ਬੇਕਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਬੇਕਨ (1561–1626): ਫ਼੍ਰਾਂਸਿਸ ਬੇਕਨ (Francis Bacon) ਦਾ ਜਨਮ 22 ਜਨਵਰੀ 1561 ਵਿੱਚ ਹੋਇਆ। ਉਹ ਸਰਨਿਕੋਲਸ ਬੇਕਨ ਅਤੇ ਉਸ ਦੀ ਦੂਜੀ ਪਤਨੀ ਲੇਡੀ ਐਨ ਬੇਕਨ ਦਾ ਛੋਟਾ ਲੜਕਾ ਸੀ। ਆਪਣੇ ਮਾਤਾ ਪਿਤਾ ਦੇ ਦੋਵੇਂ ਪਰਿਵਾਰਾਂ ਕਰ ਕੇ ਇੰਗਲੈਂਡ ਦੀ ਰਾਜਨੀਤਿਕ ਅਤੇ ਸੱਭਿਆਚਾਰਿਕ ਜ਼ਿੰਦਗੀ ਨਾਲ ਉਸ ਦਾ ਨੇੜਲਾ ਤਾਲ-ਮੇਲ ਸੀ। ਉਸ ਦਾ ਪਿਤਾ ਮਲਕਾ ਐਲਿਜ਼ਬੈੱਥ ਪਹਿਲੀ ਦੀ ਮਹਾਨ ਸੀਲ ਦਾ ਰੱਖਿਅਕ (ਲਾਰਡ ਕੀਪਰ) ਸੀ।

     ਬੇਕਨ ਨੇ 1573 ਵਿੱਚ ਟਰਿਨਿਟੀ ਕਾਲਜ ਕੈਂਬ੍ਰਿਜ ਵਿੱਚ ਦਾਖ਼ਲਾ ਲਿਆ ਅਤੇ 1575 ਵਿੱਚ ਉਸ ਨੇ ਪੜ੍ਹਾਈ ਖ਼ਤਮ ਕਰ ਲਈ ਸੀ। ਉਸ ਨੇ ਗਰੇਜ਼ ਇਨ ਵਿੱਚ ਕਾਨੂੰਨ ਦੀ ਪੜ੍ਹਾਈ ਸ਼ੁਰੂ ਕੀਤੀ ਪਰ ਉਸ ਨੂੰ ਇਹ ਪੜ੍ਹਾਈ ਢਾਈ ਸਾਲ ਵਾਸਤੇ ਵਿੱਚੋਂ ਛੱਡਣੀ ਪਈ ਕਿਉਂਕਿ ਉਹ ਇਸ ਸਮੇਂ ਫ਼੍ਰਾਂਸ ਵਿੱਚ ਅੰਗਰੇਜ਼ ਰਾਜਦੂਤ ਆਈਮਸ ਪੌਲੇਟ ਨਾਲ ਨੌਕਰੀ ਕਰ ਰਿਹਾ ਸੀ। ਉਹ ਆਪਣੇ ਪਿਤਾ ਦੀ ਮੌਤ ਕਾਰਨ ਇੰਗਲੈਂਡ ਵਾਪਸ ਆ ਗਿਆ ਅਤੇ ‘ਗਰੇਜ਼-ਇੰਨ` ਵਿੱਚ ਮੁੜ ਦਾਖ਼ਲਾ ਲੈ ਲਿਆ ਅਤੇ 1592 ਵਿੱਚ ਵਕੀਲ (ਬੈਰਿਸਟਰ) ਬਣ ਗਿਆ।

     ਸਰਕਾਰੀ ਕੰਮਾਂ ਦੇ ਨਾਲ-ਨਾਲ ਬੇਕਨ ਦਾ ਸਾਹਿਤਿਕ ਕਾਰਜ ਵੀ ਚੱਲਦਾ ਰਿਹਾ। 1584 ਵਿੱਚ ਪਾਰਲੀਮੈਂਟ ਵਿੱਚ ਚਲੇ ਜਾਣ ਨਾਲ ਉਸ ਦਾ ਰਾਜਨੀਤਿਕ ਜੀਵਨ ਅਰੰਭ ਹੋਇਆ। ਇਸ ਤੋਂ ਪਹਿਲਾਂ ਦਰਬਾਰ ਵਿੱਚ ਵੀ ਉਸ ਨੇ ਅਹੁਦਾ ਪ੍ਰਾਪਤ ਕਰ ਲਿਆ ਅਤੇ ਐਲਿਜ਼ਬੈੱਥ ਨੇ ਉਸ ਨੂੰ ਰਾਣੀ ਦੀ ਕੌਂਸਿਲ ਵਿੱਚ ਵੀ ਰੱਖ ਲਿਆ।

     ਅਰਲ ਆਫ਼ ਈਸੈਕਸ ਦੀ ਸਹਾਇਤਾ ਦੇ ਬਾਵਜੂਦ ਉਸ ਦੀ ਅਕਾਂਖਿਆ ਪੂਰੀ ਨਾ ਹੋ ਸਕੀ। 1592 ਵਿੱਚ ਰਾਣੀ ਦੀ ਤਾਜਪੋਸ਼ੀ ਦੀ ਸ਼ਤਾਬਦੀ ਸਮੇਂ ਅਰਲ ਆਫ਼ ਈਸੈਕਸ ਵੱਲੋਂ ਬੇਕਨ ਦੀ ਤਿਆਰ ਕੀਤੀ ਮਨੋਰੰਜਕ ਰਚਨਾ ਪੇਸ਼ ਕੀਤੀ। ਬੇਕਨ ਨੇ ਈਸੈਕਸ ਸਦਕਾ ਉਸ ਤੋਂ ਬਹੁਤ ਸਾਰੀਆਂ ਸਹੂਲਤਾਂ ਪ੍ਰਾਪਤ ਕੀਤੀਆਂ ਪਰ ਉਹ ਧੋਖੇ ਦੇ ਜੁਰਮ ਵਿੱਚ ਉਸ ਨੂੰ ਸਜ਼ਾ ਦਿਵਾਉਣ ਦਾ ਭਾਗੀ ਵੀ ਬਣਿਆ।

     ਬੇਕਨ ਦੀ ਪਹਿਲੀ ਪ੍ਰਕਾਸ਼ਨਾ ਵਿੱਚ ਦਸ ਨਿਬੰਧ ਪ੍ਰਕਾਸ਼ਿਤ ਹੋਏ। ਇਹ ਲੇਖ ਰਾਜਨੀਤਿਕ ਜਨਜੀਵਨ ਬਾਰੇ ਤਰਕ ਭਰਪੂਰ ਸਚਾਈਆਂ ਦਰਸਾਉਂਦੇ ਹਨ। ਇਹ ਲੇਖ ਹੋਰ ਵਧਾਏ ਗਏ ਅਤੇ 1612 ਵਿੱਚ 29 ਹੋਰ ਲੇਖ ਇਹਨਾਂ ਨਾਲ ਪ੍ਰਕਾਸ਼ਿਤ ਕੀਤੇ ਗਏ। 1625 ਵਿੱਚ 58 ਲੇਖ ਵਧੀ ਹੋਈ ਐਡੀਸ਼ਨ ਵਿੱਚ ਦੁਨੀਆ ਦੇ ਸਾਮ੍ਹਣੇ ਆਏ।

     1603 ਵਿੱਚ ਜਦੋਂ ਜੇਮਜ਼ ਪਹਿਲੇ ਨੇ ਇੰਗਲੈਂਡ ਦੀ ਰਾਜ ਗੱਦੀ ਸੰਭਾਲੀ ਤਾਂ ਬੇਕਨ ਨੂੰ ਚਾਰ ਮਹੀਨਿਆਂ ਪਿੱਛੋਂ ‘ਨਾਈਟ` (Knight) ਦੀ ਉਪਾਧੀ ਪ੍ਰਦਾਨ ਕੀਤੀ ਗਈ। 1605 ਵਿੱਚ ਬੇਕਨ ਨੇ ਐਡਵਾਂਸਮੈਂਟ ਆਫ਼ ਲਰਨਿੰਗ ਪ੍ਰਕਾਸ਼ਿਤ ਕੀਤੀ। ਉਸ ਨੂੰ ਇਸ ਪ੍ਰਕਾਸ਼ਨਾ ਤੇ ਉਮੀਦ ਬਣੀ ਹੋਈ ਸੀ ਕਿ ਰਾਜਾ ਜੇਮਜ਼ ਪਹਿਲਾ ਸਾਇੰਸ ਨੂੰ ਮਹੱਤਵ ਦੇਵੇਗਾ।1609 ਵਿੱਚ ਪੁਰਾਣੀਆਂ ਮਿੱਥ ਕਥਾਵਾਂ ਔਨ ਦਾ ਵਿਜ਼ਡਿਮ ਆਫ਼ ਦਾ ੲੈਨਸ਼ੀਐਂਟਸ ਨਾਂ ਹੇਠ ਪ੍ਰਕਾਸ਼ਿਤ ਹੋਈ। 1613 ਵਿੱਚ ਉਸ ਨੂੰ ਅਟਾਰਨੀ ਜਨਰਲ ਬਣਾਇਆ ਗਿਆ। 1616 ਵਿੱਚ ਉਹ ਪ੍ਰੀਵੀ ਕੌਂਸਿਲ ਵਿੱਚ ਰੱਖਿਆ ਗਿਆ, 1617 ਵਿੱਚ ਲਾਰਡ ਕੀਪਰ ਅਤੇ 1618 ਵਿੱਚ ਲਾਰਡ ਚਾਂਸਲਰ ਅਤੇ ਬੈਰਨ ਵੈਰੂਲਮ ਬਣਾਇਆ ਗਿਆ।

     1620 ਵਿੱਚ ਨੌਵਮ ਔਰਗੈਨਮ (ਨਿਊ ਮੈਥਿਡ) ਦਾ ਗਰੇਟ ਇਨਸੇਟੂਰੇਸ਼ਨ ਦੇ ਦੂਜੇ ਭਾਗ ਵਜੋਂ ਛਾਪੀ ਗਈ। ਇਹ ਕੰਮ ਕਦੇ ਸੰਪੂਰਨ ਨਾ ਹੋ ਸਕਿਆ। ਭਾਵੇਂ ਇਹ ਕੰਮ ਆਪਣੇ-ਆਪ ਵਿੱਚ ਅਧੂਰਾ ਹੈ ਪਰ ਬੇਕਨ ਦੇ ਇੱਕ ਵਿਚਾਰਵਾਨ ਹੋਣ ਦਾ ਸਿਹਰਾ ਇਸੇ ਕਾਰਜ ਸਦਕਾ ਹੀ ਹੈ। ਸਾਇੰਸ ਦੇ ਵਿਕਾਸ ਨਾਲ ਸੰਬੰਧਿਤ ਛੇ ਭਾਗ ਸਨ। ਇਸ ਵਿੱਚ ਮੌਜੂਦਾ ਗਿਆਨ ਦਾ ਸਰਵੇਖਣ ਹੈ ਅਤੇ ਉਸ ਦੇ ਤਰਕ ਨੂੰ ਸਾਰੇ ਕੁਦਰਤੀ ਵਿਧਾਨਾਂ ਅਤੇ ਨਵੇਂ ਨੇਮਾਂ ਦੇ ਲਾਗੂ ਕਰਨ ਦੀਆਂ ਉਦਾਹਰਨਾਂ ਹਨ।

     1621 ਵਿੱਚ ਜਦੋਂ ਉਹ ਸੱਠ ਸਾਲ ਦਾ ਸੀ ਤਾਂ ਉਹ ਆਪਣੀ ਪ੍ਰਤਿਭਾ ਦੀ ਸਿਖਰ ਤੇ ਸੀ। ਬੇਕਨ ਨੇ ਆਪਣਾ ਸੱਠਵਾਂ ਜਨਮ ਦਿਨ ਆਪਣੇ ਜਨਮ ਅਸਥਾਨ ਸਟਰੈਂਡ ਵਿੱਚ ਜੌਰਕ ਹਾਊਸ ਵਿੱਚ ਆਲੀਸ਼ਾਨ ਪਾਰਟੀ ਦੇ ਕੇ ਮਨਾਇਆ। ਇਸ ਤੋਂ ਪੰਜ ਦਿਨਾਂ ਪਿੱਛੋਂ ਬੇਕਨ ਨੂੰ ਵਿਸਕਾਊਂਟ ਸੇਂਟ ਐਲਬਨਸ ਬਣਾਇਆ ਗਿਆ। ਪਰ ਇਸ ਦੇ ਨਾਲ ਉਸ ਦੀ ਬਰਬਾਦੀ ਦਾ ਦੌਰ ਸ਼ੁਰੂ ਹੋ ਗਿਆ। ਬੇਕਨ ਨੂੰ ਪਾਰਲੀਮੈਂਟ ਦੇ ਹਾਈਕੋਰਟ ਵੱਲੋਂ ਰਿਸ਼ਵਤ ਲੈਣ ਦਾ ਦੋਸ਼ੀ ਠਹਿਰਾਇਆ ਗਿਆ ਅਤੇ ਉਸ ਨੂੰ ਜੁਰਮਾਨਾ ਹੋਇਆ ਤੇ ਜੇਲ੍ਹ ਕਰ ਦਿੱਤੀ ਗਈ। ਉਸ ਨੂੰ ਪਾਰਲੀਮੈਂਟ ਅਤੇ ਆਪਣੇ ਸਰਕਾਰੀ ਅਹੁਦੇ ਤੋਂ ਬੇਦਖ਼ਲ ਕਰ ਦਿੱਤਾ ਗਿਆ। ਬੇਸ਼ਕ ਬੇਕਨ ਨੇ ਆਪਣਾ ਕਸੂਰ ਤਾਂ ਮੰਨਿਆ ਪਰ ਇਹ ਨੈਤਿਕ ਪੱਖੋਂ ਚਰਚਾ ਦਾ ਵਿਸ਼ਾ ਬਣ ਗਿਆ।

     ਬੇਕਨ ਨੇ ਆਪਣੀ ਜ਼ਿੰਦਗੀ ਦੇ ਪਿਛਲੇ ਚਾਰ ਸਾਲਾਂ ਵਿੱਚ ਹਿਸਟਰੀ ਆਫ਼ ਹੈਨਰੀ ਸੈਵਨਥ, ਡੀ ਔਗਮੈਟੀਸ ਸਾਈਂਟੇਰੀਅਮ (1623), ਦਾ ਨਿਊ ਐਟਲਾਂਟੀਸ (1624) ਅਤੇ ਸਿਲਵਾ ਸਿਲਵਾਵੇਰਮ (1627) ਲਿਖੀਆਂ।

     ਟਰਿਨਿਟੀ ਕਾਲਜ ਸਮੇਂ ਬੇਕਨ ਨੂੰ ਅਰਸਤੂ ਦੀ ਵਿਚਾਰਧਾਰਾ ਪਸੰਦ ਨਹੀਂ ਸੀ। ਉਹ ਪਲੈਟੋ ਦੇ ਅਸੂਲਾਂ ਦੀ ਵੀ ਵਿਰੋਧਤਾ ਕਰਦਾ ਸੀ। ਉਸ ਅਨੁਸਾਰ ਅਰਸਤੂ ਦੀ ਵਿਚਾਰਧਾਰਾ ਨਵੀਆਂ ਉਪਲਬਧੀਆਂ ਸੰਬੰਧੀ ਵਾਦ- ਵਿਵਾਦ ਨੂੰ ਜਨਮ ਦਿੰਦੀ ਹੈ। ਉਸ ਅਨੁਸਾਰ ਪਲੈਟੋ ਦਾ ਅੰਦਰੂਨੀ ਗਿਆਨ ਮਨੁੱਖੀ ਮਨ ਨੂੰ ਅੰਤਰਵਰਤੀ ਬਣਾਉਂਦਾ ਹੈ ਜਦੋਂ ਕਿ ਬੇਕਨ ਦਾ ਆਪਣਾ ਨਵਾਂ ਤਰੀਕਾ ਦਿਮਾਗ਼ ਨੂੰ ਬਾਹਰੀ ਚੀਜ਼ਾਂ ਨਾਲ ਤਾਲ-ਮੇਲ ਸਥਾਪਿਤ ਕਰਨ ਤੇ ਜ਼ੋਰ ਦਿੰਦਾ ਸੀ। ਸਾਇੰਸ ਦਾ ਕਾਰਜ ਪ੍ਰਯੋਗ ਕਰਨਾ ਹੈ। ਇਨਸਾਨ ਦਾ ਕੰਮ ਚੀਜ਼ਾਂ ਵਿੱਚ ਤਬਦੀਲੀ ਲਿਆਉਣਾ ਹੈ ਨਾ ਕਿ ਚੀਜ਼ਾਂ ਬਾਰੇ ਰਿਕਾਰਡ ਕਰਨਾ। ਉਸ ਦਾ ਭਾਵ ਹੈ ‘ਐਕਟਿਵ ਸਾਇੰਸ`। ਸਾਇੰਸ ਨੂੰ ਇਨਸਾਨਾਂ ਦੀ ਬਿਹਤਰੀ ਲਈ ਹੀ ਇੱਕ ਔਜ਼ਾਰ ਦਾ ਕੰਮ ਕਰਨਾ ਚਾਹੀਦਾ ਹੈ।

     ਜੇਕਰ ਮੌਨਟੇਨ ਨੇ ਲੇਖ ਲਿਖਣ ਦੀ ਰੀਤ ਚਲਾਈ ਤਾਂ ਬੇਕਨ ਪਹਿਲਾ ਸੀ ਜਿਸ ਨੇ ਕੁਝ ਜ਼ਰੂਰੀ ਤਬਦੀਲੀਆਂ ਨਾਲ ਇਸ ਨੂੰ ਇੰਗਲੈਂਡ ਵਿੱਚ ਸ਼ੁਰੂ ਕੀਤਾ। ਉਸ ਦੀਆਂ ਰਚਨਾਵਾਂ ਵਿੱਚ ਉਸ ਦੀ ਜ਼ਿੰਦਗੀ, ਉਸ ਦੀਆਂ ਡੂੰਘੀਆਂ ਭਾਵਨਾਵਾਂ, ਆਸਾਂ, ਡਰ ਕਦੇ ਵੀ ਉੱਭਰ ਕੇ ਨਹੀਂ ਆਉਂਦੇ। ਭਾਵੇਂ ਉਸ ਨੇ ਕੋਈ ਵੱਖਰਾ ਸਕੂਲ ਸ਼ੁਰੂ ਤਾਂ ਨਹੀਂ ਕੀਤਾ ਪਰ ਉਸ ਦੇ ਲੇਖ ਗਿਆਨ ਅਤੇ ਤਰਕ ਸਦਕਾ ਅੰਗਰੇਜ਼ੀ ਸਾਹਿਤ ਵਿੱਚ ਸਭ ਤੋਂ ਜ਼ਿਆਦਾ ਮਸ਼ਹੂਰ ਅਤੇ ਪੜ੍ਹਨਯੋਗ ਮੰਨੇ ਜਾਂਦੇ ਹਨ।

     ਦਾ ਨਿਊਐਟਲਾਂਟੀਸ ਦੇ ਲੇਖ 1614 ਵਿੱਚ ਲਿਖੇ ਗਏ ਅਤੇ 1617 ਵਿੱਚ ਪ੍ਰਕਾਸ਼ਿਤ ਹੋਏ। ਇਸ ਕਿਤਾਬ ਨੂੰ ਇੱਕ ਦਿਮਾਗ਼ੀ ਰੁਮਾਂਚਕ ਰਚਨਾ ਵਜੋਂ ਸਵੀਕਾਰਿਆ ਜਾ ਸਕਦਾ ਹੈ। 1626 ਵਿੱਚ ਬੇਕਨ ਦੀ ਮੌਤ ਹੋ ਗਈ।


ਲੇਖਕ : ਸ਼ਿਵਦੇਵ ਕੌਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 2638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.