ਪੰਜਾਬੀ ਆਲੋਚਨਾ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਪੰਜਾਬੀ ਆਲੋਚਨਾ: ਸਾਹਿਤ ਆਲੋਚਨਾ, ਜਿਸ ਵਿੱਚ ਸਾਹਿਤ ਦੀ ਵਿਆਖਿਆ ਅਤੇ ਮੁੱਲਾਂਕਣ ਦਾ ਕਾਰਜ ਕੀਤਾ ਜਾਂਦਾ ਹੈ, ਇੱਕ ਮਹੱਤਵਪੂਰਨ ਅਨੁਸ਼ਾਸਨ ਅਤੇ ਗਿਆਨ ਦੀ ਸ਼ਾਖਾ ਹੈ। ਪੰਜਾਬੀ ਆਲੋਚਨਾ ਦੇ ਮੁੱਢ ਸੰਬੰਧੀ ਵਿਦਵਾਨਾਂ ਵਿੱਚ ਚੋਖ਼ਾ ਮੱਤ-ਭੇਦ ਹੈ। ਇਸ ਦੇ ਮੁੱਢ ਨੂੰ ਨਿਰਧਾਰਿਤ ਕਰਨ ਲਈ ਕਿਧਰੇ ਪ੍ਰਸੰਸਾ ਜਾਂ ਸ਼ਰਧਾ, ਕਿਧਰੇ ਵਿਅਕਤੀ ਪੂਜਾ ਦੀ ਭਾਵਨਾ, ਕਿਧਰੇ ਅਸਲੋਂ ਖੰਡਨਕਾਰੀ ਰੁਚੀ ਅਤੇ ਕਿਧਰੇ ਤਾਰਕਿਕ ਬਿਰਤੀ ਨੇ ਆਪਣੀ ਭੂਮਿਕਾ ਨਿਭਾਈ ਹੈ। ਇਸ ਵਰਤਾਰੇ ਪ੍ਰਤਿ ਮੂਲੋਂ ਖੰਡਨਕਾਰੀ ਰੁਚੀ ਰੱਖਣ ਵਾਲੇ ਅਕਸਰ ਇਹੋ ਜਿਹੀਆਂ ਰਾਵਾਂ ਪੇਸ਼ ਕਰਦੇ ਸੁਣਾਈ ਦਿੰਦੇ ਹਨ ਕਿ ‘ਪੰਜਾਬੀ ਵਿੱਚ ਤਾਂ ਅਜੇ ਸਾਹਿਤ ਦੀ ਆਲੋਚਨਾ ਨੇ ਪੈਦਾ ਹੋਣਾ ਹੈ।’ ਕੁਝ ਅਜਿਹੇ ਚਿੰਤਕ ਵੀ ਹਨ ਜਿਹੜੇ ਇਸ ਮੱਤ ਦੇ ਧਾਰਨੀ ਹਨ ਕਿ ਪੰਜਾਬੀ ਵਿੱਚ ਸਾਹਿਤ ਆਲੋਚਨਾ ਦਾ ਜਨਮ ਸੰਤ ਸਿੰਘ ਸੇਖੋਂ ਦੀ ਆਮਦ (ਉਸ ਦੀ ਪਹਿਲੀ ਪੁਸਤਕ ਸਾਹਿਤਿਆਰਥ (1957) ਵਿੱਚ ਪ੍ਰਕਾਸ਼ਿਤ ਹੋਈ) ਨਾਲ ਹੋਇਆ। ਇਹਨਾਂ ਦੋਵਾਂ ਰਾਵਾਂ ਨੂੰ ਪ੍ਰਵਾਨਗੀ ਪ੍ਰਾਪਤ ਨਹੀਂ ਹੋਈ। ਪੰਜਾਬੀ ਸਾਹਿਤ ਆਲੋਚਨਾ ਦਾ ਇਤਿਹਾਸ ਉਲੀਕਣ ਲਈ ਪਹਿਲੀ ਵਾਰ ਹਰਨਾਮ ਸਿੰਘ ਸ਼ਾਨ ਨੇ ਆਪਣੀ ਸੰਪਾਦਿਤ ਪੁਸਤਕ ਪਰਖ ਪੜਚੋਲ (1961) ਵਿੱਚ ਪੰਜਾਬੀ ਆਲੋਚਨਾ ਦੇ ਬੀਜ ਮੱਧਕਾਲੀ ਸਾਹਿਤ ਰਚਨਾਵਾਂ ਵਿੱਚੋਂ ਢੂੰਡਣ ਦਾ ਯਤਨ ਕੀਤਾ। ਉਸ ਨੇ ਪੰਜਾਬੀ ਆਲੋਚਨਾ ਦੇ ਮੁੱਢ ਹੀ ਨਹੀਂ ਬਲਕਿ ਮੁਢਲੇ ਵਿਕਾਸ ਨੂੰ ਵੀ ਪ੍ਰਸੰਸਾ, ਸ਼ਰਧਾ, ਵਿਸ਼ਵਾਸ ਅਤੇ ਵਿਰਸੇ ਪ੍ਰਤਿ ਸਦਭਾਵੀ ਰੁਚੀ ਰਾਹੀਂ ਵੇਖਿਆ। ਉਸ ਨੇ ਇਸ ਪੁਸਤਕ ਦੀ ਭੂਮਿਕਾ ਵਿੱਚ ਬਾਬਾ ਫ਼ਰੀਦ ਦੇ ਸਲੋਕਾਂ ਨਾਲ ਦਰਜ ਗੁਰੂ ਸਾਹਿਬਾਨ ਦੀਆਂ ਟਿੱਪਣੀਆਂ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਅਤੇ ਕਿੱਸਾਕਾਰਾਂ ਦੀਆਂ ਦੂਸਰੇ ਕਿੱਸਾਕਾਰਾਂ (ਪੂਰਵਕਾਲੀ ਤੇ ਸਮਕਾਲੀ) ਸੰਬੰਧੀ ਟਿੱਪਣੀਆਂ ਆਦਿ ਨੂੰ ਪੰਜਾਬੀ ਆਲੋਚਨਾ ਦੇ ਮੁੱਢ ਅਤੇ ਮੁਢਲੇ ਵਿਕਾਸ ਨਾਲ ਜੋੜ ਕੇ ਵੇਖਿਆ। ਇਹ ਉਸ ਦੀ ਨਜ਼ਰ ਵਿੱਚ “ਨਜ਼ਮੀ ਪਰਖ-ਪੜਚੋਲ” ਸੀ। ਬਹੁਤੇ ਪੰਜਾਬੀ ਚਿੰਤਕਾਂ ਨੇ ਇਸ ਰਾਇ ਨੂੰ ਮੁੜ-ਮੁੜ ਦੁਹਰਾਇਆ। ਕੁਝ ਨੇ ਇਹ ਸਵੀਕਾਰ ਕੀਤਾ ਕਿ ਇਹ ਸਭ ਕੁਝ ਆਲੋਚਨਾ ਦੇ ਮਿਆਰੀ ਪੈਮਾਨਿਆਂ ਉੱਪਰ ਪੂਰਾ ਨਹੀਂ ਉੱਤਰਦਾ ਪਰੰਤੂ ਨਾਲ ਹੀ ਨਾਲ ਇਸ ਨੂੰ ਪੰਜਾਬੀ ਆਲੋਚਨਾ ਦਾ ਅਰੰਭਿਕ ਅਵਿਕਸਿਤ ਦੌਰ ਵੀ ਸਵੀਕਾਰ ਕੀਤਾ। ਇੱਥੇ ਇਸ ਅਰੰਭਿਕ “ਅਨੈਤਿਕ ਅਵਿਕਸਿਤ ਦੌਰ” ਦੇ ਪਹਿਲੇ ਪੜਾਅ ਵਿੱਚ ਇੱਕ ਮਿਸਾਲ ਦੇਣੀ ਉਚਿਤ ਹੈ। ਫ਼ਰੀਦ ਦਾ ਸਲੋਕ ਹੈ :

ਤਨ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ~॥

ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ॥

ਇਸ ਸਲੋਕ ਉੱਪਰ ਟਿੱਪਣੀ ਕਰਦਾ ਗੁਰੂ ਨਾਨਕ ਦੇਵ ਦਾ ਸਲੋਕ ਹੈ :

ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ॥

ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ॥

(ਮਹਲਾ ੧॥੧੨੦॥)

  ਹਰਨਾਮ ਸਿੰਘ ਸ਼ਾਨ ਨੇ ਬਾਬਾ ਫ਼ਰੀਦ ਦੇ ਸਲੋਕਾਂ ਨਾਲ ਦਰਜ ਗੁਰੂ ਸਾਹਿਬਾਨ ਦੇ ਕੁੱਲ ਅਠਾਰਾਂ ਸਲੋਕਾਂ ਦੇ ਆਧਾਰ ਉੱਪਰ ਗੁਰੂ ਸਹਿਬਾਨ ਨੂੰ ‘ਆਲੋਚਕ ਹੀ ਸਿੱਧ ਨਹੀਂ ਕੀਤਾ ਬਲਕਿ ਪੰਜਾਬੀ ਆਲੋਚਨਾ ਦੇ ‘ਆਦਿ ਕਾਲ` ਦਾ ਭਰਵਾਂ ਮੁਹਾਂਦਰਾ ਉਲੀਕਣ ਲਈ ਗੁਰੂ ਅਰਜਨ ਦੇਵ ਨੂੰ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦਾ ਮਹਾਨ ਕਾਰਜ ਕਰਨ ਕਰ ਕੇ ‘ਆਲੋਚਕ ਤੇ ਪਾਰਖੂ` ਸਿੱਧ ਕੀਤਾ। ਉਹਨਾਂ ਦੀ ਨਿਸ਼ਚਿਤ ਰਾਇ ਹੈ ਕਿ ਗੁਰੂ ਅਰਜਨ ਦੇਵ ਦਾ ਵੱਖ-ਵੱਖ ਭਗਤ ਕਵੀਆਂ ਦੀ ਬਾਣੀ ਸਵੀਕਾਰਨਾ/ਅਸਵੀਕਾਰਨਾ ‘ਇੱਕ ਆਲੋਚਕ ਤੇ ਪਾਰਖੂ` ਦਿਲ ਦਿਮਾਗ਼ ਦਾ ਹੀ ਸੂਚਕ ਹੈ। ‘ਅਰੰਭਲੇ ਅਵਿਕਸਿਤ ਦੌਰ` ਜਾਂ ‘ਆਦਿ ਕਾਲ` ਵਿੱਚ ਕੁਝ ਕਿੱਸਾਕਾਰਾਂ ਨੇ ਆਪਣੇ ਪੂਰਬਕਾਲੀਆਂ ਅਤੇ ਸਮਕਾਲੀਆਂ ਬਾਰੇ ਟਿੱਪਣੀਆਂ ਦਰਜ ਕੀਤੀਆਂ ਹਨ। ਇਹ ਟਿੱਪਣੀਆਂ ਕਾਵਿਕ ਤੇ ਭਾਵੁਕ ਕਿਸਮ ਦੀਆਂ ਹਨ। ਵਧੇਰੇ ਟਿੱਪਣੀਆਂ ਹਾਫ਼ਿਜ਼ ਬਰਖ਼ੁਰਦਾਰ ਅਤੇ ਮੀਆਂ ਮੁਹੰਮਦ ਬਖ਼ਸ਼ ਹੋਰਾਂ ਕੀਤੀਆਂ ਹਨ। ਮਿਸਾਲ ਵਜੋਂ :

     ੳ.       ਯਾਰੋ ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਨ।

              ਜਿਹਨੂੰ ਪੰਜਾਂ ਪੀਰਾਂ ਦੀ ਥਾਪਣਾ, ਕੰਧੀ ਦਸਤ ਧਰੇਨ।

              (ਮੌਲਵੀ ਹਾਫ਼ਿਜ਼ ਬਰਖ਼ੁਰਦਾਰ, ਕਿੱਸਾ ਮਿਰਜ਼ਾ ਸਾਹਿਬਾਂ)

     ਅ.       ਵਾਰਿਸ ਸ਼ਾਹ ਸੁਖ਼ਨ ਦਾ ਵਾਰਸ,

              ਕਿਤੇ ਨਾ ਅਟਕਿਆ ਵਲਿਆ,

              (ਪਰ) ਮੰਦਰਾਹੀ ਚੱਕੀ ਵਾਂਗੂੰ,

              (ਉਸ) ਨਿੱਕਾ ਮੋਟਾ ਦਲਿਆ।

                   (ਅਹਿਮਦਯਾਰ, ਕਿੱਸਾ ਯੂਸਫ਼ ਜ਼ੁਲੈਖ਼ਾਂ)

     ਇਸੇ ਤਰ੍ਹਾਂ ਕੁਝ ਚਿੰਤਕਾਂ ਨੇ ਪੁਰਾਤਨ ਪੰਜਾਬੀ ਵਾਰਤਕ ਦੇ ਵਿਭਿੰਨ ਰੂਪਾਂ ਵਿੱਚੋਂ ਕੁਝ ਸੂਤਰ ਨਿਤਾਰ-ਨਿਖਾਰ ਕੇ ਉਹਨਾਂ ਨੂੰ ਵੀ ਪੰਜਾਬੀ ਆਲੋਚਨਾ ਦੇ ਮੁਢਲੇ ਵਿਕਾਸ ਨਾਲ ਜੋੜ ਕੇ ਵੇਖਿਆ ਹੈ। ਅਸਲ ਵਿੱਚ ਪੰਜਾਬੀ ਆਲੋਚਨਾ ਦਾ ਜਨਮ ਅਤੇ ਵਿਕਾਸ ਵੀਹਵੀਂ ਸਦੀ ਵਿੱਚ ਹੋਇਆ ਹੈ-ਇਹ ਧਾਰਨਾ ਨਾ ਹਰ ਆਧੁਨਿਕ ਪ੍ਰਾਪਤੀ ਨੂੰ ਅੰਗਰੇਜ਼ਾਂ ਦੀ ਆਮਦ ਨਾਲ ਜੋੜਣ ਦੀ ਭਾਵੁਕਤਾ ਵਿੱਚੋਂ ਪੈਦਾ ਹੋਈ ਹੈ ਅਤੇ ਨਾ ਆਪਣੇ ਸਾਹਿਤਿਕ ਵਿਰਸੇ ਉੱਪਰ ਲੀਕ ਫੇਰਣ ਦੀ ਭੁੱਲ ਵਿੱਚੋਂ। ਮੱਧਕਾਲ ਵਿੱਚ ਹੋਏ ਕਾਰਜਾਂ ਥਾਣੀਂ ਸਾਡੀ ਸਾਹਿਤ ਚੇਤਨਾ ਦੇ ਵਿਕਾਸ ਨੂੰ ਤਾਂ ਪਛਾਣਿਆ ਜਾ ਸਕਦਾ ਹੈ ਪਰ ਇਸ ਨੂੰ ਸਾਹਿਤ ਆਲੋਚਨਾ ਦੇ ਮੁੱਢ ਅਤੇ ਮੁਢਲੇ ਵਿਕਾਸ ਨਾਲ ਜੋੜਣਾ ਉਚਿਤ ਨਹੀਂ।

     ਪੰਜਾਬੀ ਸਾਹਿਤ ਆਲੋਚਨਾ ਨੇ ਆਪਣਾ ਸਫ਼ਰ ਵਿਸ਼ੇਸ਼ ਇਤਿਹਾਸਿਕ ਪਰਿਸਥਿਤੀਆਂ ਵਿੱਚ ਅਤੇ ਉਹਨਾਂ ਦੇ ਪ੍ਰਤਿਕਰਮ ਵਜੋਂ ਵੀਹਵੀਂ ਸਦੀ ਦੇ ਦੂਸਰੇ ਦਹਾਕੇ ਵਿੱਚ ਕੀਤਾ ਸੀ। ਵਿਰਸੇ ਦੀ ਸੰਭਾਲ ਅਤੇ ਉਸ ਦੀ ਗੌਰਵਤਾ ਨੂੰ ਉਜਾਗਰ ਕਰਨਾ ਮੁਢਲੇ ਚਿੰਤਕਾਂ ਦਾ ਮਕਸਦ ਸੀ। ਇਹਨਾਂ ਚਿੰਤਕਾਂ ਨੇ ਵਿਰਸੇ ਨੂੰ ਸੰਭਾਲਣ, ਤਬਾਹ ਹੋਣ ਤੋਂ ਬਚਾਉਣ ਦੇ ਇਲਾਵਾ ਨਵੇਂ ਸਾਹਿਤਕਾਰਾਂ ਦੀ ਹੌਂਸਲਾ ਅਫ਼ਜ਼ਾਈ ਦਾ ਕਾਰਜ ਵੀ ਕੀਤਾ। ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪੂਰਨ ਸਿੰਘ, ਮੋਹਨ ਸਿੰਘ ਦੀਵਾਨਾ, ਗੋਪਾਲ ਸਿੰਘ ਦਰਦੀ ਅਤੇ ਤੇਜਾ ਸਿੰਘ ਆਦਿ ਪਹਿਲੇ ਪੜਾਅ ਦੇ ਪ੍ਰਮੁਖ ਆਲੋਚਕ ਸਨ। ਇਨ੍ਹਾਂ ਚਿੰਤਕਾਂ ਨੇ ਆਪਣੇ ਕਾਰਜ ਵਿੱਚ ਪ੍ਰਭਾਵਵਾਦੀ ਤੇ ਪ੍ਰਸੰਸਾਵਾਦੀ ਟਿੱਪਣੀਆਂ ਕੀਤੀਆਂ, ਤੱਥਾਂ ਪ੍ਰਤਿ ਪ੍ਰਸੰਨਤਾ ਦਾ ਪ੍ਰਗਟਾਵਾ ਕੀਤਾ ਅਤੇ ਇਕੱਠੇ ਤੱਥਾਂ ਨੂੰ ਕਾਲਕ੍ਰਮ ਵਿੱਚ ਟਿਕਾਇਆ। ਇਹਨਾਂ ਦੇ ਯਤਨਾਂ ਸਦਕਾ ਹੀ ਅਗਲੇਰੇ ਚਿੰਤਨ ਨੂੰ ਮਜ਼ਬੂਤ ਤੱਥਿਕ ਆਧਾਰ ਪ੍ਰਾਪਤ ਹੋਇਆ, ਤੱਥਾਂ ਨੂੰ ਇਤਿਹਾਸ ਦੀ ਅੱਖ ਥਾਣੀਂ ਵੇਖਣ ਦੀ ਨੀਝ ਪੈਦਾ ਹੋਈ, ਬਦਲ ਰਹੇ ਜੀਵਨ ਦੇ ਹਾਣ ਦਾ ਸਾਹਿਤ ਸਿਰਜਣ ਦੀ ਰੁਚੀ ਜਾਗੀ ਅਤੇ ਸਿਧਾਂਤ ਸਿਰਜਣ ਦੀ ਚੇਤਨਾ ਨੇ ਜਨਮ ਲਿਆ। ਨਾਲ ਹੀ ਨਾਲ ਵਿਰਸੇ ਤੋਂ ਪ੍ਰੇਰਨਾ, ਸ਼ਕਤੀ ਅਤੇ ਉਤਸ਼ਾਹ ਹਾਸਲ ਕਰ ਕੇ ਗ਼ੁਲਾਮੀ ਦੀਆਂ ਜੰਜ਼ੀਰਾਂ ਨੂੰ ਤੋੜਨ ਦੇ ਸੁਪਨੇ ਨੂੰ ਵੀ ਸਕਾਰ ਕੀਤਾ ਗਿਆ।

     ਪੰਜਾਬੀ ਆਲੋਚਨਾ ਦੇ ਜਗਤ ਵਿੱਚ ਸੰਤ ਸਿੰਘ ਸੇਖੋਂ (1908 ਈ.) ਦੀ ਆਮਦ ਨਾਲ ਆਧੁਨਿਕ ਪੰਜਾਬੀ ਆਲੋਚਨਾ ਦਾ ਮੁੱਢ ਬੱਝਦਾ ਹੈ। ਕਈ ਚਿੰਤਕ ਉਸ ਨੂੰ ਪੰਜਾਬੀ ਆਲੋਚਨਾ ਦਾ “ਬਾਨੀ ਅਤੇ ਸੰਚਾਲਕ” ਆਖਣਾ ਪਸੰਦ ਕਰਦੇ ਹਨ। ਉਸ ਨੇ ਸਾਹਿਤਿਆਰਥ, ਪੰਜਾਬੀ ਕਾਵਿ ਸ਼ਿਰੋਮਣੀ, ਭਾਈ ਵੀਰ ਸਿੰਘ ਤੇ ਉਹਨਾਂ ਦਾ ਯੁੱਗ, ਭਾਈ ਗੁਰਦਾਸ, ਪ੍ਰਸਿੱਧ ਪੰਜਾਬੀ ਕਵੀ (ਸੰਪਾ.), ਹੀਰ ਵਾਰਿਸ ਸ਼ਾਹ (ਸੰਪਾ.) ਅਤੇ ਸਮੀਖਿਆ ਪ੍ਰਣਾਲੀਆਂ ਜਿਹੀਆਂ ਪ੍ਰਸਿੱਧ ਅਤੇ ਮਹੱਤਵਪੂਰਨ ਪੁਸਤਕਾਂ ਦੀ ਰਚਨਾ ਕੀਤੀ। ਪ੍ਰਗਤੀ ਦੇ ਸਰੋਕਾਰ ਨੂੰ ਉਸ ਨੇ ਆਪਣੇ ਚਿੰਤਨ- ਕਾਰਜ ਦੇ ਕੇਂਦਰ ਵਿੱਚ ਟਿਕਾਇਆ। ਉਸ ਮੁਤਾਬਕ ਸਾਹਿਤ ਵੀ ਉਸੇ ਪ੍ਰਕਾਰ ਦਾ ਇੱਕ ਸਮਾਜਿਕ ਕਰਮ ਹੈ ਜਿਸ ਪ੍ਰਕਾਰ ਦੀ ਕੋਈ ਹੋਰ ਕਿਰਤ, ਕਿਰਸਾਣੀ ਜਾਂ ਕਾਰੀਗਰੀ। ਉਹ ਸਾਹਿਤ ਦੀ ਵੱਡੀ ਜ਼ੁੰਮੇਵਾਰੀ ਰਾਜਸੀ ਸਮਝਦਾ ਸੀ ਅਤੇ ਸਾਹਿਤਕਾਰਾਂ ਨੂੰ ਆਪਣੀ ਰਾਜਸੀ ਜ਼ੁੰਮੇਵਾਰੀ ਤੋਂ ਕੁਤਾਹੀ ਨਾ ਵਰਤਣ ਲਈ ਆਖਦਾ ਸੀ। ਉਸ ਖ਼ੁਦ ਹੀ ਸਵੀਕਾਰ ਕੀਤਾ ਹੈ ਕਿ ਉਸ ਨੂੰ “ਪੁਰਾਤਨ ਸਾਹਿਤਕਾਰਾਂ ਬਾਰੇ ਕਰੜੇ ਨਿਰਣੇ ਦੇਣ ਵਾਲਾ ਸਮਝਿਆ ਗਿਆ।” ਉਸ ਨੇ ਸਮੁੱਚੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਅੱਜ ਦੇ ਯੁੱਗ ਲਈ ਪ੍ਰਮਾਣ ਮੰਨਣ ਤੋਂ ਤਾਂ ਸੰਕੋਚ ਕੀਤਾ ਪਰੰਤੂ ਆਧੁਨਿਕ ਸਾਹਿਤਕਾਰਾਂ ਪ੍ਰਤਿ ਉਦਾਰਵਾਦੀ ਰਵੱਈਆ ਅਪਣਾਇਆ। ਉਸੇ ਦਾ ਇੱਕ ਸਮਕਾਲੀ ਕਿਸ਼ਨ ਸਿੰਘ ਹੈ ਜਿਸਨੇ ਮਾਰਕਸਵਾਦੀ ਸਿਧਾਂਤਾਂ ਨੂੰ ਅਪਣਾਇਆ। ਸਾਹਿਤ ਦੇ ਸੋਮੇ, ਸਾਹਿਤ ਦੀ ਸਮਝ, ਸਿਖ ਇਨਕਲਾਬ ਦਾ ਮੋਢੀ ਗੁਰੂ ਨਾਨਕ, ਗੁਰਬਾਣੀ ਦਾ ਸੱਚ ਅਤੇ ਗੁਰਦਿਆਲ ਸਿੰਘ ਦੀ ਨਾਵਲ-ਚੇਤਨਾ ਉਸ ਦੀਆਂ ਮੁੱਖ ਪੁਸਤਕਾਂ ਹਨ। ਉਹ ਬੇਸ਼ੱਕ ਮਾਰਕਸਵਾਦੀ ਸੀ ਪਰੰਤੂ ਉਸ ਨੇ ਮੱਧਕਾਲੀਨ ਸਾਹਿਤ ਬਾਰੇ ਕਰੜੇ ਅਤੇ ਖੰਡਨਮਈ ਨਿਰਣੇ ਪੇਸ਼ ਨਹੀਂ ਕੀਤੇ। ਉਸ ਨੇ ਮੱਧਕਾਲੀਨ ਸਾਹਿਤ ਵਿਚਲੀ ਜਮਾਤੀ ਵਿਚਾਰਧਾਰਾ ਅਤੇ ਕ੍ਰਾਂਤੀਕਾਰੀ ਸੁਨੇਹੇ ਨੂੰ ਨਵੇਂ ਢੰਗ ਨਾਲ ਸਮਝਿਆ। ਉਸ ਨੇ ਆਪਣੇ ਕੁੱਲ ਚਿੰਤਨ ਵਿੱਚ ਸਮੁੱਚੇ ਮੱਧਕਾਲੀਨ ਪੰਜਾਬੀ ਸਾਹਿਤ ਨੂੰ ਹਾਕਮ ਜਮਾਤ ਦੇ ਵਿਰੋਧੀ, ਲੋਕਪੱਖੀ ਅਤੇ ਕ੍ਰਾਂਤੀ ਦਾ ਸੰਦੇਸ਼ ਦੇਣ ਵਾਲਾ ਦੱਸਿਆ। ਮੱਧਕਾਲੀਨ ਸਾਹਿਤ ਤੋਂ ਉਲਟ ਉਸ ਨੇ ਆਧੁਨਿਕ ਸਾਹਿਤ ਨੂੰ ਗ਼ੈਰ- ਯਥਾਰਥਵਾਦੀ, ਨਿਪੁੰਸਕ ਅਤੇ ਅਨੁਭਵਹੀਨ ਆਖਦੇ ਹੋਏ ਮੂਲੋਂ ਰੱਦ ਕਰ ਦਿੱਤਾ। ਉਸ ਦੀ ਆਲੋਚਨਾ ਨਾਲ ਮੇਲ ਖਾਂਦੀ ਆਲੋਚਨਾ ਰਚਣ ਵਾਲਾ ਇੱਕ ਹੋਰ ਚਿੰਤਕ ਨਜਮ ਹੁਸੈਨ ਸੱਯਦ ਹੈ ਜਿਸਨੇ ਸੇਧਾਂ, ਸਾਰਾਂ, ਸਚੁ ਸਦਾ ਅਬਾਦੀ ਕਰਨਾ, ਖਾਕੁ ਜੇਡ ਨ ਕੋਇ ਅਤੇ ਅਕੱਥ ਕਹਾਣੀ ਆਦਿ ਜਿਹੀਆਂ ਪ੍ਰਸਿੱਧ ਪੁਸਤਕਾਂ ਦੀ ਰਚਨਾ ਕੀਤੀ। ਉਸ ਨੇ ਵੀ ਜਮਾਤੀ ਫ਼ਲਸਫ਼ੇ ਤੇ ਮਾਰਕਸਵਾਦੀ ਵਿਚਾਰਧਾਰਾ ਦੀ ਸਹਾਇਤਾ ਲਈ। ਆਪਣੇ ਤਰੱਕੀ ਪਸੰਦ ਵਿਚਾਰਾਂ ਨੂੰ ਉਸ ਨੇ ਅਸਲੋਂ ਸੁਖੈਨ ਲਹਿੰਦੀ ਉਪਬੋਲੀ ਰਾਹੀਂ ਪ੍ਰਗਟ ਕੀਤਾ। ਇਸੇ ਜ਼ਮਾਨੇ ਵਿੱਚ ਅਤਰ ਸਿੰਘ (1932) ਨੇ ਆਪਣੀਆਂ ਪੁਸਤਕਾਂ ਕਾਵਿ ਅਧਿਐਨ ਦ੍ਰਿਸ਼ਟੀਕੋਣ, ਸਮਦਰਸ਼ਨ ਅਤੇ ਸਾਹਿਤ ਸੰਵੇਦਨਾ ਰਾਹੀਂ ਪਹਿਲਾਂ ਸਾਹਿਤ ਨੂੰ ਪ੍ਰਗਤੀਵਾਦੀ, ਮੁੜ ਆਧੁਨਿਕ, ਫਿਰ ਸਾਹਿਤਿਕ ਅਤੇ ਫਿਰ ਮਾਨਵਵਾਦੀ ਪੈਮਾਨਿਆਂ ਉੱਪਰ ਪਰਖਿਆ। ਇਸੇ ਸਮੇਂ ਵਿੱਚ ਜਸਬੀਰ ਸਿੰਘ ਆਹਲੂਵਾਲੀਆ ਨੇ ਇੱਕ ਅਰਥ ਭਰਪੂਰ ਯੋਗਦਾਨ ਦਿੱਤਾ। ਉਸ ਨੇ ‘ਪ੍ਰਗਤੀ’ ਦੀ ਬਜਾਏ ‘ਪ੍ਰਯੋਗ’ ਨੂੰ ਪੈਮਾਨੇ ਵਜੋਂ ਵਰਤਿਆ ਅਤੇ ਆਧੁਨਿਕ ਪੰਜਾਬੀ ਕਵਿਤਾ ਸੰਬੰਧੀ ਅਸਲੋਂ ਵੱਖਰੀਆਂ ਧਾਰਨਾਵਾਂ ਪੇਸ਼ ਕੀਤੀਆਂ।

     ਕੁਝ ਨਵਾਂ ਸਿਰਜਣ ਦੀ ਰੀਝ ਅਤੇ ਪੱਛਮੀ ਚਿੰਤਨ ਨਾਲ ਬਰ ਮੇਚਣ ਦੀ ਤੀਬਰ ਇੱਛਾ ਸਦਕਾ ਵੀਹਵੀਂ ਸਦੀ ਦੇ ਸਤਵੇਂ ਅਤੇ ਅਠਵੇਂ ਦਹਾਕੇ ਵਿੱਚ ਹਰਿਭਜਨ ਸਿੰਘ ਅਤੇ ਉਸ ਦੇ ਸਾਥੀਆਂ (ਤਰਲੋਕ ਸਿੰਘ ਕੰਵਰ, ਆਤਮਜੀਤ ਸਿੰਘ) ਅਤੇ ਸ਼ਾਗਿਰਦਾਂ (ਜਗਬੀਰ ਸਿੰਘ, ਸੁਤਿੰਦਰ ਸਿੰਘ ਨੂਰ, ਅਮਰੀਕ ਸਿੰਘ ਪੁੰਨੀ, ਗੁਰਚਰਨ ਸਿੰਘ ਅਰਸ਼ੀ, ਗੁਰਚਰਨ ਸਿੰਘ, ਮਹਿੰਦਰ ਕੌਰ ਗਿੱਲ, ਮਨਜੀਤ ਸਿੰਘ ਅਤੇ ਦੇਵਿੰਦਰ ਕੌਰ ਆਦਿ) ਰਾਹੀਂ ਸਾਹਿਤ ਦੀ ਸਾਹਿਤਿਕਤਾ ਦੀ ਪਰਖ ਕਰਨ ਦਾ ਸਰੋਕਾਰ ਪੰਜਾਬੀ ਆਲੋਚਨਾ ਦੇ ਕੇਂਦਰ ਵਿੱਚ ਆਣ ਟਿਕਿਆ। ਪੱਛਮੀ ਸਾਹਿਤ ਸਿਧਾਂਤਾਂ ਦੇ ਪ੍ਰਭਾਵ ਹੇਠ ਇਸ ਜ਼ਮਾਨੇ ਵਿੱਚ ਪਾਠ, ਬਣਤਰ, ਅੰਤਰਪਾਠ, ਨਿਕਟ ਪਾਠਗਤ ਵਿਸ਼ਲੇਸ਼ਣ, ਪਾਠ ਦੇ ਅਵਚੇਤਨ, ਉਸ ਅੰਦਰਲੀਆਂ ਚੁੱਪਾਂ, ਖ਼ਮੋਸ਼ੀਆਂ ਅਤੇ ‘ਅਣਕਹੇ’ ਦੀ ਤਲਾਸ਼ ਜਿਹੇ ਸੰਕਲਪਾਂ ਨਾਲ ਪੰਜਾਬੀ ਪਾਠਕਾਂ ਤੇ ਚਿੰਤਕਾਂ ਦਾ ਪਹਿਲੀ ਵਾਰ ਵਾਹ ਪਿਆ। ਸ਼ੁਰੂ-ਸ਼ੁਰੂ ਵਿੱਚ ਇਹ ਚਿੰਤਕ ਸਾਂਝੇ ਸਿਧਾਂਤਿਕ ਆਧਾਰ ਸਦਕਾ ਇੱਕ-ਦੂਸਰੇ ਨਾਲ ਜੁੜੇ ਹੋਏ ਸਨ ਪਰੰਤੂ ਸਹਿਜੇ- ਸਹਿਜੇ ਇਹਨਾਂ ਦੇ ਸਿਧਾਂਤਿਕ ਚੌਖਟੇ, ਅਧਿਐਨ-ਖੇਤਰ ਅਤੇ ਸਿੱਟੇ ਵੀ ਇੱਕ-ਦੂਸਰੇ ਤੋਂ ਅਲੱਗ ਹੁੰਦੇ ਗਏ। ਇਹਨਾਂ ਚਿੰਤਕਾਂ ਦੇ ਯਤਨਾਂ ਨਾਲ ਨਵਾਂ ਪੱਛਮੀ ਚਿੰਤਨ, ਵਾਦ, ਸੰਕਲਪ ਅਤੇ ਅੰਤਰ-ਦ੍ਰਿਸ਼ਟੀਆਂ ਦਾ ਪ੍ਰਵੇਸ਼ ਪੰਜਾਬੀ ਵਿੱਚ ਸੰਭਵ ਹੋ ਸਕਿਆ।

     ਵੀਹਵੀਂ ਸਦੀ ਦਾ ਨੌਂਵਾਂ ਦਹਾਕਾ ਇੱਕ ਪਾਸੇ ਪੰਜਾਬੀ ਚਿੰਤਕਾਂ ਨੂੰ ਪੱਛਮੀ ਆਲੋਚਨਾ ਦੇ ਨਵੇਂ ਰੁਝਾਨਾਂ ਨਾਲ ਜੋੜਦਾ ਹੈ ਅਤੇ ਦੂਸਰੇ ਪਾਸੇ ਰੂਪਵਾਦੀ, ਸੰਰਚਨਾਵਾਦੀ ਅਤੇ ਉੱਤਰ ਸੰਰਚਨਾਵਾਦੀ ਚਿੰਤਨ ਨਾਲ ਭਰਵੇਂ ਤੇ ਭਖਵੇਂ ਸੰਵਾਦ ਨੂੰ ਜਨਮ ਦਿੰਦਾ ਹੈ। ਪੰਜਾਬੀ ਆਲੋਚਕ ਦਾ ਇੱਕ ਵਰਗ (ਟੀ. ਆਰ. ਵਿਨੋਦ, ਰਵਿੰਦਰ ਸਿੰਘ ਰਵੀ, ਤੇਜਵੰਤ ਸਿੰਘ ਗਿੱਲ, ਗੁਰਬਖ਼ਸ਼ ਸਿੰਘ ਫਰੈਂਕ, ਜੋਗਿੰਦਰ ਸਿੰਘ ਰਾਹੀ, ਕੇਸਰ ਸਿੰਘ ਕੇਸਰ ਅਤੇ ਗੁਰਬਚਨ ਆਦਿ) ਪੰਜਾਬੀ ਰੂਪਵਾਦੀ ਸੰਰਚਨਾਵਾਦੀ ਚਿੰਤਕਾਂ ਦੇ ‘ਸਾਹਿਤਿਕਤਾ’ ਨੂੰ ਇੱਕ ਪਰਖ ਕਸਵੱਟੀ ਵਜੋਂ ਗ੍ਰਹਿਣ ਕਰਨ; ਪੱਛਮੀ ਚਿੰਤਨ ਪ੍ਰਣਾਲੀਆਂ ਨੂੰ ਅੰਤਿਮ ਸੱਚ ਵਜੋਂ ਗ੍ਰਹਿਣ ਕਰਨ; ਸਾਹਿਤ ਕਿਰਤਾਂ ਨੂੰ ਲੇਖਕ, ਪਾਠਕ ਤੇ ਸਮਾਜ ਤੋਂ ਵਿਜੋਗਣ; ਦੂਸਰੇ ਅਨੁਸ਼ਾਸਨਾਂ ਤੋਂ ਸਹਾਇਤਾ ਲੈਣ ਤੋਂ ਮੁਨਕਰ ਹੋਣ; ਵਿਸ਼ਵ ਦ੍ਰਿਸ਼ਟੀ ਦੀ ਪਛਾਣ ਤੋਂ ਕਿਨਾਰਾ ਕਰਨ; ਸੰਕਲਪਾਂ ਦਾ ਠੁੱਲ੍ਹਾ ਆਰੋਪਣ ਕਰਨ ਅਤੇ ਮੁੱਲਾਂਕਣ ਦਾ ਵਿਰੋਧ ਕਰਨ ਆਦਿ ਮੁੱਦਿਆਂ ਪ੍ਰਤਿ ਅਸਹਿਮਤੀ ਪ੍ਰਗਟ ਕਰਦਾ ਹੈ। ਇਹ ਚਿੰਤਕ ‘ਸੰਪੂਰਨ ਆਲੋਚਨਾਤਮਿਕ ਦ੍ਰਿਸ਼ਟੀ` ਨਾਲ ਸਾਹਿਤ ਰਚਨਾਵਾਂ ਨੂੰ ਪਰਖਣ ਲਈ ਆਖਦੇ ਹਨ। ਵੀਹਵੀਂ ਸਦੀ ਦੇ ਅੰਤ ਅਤੇ ਇੱਕ੍ਹੀਵੀਂ ਸਦੀ ਦੇ ਅਰੰਭ ਵਿੱਚ ਬੇਸ਼ੱਕ ਮੱਧਕਾਲੀਨ ਪੰਜਾਬੀ ਸਾਹਿਤ ਦੇ ਅਧਿਐਨ ਪ੍ਰਤਿ ਉਦਾਸੀਨਤਾ ਜਾਂ ਅਰੁਚੀ ਵਧੀ ਹੈ ਪਰੰਤੂ ਵਿਧਾਵਾਂ ਉੱਪਰ ਆਧਾਰਿਤ ਵਿਸ਼ੇਸ਼ੱਗ ਚਿੰਤਕਾਂ ਦਾ ਚੋਖਾ ਵਿਕਾਸ ਹੋਇਆ ਹੈ। ਪੱਛਮੀ ਚਿੰਤਨ ਨਾਲ ਸੰਵਾਦ ਨੇ (ਗੁਰਭਗਤ ਸਿੰਘ) ਪੰਜਾਬੀ ਚਿੰਤਨ ਦੇ ਮੁਹਾਂਦਰੇ ਵਿੱਚ ਨਵੀਨ ਪਸਾਰ ਨੂੰ ਜੋੜਿਆ ਹੈ। ਪੰਜਾਬੀ ਆਲੋਚਨਾ ਦਾ ਘੇਰਾ ਪੂਰਬੀ ਪੰਜਾਬ ਤੋਂ ਬਾਹਰ ਸਰਕ ਕੇ ਪੱਛਮ ਪੰਜਾਬ (ਪਾਕਿਸਤਾਨ) ਅਤੇ ਪੱਛਮੀ ਮੁਲਕਾਂ ਤੱਕ ਜਾ ਸਰਕਿਆ ਹੈ।

          ਅਜੋਕੇ ਸਮੇਂ ਵਿੱਚ ਕਰਨੈਲ ਸਿੰਘ ਥਿੰਦ, ਨਾਹਰ ਸਿੰਘ, ਕਰਮਜੀਤ ਸਿੰਘ (ਲੋਕਧਾਰਾ), ਸਤਿੰਦਰ ਸਿੰਘ ਨੂਰ, ਜਗਬੀਰ ਸਿੰਘ, ਅਮਰਜੀਤ ਸਿੰਘ ਕਾਂਗ (ਮੱਧ- ਕਾਲੀਨ ਪੰਜਾਬੀ ਸਾਹਿਤ), ਜਗਜੀਤ ਸਿੰਘ (ਸੂਫ਼ੀ-ਕਾਵਿ), ਜਸਵਿੰਦਰ ਸਿੰਘ (ਆਧੁਨਿਕ ਪੰਜਾਬੀ ਕਵਿਤਾ), ਗੁਰਪਾਲ ਸਿੰਘ ਸੰਧੂ (ਪੰਜਾਬੀ ਨਾਵਲ), ਆਤਮਜੀਤ, ਸਤੀਸ਼ ਵਰਮਾ (ਪੰਜਾਬੀ ਨਾਟਕ), ਸੁਰਜੀਤ ਸਿੰਘ ਭੱਟੀ, ਹਰਿਭਜਨ ਸਿੰਘ ਭਾਟੀਆ (ਪੰਜਾਬੀ ਆਲੋਚਨਾ) ਅਤੇ ਧਨਵੰਤ ਕੌਰ (ਪੰਜਾਬੀ ਕਹਾਣੀ) ਆਦਿ ਚਿੰਤਕ ਵਿਭਿੰਨ ਖੇਤਰਾਂ ਵਿੱਚ ਮਹੱਤਵਪੂਰਨ ਕਾਰਜ ਕਰ ਰਹੇ ਹਨ।


ਲੇਖਕ : ਹਰਿਭਜਨ ਸਿੰਘ ਭਾਟੀਆ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 15346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਪੰਜਾਬੀ ਆਲੋਚਨਾ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੰਜਾਬੀ ਆਲੋਚਨਾ : ਸਾਹਿਤ ਸਿਰਜਣਾ ਅਤੇ ਸਾਹਿਤ ਆਲੋਚਨਾ ਇਕ ਦੂਸਰੀ ਦੇ ਸਮਾਨਾਂਤਰ ਵਿਕਸਿਤ ਹੋਣ ਵਾਲੀਆਂ ਕ੍ਰਿਆਵਾਂ ਹਨ ਪਰ ਪਹਿਲਤਾ ਸਾਹਿਤ ਸਿਰਜਣਾ ਦੇ ਹੱਥ ਰਹਿੰਦੀ ਹੈ। ਮਾਨਵੀ ਇਤਿਹਾਸ ਵਿਚ ਸਾਹਿਤ ਸਿਰਜਣਾ ਪਹਿਲਾਂ ਪ੍ਰਮੁੱਖ ਹੁੰਦੀ ਹੈ ਅਤੇ ਸਾਹਿਤ ਆਲੋਚਨਾ ਆਰੰਭਿਕ ਪੜਾਅ ਉੱਤੇ ਸਾਹਿਤ ਸਿਰਜਣਾ ਪਿੱਛੇ ਲੁਪਤ ਰਹਿੰਦੀ ਹੈ ਪਰ ਜਲਦੀ ਹੀ ਸਾਹਿਤ ਆਲੋਚਨਾ ਆਪਣਾ ਸੁਤੰਤਰ ਅਸਤਿਤਵ ਸਥਾਪਤ ਕਰ ਲੈਂਦੀ ਹੈ ।

ਪੰਜਾਬੀ ਭਾਸ਼ਾ ਦੇ ਹੋਂਦ ਵਿਚ ਆਉਣ ਸਮੇਂ ਹੀ ਸਾਹਿਤ ਸਿਰਜਣਾ ਦੇ ਨਾਲ ਨਾਲ ਸਾਹਿਤ ਆਲੋਚਨਾ ਹੋਂਦ ਵਿਚ ਆ ਗਈ ਹੋਵੇਗੀ ਕਿਉਂਕਿ ਪੰਜਾਬੀ ਭਾਸ਼ਾ ਦੀ ਪੂਰਵਵਰਤੀ ਮੂਲ ਭਾਸ਼ਾ ਸੰਸਕ੍ਰਿਤ ਵਿਚ ਸਾਹਿਤ ਆਲੋਚਨਾ ਦੇ ਵਿਸ਼ਵ ਪ੍ਰਸਿੱਧ ਕਲਾਸੀਕਲ ਸਾਹਿਤ ਸਿਧਾਂਤ ਮੌਜੂਦ ਹਨ ਪਰ ਬਹੁਤ ਸਾਰੇ ਇਤਿਹਾਸਕ ਕਾਰਨਾਂ ਕਰ ਕੇ ਪੰਜਾਬ ਦੀ ਮੌਜੂਦਾ ਸਾਹਿਤਕ ਆਲੋਚਨਾ ਦਾ ਸਬੰਧ ਸੰਸਾਰ ਦੀ ਇਸ ਪੁਰਾਤਨ ਮਹਾਨ ਕਲਾਸੀਕਲ ਸਾਹਿਤ ਆਲੋਚਨਾ ਪਰੰਪਰਾ ਤੋਂ ਕਟਿਆ ਹੋਇਆ ਹੈ ।

ਮੌਜੂਦਾ ਪੰਜਾਬੀ ਆਲੋਚਨਾ ਪੁਰਾਤਨ ਭਾਰਤੀ ਆਲੋਚਨਾ ਤੋਂ ਆਜ਼ਾਦ ਵਿਕਸਿਤ ਹੋਈ ਹੈ ਪਰ ਇਸ ਦੇ ਮੁਢਲੇ ਇਤਿਹਾਸ ਬਾਰੇ ਵੀ ਸਾਰੇ ਵਿਦਵਾਨ ਇਕ ਮੱਤ ਨਹੀਂ ਹਨ। ਡਾ. ਮੋਹਨ ਸਿੰਘ ਦੀਵਾਨਾ, ਡਾ. ਹਰਨਾਮ ਸਿੰਘ ਸ਼ਾਨ, ਪ੍ਰੋ. ਪ੍ਰੀਤਮ ਸਿੰਘ, ਪ੍ਰੋ. ਪਿਆਰਾ ਸਿੰਘ, ਪ੍ਰੋ. ਤਾਰਨ ਸਿੰਘ ਆਦਿ ਵਿਦਵਾਨਾਂ ਦੇ ਮਤ ਅਨੁਸਾਰ ਪੰਜਾਬੀ ਆਲੋਚਨਾ ਦੇ ਬੀਜ ਮਧਕਾਲੀ ਸਾਹਿਤ ਰਚਨਾਵਾਂ ਵਿਚ ਮਿਲਦੇ ਹਨ। ਇਸ ਪਰਿਪਾਟੀ ਦੇ ਵਿਦਵਾਨਾਂ ਅਨੁਸਾਰ ਬਾਬਾ ਫ਼ਰੀਦ ਸ਼ਕਰਗੰਜ ਦੇ ਸਲੋਕਾਂ ਉੱਪਰ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਕਾਵਿ-ਟਿਪਣੀਆਂ ਨੂੰ ਪੰਜਾਬੀ ਆਲੋਚਨਾ ਦਾ ਆਦਿ-ਬਿੰਦੂ ਮੰਨਿਆ ਜਾ ਸਕਦਾ ਹੈ । ਬਾਬਾ ਫ਼ਰੀਦ ਜੀ ਲਿਖਦੇ ਹਨ :–

          ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿੑ ॥

          ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿੑ ॥

          ਗੁਰੂ ਨਾਨਕ ਦੇਵ ਜੀ ਨੇ ਇਸ ਸਲੋਕ ਬਾਰੇ ਆਪਣੀ ਆਲੋਚਨਾਮਈ ਟਿੱਪਣੀ ਇਉਂ ਦਿੱਤੀ ਹੈ :–

          ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨਾ ਬਾਲਿ ॥

          ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮਾੑਲਿ ॥

ਇਸੇ ਪ੍ਰਕਾਰ ਦੂਸਰੇ ਗੁਰੂ ਸਾਹਿਬਾਨ ਨੇ ਵੀ ਆਲੋਚਨਾਤਮਕ ਬਿਰਤੀ ਵਾਲੀਆਂ ਕਾਵਿ ਟਿੱਪਣੀਆਂ ਕੀਤੀਆਂ ਹਨ। ਗੁਰੂ ਅਰਜਨ ਦੇਵ ਜੀ ਵੱਲੋਂ ਬਾਣੀ ਦਾ ਸੰਕਲਨ ਆਪਣੇ ਆਪ ਵਿਚ ਸਾਹਿਤਕ ਆਲੋਚਨਾ ਦਾ ਨਮੂਨਾ ਹੈ ਕਿਉਂਕਿ ਉਨ੍ਹਾਂ ਨੇ ਵਿਸ਼ੇਸ਼ ਦ੍ਰਿਸ਼ਟੀਕੋਣ ਅਤੇ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਰਚਨਾਵਾਂ ਚੁਣੀਆਂ ਹਨ। ਇਸ ਤੋਂ ਵੀ ਅੱਗੇ ਚੁਣੀਆਂ ਹੋਈਆ ਰਚਨਾਵਾਂ ਨੂੰ ਕਲਾਤਮਕ ਰੂਪ ਦੇ ਪੱਖੋਂ ਰਾਗਾਂ ਅਤੇ ਕਾਵਿ-ਰੂਪਾਂ ਅਨੁਸਾਰ ਤਰਤੀਬ ਦਿੱਤੀ ਹੈ । ‘ਮਹਲਾ’  ਦੀ ਵਰਤੋਂ ਕਰ ਕੇ ਬਾਣੀਕਾਰਾਂ ਦੇ ਕਰਤਿਤ੍ਵ ਨੂੰ ਨਿਖੇੜਿਆ ਗਿਆ ਹੈ । ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੂੰ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਰਚਨਾਵਾਂ ਦੀ ਚੋਣ ਕਰਨ, ਰੂਪ ਪੱਖੋਂ ਨਿਖੇੜ ਥਾਪਣ, ਸ਼ਬਦ ਜੋੜਾਂ ਅਤੇ ਵਿਆਕਰਣ ਪੱਖੋਂ ਸੁਚੇਤ ਰਹਿਣ ਕਾਰਨ ਪਹਿਲਾ ਆਲੋਚਕ ਮੰਨਿਆ ਜਾ ਸਕਦਾ ਹੈ। ਗੁਰਮਤਿ ਸ਼ਬਦ ਸਭਿਆਚਾਰ ਵਿਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ‘ਆਦਿ ਗ੍ਰੰਥ ' ਦੀ ‘ਕੁੰਜੀ ' ਕਿਹਾ ਜਾਂਦਾ ਹੈ। ਇਹ ਵਾਰਾਂ ਵਿਆਖਿਆਤਮਕ ਆਲੋਚਨਾ ਦਾ ਨਮੂਨਾ ਕਹੀਆਂ ਜਾ ਸਕਦੀਆਂ ਹਨ।

ਕਿੱਸਾ ਕਵੀਆਂ ਵੱਲੋਂ ਆਪਣੇ ਪੂਰਵਵਰਤੀ ਜਾਂ ਸਮਕਾਲੀ ਕਿੱਸਾਕਾਰਾਂ ਉੱਪਰ ਕੀਤੀਆਂ ਪ੍ਰਸੰਸਾਮਈ ਕਾਵਿ-ਟਿਪਣੀਆਂ ਵਿਚੋਂ ਵੀ ਆਲੋਚਨਾ ਦੇ ਬੀਜ ਲਭਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਟਿਪਣੀਆਂ ਵਿਅਕਤੀਵਾਦੀ ਅੰਤਰਮੁਖੀ ਅਨੁਭਵ ਆਧਾਰਿਤ ਪ੍ਰਸੰਸਾਮਈ ਪ੍ਰਭਾਵ ਵਾਲੀਆਂ ਹਨ ਜਿਨ੍ਹਾਂ ਪਿੱਛੇ ਕੋਈ ਸਿਧਾਂਤਕ ਪੱਧਰ ਦੀ ਵਿਚਾਰਧਾਰਕ ਜਾਂ ਰੂਪ ਚੇਤਨਾ ਵਿਦਮਾਨ ਨਹੀਂ ਹੈ । ਉਦਾਹਰਣ ਵੱਜੋਂ ਹਾਫ਼ਜ਼ ਬਰਖ਼ੁਰਦਾਰ, ਪੀਲੂ ਬਾਰੇ ਲਿਖਦਾ ਹੈ :–

          ਪੀਲੂ ਨਾਲ ਬਰਾਬਰੀ ਸ਼ਾਇਰ ਭੁਲ ਕਰੇਨਿ ।

          ਉਹਨੂੰ ਪੰਜਾਂ ਪੀਰਾਂ ਦੀ ਥਾਪਨਾ, ਕੰਧੀ ਦਸਤ ਧਰੇਨਿ ।

ਮੱਧਕਾਲੀ ਵਾਰਤਕ ਰਚਨਾਵਾਂ ਵਿਚੋਂ ਗੋਸ਼ਟਾਂ ਅਤੇ ਟੀਕਿਆਂ ਨੂੰ ਆਰੰਭਕ ਵਾਰਤਕਮਈ ਆਲੋਚਨਾ ਦੇ ਨਮੂਨਿਆਂ ਵੱਜੋਂ ਪਛਾਣਿਆ ਜਾ ਸਕਦਾ ਹੈ ਕਿਉਂਕਿ ਗੋਸ਼ਟਾਂ ਵਿਚ ਵਿਰੋਧੀ ਮੱਤ ਟਕਰਾਉਂਦੇ ਹਨ ਅਤੇ ਟੀਕਿਆਂ ਵਿਚ ਸਾਹਿਤਕ ਰਚਨਾ ਦੀ ਸ਼ਾਬਦਿਕ ਅਰਥਾਂ ਸਮੇਤ ਵਿਆਖਿਆ ਕੀਤੀ ਮਿਲਦੀ ਹੈ ।

ਇਸ ਲਈ ਇਕ ਪਾਸੇ ਤਾਂ ਉਹ ਵਿਦਵਾਨ ਹਨ ਜੋ ਮੱਧਕਾਲ ਵਿਚੋਂ ਪੰਜਾਬੀ ਆਲੋਚਨਾ ਦੇ ਬੀਜ ਲੱਭਦੇ ਹਨ ਅਤੇ ਆਪਣੇ ਸਾਹਿਤਕ ਵਿਰਸੇ ਪ੍ਰਤੀ ਭਾਵੁਕ ਹੋ ਕੇ ਉਲਾਰ ਨਿਰਨਾ ਦਿੰਦੇ ਹਨ ਕਿ ਅਜੋਕੀ ਪੰਜਾਬੀ ਸਾਹਿਤਕ ਆਲੋਚਨਾ ਦਾ ਆਰੰਭ ਗੁਰੂ ਸਾਹਿਬਾਨ ਤੋਂ ਹੋਇਆ । ਦੂਜੇ ਪਾਸੇ ਡਾ. ਰਵਿੰਦਰ ਸਿੰਘ ਰਵੀ, ਡਾ. ਹਰਭਜਨ ਸਿੰਘ ਭਾਟੀਆ ਅਤੇ ਸੁਰਜੀਤ ਸਿੰਘ ਭੱਟੀ ਵਰਗੇ ਵਿਦਵਾਨ ਹਨ ਜੋ ਪੰਜਾਬੀ ਆਲੋਚਨਾ ਨੂੰ ਅੰਗਰੇਜ਼ਾਂ ਦੇ ਪੰਜਾਬ ਉੱਪਰ ਕਬਜ਼ੇ ਦੇ ਬਾਅਦ ਨਵੀਂ ਵਿਕਸਿਤ ਹੋਈ ਸਿੱਖਿਆ ਪ੍ਰਣਾਲੀ ਅਧੀਨ ਅੰਗਰੇਜ਼ੀ ਸਾਹਿਤ ਆਲੋਚਨਾ ਦੇ ਪੜ੍ਹਨ-ਪੜ੍ਹਾਉਣ ਦਾ ਪ੍ਰਭਾਵ ਮੰਨਦੇ ਹਨ। ਇਸ ਪ੍ਰਕਾਰ ਦੀ ਸੋਚ ਹਰ ਆਧੁਨਿਕ ਪ੍ਰਾਪਤੀ ਨੂੰ ਅੰਗਰੇਜ਼ਾਂ ਦੀ ਆਮਦ ਨਾਲ ਜੋੜਨ ਦੀ ਭੁੱਲ ਕਰਦਿਆਂ ਆਪਣੇ ਸਾਹਿਤਕ ਵਿਰਸੇ ਤੇ ਤਰਕਹੀਣ ਲਕੀਰ ਮਾਰ ਦਿੰਦੀ ਹੈ । ਕਿਹਾ ਜਾ ਸਕਦਾ ਹੈ ਕਿ ਪੰਜਾਬੀ ਆਲੋਚਨਾ, ਪੰਜਾਬੀ ਸਾਹਿਤ ਦੇ ਨਾਲ ਹੀ ਪੈਦਾ ਹੋ ਗਈ ਹੋਵੇਗੀ । ਇਸ ਦੇ ਝਲਕਾਰੇ ਮੱਧਕਾਲੀ ਸਾਹਿਤ ਰਚਨਾਵਾਂ ਵਿਚ ਮਿਲਦੇ ਹਨ ਪਰ ਸਾਹਿਤ ਆਲੋਚਨਾ ਦਾ ਇਕ ਸੁਤੰਤਰ ਅਨੁਸ਼ਾਸਨ ਵੱਜੋਂ ਵਿਕਾਸ ਵੀਹਵੀਂ ਸਦੀ ਦੇ ਆਰੰਭ ਨਾਲ ਹੀ ਸ਼ੁਰੂ ਹੁੰਦਾ ਹੈ ।

ਵੀਹਵੀਂ ਸਦੀ ਦੀ ਪਹਿਲੀ ਚੌਥਾਈ ਤਕ ਸਾਹਿਤ ਇਤਿਹਾਸ, ਸਾਹਿਤ ਸਿਧਾਂਤ ਅਤੇ ਸਾਹਿਤ ਆਲੋਚਨਾ ਵਿਚਕਾਰ ਕੋਈ ਸਪਸ਼ਟ ਨਿਖੇੜਾ ਨਹੀਂ ਹੈ । ਸੰਤ ਸਿੰਘ ਸੇਖੋਂ ਅਨੁਸਾਰ ‘ਬਾਵਾ ਬੁੱਧ ਸਿੰਘ ਹੀ ਵਾਸਤਵ ਵਿਚ ਪੰਜਾਬੀ ਸਮੀਖਿਆ ਦਾ ਪ੍ਰਥਮ ਸਮੀਖਿਆਕਾਰ ਹੈ ।” ਬਾਵਾ ਬੁੱਧ ਸਿੰਘ ਨੇ ‘ਹੰਸ ਚੋਗ' (1913), ‘ਕੋਇਲ ਕੂ' (1915) ਅਤੇ ‘ਬੰਬੀਹਾ ਬੋਲ' (1925) ਪੁਸਤਕਾਂ ਲਿਖ ਕੇ ਆਧੁਨਿਕ ਪੰਜਾਬੀ ਆਲੋਚਨਾ ਦੀ ਸ਼ੁਰੂਆਤ ਕੀਤੀ ਜਿਸ ਵਿਚ ਸਾਹਿਤਕ ਸਿਧਾਂਤ ਅਤੇ ਸਾਹਿਤ ਇਤਿਹਾਸ ਵੀ ਰਲਿਆ ਮਿਲਿਆ ਹੈ । ਬਾਬਾ ਜੀ ਦਾ ਉਦੇਸ਼ ਪੰਜਾਬੀ ਸਾਹਿਤ ਦਾ ਗੌਰਵ ਸਥਾਪਤ ਕਰਨਾ ਸੀ । ਉਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਕਵੀਆਂ ਨੂੰ ਕਾਲਕ੍ਰਮ ਵਿਚ ਪੇਸ਼ ਕਰਦਿਆਂ ਸੁਤੇ ਸਿਧ ਹੀ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵੀ ਸ਼ੁਰੂ ਕਰ ਦਿੱਤੀ ਸੀ । ਇਸ ਦੇ ਨਾਲ ਹੀ ਉਹ ਸਾਹਿਤ-ਸਿਧਾਂਤ ਪੱਖੋਂ ਕਵਿਤਾ ਦੀ  ਪਰਿਭਾਸ਼ਾ, ਇਸ ਦਾ ਦੂਸਰੀਆਂ ਕਲਾਵਾਂ ਨਾਲ ਸਬੰਧ, ਅਲੰਕਾਰਾਂ ਅਤੇ ਰਸ ਆਦਿ ਬਾਰੇ ਸਾਹਿਤ ਚਿੰਤਨ ਕਰਦਾ ਸੀ । ਇਸ ਪ੍ਰਕਾਰ ਬਾਬਾ ਬੁੱਧ ਸਿੰਘ ਕਵੀਆਂ ਦਾ ਜੀਵਨ ਨਿਰਧਾਰਤ ਕਰਨ ਸਮੇਂ ਕਈ ਥਾਵਾਂ ਤੇ ਸਾਹਿਤਕ ਖੋਜ ਦੇ ਮੁੱਢਲੇ ਪੂਰਨੇ ਪਾਉਂਦਾ ਹੈ । ਕੁਲ ਮਿਲਾ ਕੇ ਬਾਵਾ ਬੁੱਧ ਸਿੰਘ ਦੀ ਆਲੋਚਨਾ, ਇਤਿਹਾਸ, ਸਿਧਾਂਤ ਅਤੇ ਖੋਜ ਦੇ ਅੰਸ਼ ਸਮਾਈ ਬੈਠੀ ਹੈ। ਇਹ  ਆਲੋਚਨਾ, ਵਿਚਾਰਧਾਰਾ ਪੱਖੋਂ ਆਦਰਸ਼ਵਾਦੀ ਅਤੇ ਸੁਭਾਅ ਪੱਖੋਂ ਪ੍ਰਸੰਸਾਮਈ-ਪ੍ਰਭਾਵਵਾਦੀ ਸੀ ਜਿਸ ਦਾ ਅੱਜ ਇਤਿਹਾਸਕ ਮੁੱਲ ਹੈ ।

ਮੌਲਾ ਬਖ਼ਸ਼ ਕੁਸ਼ਤਾ ਨੇ ਚਸ਼ਮਾ-ਏ-ਹਯਾਤ (1913) ਪੰਜਾਬ ਦੇ ਹੀਰੇ (1932) ਅਤੇ ਪੰਜਾਬੀ ਸ਼ਾਇਰਾਂ ਦਾ ਤਜ਼ਕਰਾ (1960) ਪੁਸਤਕਾਂ ਲਿਖੀਆਂ। ਤੀਸਰੀ ਪੁਸਤਕ ਪਹਿਲੀਆਂ ਦੋਹਾਂ ਦਾ ਹੀ ਸੋਧਿਆ ਅਤੇ ਵਧਾਇਆ ਰੂਪ ਹੈ ਜੋ ਫ਼ਾਰਸੀ ਲਿਪੀ ਵਿਚ ਮੁਹੰਮਦ ਅਸਲਮ ਖਾਂ ਨੇ ਸੰਪਾਦਿਤ ਕੀਤੀ ਹੈ । ਕੁਸ਼ਤਾ ਜੀ ਦਾ ਮੁੱਖ ਜ਼ੋਰ ਪੰਜਾਬੀ ਕਵੀਆਂ ਦਾ ਜੀਵਨ ਦੱਸ ਕੇ ਉਨ੍ਹਾਂ ਦੀ ਸ਼ਾਇਰੀ ਦੀ ਪ੍ਰਸੰਸਾ ਕਰਨ ਤੇ ਸੀ । ‘ਪੰਜਾਬ ਦੇ ਹੀਰੇ' ਦੀ ਭੂਮਿਕਾ ਵਿਚ ਕੁਸ਼ਤਾ ਜੀ ਸਾਹਿਤ ਰੂਪਾਂ ਬਾਰੇ ਸਾਧਾਰਣ ਜਾਣਕਾਰੀ ਵੀ ਦਰਜ ਕਰਦੇ ਹਨ । ਬਾਵਾ ਬੁੱਧ ਸਿੰਘ ਅਤੇ ਕੁਸ਼ਤਾ ਜੀ ਲੇਖਾਂ ਬਾਰੇ ਜਾਣਕਾਰੀ ਦੇ ਕੇ, ਰਚਨਾ ਦੇ ਸਰਲ ਅਰਥ ਕਰਦਿਆਂ ਸਾਧਾਰਣ ਵਿਆਖਿਆ ਕਰਦੇ ਸਨ। ਅਜਿਹਾ ਕਰਦਿਆਂ ਉਹ ਰਚਨਾ ਦੇ ਸੁਹਜਾਤਮਕ ਅਤੇ ਸਮਾਜਿਕ ਗੱਲਾਂ ਨੂੰ ਆਧਾਰ ਬਣਾ ਕੇ ਪ੍ਰਭਾਵਵਾਦੀ ਢੰਗ ਨਾਲ ਪ੍ਰਸੰਸਾ ਕਰਦੇ ਹਨ । ਇਨ੍ਹਾਂ ਆਰੰਭਿਕ ਆਲੋਚਕਾਂ ਨੇ ਪੰਜਾਬੀ ਸਾਹਿਤਕ ਵਿਰਸੇ ਦੇ ਗੌਰਵ ਨੂੰ ਸਥਾਪਤ ਕੀਤਾ । ਦੇਸ਼ ਦੀ ਗੁਲਾਮੀ ਸਮੇਂ ਦੇਸ਼ ਦੇ ਸਾਹਿਤਕ ਗੌਰਵ ਨੂੰ ਸਥਾਪਤ ਕਰਨਾ ਆਪਣੇ ਆਪ ਵਿਚ ਮੁੱਲਵਾਨ ਕਾਰਜ ਸੀ ਜੋ ਇਨ੍ਹਾਂ ਨੇ ਅਚੇਤ ਜਾਂ ਸੁਚੇਤ ਰੂਪ ਵਿਚ ਸਿਰੇ ਚਾੜ੍ਹਿਆ। ਡਾ. ਮੋਹਨ ਸਿੰਘ ਦੀਵਾਨਾ ਨੇ ਪੰਜਾਬੀ ਵਿਚ ਉਪਾਧੀ ਮੁੂਲਕ ਅਕਾਦਮਿਕ ਖੋਜ ਸ਼ੁਰੂ ਕੀਤੀ । ਉਸ ਨੇ ‘A History of Punjabi Literature ( 1100–1931)' ਲਿਖ ਕੇ ਡੀ. ਲਿਟ. ਦੀ ਡਿਗਰੀ ਪ੍ਰਾਪਤ ਕੀਤੀ ਸੀ । ਉਨ੍ਹਾਂ ਨੇ ‘ਪੰਜਾਬੀ ਭਾਸ਼ਾ ਅਤੇ ਛੰਦਾਬੰਦੀ' ( 1937), ‘ਪੰਜਾਬੀ ਅਦਬ ਦੀ ਮੁਖ਼ਤਸਰ ਤਵਾਰੀਖ ' (1948) ਅਤੇ ‘ਜਤਿੰਦਰ ਸਾਹਿਤ ਸਰੋਵਰ ' (1950) ਪੁਸਤਕਾਂ ਛਪਵਾਈਆਂ। ਸਾਹਿਤਕਾਰ ਦਾ ਜੀਵਨ, ਪਾਠ ਦਾ ਪ੍ਰਮਾਣਿਕ ਨਿਰਧਾਰਨ, ਸਾਹਿਤਕ ਗੁਣਾਂ ਅਤੇ ਸਮਾਜਿਕ ਮੁੱਲਾਂ ਦੀ ਪ੍ਰਸੰਸਾ, ਲੇਖਕ ਦੀ ਆਲੋਚਨਾ ਦੇ ਪ੍ਰਮੁੱਖ ਗੁਣ ਹਨ। ਉਦਹਾਰਣ ਵੱਜੋਂ ਉਹ ਫ਼ਰੀਦ ਬਾਣੀ ਬਾਰੇ ਲਿਖਦਾ ਹੈ ਕਿ ‘ਕਾਵਿ ਗੁਣਾਂ ਦੇ ਲਿਹਾਜ਼ ਨਾਲ ਅਰਥਾਤ ਰਸ, ਧ੍ਵਨੀ ਅਲੰਕਾਰ ਦੇ ਖਿਆਲ ਨਾਲ ਬਾਬਾ ਜੀ ਦੀ ਬਾਣੀ ਪੂਰਣ ਹੈ । ਇਸ ਪ੍ਰਕਾਰ ਉਹ ਨਿਰਣਾ ਦਿੰਦਾ ਹੈ ਕਿ “ਸ਼ਾਹ ਹੁਸੈਨ, ਵਜੀਦ, ਬਾਹੂ, ਸ਼ਰਫ, ਬਰਖ਼ੁਰਦਾਰ ਆਦਿ ਦਾ ਕਹਿਣਾ ਕਿ ਸਾਡੀ ‘ਮੰਜ਼ਿਲ ਈਮਾਨ ਕੁਫ਼ਰ ਤੇ ਪਰੇ' ਹੈ, ਉਨ੍ਹਾਂ ਦਾ ਰਾਮ ਤੇ ਸ਼ਾਮ ਦਾ ਨਾਂ ਲੈਣਾ, ਉਨ੍ਹਾਂ ਦਾ ਕਾਜ਼ੀ, ਮੁੱਲਾ, ਮੂਫਤੀ ਪਾਤਸ਼ਾਹ ਨੂੰ ਸੰਬੋਧਨ ਕਰ ਕੇ ਦਇਆ ਤੇ ਸਦਾਚਾਰ ਤੇ ਨਿਆਂ ਲਈ ਵੰਗਾਰਨਾ, ਉਨ੍ਹਾਂ ਦਾ ਸੰਤਮਤਿ ਦੀ ਦ੍ਰਿਸ਼ਟੀ ਦਾ ਜ਼ਿਕਰ ਕਰਨਾ ਦਸਦਾ ਹੈ ਕਿ ਇਹ ਬੜੇ ਮਾਅਰਕੇ ਦਾ ਕੰਮ ਹਿੰਮਤ ਨਾਲ ਕਰ ਰਹੇ ਸਨ, ਉਸ ਵੇਲੇ ਜਦ ਕਿ ਸਿਆਸਤ ਤੇ ਮਜ਼੍ਹਬ, ਰਾਜਨੀਤੀ ਤੇ ਧਰਮ ਦੋਵੇਂ ਗੋਂਦ ਗੁੰਦ ਕੇ ਮਨੁੱਖਤਾ ਦੀਆਂ ਜੜ੍ਹਾਂ ਉੱਤੇ ਰੰਬਾ ਰੱਖ ਰਹੀਆਂ ਹਨ।” ਇਸ ਪ੍ਰਕਾਰ ਡਾ. ਮੋਹਨ ਸਿੰਘ ਦੀਵਾਨਾ ਨੇ ਕਈਆਂ ਦਾ ਜੀਵਨ ਤੇ ਰਚਨਾ ਹੀ ਨਹੀਂ ਦਰਸਾਈ ਸਗੋਂ ‘ਸਾਹਿਤਕ ਗੁਣਾਂ' ਅਤੇ ‘ਸਮਾਜਿਕ ਮੁੱਲਾਂ' ਨੂੰ ਵੀ ਸਾਹਿਤਕ ਕਿਰਤ ਵਿਚੋਂ ਖੋਜਿਆ । ਉਹ ਸਾਹਿਤਕ ਗੁਣਾਂ ਲਈ ਭਾਰਤੀ ਕਾਵਿ ਸ਼ਾਸਤਰ ਅਤੇ ਸਮਾਜਿਕ ਮੁੱਲਾਂ ਲਈ ਪ੍ਰਚਲਿਤ ਆਦਰਸ਼ਵਾਦੀ -ਅਧਿਆਤਮਵਾਦੀ ਨੈਤਿਕਤਾ ਨੂੰ ਆਧਾਰ ਬਣਾਉਂਦਾ ਹੈ ।

ਸਾਹਿਤ ਦੇ ਇਤਿਹਾਸ ਲੇਖਣ ਵਿਚ ਡਾ. ਮੋਹਨ ਸਿੰਘ ਦੀਵਾਨਾ ਤੋਂ ਬਾਅਦ ਡਾ. ਗੋਪਾਲ ਦਰਦੀ, ਸੁਰਿੰਦਰ ਸਿੰਘ ਕੋਹਲੀ, ਸੁਰਿੰਦਰ ਸਿੰਘ ਨਰੂਲਾ ਤੋਂ ਲੈ ਕੇ ਕਿਰਪਾਲ ਸਿੰਘ ਕਸੇਲ, ਪਰਮਿੰਦਰ ਸਿੰਘ ਅਤੇ ਗੋਬਿੰਦ ਸਿੰਘ ਲਾਂਬਾ ਤਕ ਨੇ ਹੱਥ ਅਜ਼ਮਾਇਆ। ਵਿਅਕਤੀਗਤ ਲੇਖਕਾਂ ਤੋਂ ਇਲਾਵਾ ਯੂਨੀਵਰਸਿਟੀ ਅਤੇ ਭਾਸ਼ਾ ਵਿਭਾਗ ਵਰਗੇ ਅਦਾਰਿਆਂ ਨੇ ਵੀ ਸਾਹਿਤ ਦੇ ਇਤਿਹਾਸ ਲਿਖਵਾਏ । ਸਾਹਿਤ ਇਤਿਹਾਸ ਲਿਖਣ ਤੋਂ ਪਹਿਲਾਂ ਸਾਹਿਤਕਾਰਾਂ ਬਾਰੇ ਲਿਖਣ ਵਾਲਿਆਂ ਦਾ ਜ਼ੋਰ ਲੇਖਕ ਦੇ ਜੀਵਨ ਅਤੇ ਰਚਨਾ ਤੇ ਰਹਿੰਦਾ ਸੀ ਪਰ ਇਤਿਹਾਸ ਲਿਖਣ ਆਰੰਭ ਹੋਣ ਨਾਲ ਕਾਲਕ੍ਰਮ ਵਿਚ ਸਾਹਿਤਕਾਰਾਂ ਨੂੰ ਸਮਝਦਿਆਂ ਸਾਹਿਤਕ ਚੇਤਨਾ ਦਾ ਨਿਰੰਤਰ ਪੜਾਅਵਾਰ ਵਿਕਾਸ ਸਾਹਮਣੇ ਆਉਂਦਾ ਹੈ । ਇਤਿਹਾਸ ਲਿਖਣ ਦੇ ਨਾਲ ਹੀ ਸਾਹਿਤਕ ਰੂਪ ਦੀ ਚੇਤਨਾ, ਲੇਖਕਾਂ ਦੇ ਪਰਸਪਰ ਪ੍ਰਭਾਵਾਂ ਦੀ ਸੋਝੀ ਆਉਂਦੀ ਹੈ ਜਿਸ ਨਾਲ ਵਿਸ਼ੇਸ਼ ਲੇਖਕ ਦਾ ਪਰੰਪਰਾ ਵਿਚ ਯੋਗਦਾਨ ਅਤੇ ਸਥਾਨ ਨਿਸ਼ਚਿਤ ਹੋਣਾ ਸ਼ੁਰੂ ਹੁੰਦਾ ਹੈ । ਇਸ ਪ੍ਰਕਾਰ ਇਤਿਹਾਸ ਲੇਖਣ ਢੰਗ ਨਾਲ ਸਾਹਿਤ ਆਲੋਚਨਾ ਨੂੰ ਵਿਕਸਿਤ ਕਰਨ ਵਿਚ ਯੋਗਦਾਨ ਪਾਉਂਦਾ ਹੈ ।

ਪੰਜਾਬੀ ਆਲੋਚਨਾ ਦੇ ਆਰੰਭਕ ਦੌਰ ਦਾ ਪ੍ਰੋ. ਪੂਰਨ ਸਿੰਘ ਵਿਲੱਖਣ ਆਲੋਚਕ ਹੈ ਜੋ ਲੇਖਕ ਦੇ ਜੀਵਨ, ਰਚਨਾ ਅਤੇ ਪਾਠ ਦੇ ਪ੍ਰਮਾਣੀਕਰਨ ਦੀ ਥਾਂਵੇਂ ਪੂਰਬੀ ਸਾਹਿਤ (ਪੰਜਾਬੀ ਸਾਹਿਤ) ਦੀ ਗੌਰਵਤਾ ਨੂੰ ਸਥਾਪਤ ਕਰਨ ਵੱਲ ਅਹੁਲਦਾ ਹੈ , ਉਹ ਆਪਣੀ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪੁਸਤਕ The Spirit of Oriental Poetry  ਅਤੇ ਆਪਣੇ ‘ਪੰਜਾਬੀ ਸਾਹਿਤ ਪਰ ਕਟਾਖਯ' ‘ਕਵੀ ਦਾ ਦਿਲ' ਵਰਗੇ ਪੰਜਾਬੀ ਲੇਖਾਂ ਨਾਲ ਪੰਜਾਬੀ ਸਾਹਿਤ ਨੂੰ ਪੱਛਮੀ ਸਾਹਿਤ ਦੇ ਮੁਕਾਬਲੇ ਤੇ ਖੜ੍ਹਾ ਹੀ ਨਹੀਂ ਕਰਦਾ ਸਗੋਂ ਉੱਤਮ ਵੀ ਸਿੱਧ ਕਰਦਾ ਹੈ । ਉਸ ਨੇ ਲਿਖਿਆ ਹੈ ਕਿ ‘‘ਸ਼ੈਕਸਪੀਅਰ ਜੋ ਵੀ ਗਿਆਨ ਸਾਡੇ ਉੱਪਰ ਡੋਲ੍ਹਦਾ ਹੈ ਉਸ ਨਾਲ ਸਾਡੇ ਅਗਿਆਨ ਵਿਚ ਵੀ ਵਾਧਾ ਹੁੰਦਾ ਹੈ ।” ਇਸ ਦੇ ਉਲਟ ਉਹ ਪੂਰਬੀ ਸਾਹਿਤ ਬਾਰੇ ਲਿਖਦਾ ਹੈ “ਪੂਰਬ ਵਿਚ ਇਕ ਇਕ ਬਚਨ ਦਾ ਮੁੱਲ ਇਕ ਇਕ ਜੀਵਨ ਹੈ । …. ਪੂਰਬ ਦਾ ਸਾਹਿਤ ਪੜ੍ਹਨਾ ਮਖੌਲ ਨਹੀਂ ਹੈ ।” ਪ੍ਰੋ. ਪੂਰਨ ਸਿੰਘ ਦਾ ਕਾਵਿ ਸਿਧਾਂਤ ਅਸਪਸ਼ਟ, ਭਾਵੁਕਤਾ ਭਰਿਆ ਅਤੇ ਰਹੱਸਮਈ ਅੰਸ਼ਾਂ ਨਾਲ ਲਬਰੇਜ਼ ਹੈ ਕਿਉਂਕਿ ਉਸ ਅਨੁਸਾਰ ਉੱਤਮ ਕਾਵਿ ਪੈਗ਼ੰਬਰੀ ਅਨੁਭਵ ਤੇ ਆਧਾਰਿਤ ਹੁੰਦਾ ਹੈ । ਇਸ ਲਈ ਉਸ ਦੀ ਸਮਝ ਅਨੁਸਾਰ ਉੱਤਮ ਕਵਿਤਾ ਦਾ ਦਾਇਰਾ ਧਰਮ ਗ੍ਰੰਥਾਂ ਤਕ ਸੀਮਿਤ ਹੈ । ਉਸ ਦਾ ਕਾਵਿ ਚਿੰਤਨ ਅਧਿਆਤਮਵਾਦੀ ਆਧਾਰ ਉੱਪਰ ਉਸ ਦੇ ਰਹੱਸਵਾਦੀ ਵਿਸ਼ਵਾਸ਼ਾਂ ਤੇ ਖੜ੍ਹਾ ਹੈ ਪਰ ਇਸ ਦੇ ਬਾਵਜੂਦ ਉਸ ਨੇ ਆਪਣੀ ਸਿਰਜਣਾਤਮਕ ਕਾਵਿ ਪ੍ਰਤਿਭਾ ਅਤੇ ਪੱਛਮੀ ਕਾਵਿ ਦੇ ਅਧਿਐਨ ਦੋਹਾਂ ਦੇ ਸੁਮੇਲ ਨਾਲ ਆਪਣੀ ਵਿਲੱਖਣ ਸਿਰਜਣਾਤਮਕ ਆਲੋਚਨਾ ਸਿਰਜੀ ਜਿਸ ਦਾ ਤੱਤ ਪੱਛਮੀ ਸਾਹਿਤ ਦੇ ਮੁਕਾਬਲੇ ਪੂਰਬੀ ਅਤੇ ਖਾਸ ਕਰ ਕੇ ਪੰਜਾਬੀ ਸਾਹਿਤ ਦਾ ਗੌਰਵ ਸਥਾਪਤ ਕਰਨਾ ਹੈ । ਪ੍ਰੋ. ਪੂਰਨ ਸਿੰਘ ਦੀ ਆਲੋਚਨਾ ਪ੍ਰਸੰਸਾਮਈ ਹੋਣ ਦੇ ਬਾਵਜੂਦ ਤੁਲਨਾਤਮਕ ਬਿਰਤੀ ਦੀ ਧਾਰਨੀ ਹੈ ।

ਭਾਈ ਵੀਰ ਸਿੰਘ ਸਿਰਜਣਾਤਮਕ ਲੇਖਕ ਹੋਣ ਦੇ ਨਾਲ ਨਾਲ ਆਲੋਚਨਾਤਮਕ ਬਿਰਤੀ ਵੀ ਰੱਖਦੇ ਸਨ । ਪੁਰਾਤਨ ਜਨਮ ਸਾਖੀ ਦੀ ਸੰਪਾਦਨਾ ਉਨ੍ਹਾਂ ਦੀ ਸਾਹਿਤਕ ਖੋਜ ਦਾ ਉੱਤਮ ਨਮੂਨਾ ਹੈ ।

ਪੰਜਾਬੀ ਆਲੋਚਨਾ ਵਿਚ ਪ੍ਰਿੰਸੀਪਲ ਤੇਜਾ ਸਿੰਘ ਦਾ ਯੋਗਦਾਨ ਅਹਿਮ ਹੈ । ਉਸ ਨੇ ‘ਸਾਹਿਤ ਦਰਸ਼ਨ' (1951) ਅਤੇ ‘ਪੰਜਾਬੀ ਕਿਵੇਂ ਲਿਖੀਏ ' (1957) ਪੁਸਤਕਾਂ ਤੋਂ ਇਲਾਵਾ ਸਮਕਾਲੀ ਸਾਹਿਤਕਾਰਾਂ ਦੀ ਪੁਸਤਕਾਂ ਦੇ ਮੁਖਬੰਧ ਲਿਖੇ  ਅਤੇ ਰੀਵਿਊ ਕੀਤੇ । ਉਸ ਦਾ ਮੁੱਖ ਜ਼ੋਰ ਉਭਰ ਰਹੇ ਸਮਕਾਲੀ ਪੰਜਾਬੀ ਸਾਹਿਤਕਾਰਾਂ ਦੀ ਪ੍ਰਸੰਸਾਮਈ ਸੁਰ ਵਿਚ ਹੌਸਲਾ ਅਫਜ਼ਾਈ ਕਰ ਕੇ ਨਵੇਂ ਲੇਖਕਾਂ ਨੂੰ ਪੰਜਾਬੀ ‘ਸਾਹਿਤ ਲਿਖਣ' ਲਈ ਪ੍ਰੇਰਨਾ ਦੇਣਾ ਸੀ । ਇਸੇ ਲਈ ਉਹ ਆਪਣੇ ਆਪ ਨੂੰ ਪੰਜਾਬੀ ਸਾਹਿਤ ਦਾ ‘ਚਾਖਾ' ਦਸਦਾ ਹੈ । ਸਾਹਿਤ ਦਰਸ਼ਨ ਪੁਸਤਕ ਪੰਜਾਬੀ ਸਾਹਿਤ ਬਾਰੇ ਇਤਿਹਾਸਕ ਕਾਲਕ੍ਰਮ ਅਨੁਸਾਰ ਲਿਖੇ ਲੇਖ ਹਨ। ‘ਪੰਜਾਬੀ ਕਿਵੇਂ ਲਿਖੀਏ' ਵਿਚ ਸਾਹਿਤ ਦੇ ਗੰਭੀਰ ਪ੍ਰਸ਼ਨਾਂ ਨੂੰ ਉਠਾਇਆ ਗਿਆ ਹੈ । ਉਦਾਹਰਣ ਵੱਜੋਂ ਵਾਰਤਕ ਅਤੇ ਕਵਿਤਾ ਦਾ ਨਿਖੇੜਾ ਕਰਦਿਆਂ ਉਸ ਨੇ ਲਿਖਿਆ ਹੈ ਕਿ ‘ਵਾਰਤਕ ਠੀਕ ਠੀਕ ਸੋਚ ਕੇ ਲਿਖੀ ਹੋਈ ਰਚਨਾ ਹੈ ਜਿਸ ਵਿਚ ਖਿਆਲ ਦੀ ਪ੍ਰਧਾਨਤਾ ਹੁੰਦੀ ਹੈ ਜਿਵੇਂ ਕਵਿਤਾ ਵਿਚ ਵਲਵਲਾ । ਨਿਸ਼ਚੇ ਹੀ ਅਜਿਹੇ ਪ੍ਰੌੜ ਵਿਚਾਰ ਪੱਛਮੀ ਅੰਗਰੇਜ਼ੀ ਆਲੋਚਨਾ ਦੇ ਅਧਿਐਨ ਦਾ ਪ੍ਰਤੀਫਲ ਸਨ। ਉਸ  ਨੇ ਆਪਣੀ ਆਲੋਚਨਾ ਵਿਚ ਸਾਹਿਤ ਚਿੰਤਨ ਦੇ ਸਿਧਾਂਤਕ ਮਸਲੇ ਵੀ ਉਠਾਏ । ਛੰਦ, ਅਲੰਕਾਰ, ਰਸ ਆਦਿ ਤੇ ਵਿਚਾਰ ਕਰ ਕੇ ਕਲਾਤਮਕ ਮੁੱਲ ਵੀ ਪਰਖਿਆ ਹੈ । ‘ਪੰਜਾਬੀ ਕਿਵੇਂ ਵਧੇ ' ਵਰਗੇ ਲੇਖਾਂ ਵਿਚ ਸਮੁੱਚੇ ਪੰਜਾਬੀ ਸਾਹਿਤ ਲਈ ਸੇਧ ਦਿੰਦੇ ਗੰਭੀਰ ਵਿਚਾਰ ਪੇਸ਼ ਕੀਤੇ ਗਏ ਹਨ ।

ਗੋਪਾਲ ਸਿੰਘ ਦਰਦੀ ਨੇ ਪੰਜਾਬੀ ਸਾਹਿਤ ਦਾ ਇਤਿਹਾਸ (1952) ਲਿਖਣ ਤੋਂ ਇਲਾਵਾ ‘ਰੋਮਾਂਚਿਕ ਪੰਜਾਬੀ ਕਵੀ' (1950) ਅਤੇ ‘ਸਾਹਿਤ ਦੀ ਪਰਖ’ (1953) ਵਰਗੀਆਂ ਸਾਹਿਤ ਆਲੋਚਨਾ ਅਤੇ ਸਾਹਿਤ ਸਿਧਾਂਤ ਦੀਆਂ ਪੁਸਤਕਾਂ ਵੀ ਲਿਖੀਆਂ । ਕਾਵਿ ਆਲੋਚਨਾ ਸਮੇਂ ਉਹ ਆਲੋਚਨਾਤਮਕ ਪਾਠ ਸਿਰਜਣ ਦੀ ਥਾਵੇਂ ਕਾਵਿ ਦੇ ਪ੍ਰਤੀਉੱਤਰ ਵੱਜੋਂ ਪ੍ਰਭਾਵਵਾਦੀ ਸ਼ੈਲੀ ਵਿਚ ਨਵਾਂ ਕਲਾਤਮਕ ਪਾਠ ਹੀ ਸਿਰਜ ਦਿੰਦਾ ਹੈ । ‘ਸਾਹਿਤ ਦੀ ਪਰਖ’ ਭਾਵੇਂ ਸਾਹਿਤ ਸਿਧਾਂਤ ਦੇ ਬੁਨਿਆਦੀ ਪ੍ਰਸ਼ਨਾਂ ਨਾਲ ਜੂਝਦੀ ਹੈ ਪਰ ਇਸ ਉੱਪਰ ਅੰਗਰੇਜ਼ੀ ਆਲੋਚਨਾ ਦਾ ਸਿੱਧਾ ਪ੍ਰਭਾਵ ਹੈ ਪਰ ਜਿਸ ਸਮੇਂ ਇਹ ਪੁਸਤਕ ਲਿਖੀ ਗਈ ਉਸ ਸਮੇਂ ਪੰਜਾਬੀ ਆਲੋਚਨਾ ਲਈ ਇਹ ਉਧਾਰਾ ਚਿੰਤਨ ਵੀ ਵਰਦਾਨ ਸੀ ਜਿਸ ਅਧੀਨ ਨਵੇਂ ਉਪਜੇ ਆਧੁਨਿਕ ਸਾਹਿਤ ਰੂਪਾਂ ਨਾਵਲ, ਕਹਾਣੀ, ਨਾਟਕ ਦੇ ਬੁਨਿਆਦੀ ਤੱਤਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ।

ਆਧੁਨਿਕ ਕਾਲ ਵਿਚ ਉਪਜੀ ਪੰਜਾਬੀ ਆਲੋਚਨਾ ਇਕ  ਪਾਸੇ ਤਾਂ ਪੱਛਮ ਦੀ ਅੰਗਰੇਜ਼ੀ ਆਲੋਚਨਾ ਪ੍ਰਣਾਲੀ ਤੋਂ ਪ੍ਰਭਾਵਿਤ ਸੀ, ਦੂਜੇ ਪਾਸੇ ਇਹ ਭਾਰੀ ਪਿੰਗਲ ਅਤੇ ਕਾਵਿ-ਸ਼ਾਸਤਰ ਦਾ ਵੀ ਆਸਰਾ ਤੱਕਦੀ ਸੀ । ਛੰਦਬਧ ਕਵਿਤਾ ਦੇ ਛੰਦ-ਵਿਧਾਨ ਦੀ ਪਰਖ ਲਈ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰੂ ਛੰਦ ਦਿਵਾਕਰ’ ਅਹਿਮ ਪੁਸਤਕ ਹੈ ਜਿਸ ਵਿਚ ਪੁਰਾਤਨ ਭਾਰਤੀ ਪੰਜਾਬੀ ਛੰਦਾਂ ਖਾਸ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਛੰਦਾਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ ਗਈ ਹੈ । ਪੰਜਾਬੀ ਕਵਿਤਾ ਵਿਚੋਂ ਕਿੱਸੇ ਅਤੇ ਆਧੁਨਿਕ ਗ਼ਜ਼ਲ ਅਰਬੀ-ਫ਼ਾਰਸੀ ਬਹਿਰਾਂ ਉਪਰ ਆਧਾਰਿਤ ਹਨ। ਪ੍ਰੋ. ਜੋਗਿੰਦਰ ਸਿੰਘ ਦੀ ਪੁਸਤਕ ‘ਪਿੰਗਲ ਤੇ ਅਰੂਜ਼’ ਇਸ ਮਸਲੇ ਤੇ ਅਹਿਮ ਜਾਣਕਾਰੀ ਦਿੰਦੀ ਹੈ। ਭਾਰਤੀ ਕਾਵਿ-ਸ਼ਾਸਤਰ’ ਬਾਰੇ ਪ੍ਰੋ. ਪ੍ਰੇਮ ਪ੍ਰਕਾਸ਼ ਸਿੰਘ ਦੀ ਪੁਸਤਕ ‘ਭਾਰਤੀ ਕਾਵਿ-ਸ਼ਾਸਤਰ’ ਭਾਰਤੀ ਆਲੋਚਨਾ ਸਕੂਲਾਂ ਬਾਰੇ ਦੱਸਦੀ ਹੈ । ਡਾ. ਰੌਸ਼ਨ ਲਾਲ ਅਹੂਜਾ, ਪ੍ਰੋ. ਗੁਲਵੰਤ ਸਿੰਘ, ਪ੍ਰੋ. ਦੀਵਾਨ ਸਿੰਘ ਆਦਿ ਕੁਝ ਹੋਰ ਆਲੋਚਕ ਹਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਦੇ ਸੰਸਕ੍ਰਿਤ-ਸਾਮੀ ਸਨਾਤਕੀ ਸ੍ਰੋਤਾਂ ਨੂੰ ਸਬੰਧਤ ਸ੍ਰੋਤਾਂ ਦੇ ਸਾਹਿਤ ਚਿੰਤਨ ਦੇ ਪ੍ਰਸੰਗ ਵਿਚ ਪੜਤਾਲਿਆ ਹੈ ।

ਸੰਤ ਸਿੰਘ ਸੇਖੋਂ ਦੇ ਪੰਜਾਬੀ ਆਲੋਚਨਾ ਵਿਚ ਪ੍ਰਵੇਸ਼ ਨਾਲ ਪੰਜਾਬੀ ਆਲੋਚਨਾ ਵਿਚ ਨਵਾਂ ਮੋੜ ਆਉਂਦਾ ਹੈ । ਸੰਤ ਸਿੰਘ ਸੇਖੋਂ ਨੇ ਪਹਿਲੀ ਵਾਰ ਸਿਧਾਂਤਬਧ ਸਮੀਖਿਆ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ । ਪ੍ਰਿੰਸੀਪਲ ਸੰਤ ਸਿੰਘ ਸੇਖੋਂ ਨੇ ਮਾਰਕਸਵਾਦੀ ਦਰਸ਼ਨ ਨੂੰ ਆਧਾਰ ਬਣਾ ਕੇ ਪ੍ਰਗਤੀਵਾਦੀ ਆਲੋਚਨਾ ਸ਼ੁਰੂ ਕੀਤੀ ਜਿਸ ਵਿਚ ਸਾਹਿਤ ਦੇ ਸਭਿਆਚਾਰਕ, ਸਮਾਜਿਕ, ਇਤਿਹਾਸਕ ਅਤੇ ਆਰਿਥਕ ਪੱਖਾਂ ਨੂੰ ਸਮਝਣ ਲਈ ਇਤਿਹਾਸਕ ਪਦਾਰਥਵਾਦ ਅਤੇ ਦ੍ਵੰਦਾਤਮਕ ਪਦਾਰਥਵਾਦ ਨੂੰ ਦਾਰਸ਼ਨਿਕ ਵਿਧੀ ਵੱਜੋਂ ਵਰਤਿਆ । ਇਸ ਪ੍ਰਗਤੀਵਾਦੀ ਆਲੋਚਨਾ ਅਨੁਸਾਰ ਸਾਹਿਤ, ਸਮਾਜਕ ਕੀਮਤਾਂ, ਦਰਸ਼ਨ, ਰਾਜਨੀਤੀ ਵਿਸ਼ਵਾਸ਼, ਕਾਨੂੰਨ ਅਤੇ ਵਿਚਾਰਧਾਰਾ ਆਦਿ ਵਾਂਗ ਉਸਾਰ ਦਾ ਅੰਗ ਹੋਣ ਕਰ ਕੇ ਆਪਣੇ ਸਮੇਂ ਦੇ ਪੈਦਾਵਾਰੀ ਰਿਸ਼ਤਿਆਂ ਦੀ ਨੀਂਹ ਤੇ ਉਸਰਿਆ ਹੁੰਦਾ ਹੈ । ਸਮਾਜ ਅੰਦਰ ਪੈਦਾਵਾਰੀ ਰਿਸ਼ਤਿਆਂ ਕਾਰਨ ਪੈਦਾ ਹੋਈਆਂ ਜਮਾਤਾਂ ਅੰਦਰ ਜਮਾਤੀ ਸੰਘਰਸ਼ ਚਲਦਾ ਰਹਿੰਦਾ ਹੈ। ਪ੍ਰਗਤੀਵਾਦੀ ਆਲੋਚਨਾ ਸਾਹਿਤ ਤੋਂ ਮੰਗ ਕਰਦੀ ਹੈ ਕਿ ਇਹ ਸ਼ੋਸ਼ਿਤ ਸ਼੍ਰੇਣੀ ਦੇ ਹੱਕ ਵਿਚ ਖੜ੍ਹੇ ਸਮਾਜ ਦੀਆਂ ਜਮਾਤੀ ਵਿਰੋਧਤਾਈਆਂ ਨੂੰ ਸਪਸ਼ਟ ਰੂਪ ਵਿਚ ਉਜਾਗਰ ਕਰੇ । ਸੰਤ ਸਿੰਘ ਸੇਖੋਂ ਨੇ ਆਪਣੀਆਂ ਪੁਸਤਕਾਂ ‘ਸਾਹਿਤਿਆਰਥ’, ‘ਪ੍ਰਸਿੱਧ ਪੰਜਾਬੀ ਕਵੀ ’, ‘ਭਾਈ ਵੀਰ ਸਿੰਘ ਤੇ ਉਹਨਾਂ ਦੀ ਰਚਨਾ’, ‘ਪੰਜਾਬੀ ਕਾਵਿ ਸ਼ਿਰੋਮਣੀ ’, ‘ਭਾਈ ਗੁਰਦਾਸ ਇਕ ਅਧਿਐਨ’, ‘ਨਾਵਲ ਤੇ ਪਲਾਟ’ ਅਤੇ ‘ਸਮੀਖਿਆ ਪ੍ਰਣਾਲੀਆਂ’ ਰਾਹੀਂ ਸਾਹਿਤਕ ਕਿਰਤਾਂ ਨੂੰ ਸਮਾਜਿਕ-ਇਤਿਹਾਸ ਪਿੱਠਭੂਮੀ ਵਿਚ ਮਾਰਕਸਵਾਦੀ ਦ੍ਰਿਸ਼ਟੀਕੋਣ ਤੋਂ ਸਮਝਣ ਦਾ ਯਤਨ ਕੀਤਾ ਹੈ । ਡਾ. ਰਵਿੰਦਰ ਸਿੰਘ ਰਵੀ ਅਨੁਸਾਰ ਪਹਿਲਾਂ ਸਾਹਿਤ ਦੇ ਖੇਤਰ ਵਿਚ ਚਲੀ ਆ ਰਹੀ ਆਦਰਸ਼ਵਾਦੀ ਪਹੁੰਚ ਜਿਸ ਅਧੀਨ ਭਾਈ ਵੀਰ ਸਿੰਘ ਨੇ ਕਵਿਤਾ ਦੀ ਸੁੰਦਰਤਾ ਨੂੰ ‘ਉੱਚ ਨਛੱਤਰੀ ਵਸਦੀ’ ਮੰਨਿਆ ਜਾਂ ਪੂਰਨ ਸਿੰਘ ਸਿੰਘ ਦੇ ਅਧਿਆਤਮਕ ਰੁਮਾਂਟਿਕ ਮੁਹਾਵਰੇ ਵਿਚ ਕਵਿਤਾ ਨੂੰ  ਪਿਆਰ ਵਿਚ ਮੋਏ ਬੰਦਿਆਂ ਦੇ ਮਿੱਠੇ ਬੋਲ ਕਹਿਣ ਵਾਲੀ ਜਾਂ ਤੇਜਾ ਸਿੰਘ ਦੇ ਕੇਵਲ ਪ੍ਰਭਾਵਵਾਦੀ ਅਤੇ ਪ੍ਰਸੰਸਾਤਮਕ ਆਲੋਚਨਾ-ਪਰੰਪਰਾ ਉਭਰੀ ਸੀ , ਉਸ ਦਾ ਤਿਆਗ ਕਰ ਕੇ ਬਾਹਰਮੁਖੀ ਅਤੇ ਸਿਧਾਂਤ ਅਧਾਰਿਤ ਸੁਹਜ-ਸ਼ਾਸਤਰ ਦੇ ਅਧਿਐਨ ਦੀ ਪਰੰਪਰਾ ਦੇ ਮਹੱਤਵਪੂਰਨ ਅਤੇ ਇਤਿਹਾਸਕ ਦੌਰ ਦਾ ਮੁੱਢ ਬੰਨਿਆ” ਪਰ ਇਸ ਪਹਿਲ ਅਤੇ ਯੋਗਦਾਨ ਦੇ ਬਾਵਜੂਦ ਸੰਤ ਸਿੰਘ ਸੇਖੋਂ ਨੇ ਮੱਧਕਾਲ ਦੀ ਅਧਿਆਤਮਕ ਮੁਹਾਵਰੇ ਵਾਲੀ ਸ਼ਕਤੀਸ਼ਾਲੀ ਕਾਵਿ ਪਰੰਪਰਾ, ਗੁਰਬਾਣੀ ਦੇ ਸਰਲ ਅਰਥਾਂ ਤਕ ਸੀਮਤ ਰਹਿੰਦਿਆਂ ਇਸ ਨੂੰ ਪਰਾ-ਸਾਹਿਤ ਦੀ ਕੋਟੀ ਵਿਚ ਰੱਖ ਦਿੱਤਾ ਅਤੇ ਇਸੇ ਪ੍ਰਕਾਰ ਸੂਫ਼ੀ ਕਵਿਤਾ ਨੂੰ ਪ੍ਰਤੀਗਾਮੀ ਮੰਨਿਆ । ਕਿੱਸਾ ਕਾਵਿ ਨੂੰ ਜਾਗੀਰਦਾਰੀ ਬਣਤਰ ਨਾਲ ਜੋੜਦਿਆਂ ਇਸ ਕਾਵਿ ਧਾਰਾ ਬਾਰੇ ਨਿਖੇਧਾਤਮਿਕ ਟਿਪਣੀਆਂ ਕੀਤੀਆਂ। ਸੇਖੋਂ ਦੀ ਆਲੋਚਨਾ ਦੀ ਇਸ ਕਮਜ਼ੋਰੀ ਬਾਰੇ ਡਾ. ਰਵਿੰਦਰ ਸਿੰਘ ਰਵੀ (ਰਵੀ ਚੇਤਨਾ-1991) ਲਿਖਦਾ ਹੈ ,‘ਸੇਖੋਂ ਦੀ ਆਲੋਚਨਾ ਦੀ ਇਕ ਬੁਨਿਆਦੀ ਘਾਟ  ਇਹ ਵੀ ਹੈ ਕਿ ਇਹ ਸਾਹਿਤਕ ਯਥਾਰਥ ਤੇ ਸਮਾਜਿਕ ਯਥਾਰਥ ਦੇ ਆਪਸੀ ਰਿਸ਼ਤੇ ਨੂੰ ਅਤਿਅੰਤ ਮਕਾਨਕੀ ਰੂਪ ਵਿਚ ਨਿਸ਼ਚਤਾਵਾਦੀ ਦ੍ਰਿਸ਼ਟੀਕੋਣ ਤੋਂ ਵੇਖਦੀ ਹੈ ….. ਸਮਾਜਿਕ ਯਥਾਰਥ ਦਾ ਸਾਹਿਤਕ ਕ੍ਰਿਤ ਵਿਚ ਪ੍ਰਗਟਾਅ ਉਪਲੱਬਧ ਹੁੰਦਾ ਹੈ ਜਾਂ ਨਹੀਂ ।” ਇਨ੍ਹਾਂ ਸਾਰੀਆਂ ਕਮਜ਼ੋਰੀਆਂ ਦੇ ਬਾਵਜੂਦ ਸੰਤ ਸਿੰਘ ਸੇਖੋਂ ਦੀ ਇਹ ਇਕ ਪ੍ਰਾਪਤੀ ਹੈ ਕਿ ਉਸ ਨੇ ਪੰਜਾਬੀ ਅਲੋਚਨਾਂ ਵਿਚ ਮਾਰਕਸਵਾਦੀ ਆਲੋਚਨਾ ਦੀ ਨਵੀਂ ਧਾਰਾ ਚਲਾਈ ਜਿਸ ਅਧੀਨ ਪੰਜਾਬੀ ਆਲੋਚਨਾ ਅੰਤਰਮੁਖੀ-ਪ੍ਰਭਾਵਵਾਦੀ-ਪ੍ਰਸੰਸਾਮਈ ਦੌਰ ਵਿਚੋਂ ਨਿਕਲ ਕੇ ਬਾਹਰਮੁਖੀ ਸਿਧਾਂਤਬਧਤਾ ਦੇ ਰਾਹ ਪੈਂਦੀ ਹੈ ।

ਸੰਤ ਸਿੰਘ ਸੇਖੋਂ ਤੋਂ ਬਾਅਦ ਪ੍ਰਗਤੀਵਾਦੀ ਪੰਜਾਬੀ ਆਲੋਚਨਾ ਵਿਚ ਦੂਜਾ ਅਹਿਮ ਨਾਂ ਪ੍ਰੋ. ਕਿਸ਼ਨ ਸਿੰਘ ਦਾ ਹੈ । ਉਸ ਨੇ ‘ਸਾਹਿਤ ਦੀ ਸਮਝ’(1974) ‘ਸਾਹਿਤ ਦੇ ਸੋਮੇ’ (1967), ‘ਗੁਰਬਾਣੀ ਦਾ ਸੱਚ’ (1976), ‘ਸਿੱਖ ਇਨਕਲਾਬ ਦਾ ਮੋਢੀ ਗੁਰੂ ਨਾਨਕ’ ਆਦਿ ਪੁਸਤਕਾਂ ਲਿਖੀਆਂ। ਅਕਾਦਮਿਕ ਪੱਖ ਤੋਂ ਇਹ ਬੜੀ ਦਿਲਚਸਪ ਗੱਲ ਹੈ ਕਿ ਪ੍ਰੋ. ਕਿਸ਼ਨ ਸਿੰਘ ਵੀ ਸੰਤ ਸਿੰਘ ਸੇਖੋਂ ਵਾਂਗ ਮਾਰਕਸਵਾਦ ਨੂੰ ਆਪਣਾ ਆਧਾਰੀ ਦਰਸ਼ਨ ਸਵੀਕਾਰ ਕਰਦਾ ਹੈ ਪਰ ਪੰਜਾਬੀ ਸਾਹਿਤ ਅਤੇ ਖਾਸ ਕਰ ਕੇ ਮੱਧਕਾਲੀ ਸਾਹਿਤ ਬਾਰੇ ਇਹ ਸੰਤ ਸਿੰਘ ਸੇਖੋਂ ਤੋਂ ਉਲਟ ਸਿੱਟੇ ਤੇ ਪੁੱਜਦਾ ਹੈ । ਪ੍ਰਿੰਸੀਪਲ ਸੰਤ ਸਿੰਘ ਸੇਖੋਂ ਅਤੇ ਪ੍ਰੋ. ਕਿਸ਼ਨ ਸਿੰਘ ਦਾ ਆਪਸੀ ਵਾਦ-ਵਿਵਾਦ ਪੰਜਾਬੀ ਆਲੋਚਨਾ ਵਿਚ ਮਹੱਤਵਪੂਰਨ ਹੈ ਅਤੇ ਆਲੋਚਨਾ ਦੇ ਇਤਿਹਾਸ ਵਿਚ ਅਹਿਮ ਸਥਾਨ ਰਖਦਾ ਹੈ ।

ਪ੍ਰੋ. ਕਿਸ਼ਨ ਸਿੰਘ ਮੱਧਕਾਲੀ ਪੰਜਾਬੀ ਸਾਹਿਤ ਅਤੇ ਖਾਸ ਕਰ ਕੇ ਗੁਰਬਾਣੀ ਨੂੰ ਉਸ ਦੇ ਧਾਰਮਿਕ ਮੁਹਾਵਰੇ ਦੇ ਸਰਲ ਅਰਥਾਂ ਵਿਚ ਗ੍ਰਹਿਣ ਨਹੀਂ ਕਰਦਾ ਸਗੋਂ ਇਸ ਪਿੱਛੇ ਛੁਪੇ ਇਤਿਹਾਸਕ, ਆਰਥਕ, ਸਭਿਆਚਾਰਕ ਤੇ ਸਮਾਜਿਕ ਵਿਰੋਧਾਂ ਨੂੰ ਪਕੜਨ ਦੀ ਕੋਸ਼ਿਸ਼ ਕਰਦਾ ਹੈ । ਪ੍ਰੋ. ਕਿਸ਼ਨ ਸਿੰਘ ਧਾਰਮਿਕ ਸੰਕਲਪਾਂ ਦੇ ਪਿੱਛੇ ਛੁਪੇ ਸਮਾਜਿਕ ਸੱਚ ਨੂੰ ਉਜਾਗਰ ਕਰਨ ਦਾ ਉਪਰਾਲਾ ਕਰਦਾ ਹੈ । ਇਸ ਪ੍ਰਕਾਰ ਕਿਸ਼ਨ ਸਿੰਘ ਸਾਹਿਤਕ ਕਿਰਤ ਦੀ ਹੋਂਦ ਵਿਧੀ ਬਾਰੇ ਬੁਨਿਆਦੀ ਪ੍ਰਸ਼ਨ ਉਠਾਉਂਦਾ ਹੈ। ਸਾਹਿਤ ਦਾ ਸੱਚ, ਸਾਹਿਤਕ ਚਿਤਰਨ ਤੋਂ ਹੀ ਪ੍ਰਾਪਤ ਹੋ ਸਕਦਾ ਹੈ । ਇਸ ਕਰ ਕੇ ਡਾ. ਰਵਿੰਦਰ ਸਿੰਘ ਰਵੀ ਲਿਖਦਾ ਹੈ ਕਿ ਕਿਸ਼ਨ ਸਿੰਘ, ‘‘ਇਤਿਹਾਸਕ ਯਥਾਰਥ ਤੋਂ ਸਾਹਿਤਕ ਯਥਾਰਥ ਦੇ ਆਪਸੀ ਦ੍ਵੰਦਾਤਮਕ ਰਿਸ਼ਤੇ ਨੂੰ ਪੰਜਾਬੀ ਸਾਹਿਤ ਦੇ ਆਲੋਚਨਾ ਖੇਤਰ ਵਿਚ ਸਥਾਪਤ ਕਰਨ ਦੇ ਯਤਨ ਵਾਲਾ ਮੋਢੀ ਚਿੰਤਕ ਹੈ।” ਪ੍ਰੋ. ਕਿਸ਼ਨ ਸਿੰਘ ਨੇ ਇਤਿਹਾਸਕ-ਸਮਾਜਿਕ ਪਿਛੋਕੜ ਵਿਚ ਰੱਖ ਕੇ ਆਧੁਨਿਕ ਪੰਜਾਬੀ ਸਾਹਿਤਕਾਰਾਂ ਦੀ ਜਮਾਤੀ-ਆਧਾਰਾਂ ਉੱਪਰ ਬੇਕਿਰਕ ਆਲੋਚਨਾ ਕੀਤੀ ਹੈ । ਇਸ ਪ੍ਰਕਾਰ ਕਿਸ਼ਨ ਸਿੰਘ ਨੇ ਪੰਜਾਬੀ ਆਲੋਚਨਾ ਖਾਸ ਕਰ ਕੇ ਪ੍ਰਗਤੀਵਾਦੀ ਆਲੋਚਨਾ ਨੂੰ ਨਵਾਂ ਵਿਸਥਾਰ ਦਿੱਤਾ । ਇਸ ਮਹੱਤਵਪੂਰਨ ਦੇਣ ਦੇ ਬਾਵਜੂਦ ਪ੍ਰੋ. ਕਿਸ਼ਨ ਸਿੰਘ ਦੀ ਆਲੋਚਨਾ ਦੀ ਪ੍ਰਮੁੱਖ ਕਮਜ਼ੋਰੀ ਇਹ ਹੈ ਕਿ ਉਹ ਮੱਧਕਾਲੀ ਸਾਹਿਤ ਦੀ ਆਲੋਚਨਾ ਕਰਦਿਆਂ ਸ਼ਰਧਾਮਈ ਢੰਗ ਨਾਲ ਉਲਾਰਪੁਣੇ ਦਾ ਸ਼ਿਕਾਰ ਹੋ ਕੇ ਸਾਹਿਤਕ ਚਿੱਤਰ ਰਾਹੀਂ ਪੇਸ਼ ਸਮਾਜ ਦੀਆਂ ਅੰਤਰ ਵਿਰੋਧਤਾਈਆਂ ਨੂੰ ਉਜਾਗਰ ਕਰਨ ਤਕ ਸੀਮਤ ਰਹਿਣ ਦੀ ਥਾਂ ਤੇ ਉਸ ਸਾਹਿਤਕ ਚਿੱਤਰ ਵਿਚ ਪੇਸ਼ ਮੁੱਲ ਪ੍ਰਬੰਧ ਨੂੰ ਆਦਰਸ਼ ਵੱਜੋਂ ਪ੍ਰਚਾਰਨਾ ਸ਼ੁਰੂ ਕਰਾ ਦਿੰਦਾ ਹੈ । ਉਹ ਮੱਧਕਾਲੀ ਸਾਹਿਤ ਦੀਆਂ ਇਤਿਹਾਸਕ ਸੀਮਾਵਾਂ ਨੂੰ ਪਛਾਣਨ ਅਤੇ ਪ੍ਰਵਾਨਣ ਦੀ ਥਾਂ ਹਰ ਚੀਜ਼ ਦੀ ਖਿੱਚ ਧੂਹ ਕਰ ਕੇ ਮਾਰਕਸਵਾਦ ਦੇ ਬਰਾਬਰ ਕਰਨ ਦੀ ਕੋਸ਼ਿਸ਼ ਕਰਦਾ ਹੈ । ਪ੍ਰਗਟਾਅ ਪੱਧਰ ਤੇ ਸ਼ਾਬਦਿਕ ਗਲਤੀਆਂ, ਗਲਤ ਵਾਕ ਬਣਤਰ, ਬੇਲੋੜਾ ਦੁਹਰਾਓ ਅਤੇ ਗ਼ੈਰ-ਆਲੋਚਨਾਤਮਕ ਕਿਸਮ ਦੀ ਨਿੱਜੀ ਸ਼ਬਦਾਵਲੀ ਕਿਸ਼ਨ ਸਿੰਘ ਦੀ ਆਲੋਚਨਾ ਦੀਆਂ ਕੁਝ ਹੋਰ ਕਮਜ਼ੋਰੀਆਂ ਹਨ। ਸਾਹਿਤ ਆਲੋਚਨਾ ਦੀ ਮਾਰਕਸਵਾਦੀ ਪ੍ਰਣਾਲੀ ਨੇ ਲਗਭਗ ਸਾਰੇ ਪੰਜਾਬੀ ਆਲੋਚਕਾਂ ਨੂੰ ਵਿਚਾਰਧਾਰਕ ਤੌਰ ਤੇ ਪ੍ਰਭਾਵਤ ਕੀਤਾ ਹੈ । ਡਾ. ਤੇਜਵੰਤ ਸਿੰਘ ਗਿੱਲ, ਡਾ. ਰਵਿੰਦਰ ਸਿੰਘ ਰਵੀ, ਗੁਰਬਖਸ਼ ਸਿੰਘ ਫਰੈਂਕ, ਜੋਗਿੰਦਰ ਸਿੰਘ ਰਾਹੀ, ਕੇਸਰ ਸਿੰਘ ਆਦਿ ਕੁਝ ਹੋਰ ਆਲੋਚਕ ਹਨ ਜਿਨ੍ਹਾਂ ਨੇ ਮਾਰਕਸਵਾਦ ਨੂੰ  ਆਧਾਰ ਬਣਾ ਕੇ ਸਾਹਿਤ ਆਲੋਚਨਾ ਕੀਤੀ ਹੈ । ਇਥੋਂ ਤਕ ਕਿ ਮਾਰਕਸਵਾਦ ਦਾ ਵਿਰੋਧ ਕਰਨ ਵਾਲੇ ਆਲੋਚਕਾਂ ਨੇ ਵੀ ਇਸ ਦੀ ਵਿਚਾਰਧਾਰਕ ਪ੍ਰਸੰਗਿਕਤਾ ਪ੍ਰਵਾਨੀ ਹੈ ।

ਡਾ. ਅਤਰ ਸਿੰਘ ਆਪਣੀ ਆਲੋਚਨਾ ਮਾਰਕਸਵਾਦੀ ਪ੍ਰਭਾਵਾਂ ਅਧੀਨ ਹੀ ਸ਼ੁਰੂ ਕਰਦਾ ਹੈ ਪਰ ਦੂਸਰੀਆਂ ਪੱਛਮੀ ਆਲੋਚਨਾ ਪ੍ਰਣਾਲੀਆਂ ਦੇ ਅਧਿਐਨ ਅਤੇ ਆਪਣੀ ਆਲੋਚਨਾਤਮਕ ਪ੍ਰਤਿਭਾ ਕਾਰਨ ਪੰਜਾਬੀ ਆਲੋਚਨਾ ਵਿਚ ਵਿਸ਼ੇਸ਼ ਯੋਗਦਾਨ ਪਾਉਂਦਾ ਹੈ । ਉਸ ਨੇ ਪੰਜਾਬੀ ਸਾਹਿਤ ਦੇ ਪ੍ਰਸੰਗ ਵਿਚ ਪੰਜਾਬੀਅਤ ਦੇ ਸੰਕਲਪ ਨੂੰ  ਰੂਪਮਾਨ ਕੀਤਾ । ਡਾ. ਜਸਬੀਰ ਸਿੰਘ ਆਹਲੂਵਾਲੀਆ ਦੀ ਸਾਹਿਤਕ ਆਲੋਚਨਾ ਅਤੇ ਉਸ ਦੇ ਸਾਥੀ ਕਵੀਆਂ ਵੱਲੋਂ ਸ਼ੁਰੂ ਕੀਤੀ ਪ੍ਰਯੋਗਸ਼ੀਲ ਲਹਿਰ ਦੀ ਕਵਿਤਾ ਨੂੰ ਸਿਧਾਂਤਕ ਆਧਾਰ ਦੇਣ ਲਈ ਹੋਂਦ ਵਿਚ ਆਈ । ਉਸ ਨੇ ਆਪਣੀ ਆਲੋਚਨਾ ਮਾਰਕਸਵਾਦੀ ਗਿਆਨ ਸ਼ਾਸਤਰੀ ਪਰਿਪੇਖ ਤੋਂ ਸ਼ੁਰੂ ਕੀਤੀ ਅਤੇ ਆਧੁਨਿਕ ਨੂੰ ਪਰਿਭਾਸ਼ਤ ਕਰਨ ਦਾ ਯਤਨ ਕੀਤਾ । ਉਸ ਨੇ ਆਧੁਨਿਕ ਕਵਿਤਾ ਦੀ ਅੰਮ੍ਰਿਤ ਪ੍ਰੀਤਮ-ਮੋਹਨ ਸਿੰਘ ਧਾਰਾ ਨੂੰ ‘ਮਧਸ਼੍ਰੇਣਿਕ ਵਿਅਕਤੀਵਾਦ’ਅਤੇ ਕ੍ਰਾਂਤੀਕਾਰੀ ਕਵੀਆਂ ਦੀ ਇਤਿਹਾਸਕ ਸੰਧੀ ਵੱਜੋਂ ਪਰਿਭਾਸ਼ਤ ਕੀਤਾ । ਉਸ ਦੀ ਆਲੋਚਨਾ ਆਧੁਨਿਕ ਕਵਿਤਾ ਤਕ ਸੀਮਿਤ ਹੈ। ਗੁਰਬਾਣੀ ਨੂੰ ਉਸ ਨੇ ਆਪਣੀਆਂ ਪਿਛਲੇਰੀਆਂ ਰਚਨਾਵਾਂ ਵਿਚ ਦਾਰਸ਼ਨਿਕ ਪੱਖ ਤੋਂ ਵਿਚਾਰਿਆ ਹੈ ।

ਸੰਨ 1947 ਤੋਂ ਬਾਅਦ ਭਾਰਤੀ ਆਲੋਚਨਾ ਦੇ ਸਮਵਿਥ ਹੀ ਪਾਕਿਸਤਾਨੀ ਪੰਜਾਬ ਵਿਚ ਵੀ ਸਾਹਿਤਕ ਆਲੋਚਨਾ ਜਾਰੀ ਰਹਿੰਦੀ ਹੈ । ਸਿਆਸੀ ਅਤੇ ਧਾਰਮਿਕ ਕਾਰਨਾਂ ਕਰ ਕੇ ਪਾਕਿਸਤਾਨੀ ਪੰਜਾਬੀ ਆਲੋਚਨਾ ਨੇ ਮੱਧਕਾਲੀ ਕਾਵਿ ਵਿਚ ਸੂਫ਼ੀਕਵਿਤਾ ਅਤੇ ਕਿੱਸਾ-ਕਾਵਿ ਨੂੰ ਹੀ ਅਧਿਐਨ ਦਾ ਕੇਂਦਰ ਬਣਾਇਆ ਹੈ । ਆਧੁਨਿਕ ਸਾਹਿਤ ਆਲੋਚਨਾ ਪਾਕਿਸਤਾਨ ਸਾਹਿਤ ਤਕ ਸੀਮਿਤ ਹੈ। ਉਥੋਂ ਦੀ ਸਾਹਿਤ ਆਲੋਚਨਾ ਦੋ ਮੁੱਖ ਧਰਾਵਾਂ ਵਿਚ ਵੰਡੀ ਹੋਈ ਹੈ , ਇਕ ਧਿਰ ਦੋ ਕੌਮਾਂ ਦੇ ਸਿਧਾਂਤ ਨੂੰ ਕੱਟੜਤਾਈ ਨਾਲ ਲਾਗੂ ਕਰਦਿਆਂ ਸਾਰੇ ਗ਼ੈਰ-ਮੁਸਲਮਾਨੀ ਸਾਹਿਤ ਤੇ ਲਕੀਰ ਫੇਰ  ਦਿੰਦੀ ਹੈ । ਸ਼ਹਿਬਾਜ਼ ਮਲਿਕ, ਮੁਸ਼ਤਾਕ ਬਾਸ਼ਤ, ਰਫ਼ੀਕ ਡੋਗਰ ਅਜਿਹੇ ਹੀ ਆਲੋਚਕ ਹਨ ਜੋ ਆਧੁਨਿਕ ਪਾਕਿਸਤਾਨੀ-ਸਾਹਿਤ ਵੱਜੋਂ ਪਛਾਣਦੇ ਹਨ । ਅਜਿਹੇ ਆਲੋਚਕ ਸਮੁੱਚੇ ਪੰਜਾਬੀ ਸਾਹਿਤ ਦੇ ਪਰਿਪੇਖ ਵਿਚ ਪਾਕਿਸਤਾਨ ਸਾਹਿਤ ਦੀ ਵਿਆਖਿਆ ਕਰਦੇ ਹਨ। ਨਜ਼ਮ ਹੁਸੈਨ ਸੱਯਦ ਨੇ ਆਪਣੀਆਂ ਪੁਸਤਕਾਂ ‘ਸੇਧਾਂ ’ ਅਤੇ ‘ਸਾਰਾਂ ’ ਰਾਹੀ ਪੰਜਾਬੀ ਸਭਿਆਚਾਰ ਦੇ ਲੋਕਧਾਰਾਈ ਵਿਰਸੇ ਦਾ ਮਾਰਕਸਵਾਦੀ ਦ੍ਰਿਸ਼ਟੀ ਤੋਂ ਚਿੰਨ੍ਹ ਵਿਗਿਆਨਕ-ਸੰਰਚਨਾਵਾਦੀ ਵਿਧੀ ਨਾਲ ਅਧਿਐਨ ਕਰਦਿਆਂ ਦਿਲਚਸਪ ਸਿੱਟੇ ਵਿਸ਼ੇਸ਼ ਸਿਰਜਣਾਤਮਕ ਸ਼ੈਲੀ ਵਿਚ ਪੇਸ਼ ਕੀਤੇ ਹਨ ।

ਪੰਜਾਬੀ ਆਲੋਚਨਾ ਵਿਚ ਪ੍ਰਿੰ. ਸੰਤ ਸਿੰਘ ਸੇਖੋਂ ਅਤੇ ਕਿਸ਼ਨ ਸਿੰਘ ਵੱਲੋਂ ਵਿਕਸਿਤ ਕੀਤੀ ਜਾ ਰਹੀ ਪ੍ਰਗਤੀਵਾਦੀ ਆਲੋਚਨਾ ਦੇ ਨਾਲੋ ਨਾਲ ਅਤੇ ਕੁਝ ਪ੍ਰਤੀਉੱਤਰ ਵੱਜੋਂ ਪ੍ਰੋ. ਹਰਿਭਜਨ ਸਿੰਘ ਦੀ ਆਲੋਚਨਾ ਹੋਂਦ ਧਾਰਦੀ ਹੈ । ਇਸ ਉੱਪਰ ਆਰੰਭ ਵਿਚ ਰੂਪਵਾਦੀ ਆਲੋਚਨਾ ਦਾ ਠੱਪਾ ਵੀ ਲੱਗਿਆ ਅਤੇ ਉਸ ਨੂੰ ‘ਦਿੱਲੀ ਸਕੂਲ’ ਵੀ ਕਿਹਾ ਜਾਂਦਾ ਰਿਹਾ ਹੈ ਪਰ ਇਹ ਆਲੋਚਨਾ ਕਿਸੇ ਇਕ ਵਿਧੀ ਜਾਂ ਵਿਚਾਰਧਾਰਾ ਜਾਂ ਵਿਅਕਤੀ ਨਾਲ ਬੱਝੀ ਹੋਈ ਨਹੀਂ ਸੀ ਸਗੋਂ ਇਹ ਆਲੋਚਨਾ ਪੱਛਮ ਵਿਚ ਵਿਕਸਿਤ ਹੋਈਆਂ ਵਿਭਿੰਨ ਆਲੋਚਨਾ ਪ੍ਰਣਾਲੀਆਂ ਅਤੇ ਚਿੰਤਨਾਂ ਨੂੰ ਆਧਾਰ ਬਣਾਉਂਦੀ ਸੀ । ਆਰੰਭਕ ਸਮੇਂ ਵਿਚ ਜੇਕਰ ਰੂਸੀ ਰੂਪਵਾਦ ਅਤੇ ਨਵ-ਅਮਰੀਕੀ ਆਲੋਚਨਾ, ਆਧਾਰ ਸੀ ਤਾਂ ਪਿਛਲੇ ਸਮੇਂ ਭਾਸ਼ਾ ਵਿਗਿਆਨ ਚਿੰਤਨ ਖਾਸ ਕਰ ਕੇ ਸੋਸਿਊਰ ਦੇ ਭਾਸ਼ਕ ਸੰਕਲਪ ਪ੍ਰਮੁੱਖਤਾ ਹਾਸਲ ਕਰ ਗਏ । ਪ੍ਰਗਤੀਵਾਦੀ ਸਾਹਿਤ ਆਲੋਚਨਾ ਸਮਾਜ ਦੇ ਜਮਾਤੀ ਸੰਘਰਸ਼ ਦੀਆਂ ਵਿਰੋਧਤਾਈਆਂ ਨੂੰ ਕੇਂਦਰੀ ਮਹੱਤਵ ਦਿੰਦੀ ਸੀ ਜਦੋਂ ਕਿ ਇਹ ਨਵੀਂ ਆਲੋਚਨਾ ਸਾਹਿਤ ਦੇ ਦੂਸਰੇ ਪਾਸਾਰ ਵੀ ਦੇਖਦੀ ਸੀ । ਇਸ ਕਰ ਕੇ ਦੋਹਾਂ ਵਿਚ ਵਿਰੋਧ ਵੀ ਸੀ । ਡਾ. ਹਰਿਭਜਨ ਸਿੰਘ ਨੇ ਆਪਣੀਆਂ ਪੁਸਤਕਾਂ-ਅਧਿਐਨ ਅਤੇ ਅਧਿਆਪਕ (1970) ਮੁੱਲ ਮੁਲਾਂਕਣ (1972) , ਸਾਹਿਤ ਸ਼ਾਸਤਰ (1973), ਪਾਰਗਾਮੀ (1976), ਰਚਨਾ ਸੰਰਚਨਾ (1977) ਰੂਪਕੀ (1977), ਸਾਹਿਤ ਵਿਗਿਆਨ (1978), ਸਾਹਿਤ ਅਧਿਐਨ (1981) ਆਦਿ ਰਾਹੀਂ ਇਹ ਸਥਾਪਤ ਕਰਨ ਦਾ ਯਤਨ ਕੀਤਾ ਕਿ ਸਾਹਿਤ ਦੀ ਖ਼ੁਦਮੁਖ਼ਤਿਆਰ ਕਲਾਤਮਕ ਹੋਂਦ ਹੁੰਦੀ ਹੈ ਜਿਸ ਦੇ ਅੰਦਰੂਨੀ ਨੇਮ ਲੱਭੇ ਜਾਣੇ ਚਾਹੀਦੇ ਹਨ । ਡਾ. ਹਰਿਭਜਨ ਸਿੰਘ ਨੇ ਇਕ ਵਿਦਿਆਰਥੀ ਵਾਂਗ ਪੱਛਮੀ ਸਾਹਿਤ ਅਧਿਐਨ ਵਿਧੀਆਂ , ਰੂਸੀ ਰੂਪਵਾਦ, ਨਵ-ਅਮਰੀਕੀ ਆਲੋਚਨਾ , ਸੰਰਚਨਾਵਾਦ, ਚਿੰਨ੍ਹ-ਵਿਗਿਆਨ ਆਦਿ ਨੂੰ ਸਮਝਿਆ ਅਤੇ ਅਧਿਆਪਕ ਵਾਂਗ ਸਮਝਾਉਣ ਦੀ ਕੋਸ਼ਿਸ਼ ਕੀਤੀ । ਆਰੰਭਿਕ ਦੌਰ ਵਿਚ ਉਸ ਦੀ ਇਸ ਸਮੀਖਿਆ ਵਿਧੀ ਦੇ ਹੋਰ ਸਾਥੀਆਂ ਵਿਚ ਡਾ. ਤਰਲੋਕ ਸਿੰਘ ਕੰਵਰ, ਡਾ. ਸੁਤਿੰਦਰ ਸਿੰਘ ਨੂਰ ਅਤੇ ਡਾ. ਜਗਬੀਰ ਸਿੰਘ ਆਦਿ ਸਨ। ਇਸ ਸਮੇਂ ਡਾ. ਮਨਜੀਤ ਸਿੰਘ (ਮਿਥ ਵਿਗਿਆਨ) , ਮਨਜੀਤ ਕੌਰ (ਥੀਮ ਵਿਗਿਆਨ), ਦੇਵਿੰਦਰ ਕੌਰ (ਰੂਪ ਵਿਗਿਆਨ), ਹਰਚਰਨ ਕੌਰ (ਸਿਸਟਮੀ) ਨੇ ਕਿਸੇ ਇਕ ਵਿਧੀ ਨੂੰ ਆਧਾਰ ਬਣਾਇਆ । ਇਹ ਨਵੀਂ ਆਲੋਚਨਾ ਆਰੰਭਿਕ ਦੌਰ ਵਿਚ ਇਤਿਹਾਸਕ ਪਰਿਪੇਖ ਅਤੇ ਵਿਚਾਰਧਾਰਾ ਨੂੰ ਛੱਡ ਕੇ ਨਿਰੋਲ ਤਕਨੀਕੀ ਜੁਗਤਾਂ ਤੇ ਧਿਆਨ ਕੇਂਦਰਿਤ ਕਰਦੀ ਸੀ । ਸਮਕਾਲੀ ਉੱਤਰ-ਆਧੁਨਿਕ ਦੌਰ ਵਿਚ ਇਹ ਉਲਾਰੂ ਬਿਰਤੀ ਘੱਟ ਰਹੀ ਹੈ । ਹੁਣ ਆਲੋਚਨਾ ਵਿਚ ਗਿਆਨ ਦੇ ਹੋਰ ਅਨੁਸ਼ਾਸਨਾਂ ਜਿਵੇਂ ਸਮਾਜ ਵਿਗਿਆਨ, ਦਰਸ਼ਨ ਸ਼ਾਸਤਰ, ਮਨੋਵਿਗਿਆਨ, ਭਾਸ਼ਾ ਵਿਗਿਆਨ ਆਦਿ ਦੀਆਂ ਸਿਧਾਂਤਕ ਸੰਕਲਪਨਾਵਾਂ ਅਤੇ ਧਾਰਨਾਵਾਂ ਨੂੰ ਆਪਣਾ ਕੇ ਅੰਤਰ ਅਨੁਸ਼ਾਸਕੀ ਵਿਧੀ ਵਿਕਸਿਤ ਹੋਈ ਹੈ । ਡਾ. ਗੁਰਭਗਤ ਸਿੰਘ ਅਤੇ ਹੋਰ ਇਸ ਵਿਧੀ ਨੂੰ ਵਿਕਸਿਤ ਕਰਦੇ ਹਨ। ਪੰਜਾਬੀ ਵਿਚ ਸਾਹਿਤ ਰੂਪਾਂ ਅਨੁਸਾਰ ਵੀ ਵਿਸ਼ੇਸ਼ ਅਧਿਐਨ ਕਰਨ ਦੀ ਪਿਰਤ ਪੈ ਰਹੀ ਹੈ। ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ , ਪ੍ਰੋ. ਕਰਨੈਲ ਸਿੰਘ ਥਿੰਦ, ਜੋਗਿੰਦਰ ਸਿੰਘ ਕੈਰੋਂ, ਡਾ. ਨਾਹਰ ਸਿੰਘ, ਭੁਪਿੰਦਰ ਸਿੰਘ ਖਹਿਰਾ ਲੋਕਧਾਰਾ ਦੇ ਖੇਤਰ ਵਿਚ ਵਿਸ਼ੇਸ਼ਤਾ ਰਖਦੇ ਹਨ। ਡਾ. ਜੋਗਿੰਦਰ ਸਿੰਘ ਰਾਹੀ ਨੇ ਪੰਜਾਬੀ ਗਲਪ ਦੇ ਖੇਤਰ ਵਿਚ ਮੁਹਾਰਤ ਹਾਸਲ ਕੀਤੀ ਹੈ ।

ਅੱਜ ਪੰਜਾਬੀ ਆਲੋਚਨਾ ਦਾ ਮੁੱਖ ਕਾਰਜ ਖੇਤਰ ਅਕਾਦਮਿਕਤਾ ਦੀਆਂ ਲੋੜਾਂ ਨਾਲ ਬੱਝਾ ਹੋਇਆ ਹੈ । ਅਜੋਕੀ ਆਲੋਚਨਾ ਅਧਿਆਪਨ ਦੀ ਲੋੜਾਂ ਨਾਲ ਵਿਕਸਿਤ ਹੈ। ਅੱਜ ਉੱਤਰ-ਆਧੁਨਿਕ ਦੌਰ ਵਿਚ ਕਿਸੇ ਇਕ ਵਿਸ਼ੇਸ਼ ਵਿਧੀ, ਵਿਚਾਰਧਾਰਾ ਜਾਂ ਵਿਅਕਤੀ ਦੀ ਸਰਦਾਰੀ ਨਹੀਂ ਰਹੀ ਸਗੋਂ ਪੰਜਾਬੀ ਆਲੋਚਨਾ ਵਿਸ਼ਵ ਪਧਰ ਤੇ ਵਿਕਸਿਤ ਹੋ ਰਹੀਆਂ ਅੰਤਰ ਅਨੁਸਾਸ਼ਨੀ ਆਲੋਚਨਾ ਵਿਧੀਆਂ ਤੋਂ ਪ੍ਰੇਰਨਾ ਲੈ ਕੇ ਪੰਜਾਬੀ ਸਾਹਿਤ ਦਾ ਅਧਿਐਨ ਕਰਨ ਵਿਚ ਰੁੱਝੀ ਹੋਈ ਹੈ ।


ਲੇਖਕ : ਡਾ. ਰਜਿੰਦਰ ਪਾਲ ਸਿੰਘ ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-08-04-25-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.