ਮ੍ਰਿਤਕ ਸੰਸਕਾਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮ੍ਰਿਤਕ ਸੰਸਕਾਰ : ਜਦੋਂ ਕੋਈ ਵਿਅਕਤੀ ਮਰਦਾ ਹੈ , ਤਾਂ ਉਦੋਂ ਕੀਤੀ ਜਾਣ ਵਾਲੀ ਕਾਰਵਾਈ ਨੂੰ ‘ ਮ੍ਰਿਤਕ ਸੰਸਕਾਰ’ ਕਿਹਾ ਜਾਂਦਾ ਹੈ । ਹਰ ਇਕ ਧਰਮ , ਸਮਾਜ ਅਤੇ ਦੇਸ਼ ਵਿਚ ਵਖਰੇ ਵਖਰੇ ਢੰਗ ਦੀਆਂ ਰਸਮਾਂ ਹੁੰਦੀਆਂ ਹਨ । ਸਿੱਖ ਸਮਾਜ ਵਿਚ ਵੀ ਥੋੜੇ ਬਹੁਤ ਅੰਤਰ ਨਾਲ ਕਈ ਰਸਮਾਂ ਪ੍ਰਚਲਿਤ ਹਨ । ਪਰ ਸਿੱਖ ਧਰਮ ਦੀ ਪ੍ਰਮੁਖ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ‘ ਸਿੱਖ ਰਹਿਤ ਮਰਯਾਦਾ’ ਨਾਂ ਦੀ ਪੁਸਤਿਕਾ ਵਿਚ ਦਿੱਤਾ ਵਿਵਰਣ ਸਾਰੇ ਸਿੱਖ ਸਮਾਜ ਲਈ ਮੰਨਣਯੋਗ ਹੈ ਜਿਸ ਦਾ ਰੂਪ ਇਸ ਪ੍ਰਕਾਰ ਹੈ :

( ੳ )     ਪ੍ਰਾਣੀ ਨੂੰ ਮਰਨ ਵੇਲੇ— ਜੇ ਮੰਜੇ ਤੇ ਹੋਵੇ ਤਾਂ— ਮੰਜੇ ਤੋਂ ਹੇਠ ਨਹੀਂ ਉਤਾਰਨਾ , ਦੀਵਾ-ਵਟੀ , ਗਊ ਮਣਸਾਉਣਾ ਜਾਂ ਹੋਰ ਕੋਈ ਮਨਮਤ ਸੰਸਕਾਰ ਨਹੀਂ ਕਰਨਾ । ਕੇਵਲ ਗੁਰਬਾਣੀ ਦਾ ਪਾਠ ਕਰਨਾ ਜਾਂ ‘ ਵਾਹਿਗੁਰੂ-ਵਾਹਿਗੁਰੂ’ ਕਰਨਾ ।

( ਅ )     ਪ੍ਰਾਣੀ ਦੇ ਦੇਹ ਤਿਆਗਣ ਤੇ ਧਾਹ ਨਹੀਂ ਮਾਰਨੀ , ਪਿਟਣਾ ਜਾਂ ਸਿਆਪਾ ਨਹੀਂ ਕਰਨਾ । ਮਨ ਨੂੰ ‘ ਵਾਹਿਗੁਰੂ’ ਦੀ ਰਜ਼ਾ ਵਿਚ ਲਿਆਉਣ ਲਈ ਗੁਰਬਾਣੀ ਦਾ ਪਾਠ ਜਾਂ ‘ ਵਾਹਿਗੁਰੂ’ ਦਾ ਜਾਪ ਕਰੀ ਜਾਣਾ ਚੰਗਾ ਹੈ ।

( ੲ )       ਪ੍ਰਾਣੀ ਭਾਵੇਂ ਛੋਟੀ ਤੋਂ ਛੋਟੀ ਉਮਰ ਦਾ ਹੋਵੇ , ਸੋ ਭੀ ਸਸਕਾਰਨਾ ਚਾਹੀਏ । ਜਿਥੇ ਸਸਕਾਰ ਦਾ ਪ੍ਰਬੰਧ ਨ ਹੋ ਸਕੇ , ਉਥੇ ਜਲ-ਪ੍ਰਵਾਹ ਜਾਂ ਹੋਰ ਤਰੀਕਾ ਵਰਤਣ ਤੋਂ ਸ਼ੰਕਾ ਨਹੀਂ ਕਰਨੀ ।

( ਸ )     ਸਸਕਾਰਨ ਲਈ ਦਿਨ ਜਾਂ ਰਾਤ ਦਾ ਭਰਮ ਨਹੀਂ ਕਰਨਾ ।

( ਹ )     ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਾ ਕੇ ਸੁਅੱਛ ਬਸਤਰ ਪਾਏ ਜਾਣ ਤੇ ਕਕਾਰ ਜੁਦਾ ਨ ਕੀਤੇ ਜਾਣ । ਫਿਰ ਤਖ਼ਤੇ ਉਤੇ ਪਾ ਕੇ ਚਲਾਣੇ ਦਾ ਅਰਦਾਸਾ ਸੋਧਿਆ ਜਾਵੇ । ਫਿਰ ਅਰਥੀ ਚੁਕ ਕੇ ਸ਼ਮਸ਼ਾਨ ਭੂਮੀ ਵਲ ਲਿਜਾਇਆ ਜਾਵੇ । ਨਾਲ ਵੈਰਾਗਮਈ ਸ਼ਬਦਾਂ ਦਾ ਉਚਾਰਨ ਕੀਤਾ ਜਾਵੇ । ਸਸਕਾਰ ਦੀ ਥਾਂ ਤੇ ਪਹੁੰਚ ਕੇ ਚਿਖਾ ਰਚੀ ਜਾਵੇ । ਫਿਰ ਸਰੀਰ ਨੂੰ ਅਗਨੀ ਭੇਟਾ ਕਰਨ ਲਈ ਅਰਦਾਸਾ ਸੋਧਿਆ ਜਾਵੇ । ਫਿਰ ਪ੍ਰਾਣੀ ਨੂੰ ਅੰਗੀਠੇ ਉਤੇ ਰਖ ਕੇ ਪੁੱਤਰ ਜਾਂ ਕੋਈ ਹੋਰ ਸੰਬੰਧੀ ਜਾਂ ਹਿਤੂ ਆਦਿ ਅਗਨੀ ਲਾ ਦੇਵੇ । ਸੰਗਤ ਕੁਝ ਵਿਥ ਤੇ ਬਹਿ ਕੇ ਕੀਰਤਨ ਕਰੇ ਜਾਂ ਵੈਰਾਗ-ਮਈ ਸ਼ਬਦ ਪੜ੍ਹੇ । ਜਦ ਅੰਗੀਠਾ ਪੂਰੀ ਤਰ੍ਹਾਂ ਬਲ ਉਠੇ , ਤਾਂ ( ਕਪਾਲਿ ਕਿਰਿਆ ਆਦਿ ਕਰਨਾ ਮਨਮਤ ਹੈ । ) ਕੀਰਤਨ ਸੋਹਿਲੇ ਦਾ ਪਾਠ ਕਰਕੇ ਅਰਦਾਸਾ ਸੋਧ ਕੇ ਸੰਗਤ ਮੁੜ ਆਵੇ ।

              ਘਰ ਆ ਕੇ ਜਾਂ ਲਾਗੇ ਦੇ ਕਿਸੇ ਗੁਰਦੁਆਰੇ ਵਿਚ ਪ੍ਰਾਣੀ ਨਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਰਖਿਆ ਜਾਵੇ ਤੇ ਅਨੰਦ ਸਾਹਿਬ ( ਛੇ ਪਉੜੀਆਂ ) ਦਾ ਪਾਠ ਕਰਕੇ ਅਰਦਾਸਾ ਸੋਧ ਕੇ , ਕੜਾਹ ਪ੍ਰਸ਼ਾਦ ਵਰਤਾਇਆ ਜਾਵੇ । ਇਸ ਪਾਠ ਦੀ ਸਮਾਪਤੀ ਦਸਵੇਂ ਦਿਨ ਹੋਵੇ । ਜੇ ਦਸਵੇਂ ਦਿਨ ਨਾ ਹੋ ਸਕੇ ਤਾਂ ਹੋਰ ਕੋਈ ਦਿਨ ਸੰਬੰਧੀਆਂ ਦੇ ਸੌਖ ਨੂੰ ਮੁਖ ਰੱਖ ਕੇ ਨੀਯਤ ਕੀਤਾ ਜਾਵੇ । ਇਸ ਪਾਠ ਦੇ ਕਰਨ ਵਿਚ ਘਰ ਵਾਲੇ ਦੇ ਸੰਬੰਧੀ ਰਲ ਕੇ ਹਿੱਸਾ ਲੈਣ । ਜੇ ਹੋ ਸਕੇ ਤਾਂ ਹਰ ਰੋਜ਼ ਰਾਤ ਨੂੰ ਕੀਰਤਨ ਭੀ ਹੋਵੇ । ‘ ਦੁਸਹਿਰੇ’ ਦੇ ਪਿਛੋਂ ਚਲਾਣੇ ਦੀ ਕੋਈ ਰਸਮ ਬਾਕੀ ਨਹੀਂ ਰਹਿੰਦੀ ।

( ਕ )     ਮ੍ਰਿਤਕ ਪ੍ਰਾਣੀ ਦਾ ‘ ਅੰਗੀਠਾ’ ਠੰਡਾ ਹੋਣ ਤੇ ਸਾਰੀ ਦੇਹ ਦੀ ਭਸਮ ਅਸਥੀਆਂ ਸਮੇਤ ਉਠਾ ਕੇ ਜਲ ਵਿਚ ਪ੍ਰਵਾਹ ਕਰ ਦਿੱਤੀ ਜਾਵੇ , ਜਾਂ ਉਥੇ ਹੀ ਦੱਬ ਕੇ ਜ਼ਿਮੀਂ ਬਰਾਬਰ ਕਰ ਦਿੱਤੀ ਜਾਵੇ । ਸਸਕਾਰ ਅਸਥਾਨ ਤੇ ਮ੍ਰਿਤਕ ਪ੍ਰਾਣੀ ਦੀ ਯਾਦਗਾਰ ਬਣਾਉਣੀ ਮਨ੍ਹਾ ਹੈ ।

( ਖ )             ਅੱਧ ਮਾਰਗ , ਸਿਆਪਾ , ਫੂਹੜੀ , ਦੀਵਾ , ਪਿੰਡ , ਕਿਰਿਆ , ਸਰਾਧ , ਬੁੱਢਾ ਮਰਨਾ ਆਦਿ ਕਰਨਾ ਮਨਮਤ ਹੈ । ਅੰਗੀਠੇ ਵਿਚੋਂ ਫੁਲ ਚੁਗ ਕੇ ਗੰਗਾ , ਪਤਾਲਪੁਰੀ , ਕਰਤਾਰਪੁਰ ਸਾਹਿਬ ਆਦਿ ਥਾਵਾਂ ਵਿਚ ਜਾ ਕੇ ਪਾਣੇ ਮਨਮਤ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 869, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.