ਮੁੰਦਾਵਣੀ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੁੰਦਾਵਣੀ : ਮੁੰਦਾਵਣੀ ਸ਼ਬਦ ‘ਮੁੰਦਣ’ ਤੋਂ ਬਣਿਆ ਹੈ, ਜਿਸ ਦੇ ਅਰਥ ਹਨ ਬੰਦ ਕਰਨਾ। ਇਸ ਤੋਂ ਅਗਾਂਹ ਇਸ ਦੇ ਅਰਥ ਕੀਤੇ ਜਾਂਦੇ ਹਨ-ਰੋਕਣਾ, ਬੱਸ ਕਰਨੀ, ਹੱਦ ਬੰਨ੍ਹਣੀ ਜਾਂ ਸੌਂਹ ਪਾਉਣੀ। ਪੰਡਤ ਤਾਰਾ ਸਿੰਘ ਨਰੋਤਮ ਨੇ ਮੁੰਦਾਵਣੀ ਨੂੰ ਜੰਞ ਬੰਨ੍ਹਣ ਦੇ ਗੀਤ ਕਿਹਾ ਹੈ। ਉਪਰੋਕਤ ਦਿੱਤੇ ਅਰਥਾਂ ਤੋਂ ਸੌਂਹ ਪਾਉਣੀ ਜਾਂ ਹੱਦ ਬੰਨ੍ਹਣੀ ਦਾ ਅਰਥ ਵੀ ਜੰਞ ਬੰਨ੍ਹਣ ਦੇ ਗੀਤ ਹੀ ਬਣਦਾ ਹੈ। ਪੰਡਤ ਤਾਰਾ ਸਿੰਘ ਨਰੋਤਮ ਦਾ ਕਥਨ ਹੈ, ਅਰਜਨ ਸਾਹਿਬ ਜੀ ਕੇ ਵਿਬਾਹ ਸਮੇਂ ਇਸਤਰੀਓਂ ਨੇ ਜਨੇਤ ਕੀ ਥਾਲੀਆਂ ਬੰਧੀ। ਉਸ ਬੰਨਣੇ ਕਾ ਨਾਮ ਮੁੰਦਾਵਣੀ ਬਨਾ ਹੈ। (ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਮੁੰਦਾਵਣੀ, ਗਿਆਨੀ ਗੁਰਦਿੱਤ ਸਿੰਘ, ਪੰਨਾ 90)

     ਭਾਈ ਕਾਨ੍ਹ ਸਿੰਘ ਨਾਭਾ ਨੇ ਮੁੰਦਾਵਣੀ ਦਾ ਅਰਥ ਮੁੰਦਣ ਜਾਂ ਮੋਹਰ ਛਾਪ ਲਾਉਣਾ ਕਰਦਿਆਂ ਲਿਖਿਆ ਹੈ ਕਿ, ‘ਭਾਰਤ ਵਿੱਚ ਰੀਤੀ ਹੈ ਕਿ ਮਹਾਰਾਜਿਆਂ ਦੇ ਖਾਣ- ਪਾਣ ਦਾ ਪ੍ਰਬੰਧ ਕਰਨ ਵਾਲਾ ਸਰਦਾਰ ਆਪਣੇ-ਆਪਣੇ ਭੋਜਨ ਤਿਆਰ ਕਰਵਾ ਕਿ ਦੇਗਚੇ ਆਦਿ ਬਰਤਨਾਂ ਪੁਰ ਮੋਹਰ ਲਾ ਦਿੰਦਾ ਹੈ ਤਾਂ ਕਿ ਅਸ਼ੁੱਭ ਜ਼ਹਿਰ ਆਦਿ ਭੋਜਨ ਵਿੱਚ ਨਾ ਮਿਲਾ ਸਕੇ, ਫਿਰ ਜਦ ਥਾਲ ਪਰੋਸਦਾ ਹੈ ਤਦ ਵੀ ਥਾਲ ਪਰ ਸਰਪੋਸ਼ ਦੇ ਕੇ ਮੋਹਰ ਲਾ ਦਿੰਦਾ ਹੈ। ਉਹ ਮੋਹਰ ਜ਼ੁੰਮੇਵਾਰ ਸਰਦਾਰ ਦੇ ਰੂ-ਬਰੂ ਮਹਾਰਾਜਾ ਦੇ ਸਨਮੁਖ ਖੋਲ੍ਹੀ ਜਾਂਦੀ ਹੈ।` ਭਾਈ ਕਾਨ੍ਹ ਸਿੰਘ ਨਾਭਾ ਨੇ ਗੁਰਬਾਣੀ ਦੀ ਜਿਸ ਪੰਕਤੀ ਦਾ ਜ਼ਿਕਰ ਕੀਤਾ ਹੈ, ਉਸ ਦਾ ਅਰਥ ਬੁਝਾਰਤ ਵੀ ਬਣਦਾ ਹੈ।

          ਇਹ ਮੁੰਦਾਵਣੀ ਸਤਿਗੁਰ ਪਾਈ, ਗੁਰਸਿੱਖਾਂ ਲੱਧੀ ਭਾਲਿ॥

                                                (ਮਹਲਾ ਤੀਜਾ, ਵਾਰ ਸੋਰਠ)

     ਜੇਕਰ ਉਪਰੋਕਤ ਅਰਥਾਂ ਤੱਕ ਆਪਣੇ-ਆਪ ਨੂੰ ਸੀਮਿਤ ਰੱਖੀਏ ਤਾਂ ਬੁਝਾਰਤ ਜਾਂ ਜੰਞ ਬੰਨ੍ਹਣ ਦੇ ਗੀਤਾਂ ਨੂੰ ਮੁੰਦਾਵਣੀ ਕਿਹਾ ਜਾਣਾ ਚਾਹੀਦਾ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ ‘ਲੋਕ’ ਜਦੋਂ ਗੀਤ ਗਾਉਂਦਾ ਹੈ ਤਾਂ ਅੰਤ ਉਪਰ ਜਾ ਕੇ ਕੋਈ ਪਰੰਪਰਾਗਤ ਪੰਕਤੀਆਂ ਉਚਾਰਦਾ ਹੈ। ਉਹਨਾਂ ਪਰੰਪਰਾਗਤ ਪੰਕਤੀਆਂ ਨੂੰ ਹੀ ਮੁੰਦਾਵਣੀ ਕਹਿਣਾ ਚਾਹੀਦਾ ਹੈ। ਔਰਤਾਂ ਸਿਠਣੀਆਂ ਤੋਂ ਬਾਅਦ ਅਖੀਰ ਤੇ ਮਾਫ਼ੀ ਮੰਗਣ ਦੇ ਬੋਲ ਉਚਾਰਦੀਆਂ ਹਨ ਤਾਂ ਕਿ ਕੋਈ ਗੁੱਸਾ ਨਾ ਕਰੇ। ਜਿਵੇਂ :

          -        ਵਿਆਹ ਦੀਆਂ ਸਿੱਠਣੀਆਂ, ਲੜਾਈ ਦੇ ਮਿਹਣੇ

                   ਅਸੀਂ ਨਿੱਤ ਨਿੱਤ ਨਹੀਂ ਦੇਣੇ।

          -        ਸਲਾਈਆਂ ਸਲਾਈਆਂ

                   ਹੁਣ ਸਾਨੂੰ ਮਾਫ਼ ਕਰੋ, ਬਹੁਤ ਬੋਲੀਆਂ ਪਾਈਆਂ।

ਮਰਦਾਂ ਦੇ ਭੰਗੜੇ ਦੇ ਅਖੀਰ ਦੇ ਬੋਲ ਆਮ ਤੌਰ ਤੇ ਇਹ ਹੁੰਦੇ ਹਨ :

          -        ਰੰਗਲੀ ਦੁਨੀਆ ਤੋਂ ਜੀਅ ਨੀ ਜਾਣ ਨੂੰ ਕਰਦਾ।

ਇਸੇ ਤਰ੍ਹਾਂ ਕਵੀਸ਼ਰ ਵੀ ਅਖੀਰਲੀਆਂ ਪੰਕਤੀਆਂ ਇਉਂ ਉਚਾਰਦਾ ਹੈ :

          -        ਕੁਝ ਦਿਨ ਖੇਡ ਲੈ, ਮੌਜਾਂ ਮਾਣ ਲੈ,

                   ਤੈਂ ਭੱਜ ਜਾਵਣਾ ਉਏ ਕੰਗਣਾ ਕੱਚ ਦਿਆ।

     ਨਾਨਕੀਆਂ ਜਦੋਂ ਵਿਆਹ ਖ਼ਤਮ ਹੋਣ ਤੋਂ ਬਾਅਦ ਖੜਕਾ-ਦੜਕਾ ਕਰਦੀਆਂ ਵਾਪਸ ਪਰਤਦੀਆਂ ਹਨ, ਤਾਂ ਉੱਥੇ ਵੀ ਉਹ ਸਿੱਠ ਕਰਨੋਂ ਨਹੀਂ ਟਲਦੀਆਂ :

                              ਕੋਠੇ ਉਤੇ ਘੁੱਗੀਆਂ ਬਨੇਰੇ ਉਤੇ ਕਾਂ ਲੋਕੋ,

ਅਸੀਂ ਚੱਲੇ ਚੱਲੇ

ਅਸੀਂ ਚੱਲੇ ਚੱਲੇ ...ਚ ਲੈ ਲਓ ਥਾਂ ਲੋਕੋ,

                             ਅਸੀਂ ਚੱਲੇ ਚੱਲੇ।

     ਇਉਂ ਗੀਤਾਂ ਦੀ ਸ਼ੁਰੂਆਤ ਨੂੰ ਮੰਗਲਾਚਰਨ ਤੇ ਅੰਤਿਮ ਪੰਕਤੀਆਂ ਨੂੰ ਮੁੰਦਾਵਣੀ ਕਹਿਣਾ ਚਾਹੀਦਾ ਹੈ।


ਲੇਖਕ : ਕਰਮਜੀਤ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 7998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮੁੰਦਾਵਣੀ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੁੰਦਾਵਣੀ : ਮੁਦਰਾ ਜਾਂ ਮੁਹਰ ਛਾਪ ਜਿਸ ਰਾਹੀਂ ਵਸਤੂ ਦੇ ਪਰਮਾਣਿਕ ਹੋਣ ਦਾ ਪਤਾ ਲਗੇ। ਪੁਰਾਤਨ ਸਮਿਆਂ ਵਿਚ ਬਾਦਸ਼ਾਹਾਂ ਨੁੂੰ ਭੋਜਨ ਪਰੋਸਣ ਤੋਂ ਪਹਿਲਾਂ ਉਸ ਨੂੰ ਇਕ ਅਹਿਲਕਾਰ ਦੁਆਰਾ ਪਰਖਿਆ ਜਾਂਦਾ ਸੀ ਤਾਂ ਕਿ ਬਾਦਸ਼ਾਹ ਨੂੰ ਕੋਈ ਜ਼ਹਿਰੀਲਾ ਜਾਂ ਅਸ਼ੁਭ ਭੋਜਨ ਨਾ ਖੁਆਇਆ ਜਾਏ। ਇਸ ਉਪਰੰਤ ਉਸ ਅਹਿਲਕਾਰ ਦੀ ਮੁਹਰ ਲਗ ਜਾਂਦੀ ਸੀ ਅਤੇ ਉਹ ਥਾਲ ਉਸ ਦੀ ਮੌਜੂਦਗੀ ਵਿਚ ਬਾਦਸ਼ਾਹ ਅੱਗੇ ਪਰੋਸਿਆ ਜਾਂਦਾ ਸੀ। ਇਸ ਤਰ੍ਹਾਂ ਬਾਦਸ਼ਾਹ ਦੇ ਭੋਜਨ ਵਿਚਲੇ ਪਦਾਰਥਾਂ ਦੀ ਸ਼ੁਧੀ ਬਾਰੇ ਉਹ ਜ਼ਿੰਮੇਵਾਰ ਹੁੰਦਾ ਸੀ। ਇਸ ਮੁਦ੍ਰਣ ਦੀ ਕ੍ਰਿਆ ਨੂੰ ਮੁੰਦਾਵਣੀ ਜਾਂ ਮੁਦਾਵਣੀ/ਕਿਹਾ ਜਾਂਦਾ ਸੀ। 

ਮੁੰਦਾਵਣੀ ਦਾ ਦੂਜਾ ਅਰਥ ਅੜਾਉਣੀ, ਬੁਝਾਰਤ ਜਾਂ ਭੇਤ ਦੀ ਗੱਲ ਹੈ ਜੋ ਛੇਤੀ ਸਮਝ ਨਾ ਆ ਸਕੇ। ਸਾਹਿਤ ਵਿਚ ਇਹ ਇਕ ਅਜਿਹੀ ਰਚਨਾ ਹੈ ਜਿਸ ਦੇ ਪ੍ਰਗਟ ਅਰਥ ਤੋਂ ਬਿਨਾਂ ਕੋਈ ਹੋਰ ਅਰਥ ਜਾਂ ਸਾਰਥਕ ਪਦ ਵੀ ਬਣ ਜਾਵੇ। ਅਰਥਾਤ ਅਸਲ ਭਾਵ ਜਾਂ ਅਰਥ ਮੁੰਦ ਕੇ (ਬੰਦ ਕਰ ਕੇ, ਲੁਕਾ ਕੇ) ਰੱਖਿਆ ਹੋਵੇ। ਇਹ ਗੁਹਜ ਅਭਿਪ੍ਰਾਇ ਗੱਲ ਹੈ ਜੋ ਭਾਲ ਨਾਲ ਲੱਭਣ ਵਾਲੀ ਹੈ :-

ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ‖

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਮੁੰਦਾਵਣੀ ਦੇ ਦੋ ਸਲੋਕ ਹਨ। ਪਹਿਲਾ, ਸੋਰਠਿ ਦੀ ਵਾਰ ਵਿਚ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਣ ਕੀਤਾ ਹੋਇਆ ਹੈ ਅਤੇ ਦੂਜਾ, ਸਲੋਕ ਮ: ੯ ਤੋਂ ਬਾਅਦ 1429 ਪੰਨੇ ਉੱਤੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਉਚਾਰਿਆ ਹੋਇਆ ਮੁੰਦਾਵਣੀ ਸਿਰਲੇਖ ਹੇਠ ਹੀ ਦਰਜ ਹੈ। 

ਸੋਰਠਿ ਦੀ ਵਾਰ ਵਿਚਲੇ ਸਲੋਕ ਦਾ ਪਾਠ ਹੈ : 

          -ਸਲੋਕ ਮ: ੩‖

ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ‖

ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ‖

ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ‖

ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ‖

ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ‖

ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ‖

ਅਰਥਾਤ ਗੁਰਸਿਖ ਦੇ ਹਿਰਦੇ ਰੂਪੀ ਥਾਲ ਵਿਚ ਗੁਰੂ ਵੱਲੋਂ ਤਿੰਨ ਵਸਤੂਆਂ ਪਰੋਸੀਆਂ ਗਈਆਂ ਹਨ ਜੋ ਰੂਹਾਨੀ ਖ਼ੁਰਾਕ ਹਨ ਅਤੇ ਸੁਆਦ ਵਿਚ ਅੰਮ੍ਰਿਤ ਤੋਂ ਵੀ ਸ੍ਰੇਸ਼ਟ ਹਨ। ਇਸ ਭੋਜਨ ਦੇ ਖਾਣ ਨਾਲ ਮਨ ਤ੍ਰਿਪਤ ਅਤੇ ਮੁਕਤੀ ਦਾ ਦੁਆਰ ਪ੍ਰਾਪਤ ਹੁੰਦਾ ਹੈ। ਇਹ ਭੋਜਨ ਕਿਸੇ ਹੋਰ ਤਰੀਕੇ ਨਾਲ ਨਹੀਂ ਸਿਰਫ਼ ਗੁਰੂ ਦੀ ਬਖ਼ਸ਼ੀ ਵੀਚਾਰ ਨਾਲ ਲਭਦਾ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਪਤਾ ਨਹੀਂ ਲੱਗਾ ਕਿ ਤਿੰਨ ਵਸਤੂਆਂ ਕੀ ਹਨ ? ਅਰਥਾਤ ਇਹ ਅਜੇ ਇਕ ਬੁਝਾਰਤ ਹੈ। ਇਸ ਲਈ ਗੁਰੂ ਜੀ ਫੁਰਮਾਉਂਦੇ ਹਨ ਕਿ ਇਹ ਬੁਝਾਰਤ ਤਾਂ ਹੈ ਪਰ ਇਸ ਨੂੰ ਵਿੱਚੋਂ ਕਿਉਂ ਕੱਢੀਏ, ਇਸ ਨੂੰ ਦਿਲ ਵਿਚ ਧਾਰਨ ਕਰੀਏ। ਇਹ ਬੁਝਾਰਤ ਸਤਿਗੁਰੂ ਨੇ ਆਪ ਪਾਈ ਹੈ ਅਤੇ ਗੁਰੂ ਦੇ ਸਿੱਖਾਂ ਨੇ ਟੋਲ ਕਰ ਕੇ ਲੱਭ ਲਈ ਹੈ। ਗੁਰਮੁਖਾਂ ਨੇ ਘਾਲਣਾ ਘਾਲ ਕੇ ਹਰੀ (ਪ੍ਰਭੂ) ਨੂੰ ਪ੍ਰਾਪਤ ਕੀਤਾ ਹੈ। ਇਸ ਲਈ ਜਿਸ ਨੂੰ ਵਾਹਿਗੁਰੂ ਆਪ ਬੁਝਾਏਗਾ, ਉਹੀ ਇਸ ਬੁਝਾਰਤ ਨੂੰ ਬੁਝ ਸਕੇਗਾ। ਅੰਤ ਤਕ ਇਸ ਸਲੋਕ ਵਿਚ ਬੁਝਾਰਤ ਨਿਭੀ ਹੈ। ਇਸ ਸਲੋਕ ਵਿਚ ਗੁਰੂ ਜੀ ਨੇ ਪ੍ਰਭੂ ਪ੍ਰਾਪਤੀ ਦੇ ਸਾਰ ਸਿਧਾਂਤ ਦਾ ਇਸ਼ਾਰਾ ਦਿੱਤਾ ਹੈ ਜੋ ਘਾਲ ਘਾਲਣ ਵਾਲੇ ਗੁਰਸਿੱਖਾਂ ਤੇ ਖੁਲ੍ਹ ਜਾਂਦਾ ਹੈ ਪਰ ਇਸ ਸਲੋਕ ਵਿਚ ਉਸ ਨੂੰ ਖੋਲ੍ਹਿਆ ਨਹੀਂ। ਗੁਰਸਿੱਖੀ ਦੀ ਚੋਟੀ ਉੱਤੇ ਖੜ੍ਹੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਇਸ ਦਾ ਪਤਾ ਲਗਣਾ ਸੁਭਾਵਕ ਸੀ। ਉਨ੍ਹਾਂ ਨੇ ਇਸ ਬੁਝਾਰਤ ਨੂੰ ਖੋਲ੍ਹਿਆ ਅਤੇ ਆਪਣੇ ਉਚਾਰਨ ਕੀਤੇ ਸਲੋਕ ਦਾ ਸਿਰਲੇਖ ਵੀ ‘ਮੁੰਦਾਵਣੀ’ ਰੱਖਿਆ। ਇਹ ਸਲੋਕ ਸ੍ਰੀ ਗੁਰੂ ਅਮਰਦਾਸ ਜੀ ਦੇ ਸਲੋਕ ਵਿਚਲੀ ਬੁਝਾਰਤ ਦਾ ਉੱਤਰ ਹੈ ਪਰ ਆਪਣੇ ਆਪ ਵਿਚ ਫ਼ਿਰ ਇਕ ਬੁਝਾਰਤ ਹੀ ਹੈ ਜੋ ਥੋੜ੍ਹੀ ਜਿਹੀ ਵੀਚਾਰ ਕਰਨ ਨਾਲ ਖੁਲ੍ਹ ਜਾਂਦੀ ਹੈ। 

ਮੁੰਦਾਵਣੀ ਮਹਲਾ ੫ ‖

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ‖

ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ‖

ਜੇ ਕੋ ਖਾਵੈ ਜੋ ਕੋ ਭੂੰਚੈ ਤਿਸ ਕਾ ਹੋਇ ਉਧਾਰੋ ‖

ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿਧਾਰੋ ‖

ਤਮ ਸੰਸਾਰੁ ਚਰਨ ਲਗਿ ਤਰੀਐ ਸਭ ਨਾਨਕ ਬ੍ਰਹਮ ਪਸਾਰੋ ‖

ਅਰਥਾਤ ਥਾਲ ਵਿਚ ਤਿੰਨ ਵਸਤੂਆਂ ਹਨ ; ‘ਸਤੁ’ , ‘ਸੰਤੋਖ’ ਅਤੇ ‘ਅੰਮ੍ਰਿਤ ਨਾਮੁ ਠਾਕੁਰ ਕਾ’। ਇਥੇ ‘ਵੀਚਾਰੋ’ ਕ੍ਰਿਆ ਹੈ ਅਰਥਾਤ ਵੀਚਾਰ ਕਰ ਲਵੋ। ਇਸ ਮੁੰਦਾਵਣੀ ਨੂੰ ਖੋਲ੍ਹਣ ਵਾਲੀ ਕੁੰਜੀ ‘ਵੀਚਾਰੋ’ ਪਦ ਵਿਚ ਹੈ ਅਰਥਾਤ ਜੇਕਰ ਤੁਸੀਂ ਵੀਚਾਰ ਕਰੋਗੇ ਤਾਂ ਮੁੰਦਾਵਣੀ (ਬੁਝਾਰਤ) ਖੁਲ੍ਹ ਗਈ, ਕਿ ਤਿੰਨ ਵਸਤੂਆਂ ਸਤ, ਸੰਤੋਖ ਅਤੇ ਪ੍ਰਭੂ ਦਾ ਅੰਮ੍ਰਿਤ ਨਾਮ ਹਨ। ਪਹਿਲੀ ਮੁੰਦਾਵਣੀ ਵਿਚ ਜਿਵੇਂ ‘ਸੰਤਹੁ’ ਲਭੈ ਗੁਰ ਵੀਚਾਰਿ’ ਕਿਹਾ ਸੀ ਉਸੇ ਤਰ੍ਹਾਂ ਹੁਣ ਕਿਹਾ ਹੈ ਕਿ ‘ਵੀਚਾਰੋ’ । ਪਹਿਲੀ ਮੁੰਦਾਵਣੀ ਵਿਚ ਵੀ ਫਲ ‘ਮੋਖ ਦੁਆਰ’ ਦਸਿਆ ਸੀ ਅਤੇ ਇਸ ਵਿਚ ਫਲ ਵੀ ‘ਹੋਇ ਉਧਾਰੋ’ ਦੱਸਿਆ ਹੈ। 

ਪੋਠੋਹਾਰ ਵਿਚ ‘ਮੁੰਦਾਵਣੀ’ ਬੁਝਾਰਤ ਨੂੰ ਕਿਹਾ ਜਾਂਦਾ ਸੀ ਅਤੇ ਜਿਸ ਸਮੇਂ ਬਰਾਤ ਰੋਟੀ ਖਾਣ ਬੈਠਦੀ ਸੀ ਤਾਂ ਕੁੜੀਆਂ ਬੁਝਾਰਤ ਪਾ ਕੇ ਥਾਲ ਬੰਨ੍ਹ ਦਿੰਦੀਆਂ ਸਨ ਜਦੋਂ ਤਕ ਉਹ ਬੁਝਾਰਤ ਨਾ ਬੁਝੀ ਜਾਵੇ ਬਰਾਤ ਰੋਟੀ ਨਹੀਂ ਖਾ ਸਕਦੀ ਸੀ। ਪੋਠੋਹਾਰੀ ਹੁਣ ਵੀ ਆਮ ਬੋਲਚਾਲ ਵਿਚ ਬੋਲਦੇ ਹਨ, ‘ਮੁੰਦਾਵਣੀਆਂ ਕਿਉਂ ਪਏ ਪਾਨੇ ਓ’, ਸਿੱਧੀ ਗੱਲ ਦਸੋ। 

ਸ੍ਰੀ ਗੁਰੂ ਅਮਰਦਾਸ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੋਹਾਂ ਨੇ ਥਾਲ ਅਤੇ ਉਸ ਵਿਚ ਪਰੋਸੇ ਭੋਜਨ ਦਾ ਜ਼ਿਕਰ ਕਰ ਕੇ ਬਰਾਤ ਦੀ ਰੋਟੀ ਵਾਲੀ ਮੁੰਦਾਵਣੀ ਦਾ ਅਲੰਕਾਰ ਵਰਤਿਆ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-13-29, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.: ਪੰ. ਲੋ. ਵਿ. ਕੋ.; ਸ੍ਰੀ ਅਸਟਗੁਰ ਚਮਤਕਾਰ (ਭਾਗ ਦੂਜਾ) -ਭਾਈ ਵੀਰ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.