ਮਾਘੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮਾਘੀ : ਮਾਘੀ ਸਿੱਖ ਸਮੁਦਾਇ ਦਾ ਇਤਿਹਾਸਿਕ ਪੁਰਬ ਹੈ, ਜੋ ਖਿਦਰਾਣੇ (ਅਜੋਕਾ ਮੁਕਤਸਰ) ਦੀ ਢਾਬ ਵਿੱਚ ਗੁਰੂ ਗੋਬਿੰਦ ਸਿੰਘ ਅਤੇ ਸੂਬਾ ਸਰਹਿੰਦ ਦੀ ਸ਼ਾਹੀ ਫ਼ੌਜ ਨਾਲ ਹੋਈ ਘਮਸਾਨ ਦੀ ਲੜਾਈ ਸਮੇਂ ਚਾਲੀ ਸਿੰਘਾਂ ਦੇ ਸ਼ਹੀਦ ਹੋ ਜਾਣ ਦੀ ਯਾਦ ਵਜੋਂ ਮਾਘ ਮਹੀਨੇ ਦੀ ਪਹਿਲੀ ਤਿਥੀ (ਸੰਗਰਾਂਦ) ਨੂੰ ਮਨਾਇਆ ਜਾਂਦਾ ਹੈ।

     ਇਤਿਹਾਸਿਕ ਹਵਾਲਿਆਂ ਅਨੁਸਾਰ ਇੱਕ ਸਮੇਂ ਇਹ ਚਾਲੀ ਸਿੰਘ ਗੁਰੂ ਗੋਬਿੰਦ ਸਿੰਘ ਵੱਲੋਂ ਲੜੀਆਂ ਜਾ ਰਹੀਆਂ ਨਿੱਤ ਦੀਆਂ ਜੰਗਾਂ ਤੋਂ ਤੰਗ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਕੇ ਘਰਾਂ ਨੂੰ ਚਲੇ ਗਏ ਸਨ, ਪਰ ਬੇਮੁੱਖ ਹੋ ਕੇ ਘਰ ਗਿਆਂ ਨੂੰ ਜਦੋਂ ਮਾਈ ਭਾਗੋ ਅਤੇ ਹੋਰਨਾਂ ਨੇ ਲਾਹਨਤਾਂ ਪਾਉਂਦੇ ਹੋਏ ਚੂੜ੍ਹੀਆਂ ਪਾ ਲੈਣ ਦਾ ਮਿਹਣਾ ਦਿੱਤਾ ਤਾਂ ਇਹ ਸਿੰਘ ਗੁਰੂ ਸਾਹਿਬ ਤੋਂ ਭੁੱਲ ਬਖਸ਼ਾਉਣ ਲਈ ਵਾਪਸ ਪਰਤ ਆਏ; ਤਦ ਉਹਨਾਂ ਦਾ ਟਾਕਰਾ (ਗੁਰੂ ਸਾਹਿਬ ਨਾਲ, ਖਿਦਰਾਣੇ ਦੀ ਢਾਬ ਵਿੱਚ ਲੜਦੀ) ਸ਼ਾਹੀ ਫ਼ੌਜ ਨਾਲ ਹੋਇਆ। ਇਉਂ ਇਹ ਪਰਤ ਕੇ ਆਏ ਸਿੰਘ, ਜੋਸ਼ ਅਤੇ ਵੀਰਤਾ ਨਾਲ ਲੜਦੇ ਮੁਗ਼ਲ ਫ਼ੌਜ ਨੂੰ ਭਾਜੜ ਪਾਉਂਦੇ ਹੋਏ ਸ਼ਹੀਦ ਹੋਏ।

     ਟਿੱਬੀ (ਉੱਚੀ ਥਾਂ) ਤੋਂ ਮੁਗ਼ਲ ਫ਼ੌਜਾਂ ’ਤੇ ਤੀਰਾਂ ਦੀ ਵਰਖਾ ਕਰਦੇ ਹੋਏ ਗੁਰੂ ਸਾਹਿਬ ਨੇ ਇਹਨਾਂ ਸਿੰਘਾਂ ਨੂੰ ਮਾਈ ਭਾਗੋ ਸਮੇਤ ਵੀਰਤਾ ਨਾਲ ਸ਼ਹੀਦੀ ਪਾਉਂਦੇ ਦੇਖਿਆ ਤਾਂ ਉਹ ਉਹਨਾਂ ਦੇ ਕੋਲ ਆਏ। ਤਦ ਮਹਾਂ ਸਿੰਘ ਨੇ ਸਹਿਕਦਿਆਂ ਹੋਇਆ ਲਿਖ ਕੇ ਦਿੱਤਾ ਬੇਦਾਵਾ ਪਾੜ ਦੇਣ ਦੀ ਅਰਜ ਕੀਤੀ; ਗੁਰੂ ਸਾਹਿਬ ਨੇ ਮਹਾਂ ਸਿੰਘ ਦਾ ਸਿਰ ਆਪਣੇ ਗੋਡੇ `ਤੇ ਰੱਖਦੇ ਹੋਇਆਂ ਬੇਦਾਵਾ ਪਾੜ ਕੇ ਇਹਨਾਂ ਚਾਲੀ ਸਿੰਘਾਂ ਨੂੰ ਬੇਦਾਵੇ ਤੋਂ ਮੁਕਤ ਹੋਣ ਦੀ ਪਦਵੀ ਦਿੱਤੀ ਅਤੇ ਉਸ ਥਾਂ ਦਾ ਨਾਂ ਮੁਕਤਸਰ ਰੱਖ ਕੇ ਟੁੱਟੀ ਸਿੱਖੀ ਨੂੰ ਮੁੜ ਗੰਢਣ ਦਾ ਵਚਨ ਦਿੱਤਾ। ਗੁਰੂ ਸਾਹਿਬ ਨੇ ਉਹਨਾਂ ਸਿੰਘਾਂ ਦਾ ਆਪਣੇ ਹੱਥੀਂ ਦਾਹ- ਸੰਸਕਾਰ ਕੀਤਾ। ਇਸ (ਸੰਸਕਾਰ ਵਾਲੀ) ਥਾਂ `ਤੇ ਮੁਕਤਸਰ ਨਾਂ ਦਾ ਸਰੋਵਰ ਅਤੇ ਗੁਰਦੁਆਰਾ ‘ਸ਼ਹੀਦ ਗੰਜ` ਸਥਿਤ ਹੈ। ਸਿੱਖ ਧਰਮ ਨਾਲ ਸੰਬੰਧਿਤ ਅਰਦਾਸ ਵਿੱਚ ਇਹਨਾਂ ਸ਼ਹੀਦ ਸਿੰਘਾਂ ਨੂੰ ਚਾਲੀ ਮੁਕਤਿਆਂ ਦੀ ਵਡਿਆਈ ਨਾਲ ਯਾਦ ਕੀਤਾ ਜਾਂਦਾ ਹੈ। ਇਹ ਸਰੋਵਰ ਪਹਿਲੀ ਵਾਰ ਇਲਾਹੀ ਵਰਖਾ ਨਾਲ ਭਰਿਆ ਦੱਸਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਥਾਂ ਤੇ ਸ਼ਰਧਾ ਨਾਲ ਇਸ਼ਨਾਨ ਕਰਨ ਵਾਲੇ ਨੂੰ ਪਾਪਾਂ ਦੀ ਮੈਲ ਤੋਂ ਮੁਕਤ ਹੋਣ ਦਾ ਵਰ ਵੀ ਦਿੱਤਾ।

     ਮੁਕਤਸਰ ਵਿੱਚ ਕਈ ਗੁਰਧਾਮ ਹਨ, ਜਿਨ੍ਹਾਂ ਦੇ ਦਰਸ਼ਨਾਂ ਲਈ ਦੂਰੋਂ-ਦੂਰੋਂ ਲੋਕ ਮਾਘ ਮਹੀਨੇ ਦੀ ਪਹਿਲੀ ਤਿਥੀ (ਸੰਗਰਾਂਦ) ਨੂੰ ਮੇਲੇ ਦੀ ਸ਼ਕਲ ਵਿੱਚ ਪੁੱਜ ਕੇ ਮੁਕਤਸਰ ਸਰੋਵਰ ਵਿੱਚ ਇਸ਼ਨਾਨ ਕਰਦੇ ਹਨ। ਹਜ਼ਾਰਾਂ ਲੋਕਾਂ ਦਾ ਇਕੱਠ ਜਲੂਸ (ਮਹੱਲ ਜਾਂ ਨਗਰ ਕੀਰਤਨ) ਦੇ ਰੂਪ ਵਿੱਚ ਨਗਰ ਦੇ ਕੁਝ ਪਾਵਨ ਅਸਥਾਨਾਂ (ਜੋ ਨਗਰ ਦੇ ਉੱਤਰ ਦੱਖਣ ਵੱਲ ਸਥਿਤ ਹਨ) `ਤੇ ਵੀ ਜਾਂਦਾ ਹੈ। ਇਹ ਮੁੱਖ ਅਸਥਾਨ, ਰਿਕਾਬਗੰਜ (ਜਿੱਥੇ ਗੁਰੂ ਗੋਬਿੰਦ ਸਿੰਘ ਦੇ ਘੋੜੇ ਦੀ ਰਕਾਬ ਟੁੱਟੀ), ਟਿੱਬੀ ਸਾਹਿਬ (ਜਿੱਥੋਂ ਗੁਰੂ ਸਾਹਿਬ ਨੇ ਮੁਗ਼ਲ ਫ਼ੌਜ `ਤੇ ਤੀਰਾਂ ਦੀ ਵਰਖਾ ਕੀਤੀ), ਮੁਖਵੰਜਨਾ ਸਾਹਿਬ (ਜਿੱਥੇ ਗੁਰੂ ਸਾਹਿਬ ਨੇ ਦੰਦ ਸਾਫ਼ ਕਰਨ ਉਪਰੰਤ ਦਾਤਣ ਸੁੱਟੀ, ਜੋ ਬਾਅਦ ਵਿੱਚ ਬ੍ਰਿਛ ਦੇ ਰੂਪ ਵਿੱਚ ਹਰੀ ਹੋਈ) ਅਤੇ ਤੰਬੂ ਸਾਹਿਬ ਦੇ ਦਰਸ਼ਨ ਕੀਤੇ ਜਾਂਦੇ ਹਨ, ਜਿੱਥੇ ਸਿੱਖ ਫ਼ੌਜਾਂ ਨੇ ਲੜਾਈ ਸਮੇਂ ਤੰਬੂ ਲਾਏ। ਪਰ ਮੇਲੇ (ਪੁਰਬ) ਤੇ ਆਇਆ ਹਰ ਵਿਅਕਤੀ ਸਰੋਵਰ ਵਿੱਚ ਇਸ਼ਨਾਨ ਕਰਨ ਦਾ ਵਿਸ਼ੇਸ਼ ਮਹਾਤਮ ਮੰਨਦਾ ਹੈ।

     ਭਾਰਤੀ ਧਰਮ ਗ੍ਰੰਥਾਂ ਅਨੁਸਾਰ ਵੀ ਇਸ ਮਾਘੀ ਦੇ ਦਿਨ, ਤੀਰਥ ਇਸ਼ਨਾਨ ਅਤੇ ਦਾਨ ਦਾ ਵਿਸ਼ੇਸ਼ ਮਹਾਤਮ ਮੰਨਿਆ ਗਿਆ ਹੈ। ਇਸ ਦਿਨ ਸੂਰਜ, ਧਨ-ਰਾਸ਼ੀ ਵਿੱਚੋਂ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਮਕਰ ਰਾਸ਼ੀ ਸਭ ਰਾਸ਼ੀਆਂ ਵਿੱਚੋਂ ਸ੍ਰੇਸ਼ਟ ਮੰਨੀ ਗਈ ਹੈ। ਇਸ ਦਿਨ ਪੂਰੇ ਭਾਰਤ ਵਿੱਚ ਕਈ ਵੱਡੇ ਪੁਰਬ ਮਨਾਏ ਜਾਂਦੇ ਹਨ। ਜਿਵੇਂ ਉੱਤਰ ਪ੍ਰਦੇਸ਼ ਵਿੱਚ ਰੰਗੋਲੀ, ਤਾਮਿਲਨਾਡੂ ਵਿੱਚ ਪੋਂਗਲ, ਮਹਾਂਰਾਸ਼ਟਰ ਵਿੱਚ ਮਿਲਨ ਦਿਵਸ ਅਤੇ ਇਲਾਹਾਬਾਦ ਵਿੱਚ ਮਕਰ ਸੰਕਰਾਂਤੀ ਆਦਿ...।

     ਅਜੋਕੇ ਸਮੇਂ ਧਾਰਮਿਕ ਪੁਰਬਾਂ `ਤੇ ਰਾਜਨੀਤਿਕ ਕਾਨਫਰੰਸਾਂ ਦੇ ਦਖ਼ਲ ਨੇ ਇਹਨਾਂ ਪੁਰਬਾਂ ਅਤੇ ਮੇਲਿਆਂ ਦਾ ਰੂਪ ਬਦਲ ਦਿੱਤਾ ਹੈ। ਫਿਰ ਵੀ ਮੁਕਤਸਰ ਦੇ ਇਸ ਮਾਘੀ ਮੇਲੇ `ਤੇ ਘੋੜਿਆਂ ਦੀ ਖ਼ਰੀਦ-ਵੇਚ ਲਈ ਲੱਗਦੀ ਵੱਡੀ ਮੰਡੀ ਵਿਸ਼ੇਸ਼ ਰੂਪ ਵਿੱਚ ਪ੍ਰਸਿੱਧ ਹੈ।


ਲੇਖਕ : ਬਲਕਾਰ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 21483, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮਾਘੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਘੀ (ਨਾਂ,ਇ) ਮਾਘ ਮਹੀਨੇ ਦੀ ਸੰਗਰਾਂਦ; ਮਾਘ ਮਹੀਨੇ ਦੀ ਸੰਗਰਾਂਦ ਨੂੰ ਮੁਕਤਸਰ ਵਿਖੇ ਲੱਗਣ ਵਾਲਾ ਮੇਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21461, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਘੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਘੀ [ਨਾਂਇ] ਮਾਘ ਦੀ ਸੰਗਰਾਂਦ ਨੂੰ ਲੱਗਣ ਵਾਲ਼ਾ ਮੇਲਾ , ਇੱਕ ਤਿਉਹਾਰ , ਇੱਕ ਪਵਿੱਤਰ ਦਿਹਾੜਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21474, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਘੀ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮਾਘੀ (ਤਿਉਹਾਰ): ਮਾਘੀ ਤੋਂ ਭਾਵ ਹੈ ਮਾਘ ਮਹੀਨੇ ਦੀ ਸੰਗ੍ਰਾਂਦ ਜੋ ਲੋਹੜੀ ਤੋਂ ਅਗਲੇ ਦਿਨ ਆਉਂਦੀ ਹੈ। ਹਿੰਦੂ ਧਰਮ ਵਿਚ ਇਸ ਦਿਨ ਇਸ਼ਨਾਨ ਕਰਨ ਦਾ ਬਹੁਤ ਮਹਾਤਮ ਹੈ। ਇਹ ਨਿਸ਼ਨਾਨ ਗੰਗਾ , ਯਮੁਨਾ ਜਾਂ ਹੋਰ ਕਿਸੇ ਵਗਦੇ ਜਲ ਜਾਂ ਸਰੋਵਰ ਵਿਚ ਕੀਤਾ ਜਾਣਾ ਉਚਿਤ ਹੈ। ਸਭ ਤੋਂ ਅਧਿਕ ਮਹੱਤਵ ਤ੍ਰਿਵੇਣੀ ਵਿਚ ਕੀਤੇ ਇਸ਼ਨਾਨ ਦਾ ਹੈ। ਇਸ਼ਨਾਨ ਕਰਨ ਦਾ ਸਰਵੋਤਮ ਸਮਾਂ ਪ੍ਰਭਾਤ ਜਾਂ ਬ੍ਰਹਮ- ਮਹੂਰਤ ਹੈ। ਸੂਰਜ ਚੜ੍ਹਨ ਉਪਰੰਤ ਕੀਤਾ ਗਿਆ ਇਸ਼ਨਾਨ ਵਿਸ਼ੇਸ਼ ਮਹੱਤਵ ਨਹੀਂ ਰਖਦਾ। ਇਸ ਤਿਉਹਾਰ ਨੂੰ ਅਗਨੀ- ਪੂਜਾ ਅਤੇ ਸੂਰਜ-ਪੂਜਾ ਦੇ ਸੁਮੇਲ ਦਾ ਪ੍ਰਤੀਕ ਮੰਨਿਆ ਗਿਆ ਹੈ।

ਇਸ ਦਿਨ ਕੀਤਾ ਇਸ਼ਨਾਨ ਸਿਹਤ ਦੇ ਪੱਖ ਤੋਂ ਵੀ ਬੜਾ ਜ਼ਰੂਰੀ ਹੈ ਕਿਉਂਕਿ ਲੋਹੜੀ ਵਾਲੇ ਦਿਨ ਮੂੰਗਫਲੀ , ਰਿਉੜੀਆਂ, ਭੁਗਾ , ਗੱਚਕ ਆਦਿ ਗਰਮ ਪਦਾਰਥਾਂ ਦਾ ਸੇਵਨ ਕੀਤਾ ਜਾਂਦਾ ਹੈ। ਇਨ੍ਹਾਂ ਗਰਮ ਪਦਾਰਥਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਲਈ ਪ੍ਰਭਾਤ ਵੇਲੇ ਇਸ਼ਨਾਨ ਕਰਨਾ ਬਹੁਤ ਲਾਭਦਾਇਕ ਹੈ। ਇਸ ਤੋਂ ਇਲਾਵਾ ਮਾਘੀ ਵਾਲੇ ਦਿਨ ਭੋਜਨ ਵੀ ਬਹੁਤ ਹਲਕਾ ਫੁਲਕਾ ਕੀਤਾ ਜਾਂਦਾ ਹੈ, ਜਿਵੇਂ ਰਹੁ ਵਾਲੀ ਖੀਰ , ਮੋਠਾਂ ਦੀ ਦਾਲ ਸਹਿਤ ਤਿਆਰ ਕੀਤੀ ਖਿਚੜੀ ਆਦਿ। ਖਿਚੜੀ ਦੀ ਖੁਸ਼ਕੀ ਨੂੰ ਘਟਾਉਣ ਲਈ ਚੰਗਾ ਘਿਓ ਵੀ ਪਾਇਆ ਜਾਂਦਾ ਹੈ। ਮਾਘੀ ਵਾਲੇ ਦਿਨ ਦਾਨ-ਪੁੰਨ ਵੀ ਕੀਤਾ ਜਾਂਦਾ ਹੈ ਕਿਉਂਕਿ ਗੁਜ਼ਰ ਚੁਕੇ ਸਾਕਾਂ , ਸੰਬੰਧੀਆਂ ਦੀ ਆਤਮਾ ਦੀ ਸ਼ਾਂਤੀ ਲਈ ਅਜਿਹਾ ਕਰਨ ਦਾ ਵਿਸ਼ੇਸ਼ ਮਹੱਤਵ ਹੈ। ਅਨੇਕ ਥਾਂਵਾਂ’ਤੇ ਨਿੱਕੇ ਵੱਡੇ ਮੇਲੇ ਲਗਦੇ ਹਨ।

ਸਿੱਖ ਧਰਮ ਵਿਚ ਮੁਕਤਸਰ ਦਾ ਮਾਘੀ ਦਾ ਮੇਲਾ ਵਿਸ਼ੇਸ਼ ਪ੍ਰਸਿੱਧ ਹੈ ਜਿਸ ਵਿਚ ਹਰ ਸਾਲ ਲੱਖਾਂ ਲੋਕ ਸ਼ਾਮਲ ਹੁੰਦੇ ਹਨ ਅਤੇ ਪਵਿੱਤਰ ਸਰੋਵਰ ਵਿਚ ਇਸ਼ਨਾਨ ਕਰਦੇ ਹਨ। ਇਸ ਦਿਨ ਦਾ ਪਿਛੋਕੜ ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨਾਲ ਜੋੜਿਆ ਜਾਂਦਾ ਹੈ। ਇਸ ਮੇਲੇ ਵਿਚ ਰਾਜਨੈਤਿਕ ਪਾਰਟੀਆਂ ਨੇ ਵੀ ਆਪਣੇ ਜਲਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਤਿੰਨ ਦਿਨਾਂ ਦੇ ਇਸ ਮੇਲੇ ਵਿਚ ਆਖੀਰਲੇ ਦਿਨ ਮਹੱਲੇ ਦਾ ਜਲੂਸ ਨਿਕਲਦਾ ਹੈ ਜੋ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਨਿਕਲ ਕੇ ਗੁਰਦੁਆਰਾ ਟਿੱਬੀ ਸਾਹਿਬ ਵਿਚ ਸਮਾਪਤ ਹੁੰਦਾ ਹੈ। ਇਸ ਦੀ ਸਮਾਪਤੀ ਨਾਲ ਮੇਲਾ ਖ਼ਤਮ ਹੋ ਜਾਂਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.