ਮੋਤਾ ਸਿੰਘ, ਮਾਸਟਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਮੋਤਾ ਸਿੰਘ, ਮਾਸਟਰ (1888-1960 ਈ.): ਇਕ ਦੇਸ਼ ਭਗਤ ਅਤੇ ਕ੍ਰਾਂਤੀਕਾਰੀ ਸਿੱਖ , ਜਿਸ ਦਾ ਜਨਮ ਸ. ਗੋਪਾਲ ਸਿੰਘ ਦੇ ਘਰ 28 ਫਰਵਰੀ 1888 ਈ. ਵਿਚ ਜਲੰਧਰ ਜ਼ਿਲ੍ਹੇ ਦੇ ਇਕ ਪਿੰਡ ਪਤਾਰਾ ਵਿਚ ਹੋਇਆ। ਦਸਵੀਂ ਪਾਸ ਕਰਨ ਤੋਂ ਬਾਦ ਇਸ ਨੇ ਜੇ.ਵੀ.ਟੀ. ਦੀ ਸਿਖਲਾਈ ਹਾਸਲ ਕੀਤੀ ਅਤੇ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸਕੂਲਾਂ ਵਿਚ ਅਧਿਆਪਨ ਦਾ ਕਾਰਜ ਕਰਦਾ ਰਿਹਾ। ਫਿਰ ਇਸ ਨੇ ਗਿਆਨੀ ਅਤੇ ਮੁਨਸ਼ੀ ਫ਼ਾਜ਼ਿਲ ਦੀਆਂ ਪਰੀਖਿਆਵਾਂ ਪਾਸ ਕੀਤੀਆਂ ਅਤੇ ਬੀ.ਏ. ਪਾਸ ਕਰਕੇ ਸੰਤ ਸਿੰਘ ਸੁਖਾ ਸਿੰਘ ਖ਼ਾਲਸਾ ਸਕੂਲ ਅੰਮ੍ਰਿਤਸਰ , ਖ਼ਾਲਸਾ ਹਾਈ ਸਕੂਲ ਦਮਦਮਾ ਸਾਹਿਬ , ਅਕਾਲ ਕਾਲਜ ਮਸਤੂਆਣਾ ਆਦਿ ਵਿਚ ਪੜ੍ਹਾਇਆ। ਇਸ ਨੇ ਮਾਝਾ ਖ਼ਾਲਸਾ ਦੀਵਾਨ ਨਾਲ ਸੰਬੰਧਿਤ ਹੋ ਕੇ ਕਈ ਥਾਂਵਾਂ ਤੇ ਲੜਕੀਆਂ ਅਤੇ ਲੜਕਿਆਂ ਦੀ ਪੜ੍ਹਾਈ ਲਈ ਖ਼ਾਲਸਾ ਸਕੂਲ ਸਥਾਪਿਤ ਕੀਤੇ। ਇਸ ਤੋਂ ਬਾਦ ਇਹ ਰਾਜਨੀਤੀ ਵਲ ਝੁਕ ਗਿਆ ਅਤੇ 11 ਅਪ੍ਰੈਲ 1919 ਈ. ਨੂੰ ਸ਼ਾਹੀ ਮਸਜਿਦ ਲਾਹੌਰ ਵਿਚ ਅੰਗ੍ਰੇਜ਼ ਸਰਕਾਰ ਵਿਰੋਧੀ ਤਕਰੀਰ ਕਰਨ ਕਰਕੇ ਮਾਰਸ਼ਲ ਲਾਅ ਅਧੀਨ ਗ੍ਰਿਫ਼ਤਾਰ ਕੀਤਾ ਗਿਆ। ਇਸ ਨੇ ਜੇਲ੍ਹ ਵਿਚ ਪਗੜੀ ਬੰਨਣ ਦੀ ਪਾਬੰਦੀ ਦੇ ਵਿਰੋਧ ਵਿਚ ਭੁਖ ਹੜਤਾਲ ਕੀਤੀ। ਦਸੰਬਰ 1919 ਈ. ਦੇ ਮਹੀਨੇ ਵਿਚ ਇਸ ਨੂੰ ਮੁਕਤ ਕੀਤਾ ਗਿਆ।
ਇਸ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਹਿੱਸਾ ਲਿਆ ਪਰ ਅਕਾਲੀ ਦਲ ਦੀ ਸ਼ਾਂਤਮਈ ਨੀਤੀ ਨਾਲ ਸਮਝੌਤਾ ਨ ਕਰ ਸਕਿਆ। ਤਰਨਤਾਰਨ ਅਤੇ ਨਨਕਾਣਾ ਸਾਹਿਬ ਦੇ ਸਾਕਿਆਂ ਨੇ ਇਸ ਨੂੰ ਧੁਰ ਅੰਦਰੋਂ ਹਿਲਾ ਦਿੱਤਾ। 19 ਤੋਂ 21 ਮਾਰਚ 1921 ਈ. ਨੂੰ ਹੁਸ਼ਿਆਰਪੁਰ ਵਿਚ ਹੋਈ ਸਿੱਖ ਐਜੂਕੇਸ਼ਨਲ ਕਾਨਫ੍ਰੰਸ ਵਿਚ ਇਸ ਨੇ ਸ. ਕਿਸ਼ਨ ਸਿੰਘ ਬੜਿੰਗ ਅਤੇ ਕੁਝ ਹੋਰਾਂ ਨਾਲ ਮਿਲ ਕੇ ਇਕ ਖੁਫ਼ੀਆਂ ਮੀਟਿੰਗ ਕੀਤੀ, ਜਿਸ ਵਿਚ ਨਨਕਾਣਾ ਸਾਹਿਬ ਦੇ ਦੁਖਾਂਤਕ ਸਾਕੇ ਦੇ ਜ਼ਿੰਮੇਵਾਰ ਬੰਦਿਆਂ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਗਿਆ। ਪਹਿਲੇ ਉਦਮ ਵਿਚ ਕਾਮਯਾਬ ਨ ਹੋ ਸਕਣ ਕਾਰਣ ਬਹੁਤੇ ਕਾਰਕੁੰਨ ਪਕੜੇ ਗਏ ਅਤੇ ਇਹ ਰੂ-ਪੋਸ਼ ਹੋ ਗਿਆ। ਇਸ ਦੌਰਾਨ ਇਸ ਨੇ ਬਬਰ ਅਕਾਲੀ ਦਲ ਦੀ ਵਿਵਸਥਾ ਕੀਤੀ। ਕਾਬੁਲ ਵੀ ਗਿਆ, ਪਰ 15 ਜੂਨ 1922 ਈ. ਨੂੰ ਪਕੜਿਆ ਗਿਆ ਅਤੇ ਸੱਤ ਸਾਲ ਤਕ ਵਿਭਿੰਨ ਜੇਲ੍ਹਾਂ ਵਿਚ ਕੈਦ ਕਟਦਾ ਰਿਹਾ। ਉਸ ਤੋਂ ਬਾਦ ਇਹ ਮੁਕਤ ਹੋਇਆ, ਪਰ ਫਿਰ ਕਿਸੇ ਨ ਕਿਸੇ ਹੋਰ ਬਾਗੀਆਨਾ ਜੁਰਮ ਵਿਚ ਪਕੜਿਆ ਜਾਂਦਾ ਰਿਹਾ। ਸੰਨ 1945 ਈ. ਵਿਚ ਇਸ ਨੇ ਅਨੇਕ ਵਾਰ ਕੈਦ ਕਟੀ , ਪਰ ਆਪਣੇ ਜੀਵਨ ਉਦੇਸ਼ ਤੋਂ ਨ ਥਿੜਕਿਆ। ਸੰਨ 1952 ਈ. ਵਿਚ ਇਹ ਕਾਂਗ੍ਰਸ ਦੇ ਟਿਕਟ ਉਤੇ ਪੰਜਾਬ ਵਿਧਾਨ ਸਭਾ ਦਾ ਮੈਂਬਰ ਚੁਣਿਆ ਗਿਆ। ਪਰ ਬਾਦ ਵਿਚ ਕਾਂਗ੍ਰਸ ਪਾਰਟੀ ਨਾਲ ਤੋੜ-ਵਿਛੋੜ ਕਰਕੇ ਕਿਸਾਨ ਲਹਿਰ ਵਿਚ ਸ਼ਾਮਲ ਹੋ ਗਿਆ ਅਤੇ ਜ਼ਿਲ੍ਹਾ ਕਿਸਾਨ ਸਭਾ, ਜਲੰਧਰ ਦਾ ਪ੍ਰਧਾਨ ਬਣਿਆ। ਇਸ ਨੇ ਸਾਰਾ ਜੀਵਨ ਦੇਸ਼ ਅਤੇ ਕੌਮ ਦੀ ਸੇਵਾ ਵਿਚ ਲਗਾ ਦਿੱਤਾ। ਨ ਵਿਆਹ ਕੀਤਾ ਅਤੇ ਨ ਹੀ ਜਾਇਦਾਦ ਬਣਾਈ। 9 ਫਰਵਰੀ 1960 ਈ. ਨੂੰ ਅੱਧਰੰਗ ਦੀ ਬੀਮਾਰੀ ਕਾਰਣ ਸਿਵਲ ਹਸਪਤਾਲ ਜਲੰਧਰ ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First