ਪ੍ਰੇਮ-ਭਗਤੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪ੍ਰੇਮ-ਭਗਤੀ [ਨਾਂਇ] ਪਿਆਰ ਲਈ ਸ਼ਰਧਾ ਰੱਖਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪ੍ਰੇਮ-ਭਗਤੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪ੍ਰੇਮ-ਭਗਤੀ: ਇਸ਼ਟ-ਦੇਵ ਪ੍ਰਤਿ ਚਿੱਤ ਦਾ ਅਖੰਡ , ਸਹਿਜ-ਸੁਭਾਵਿਕ ਪ੍ਰੇਮ , ਪ੍ਰੇਮ-ਭਗਤੀ ਅਖਵਾਉਂਦਾ ਹੈ। ਇਹ ਨਿਸ਼ਕਾਮ ਭਗਤੀ ਹੈ। ਇਸ ਵਿਚ ਪ੍ਰੇਮ ਵਿਚ ਲੀਨ ਸਾਧਕ ਲਈ ਪ੍ਰੇਮ ਰਾਹੀਂ ਪ੍ਰੇਮ-ਮਈ ਪਰਮਾਤਮਾ ਦੀ ਸੇਵਾ ਕਰਨੀ ਹੀ ਇਕੋ-ਇਕ ਇੱਛਾ ਹੁੰਦੀ ਹੈ। ਪ੍ਰੇਮ ਤੋਂ ਬਿਨਾ ਭਗਤੀ ਦੀ ਕਲਪਨਾ ਕਰਨਾ ਸਰਲ ਨਹੀਂ ਹੈ। ਪਰ ‘ਭਗਤੀ’ ਨਾਲੋਂ ‘ਪ੍ਰੇਮ-ਭਗਤੀ’ ਦਾ ਅੰਤਰ ਇਹ ਹੈ ਕਿ ਭਗਤੀ ਵਿਚ ਪ੍ਰੇਮ ਇਕ ਤੱਤ੍ਵ ਹੈ, ਬੇਸ਼ਕ ਇਸ ਨੂੰ ਆਧਾਰ ਤੱਤ੍ਵ ਕਹਿ ਲਈਏ। ਪਰ ਪ੍ਰੇਮ-ਭਗਤੀ ਵਿਚ ਪ੍ਰੇਮ ਦੀ ਸਥਿਤੀ ਕੇਵਲ ਆਧਾਰ ਤੱਤ੍ਵ ਵਾਲੀ ਨਹੀਂ, ਪ੍ਰਧਾਨ ਜਾਂ ਪ੍ਰਮੁਖ ਤੱਤ੍ਵ ਵਾਲੀ ਹੈ। ਇਸ ਵਿਚ ਪ੍ਰੇਮ ਹੀ ਸਰਬ ਪ੍ਰਮੁਖ ਅਤੇ ਸਰਬ ਵਿਆਪਕ ਹੈ।

ਪ੍ਰੇਮ-ਭਗਤੀ ਦੀ ਲੋੜ ਕਿਉਂ ਪੈਂਦੀ ਹੈ ? ਇਸ ਦੀ ਪ੍ਰੇਰਣਾ ਦਾ ਮੂਲ ਕਾਰਣ ਕੀ ਹੈ ? ਉੱਤਰ ਸਪੱਸ਼ਟ ਹੈ ਕਿ ਪ੍ਰੇਮ ਕਰਨਾ ਮਨੁੱਖ ਦੀ ਬੁਨਿਆਦੀ ਬਿਰਤੀ ਹੈ। ਸੰਸਾਰਿਕ ਪ੍ਰਪੰਚ ਦੇ ਕਿਸੇ ਪ੍ਰਾਣੀ ਅਥਵਾ ਪ੍ਰਤਿਲਿੰਗੀ ਪਾਤਰ ਨਾਲ ਪ੍ਰੇਮ ਕਰਨ’ਤੇ ਕਈ ਪ੍ਰਕਾਰ ਦੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪੈਰ ਪੈਰ ਉਤੇ ਠੋਕਰਾਂ ਵਜਦੀਆਂ ਹਨ, ਨਿਰਾਸ਼ਾ ਅਤੇ ਅਸਫਲਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਘੁਟਨ ਤੋਂ ਸਾਤਵਿਕ ਰੁਚੀਆਂ ਵਾਲਾ ਸੰਵੇਦਨ- ਸ਼ੀਲ ਵਿਅਕਤੀ ਤੰਗ ਆ ਜਾਂਦਾ ਹੈ। ਉਹ ਪ੍ਰੇਮ ਦੇ ਅਜਿਹੇ ਪਾਤਰ ਅਥਵਾ ਆਧਾਰ ਦੀ ਖੋਜ ਕਰਦਾ ਹੈ ਜੋ ਹਰ ਪੱਖੋਂ ਪੂਰਣ ਹੋਵੇ, ਸਥਾਈ ਹੋਵੇ, ਨ ਮੁਕਣ ਵਾਲਾ ਆਨੰਦ ਪ੍ਰਦਾਨ ਕਰਨ ਵਾਲਾ ਹੋਵੇ। ਇਸ ਜਿਗਿਆਸਾ ਦੀ ਸਥਿਤੀ ਵਿਚ ਉਹ ਸੰਸਾਰਿਕ ਸੰਪਰਕਾਂ ਨੂੰ ਉਲੰਘ ਕੇ ਉਸ ਯਾਤ੍ਰਾ ਉਤੇ ਤੁਰ ਪੈਂਦਾ ਹੈ ਜੋ ਸਥਾਈ ਅਤੇ ਸਦੀਵੀ ਪ੍ਰੇਮ-ਪਾਤਰ ਵਲ ਵਧਦੀ ਜਾਂਦੀ ਹੈ। ਉਹ ਸੰਸਾਰ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਤਿਆਗ ਕਰ ਦਿੰਦਾ ਹੈ, ਉਨ੍ਹਾਂ ਨਾਲੋਂ ਮੋਹ ਦਾ ਰਿਸ਼ਤਾ ਤੋੜ ਦਿੰਦਾ ਹੈ। ਹਉਮੈ ਦਾ ਤਿਆਗ ਕਰ ਦਿੰਦਾ ਹੈ। ਆਪਣੇ ਅਸਤਿਤਵ ਨੂੰ ਤੁਛ ਸਮਝਦਾ ਹੈ। ਹਰ ਪ੍ਰਕਾਰ ਦੀ ਗ਼ਰੀਬੀ/ ਨਿਮਰਤਾ ਪਲੇ ਬੰਨ੍ਹ ਕੇ, ਜਦੋਂ ਉਹ ਹਰਿ-ਪ੍ਰਾਪਤੀ ਪਥ ਉਤੇ ਅਗੇ ਵਧਦਾ ਹੈ, ਤਾਂ ਉਸ ਨੂੰ ਇਕ ਖ਼ਾਸ ਕਿਸਮ ਦਾ ਆਨੰਦ ਪ੍ਰਾਪਤ ਹੁੰਦਾ , ਇਕ ਤਰ੍ਹਾਂ ਸੰਤੋਸ਼ ਮਿਲਦਾ ਹੈ ਜਿਸ ਕਰਕੇ ਉਸ ਦਾ ਚਿੱਤ ਟਿਕ ਜਾਂਦਾ ਹੈ। ਗੁਰੁ ਨਾਨਕ ਦੇਵ ਜੀ ਦੀ ਸਥਾਪਨਾ ਹੈ ਕਿ ਮਨੁੱਖ ਪ੍ਰੇਮ-ਭਗਤੀ ਨਾਲ ਅਡੋਲ ਆਤਮ- ਸੁਖ ਵਿਚ ਟਿਕ ਜਾਂਦਾ ਹੈ—ਸਰਵਰ ਹੰਸਾ ਛੋਡਿ ਜਾਇ ਪ੍ਰੇਮ ਭਗਤਿ ਕਰਿ ਸਹਜਿ ਸਮਾਇ (ਗੁ.ਗ੍ਰੰ.685)।

ਸਾਫ਼ ਹੈ ਕਿ ਸੰਸਾਰਿਕ ਤੌਰ’ਤੇ ਨਿਰਾਸ਼ ਅਤੇ ਉਦਾਸ ਵਿਅਕਤੀ ਲਈ ਪ੍ਰੇਮ-ਭਗਤੀ ਇਕ ਨਿਸਚਿਤ ਅਤੇ ਸਥਿਰ ਆਸਰਾ ਹੈ, ਆਧਾਰ ਹੈ ਜਿਥੇ ਪਨਾਹ ਲੈ ਕੇ ਮਨੁੱਖ ਦੇ ਵਿਅਕਤਿਤਵ ਦਾ ਕਾਇਆ-ਕਲਪ ਹੋ ਜਾਂਦਾ ਹੈ। ਉਸ ਨੂੰ ਫਿਰ ਭਗਤੀ ਦੇ ਕਿਸੇ ਪ੍ਰਕਾਰ ਦੇ ਅਨੁਸ਼ਠਾਨਿਕ ਸਾਧਨ ਦੀ ਲੋੜ ਨਹੀਂ ਰਹਿੰਦੀ। ਉਸ ਦਾ ਚਿੱਤ ਆਪਣੇ ਇਸ਼ਟ ਵਿਚ ਮਗਨ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਭਗਤੀ ਰਹੱਸ-ਅਨੁਭੂਤੀ ਹੈ, ਵਰਣਨ ਤੋਂ ਪਰ੍ਹੇ ਹੈ। ਜਿਵੇਂ ਇਕ ਇਸਤਰੀ ਆਪਣੇ ਪਤੀ ਨੂੰ ਪ੍ਰਾਪਤ ਕਰਨ ਦੀ ਚਾਹਵਾਨ ਹੁੰਦੀ ਹੈ, ਉਸੇ ਤਰ੍ਹਾਂ ਭਗਤ ਵੀ ਭਗਵਾਨ ਦੀ ਪ੍ਰਾਪਤੀ ਲਈ ਬੇਤਾਬ ਹੁੰਦਾ ਹੈ। ਇਹੀ ਕਾਰਣ ਹੈ ਕਿ ਇਸਤਰੀਆਂ ਦੀਆਂ ਭਾਵਨਾਵਾਂ ਨੂੰ ਆਪਣੇ ਉੱਤੇ ਆਰੋਪਿਤ ਕਰਕੇ ਭਗਤ ‘ਸਾਧਿਕਾ’ ਰੂਪ ਵਿਚ ਪਰਮਾਤਮਾ ਪ੍ਰਤਿ ਸੰਵਾਦ ਕਰਦਾ ਹੈ। ਇਸ ਸੰਵਾਦ ਵਿਚ ਤਰਕ ਨਾਲੋਂ ਆਤਮ- ਸਮਰਪਣ ਨੂੰ ਮੁੱਖ ਰਖਿਆ ਜਾਂਦਾ ਹੈ। ਇਸ ਲਈ ਇਹ ਸੰਵਾਦ ਨਿਰਾ ਸੰਵਾਦ ਨ ਰਹਿ ਕੇ ਬੇਨਤੀ ਜਾਂ ਜੋਦੜੀ ਬਣ ਜਾਂਦੀ ਹੈ।

            ਪ੍ਰੇਮ-ਭਗਤੀ ਵਿਚ ਅਧਿਕਤਰ ਅਭਿਵਿਅਕਤੀ ਵਿਯੋਗ ਪੱਖ ਦੀ ਹੋਈ ਹੈ, ਸੰਯੋਗ ਦੀਆਂ ਘੜੀਆਂ ਤਾਂ ਬਹੁਤ ਘਟ ਹਨ ਅਤੇ ਸੰਯੋਗ ਹੋਣ ਤੋਂ ਬਾਦ ਕਹਿਣ ਲਈ ਰਹਿ ਵੀ ਕੁਝ ਨਹੀਂ ਜਾਂਦਾ, ਫਿਰ ਤਾਂ ‘ਜਲ ਕਾ ਜਲ ਹੂਆ ਸੂਰਜ ਕਿਰਣਿ ਰਲੀ ਵਾਲੀ ਅਦ੍ਵੈਤ ਸਥਿਤੀ ਪੈਦਾ ਹੋ ਜਾਂਦੀ ਹੈ। ਗੁਰੂ ਅਰਜਨ ਦੇਵ ਜੀ ਨੇ ਡਖਣੇ ਸ਼ਲੋਕਾਂ ਵਿਚ ਵਿਯੋਗ ਦੀ ਸ਼ਿਦਤ ਨੂੰ ਕਈ ਢੰਗਾਂ ਨਾਲ ਪ੍ਰਗਟਾਇਆ ਹੈ। ਕਿਤਨੀ ਉਤਸੁਕਤਾ ਹੈ ਪਰਮਾਤਮਾ ਦੇ ਦਰਸ਼ਨ ਕਰਨ ਦੀ। ਇਹ ਅਵਸਥਾ ਗੁਰੂ ਜੀ ਨੇ ਕਿੰਨੇ ਤਰਸੇਵੇਂ ਭਰੇ ਲਹਿਜੇ ਵਿਚ ਪ੍ਰਗਟਾਈ ਹੈ। ਉਹ ਆਪਣੇ ਸੱਜਣ ਲਈ ਸਭ ਕੁਝ ਨਿਛਾਵਰ ਕਰਨ ਲਈ ਤਿਆਰ ਹਨ—ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ (ਗੁ.ਗ੍ਰੰ.1094)।

ਇਥੇ ਇਹ ਗੱਲ ਵੀ ਸਪੱਸ਼ਟ ਕਰਨੀ ਜ਼ਰੂਰੀ ਹੈ ਕਿ ਪ੍ਰੇਮ-ਭਗਤੀ ਦੀ ਮੂਲ ਸਾਧਨਾ-ਭੂਮੀ ਵੈਸ਼ਣਵ ਭਗਤੀ ਰਹੀ ਹੈ। ਨਿਰਗੁਣਵਾਦੀ ਸੰਤ ਵੀ ਭਗਤੀ ਦੇ ਇਸੇ ਰੂਪ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਸਨ , ਪਰ ਉਨ੍ਹਾਂ ਨੇ ਵੈਸ਼ਣਵੀ ਪ੍ਰੇਮ-ਭਗਤੀ ਨੂੰ ਇੰਨ-ਬਿੰਨ ਰੂਪ ਵਿਚ ਗ੍ਰਹਿਣ ਨਹੀਂ ਕੀਤਾ, ਕੇਵਲ ਸਾਰ ਨੂੰ ਹੀ ਅੰਗੀਕਾਰ ਕੀਤਾ ਅਤੇ ਉਸ ਨੂੰ ਨਵੀਆਂ ਸੀਮਾਵਾਂ ਅਤੇ ਸਮਾਜ-ਕਲਿਆਣਕਾਰੀ ਭੂਮਿਕਾਵਾਂ ਪ੍ਰਦਾਨ ਕਰਕੇ ਅਧਿਕ ਵਿਵਹਾਰਿਕ, ਸਰਲ ਅਤੇ ਗ੍ਰਿਹਸਥ-ਜੀਵਨ ਦੇ ਅਨੁਕੂਲ ਬਣਾਇਆ ਜਿਸ ਦੇ ਫਲਸਰੂਪ ਉਸ ਵਿਚ ਲੋਕ-ਮੰਗਲਕਾਰੀ ਤੱਤ੍ਵ ਪ੍ਰਧਾਨ ਹੋ ਗਿਆ ਜੋ ਮਾਨਵ- ਸਮਾਜ ਲਈ ਜੀਵਨ-ਦਾਇਨੀ ਸ਼ਕਤੀ ਰਖਦਾ ਹੈ।

ਪ੍ਰੇਮ-ਭਗਤੀ ਨੂੰ ‘ਭਾਉ-ਭਗਤੀ ’ ਵੀ ਕਿਹਾ ਜਾਂਦਾ ਹੈ ਕਿਉਂਕਿ ‘ਭਾਉ’ ਸੰਸਕ੍ਰਿਤ ਦੇ ‘ਭਾਵ’ ਸ਼ਬਦ ਦਾ ਤਦਭਵ ਰੂਪ ਹੈ ਅਤੇ ਇਸ ਦਾ ਅਰਥ ਹੈ ਪ੍ਰੇਮ ਜਾਂ ਅਨੁਰਾਗ। ਇਸ ਲਈ ‘ਭਾਉ ਭਗਤੀ’, ‘ਪ੍ਰੇਮ-ਭਗਤੀ’ ਦਾ ਇਕ ਨਾਮਾਂਤਰ ਹੈ। ਗੁਰੂ ਨਾਨਕ ਦੇਵ ਜੀ ਦੀ ਸਥਾਪਨਾ ਹੈ ਕਿ —ਭਾਉ ਭਗਤੀ ਕਰ ਨੀਚੁ ਸਦਾਏ ਤਉ ਨਾਨਕ ਮੋਖੰਤਰੁ ਪਾਏ (ਗੁ.ਗ੍ਰੰ.470)।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3651, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.