ੍ਰਾਪਤੀ ਲਈ ਸਕੀਮਾਂ ਬਣਾਉਂਦੇ ਸਨ। ਇਸ ਨੇ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਲਈ ‘ਥੰਡਰਿੰਗ ਡਾਨ’ ਨਾਂ ਦਾ ਮਾਸਿਕ ਰਸਾਲਾ ਕਢਿਆ ਅਤੇ ਜਾਪਾਨ ਦੇ ਵੱਡੇ ਵੱਡੇ ਸ਼ਹਿਰਾਂ ਵਿਚ ਭਾਸ਼ਣ ਦਿੱਤੇ। ਜਾਪਾਨ ਰਹਿੰਦਿਆਂ ਪਹਿਲਾਂ ਇਸ ਨੇ ਬੌਧ ਮਤ ਦਾ ਪ੍ਰਭਾਵ ਗ੍ਰਹਿਣ ਕੀਤਾ ਅਤੇ ਸੰਨ 1902 ਈ. ਵਿਚ ਸੁਆਮੀ ਰਾਮ ਤੀਰਥ ਦੇ ਸੰਪਰਕ ਵਿਚ ਆਉਣ ਕਾਰਣ ਸੰਨਿਆਸੀ ਬਣ ਗਿਆ।

ਸਤੰਬਰ 1903 ਈ. ਵਿਚ ਭਾਰਤ ਪਰਤਣ’ਤੇ ਇਸ ਨੇ ਕਲਕੱਤੇ ਵਿਚ ਸਰਕਾਰ ਵਿਰੁੱਧ ਕੁਝ ਜੋਸ਼ੀਲੀਆਂ ਤਕਰੀਰਾਂ ਕੀਤੀਆਂ; ਫਲਸਰੂਪ ਪਕੜਿਆ ਗਿਆ, ਪਰ ਜਲਦੀ ਹੀ ਸਰਕਾਰ ਨੇ ਇਸ ਨੂੰ ਮੁਕਤ ਕਰ ਦਿੱਤਾ। ਮਰਨ ਕਿਨਾਰੇ ਪਹੁੰਚੀ ਭੈਣ ਗੰਗਾ ਦੀ ਪ੍ਰੇਰਣਾ ਨਾਲ ਇਸ ਨੇ ਆਪਣੀ ਪਹਿਲਾਂ ਹੋਈ ਮੰਗਣੀ ਅਨੁਸਾਰ 5 ਮਾਰਚ, 1904 ਈ. ਨੂੰ ਮਾਯਾ ਦੇਵੀ ਨਾਲ ਵਿਆਹ ਕੀਤਾ ਅਤੇ ਲਾਹੌਰ ਵਿਚ ਸਾਧਾਂ ਵਾਂਗ ਰਹਿਣ ਲਗਾ। ਪਹਿਲਾਂ ਲਾਹੌਰ ਵਿਚ ਰੋਸ਼ਾ ਘਾਹ ਬਾਰੇ ਖੋਜ ਸ਼ੁਰੂ ਕੀਤੀ, ਫਿਰ ਦੇਹਰਾਦੂਨ ਚਲਾ ਗਿਆ। ਉਥੋਂ ਵਿਕਟੋਰੀਆ ਡਾਇਮੰਡ ਜੁਬਲੀ ਹਿੰਦੂ ਟੈਕਨੀਕਲ ਇੰਸਟੀਚਿਊਟ, ਲਾਹੌਰ ਦਾ ਪਿ੍ਰੰਸੀਪਲ ਨਿਯੁਕਤ ਹੋਇਆ। ਜਲਦੀ ਹੀ ਉਥੋਂ ਨੌਕਰੀ ਛਡ ਕੇ ਡੋਈਵਾਲਾ (ਦੇਹਰਾਦੂਨ) ਵਿਚ ਸਾਬਣ ਦੀ ਫੈਕਟਰੀ ਲਗਾਈ, ਪਰ ਉਹ ਵੀ ਜਲਦੀ ਵੇਚ ਕੇ ਫਿਰ ਫਾਰੈਸਟ ਰਿਸਰਚ ਇੰਸਟੀਚਿਊਟ ਵਿਚ ਸੰਨ 1907 ਤੋਂ 1918 ਈ. ਤਕ ਫਾਰੈਸਟ ਕੈਮਿਸਟ ਦੀ ਨੌਕਰੀ ਕੀਤੀ। ਉਥੋਂ ਪਹਿਲਾਂ ਮਹਾਰਾਜਾ ਪਟਿਆਲਾ ਪਾਸ, ਫਿਰ ਮਹਾਰਾਜਾ ਗਵਾਲੀਅਰ ਕੋਲ ਅਤੇ ਉਸ ਤੋਂ ਬਾਦ ਸੁੰਦਰ ਸਿੰਘ ਮਜੀਠੀਆ ਦੀ ਸ਼ੂਗਰ ਫੈਕਟਰੀ ਵਿਚ ਨੌਕਰੀ ਕੀਤੀ। ਸੰਨ 1926 ਈ. ਵਿਚ ਪੰਜਾਬ ਸਰਕਾਰ ਵਲੋਂ 15 ਮੁਰੱਬੇ ਅਲਾਟ ਕਰਵਾ ਕੇ ਬਾਰ ਦੇ ਇਲਾਕੇ ਜੜਾਂ-ਵਾਲਾ ਵਿਚ ਰੋਸ਼ਾ ਘਾਹ ਲਗਵਾਇਆ ਜੋ ਸੰਨ 1928 ਈ. ਦੇ ਹੜ੍ਹਾਂ ਨਾਲ ਰੁੜ੍ਹ ਗਿਆ। ਸੰਨ 1912 ਈ. ਵਿਚ ਸਿਆਲਕੋਟ ਵਿਚ ਹੋਈ ਸਿੱਖ ਐਜੂਕੇਸ਼ਨਲ ਕਾਨਫਰੈਂਸ ਵਿਚ ਭਾਈ ਵੀਰ ਸਿੰਘ ਦੇ ਪ੍ਰਭਾਵ ਕਾਰਣ ਇਹ ਫਿਰ ਤੋਂ ਸਿੱਖ ਸਜਿਆ।

ਸੰਨ 1930 ਈ. ਵਿਚ ਪੂਰਨ ਸਿੰਘ ਨੂੰ ਤਪੇਦਿਕ ਹੋ ਗਿਆ। ਇਹ ਜੜ੍ਹਾਂਵਾਲੇ ਤੋਂ ਦੇਹਰਾਦੂਨ ਪਹੁੰਚਿਆ ਅਤੇ 31 ਮਾਰਚ 1931 ਈ. ਨੂੰ ਪੂਰਾ ਹੋ ਗਿਆ। ਇਹ ਇਕ ਅਲਬੇਲਾ, ਖ਼ੁੱਦਾਰ ਅਤੇ ਆਤਮ-ਵਿਸ਼ਵਾਸੀ ਵਿਅਕਤੀ ਸੀ। ਕਿਸੇ ਦੀ ਅਧੀਨਗੀ ਇਸ ਲਈ ਸਹਿਨ ਕਰਨੀ ਔਖੀ ਸੀ। ਇਸ ਕਰਕੇ ਇਹ ਕਿਤੇ ਜੰਮ ਕੇ ਕੰਮ ਨ ਕਰ ਸਕਿਆ। ਇਸ ਨੇ ਆਪਣੀ ਮਾਤਾ, ਸੁਆਮੀ ਰਾਮ-ਤੀਰਥ, ਭਾਈ ਵੀਰ ਸਿੰਘ ਆਦਿ ਦਾ ਪ੍ਰਭਾਵ ਗ੍ਰਹਿਣ ਕੀਤਾ। ਇਸ ਨੇ ਜਾਪਾਨੀ ਅਤੇ ਬੌਧੀ ਜੀਵਨ-ਵਿਧੀ, ਪੱਛਮੀ ਸਾਹਿਤ, ਗੁਰਮਤਿ ਆਦਿ ਦਾ ਇਸ ਹਦ ਤਕ ਪ੍ਰਭਾਵ ਗ੍ਰਹਿਣ ਕੀਤਾ ਕਿ ਇਹ ਇਕ ਵਿਸ਼ਵ-ਮਨੁੱਖ ਬਣ ਕੇ ਉਭਰਿਆ ਅਤੇ ਜਾਤੀ-ਭੇਦ ਭਾਵ, ਧਾਰਮਿਕ ਤੰਗ-ਨਜ਼ਰੀ ਅਤੇ ਆਪਣੇ-ਪਰਾਏ ਦੇ ਭੇਦ ਤੋਂ ਬਹੁਤ ਉੱਚਾ ਉਠ ਗਿਆ।

ਪੂਰਨ ਸਿੰਘ ਨੇ ਸਿੱਖ ਧਰਮ ਅਤੇ ਹੋਰ ਕਈ ਵਿਸ਼ਿਆਂ ਬਾਰੇ ਅੰਗ੍ਰੇਜ਼ੀ ਵਿਚ 40 ਪੁਸਤਕਾਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚੋਂ ਕੁਝ ਪ੍ਰਮੁਖ ਇਸ ਪ੍ਰਕਾਰ ਹਨ— ਸਪਿਰਟ ਆਫ਼ ਦੀ ਸਿੱਖ (ਤਿੰਨ ਭਾਗ), ਦੀ ਸਪਿਰਟ ਆਫ਼ ਓਰੀਐਂਟਲ ਪੋਇਟਰੀ, ਦੀ ਸਪਿਰਟ ਬਾਰਨ ਪੀਪਲ, ਦੀ ਬੁੱਕ ਆਫ ਟੈੱਨ ਮਾਸਟਰਜ਼, ਦੀ ਸੈਵਨ ਬਾਸਕਟਸ ਆਫ ਪ੍ਰੋਜ਼ (ਵਾਰਤਕ), ਦੀ ਟੈਂਪਲ ਟਿਊਲਿਪਸ, ਦੀ ਅਨਸਟਰੰਗ ਬੀਡਜ਼, ਦੀ ਸਿਸਟਰਜ਼ ਆਫ਼ ਦੀ ਸਪਿਨਿੰਗ ਵੀਲ (ਕਵਿਤਾ), ਦੀ ਬਰਾਈਡ ਆਫ ਦਾ ਸਕਾਈ (ਇਕ ਕਾਵਿ ਨਾਟਕ) ਆਦਿ। ਦਸ ਲੇਖ ਹਿੰਦੀ ਵਿਚ ਵੀ ਲਿਖੇ ਜਿਨ੍ਹਾਂ ਦਾ ਇਤਿਹਾਸਿਕ ਮਹੱਤਵ ਹੈ। ਪੰਜਾਬੀ ਵਿਚ ਤਿੰਨ ਕਾਵਿ-ਸੰਕਲਨਾਂ—ਖੁਲ੍ਹੇ ਮੈਦਾਨ , ਖੁਲ੍ਹੇ ਘੁੰਡ ਅਤੇ ਖੁਲ੍ਹੇ ਅਸਮਾਨੀ ਰੰਗ—ਤੋਂ ਇਲਾਵਾ ‘ਖੁਲ੍ਹੇ ਲੇਖ’ ਨਾਂ ਦਾ ਲੇਖ-ਸੰਗ੍ਰਹਿ ਛਾਪਿਆ ਜਿਨ੍ਹਾਂ ਦੀ ਨਿਖੜਵੀਂ ਸ਼ੈਲੀ ਅਤੇ ਬੇਜੋੜ ਦ੍ਰਿਸ਼ਟੀਕੋਣ ਹੈ। ਇਸ ਨੇ ਪੰਜਾਬੀ ਵਿਚ ਹੋਰ ਵੀ ਕਈ ਕਿਤਾਬਾਂ ਲਿਖੀਆਂ ਹਨ। ਟਾਲਸਟਾਇ ਦੇ ਨਾਵਲ Resurrection ਦਾ ‘ਮੋਇਆਂ ਦੀ ਜਾਗ ’ ਨਾਂ ਅਧੀਨ ਪੰਜਾਬੀ ਰੂਪਾਂਤਰ ਤਿਆਰ ਕੀਤਾ ਹੈ। ਫਲਸਰੂਪ ਪੂਰਨ ਸਿੰਘ ਦਾ ਪੰਜਾਬੀ ਸਭਿਆਚਾਰ ਵਿਚ ਵਿਸ਼ੇਸ਼ ਸਥਾਨ ਬਣ ਗਿਆ ਹੈ।

ਪੂਰਨ ਸਿੰਘ ਉਤੇ ਸਭ ਤੋਂ ਜ਼ਿਆਦਾ ਗੁਰਮਤਿ ਦਾ ਪ੍ਰਭਾਵ ਪਿਆ। ਇਹ ਪ੍ਰਭਾਵ ਇਤਨਾ ਅਧਿਕ ਅਤੇ ਸਥਾਈ ਰੂਪ ਵਿਚ ਕਿਉਂ ਪਿਆ ? ਇਸ ਦੇ ਕੁਝ ਕਾਰਣ ਹਨ। ਇਕ ਇਹ ਕਿ ਪੂਰਨ ਸਿੰਘ ਦਾ ਜਨਮ ਇਕ ਸਿੱਖ ਅਤੇ ਧਰਮ-ਨਿਸ਼ਠ ਪਰਿਵਾਰ ਵਿਚ ਹੋਇਆ ਸੀ; ਦੂਜਾ ਇਹ ਕਿ ਭਾਈ ਵੀਰ ਸਿੰਘ ਦੇ ਸੰਪਰਕ ਵਿਚ ਆਉਣ ਨਾਲ ਇਸ ਨੂੰ ਸਿੱਖ ਧਰਮ-ਸਾਧਨਾ ਨੂੰ ਗੰਭੀਰਤਾ ਨਾਲ ਸਮਝਣ ਦੀ ਪ੍ਰੇਰਣਾ ਮਿਲੀ ਸੀ ਅਤੇ ਤੀਜਾ ਇਹ ਕਿ ਪੂਰਨ ਸਿੰਘ ਦਾ ਸੁਭਾ , ਇਸ ਦੀ ਅਵੇਸ਼ਿਤ ਅਭਿਵਿਅਕਤੀ ਅਤੇ ਇਸ ਦੇ ਅੰਤਰ ਆਤਮੇ ਦੀ ਸਰਬ ਜੀਅ-ਜੰਤ ਕਲਿਆਣ ਤੇ ਸਨੇਹ ਦੀ ਸਥਾਈ ਪ੍ਰਵ੍ਰਿੱਤੀ ਗੁਰਮਤਿ ਸਾਧਨਾ ਨਾਲ ਦੂਰ ਤਕ ਅਨੁਕੂਲਤਾ ਰਖਦੀ ਸੀ। ਵਿਦੇਸ਼ੋਂ ਪਰਤਣ ਤੋਂ ਕੁਝ ਸਮੇਂ ਬਾਦ ਪੂਰਨ ਸਿੰਘ ਨੇ ਗੁਰਮਤਿ ਦੇ ਰਹੱਸਵਾਦੀ ਅਨੁਭਵ ਦੇ ਵਾਸਤਵਿਕ ਭੇਦ ਨੂੰ ਸਮਝਿਆ ਅਤੇ ਉਸ ਤੋਂ ਇਸ ਸੀਮਾ ਤਕ ਪ੍ਰਭਾਵਿਤ ਹੋਇਆ ਕਿ ਫਿਰ ਇਸ ਨੂੰ ਸਰਬਤ੍ਰ ਜੜ-ਚੇਤਨ ਗੁਰੂਮਈ ਨਜ਼ਰ ਆਇਆ। ਸਾਰੇ ਚਿੰਤਨ, ਸਾਰੀਆਂ ਸਾਧਨਾਵਾਂ, ਸਾਰੇ ਦਰਸ਼ਨ ਗੁਰਮਤਿ ਵਿਚ ਨਿਮਗਨ ਹੋਏ ਨਜ਼ਰ ਆਏ। ਇਸ ਨੇ ਗੁਰੂ ਗ੍ਰੰਥ ਸਾਹਿਬ ਦੇ ਗੌਰਵ ਨੂੰ ਵਿਸ਼ਵ ਦੇ ਦੂਜੇ ਧਰਮਾਂ ਦੇ ਸੰਦਰਭ ਵਿਚ ਪੇਸ਼ ਕਰਕੇ ਗੁਰਮਤਿ ਦੇ ਰਹੱਸਵਾਦੀ ਅਨੁਭਵ ਦਾ ਸਥਾਨ ਨਿਸਚਿਤ ਕੀਤਾ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.