ਮੰਤਰ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਮੰਤਰ : ਲੋਕ ਮਨ ਸਮਝਦਾ ਹੈ ਕਿ ਇਸ ਬ੍ਰਹਿਮੰਡ ਉਪਰ ਹੋਣ ਵਾਲੀਆਂ ਘਟਨਾਵਾਂ ਨੂੰ ਕੋਈ ਦੈਵੀ ਜਾਂ ਰੱਬੀ ਅਦਿੱਖ ਸ਼ਕਤੀ ਕਾਬੂ ਕਰਦੀ ਹੈ। ਵਿਅਕਤੀ ਆਪਣੇ ਮਨ ਦੀਆਂ ਇੱਛਾਵਾਂ ਨੂੰ ਪੂਰਿਆਂ ਕਰਨ ਲਈ ਭਾਵ ਨਾ ਚੰਗੀਆਂ ਲੱਗਣ ਵਾਲੀਆਂ ਘਟਨਾਵਾਂ ਨੂੰ ਰੋਕਣ ਲਈ ਅਤੇ ਚੰਗੀਆਂ ਲੱਗਣ ਵਾਲੀਆਂ ਘਟਨਾਵਾਂ ਨੂੰ ਕਰਨ ਲਈ ਉਸ ਦੈਵੀ ਸ਼ਕਤੀ ਨੂੰ ਮਨਾਉਣ/ਰਿਝਾਉਣ ਦੀ ਕੋਸ਼ਿਸ਼ ਕਰਦਾ ਹੈ। ਜਿੱਥੇ ਧਾਰਮਿਕ ਵਿਅਕਤੀ ਦੈਵੀ ਸ਼ਕਤੀ ਅੱਗੇ ਪੂਰਨ ਰੂਪ ਵਿੱਚ ਸਮਰਪਣ ਕਰ ਕੇ ਉਸ ਅੱਗੇ ਆਪਣੀ ਇੱਛਾ ਪੂਰਤੀ ਲਈ ਬੇਨਤੀਆਂ ਕਰਦਾ ਹੈ ਉੱਥੇ ਜਾਦੂ-ਟੂਣੇ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸਮਝਦਾ ਹੈ ਕਿ ਦੈਵੀ ਸ਼ਕਤੀ ਦੀ ਕਿਸੇ ਖ਼ਾਸ ਨਿਸ਼ਚਿਤ ਵਿਧੀ ਨਾਲ ਪੂਜਾ ਕਰ ਕੇ ਜਾਂ ਖ਼ਾਸ ਮੰਤਰਾਂ ਦਾ ਉਚਾਰਨ ਕਰ ਕੇ ਹਰ ਹਾਲਤ ਵਿੱਚ ਉਸ ਸ਼ਕਤੀ ਤੋਂ ਮਨ ਇੱਛਿਤ ਫਲ ਪ੍ਰਾਪਤ ਕੀਤਾ ਜਾ ਸਕਦਾ ਹੈ। ਧਾਰਮਿਕ ਵਿਅਕਤੀ ਜਿੱਥੇ ਫਲ ਨੂੰ ਦੈਵੀ ਸ਼ਕਤੀ ਦੀ ਇੱਛਾ ਤੇ ਨਿਰਭਰ ਸਮਝਦਾ ਹੈ ਉੱਥੇ ਜਾਦੂ ਮੰਤਰ ਵਿੱਚ ਵਿਸ਼ਵਾਸ ਰੱਖਣ ਵਾਲਾ ਵਿਅਕਤੀ ਸਮਝਦਾ ਹੈ ਕਿ ਠੀਕ ਨਿਸ਼ਚਿਤ ਵਿਧੀ ਅਨੁਸਾਰ ਮੰਤਰ ਮਾਰਨ ਨਾਲ ਹਰ ਹਾਲਤ ਵਿੱਚ ਫਲ ਪ੍ਰਾਪਤ ਹੋਵੇਗਾ।

     ਪੰਜਾਬੀ ਵਿੱਚ ਜੰਤਰ-ਮੰਤਰ-ਤੰਤਰ ਨਾ ਕੇਵਲ ਇਕੱਠੇ ਬੋਲੇ ਹੀ ਜਾਂਦੇ ਹਨ ਸਗੋਂ ਇਸ ਦੇ ਅਰਥ ਵੀ ਇੱਕੋ ਹੀ ਸਮਝੇ ਜਾਂਦੇ ਹਨ। ਅਸਲ ਵਿੱਚ ਇਹਨਾਂ ਦੇ ਅਰਥ ਨੇੜੇ ਤੇੜੇ ਹੋਣ ਦੇ ਬਾਵਜੂਦ ਇਹਨਾਂ ਦਰਮਿਆਨ ਫ਼ਰਕ ਮੌਜੂਦ ਹੈ। ਮੰਤਰ ਸ਼ਬਦਾਂ ਦਾ ਸੂਤਰਿਕ ਸ਼ੈਲੀ ਵਿੱਚ ਪਰੋਇਆ ਅਜਿਹਾ ਸਮੂਹ ਹੁੰਦਾ ਹੈ ਜਿਸ ਦੇ ਉਚਾਰਨ ਨਾਲ ਕਿਸੇ ਮਨੋਕਾਮਨਾ ਦੀ ਪੂਰਤੀ ਦੀ ਆਸ ਰੱਖੀ ਜਾਂਦੀ ਹੈ। ਮਹਾਨ ਕੋਸ਼ ਦੇ ਰਚਨਹਾਰੇ ਭਾਈ ਕਾਨ੍ਹ ਸਿੰਘ ਅਨੁਸਾਰ ਮੰਤਰ ‘ਤੰਤਰ ਸ਼ਾਸਤਰ ਅਨੁਸਾਰ ਕਿਸੇ ਦੇਵਤੇ ਨੂੰ ਰਿਝਾਉਣ ਅਥਵਾ ਕਾਰਯਾ ਸਿਧੀ ਲਈ ਜੱਪਣ ਯੋਗਯ ਸ਼ਬਦ` ਹੈ। ਮੰਤਰਾਂ ਨੂੰ ਧਾਰਮਿਕ ਮੰਤਰ ਅਤੇ ਜਾਦੂ ਮੰਤਰ ਵਿੱਚ ਵੀ ਵੰਡਿਆ ਜਾ ਸਕਦਾ ਹੈ। ਧਾਰਮਿਕ ਮੰਤਰ ਵਿੱਚ ਬੇਨਤੀ ਹੁੰਦੀ ਹੈ ਜਾਂ ਫਿਰ ਕਿਸੇ ਪਵਿੱਤਰ ਧਾਰਮਿਕ ਗ੍ਰੰਥ ਵਿੱਚੋਂ ਕੁਝ ਅੰਸ਼ ਹੁੰਦੇ ਹਨ। ਜਦੋਂ ਕਿ ਜਾਦੂ ਮੰਤਰਾਂ ਵਿੱਚ ਦੈਵੀ ਸ਼ਕਤੀ ਨੂੰ ਇੱਛਾ ਪੂਰਤੀ ਲਈ ਹੁਕਮ ਕੀਤਾ ਹੁੰਦਾ ਹੈ, ਮੰਤਰਾਂ ਪਿੱਛੇ ਮੂਲ ਰੂਪ ਵਿੱਚ ਇਹ ਵਿਸ਼ਵਾਸ ਕੰਮ ਕਰਦਾ ਹੈ ਕਿ ਸ਼ਬਦ ਅਤੇ ਉਸ ਦੀ ਧੁਨੀ ਵਿੱਚ ਸ਼ਕਤੀ ਹੁੰਦੀ ਹੈ। ਸ਼ਬਦ ਦੀ ਸ਼ਕਤੀ ਨਾਲ ਸੰਸਾਰ ਨੂੰ ਚਲਾਉਣ ਵਾਲੀ ਤਥਾ-ਕਥਿਤ ਅਦਿੱਖ ਦੈਵੀ ਸ਼ਕਤੀ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ ਅਤੇ ਇਸ ਪ੍ਰਕਾਰ ਵੱਸ ਕੀਤੀ ਦੈਵੀ ਸ਼ਕਤੀ ਤੋਂ ਆਪਣੀਆਂ ਇੱਛਾਵਾਂ ਪੂਰੀਆਂ ਕਰਵਾਈਆਂ ਜਾ ਸਕਦੀਆਂ ਹਨ। ਮੰਤਰਾਂ ਵਿੱਚ ਆਮ ਕਰ ਕੇ ਕਲਪਿਤ ਮਿਥਿਹਾਸਿਕ ਪਾਤਰ ਕਾਲੀ ਮਾਤਾ, ਭੈਰੋਂ, ਇੰਦਰ, ਨਾਹਰ ਸਿੰਘ ਬੀਰ, ਹਨੂਮਾਨ, ਸੁਲੇਮਾਨ ਆਦਿ ਨੂੰ ਅਰਾਧਿਆ ਜਾਂਦਾ ਹੈ। ਪਰੰਤੂ ਕਈ ਵਾਰ ਇਤਿਹਾਸਿਕ ਅਤੇ ਧਾਰਮਿਕ ਨਾਇਕ ਜਿਵੇਂ ਬਾਬਾ ਫ਼ਰੀਦ, ਗੋਰਖ ਨਾਥ, ਮੁਹੰਮਦ ਸਾਹਿਬ, ਗੁਰੂ ਹਰਿ ਰਾਏ, ਬਾਬਾ ਵਡਭਾਗ ਸਿੰਘ ਦਾ ਨਾਂ ਵੀ ਵਰਤਿਆ ਮਿਲਦਾ ਹੈ।

     ਲੋਕ ਵਿਸ਼ਵਾਸਾਂ ਅਨੁਸਾਰ ਮੰਤਰਾਂ ਨੂੰ ਯਾਦ ਕਰ ਲੈਣਾ ਹੀ ਕਾਫ਼ੀ ਨਹੀਂ ਹੈ ਸਗੋਂ ਇਸ ਨੂੰ ਸਿੱਧ ਵੀ ਕਰਨਾ ਪੈਂਦਾ ਹੈ। ਭਾਵ ਇਸ ਵਿੱਚ ਵਿਸ਼ੇਸ਼ ਕਰਮ-ਕਾਂਡੀ ਵਿਧੀਆਂ ਨਾਲ ਸ਼ਕਤੀ ਭਰਨੀ ਪੈਂਦੀ ਹੈ। ਸਿਆਣਿਆਂ ਜਾਂ ਮਾਂਦਰੀਆਂ ਨੇ ਵਿਸ਼ੇਸ਼ ਵਿਧੀਆਂ ਨਾਲ ਮੰਤਰਾਂ ਵਿੱਚ ਸ਼ਕਤੀ ਭਰੀ ਹੁੰਦੀ ਹੈ। ਇਹ ਵਿਧੀਆਂ ਕਾਫ਼ੀ ਕਠਨ ਮੰਨੀਆਂ ਜਾਂਦੀਆਂ ਹਨ। ਇਹਨਾਂ ਵਿਧੀਆਂ ਲਈ ਵਿਸ਼ੇਸ਼ ਦਿਨ ਗ੍ਰਹਿਣ, ਪੁੰਨਿਆਂ ਜਾਂ ਮੱਸਿਆ ਆਦਿ ਮੰਨੇ ਜਾਂਦੇ ਹਨ। ਇਹਨਾਂ ਵਿਧੀਆਂ ਲਈ ਵਿਸ਼ੇਸ਼ ਥਾਂਵਾਂ ਸ਼ਮਸ਼ਾਨ ਘਾਟ, ਸੁੱਕਾ ਖੂਹ, ਚੌਰਾਹਾ ਆਦਿ ਮੰਨੇ ਜਾਂਦੇ ਹਨ। ਵਿਸ਼ੇਸ਼ ਸਥਾਨਾਂ ਤੇ ਵਿਸ਼ੇਸ਼ ਸਮਿਆਂ ਉਪਰ, ਵਿਸ਼ੇਸ਼ ਸਰੀਰਕ ਆਸਣਾਂ ਜਾਂ ਮੁਦਰਾਵਾਂ ਵਿੱਚ ਬੈਠ ਕੇ ਇਹਨਾਂ ਮੰਤਰਾਂ ਦਾ ਵਿਸ਼ੇਸ਼ ਜਾਪ ਕਰ ਕੇ ਇਹਨਾਂ ਵਿੱਚ ਸ਼ਕਤੀ ਭਰਨ ਦਾ ਪ੍ਰਚਾਰ ਕੀਤਾ ਜਾਂਦਾ ਹੈ। ਅਸਲ ਵਿੱਚ ਅਜਿਹਾ ਤਥਾ-ਕਥਿਤ ਸਿਆਣਿਆਂ ਵੱਲੋਂ ਪ੍ਰਚਾਰਿਆ ਜਾਂਦਾ ਹੈ ਤਾਂ ਜੋ ਕਿਤੇ ਆਮ ਆਦਮੀ ਇਹਨਾਂ ਮੰਤਰਾਂ ਨੂੰ ਸਿੱਖ ਕੇ ਇਹ ਧੰਦਾ ਨਾ ਸ਼ੁਰੂ ਕਰ ਦੇਣ ਜਿਸ ਨਾਲ ਉਹਨਾਂ ਦੀ ਰੋਟੀ-ਰੋਜ਼ੀ ਦਾ ਕੰਮ ਮੱਧਮ ਪੈ ਜਾਵੇ।ਮੰਤਰਾਂ ਦੇ ਸ਼ਬਦ ਆਮ ਕਰ ਕੇ ਤਥਾ-ਕਥਿਤ ਸਿਆਣੇ ਜਾਂ ਮਾਂਦਰੀ ਕਿਸੇ ਨੂੰ ਦੱਸਦੇ ਨਹੀਂ ਹਨ ਇਸ ਕਰ ਕੇ ਇਹਨਾਂ ਮੰਤਰਾਂ ਦਾ ਰਹੱਸਮਈ ਸਰੂਪ ਬਣਿਆ ਰਹਿੰਦਾ ਹੈ। ਪੰਜਾਬ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਦੂਰ ਕਰਨ ਦੇ ਮੰਤਰ ਪ੍ਰਚਲਿਤ ਹਨ। ਦਾੜ੍ਹ ਦਾ ਦਰਦ ਹਟਾਉਣ ਲਈ ਅਕਸਰ ਮੰਤਰ ਮਾਰਿਆ ਜਾਂਦਾ ਹੈ। ਮਰੀਜ਼ ਨੂੰ ਕਮਰੇ ਦੇ ਬੂਹੇ ਦੀ ਸਰਦਲ ਤੇ ਹੇਠਾਂ ਜ਼ਮੀਨ ਉਪਰ ਬਿਠਾ ਲਿਆ ਜਾਂਦਾ ਹੈ। ਉਸ ਦੀ ਦੁਖਦੀ ਦਾੜ੍ਹ ਨੂੰ ਲੋਹੇ ਦਾ ਕੋਈ ਸੰਦ (ਚਾਕੂ ਜਾਂ ਦਾਤੀ) ਛੁਹਾ ਕੇ ਸੱਤ ਵਾਰ ਅੱਗੇ ਲਿਖਿਆ ਮੰਤਰ ਬੋਲਿਆ ਜਾਂਦਾ ਸੀ :

ਡੱਬ ਖੜੱਬਾ ਕੀੜਾ ਬੱਤੀ ਦੰਦ ਚਰੇ

ਹੁੱਦਾ ਸ਼ਾਹ ਫਕੀਰ ਦਾ ਕੀੜਾ ਵਿੱਚੇ ਭੁੱਖਾ ਮਰੇ

     ਇਸੇ ਪ੍ਰਕਾਰ ਸੱਪ, ਠੂੰਹੇ, ਸ਼ਹਿਦ ਦੀ ਮੱਖੀ ਦਾ ਜ਼ਹਿਰ ਉਤਾਰਨ ਦੇ ਮੰਤਰ ਪ੍ਰਚਲਿਤ ਹਨ। ਤੇਈਆ ਤਾਪ ਉਤਾਰਨ, ਅੱਧੇ ਸਿਰ ਦੀ ਪੀੜ, ਪੀਲੀਆ ਵਰਗੇ ਰੋਗ ਹਟਾਉਣ ਦੇ ਮੰਤਰ ਵੀ ਪ੍ਰਚਲਿਤ ਹਨ। ਪਸ਼ੂਆਂ ਦੇ ਦੁੱਧ ਵਧਾਉਣ ਅਤੇ ਕਿਸੇ ਨੂੰ ਆਪਣੇ ਵੱਸ ਕਰਨ ਤੋਂ ਲੈ ਕੇ ਦੁਸ਼ਮਣਾਂ ਨੂੰ ਮਾਰਨ ਤੱਕ ਦੇ ਮੰਤਰ ਮੌਜੂਦ ਹਨ। ਮੰਤਰ ਨੂੰ ਹਥੌਲਾ, ਮੰਦਰਨਾ, ਝਾੜ-ਫੂਕ, ਹੁੱਦਾ, ਧਾਗਾ ਕਰਾਉਣ, ਫਾਂਡਾ ਕਰਾਉਣ ਆਦਿ ਸ਼ਬਦਾਂ ਨਾਲ ਵੀ ਜਾਣਿਆ ਜਾਂਦਾ ਹੈ। ਲੋਕ ਵਿਸ਼ਵਾਸਾਂ ਅਨੁਸਾਰ ਮੰਤਰਾਂ ਨਾਲ ਨਾ ਕੇਵਲ ਬਿਮਾਰੀ ਹਟਾਈ ਜਾ ਸਕਦੀ ਹੈ ਸਗੋਂ ਵਿਰੋਧੀਆਂ ਨੂੰ ਲਗਾਈ ਵੀ ਜਾ ਸਕਦੀ ਹੈ। ਇੱਥੇ ਸਪਸ਼ਟ ਕਰ ਦੇਣਾ ਯੋਗ ਹੋਵੇਗਾ ਕਿ ਮੰਤਰ ਲੋਕ ਵਿਸ਼ਵਾਸਾਂ ਤੇ ਆਧਾਰਿਤ ਹਨ। ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀਂ ਹੈ। ਬਿਮਾਰੀਆਂ ਸਮੇਂ ਕਦੇ ਵੀ ਮੰਤਰਾਂ ਤੇ ਟੇਕ ਨਹੀਂ ਰੱਖਣੀ ਚਾਹੀਦੀ ਸਗੋਂ ਵਿਗਿਆਨਿਕ ਇਲਾਜ ਕਰਾਉਣਾ ਚਾਹੀਦਾ ਹੈ। ਛੋਟੇ ਬੱਚੇ ਜਾਦੂਗਰਾਂ ਦਾ ਖੇਲ ਦੇਖ ਕੇ ਸਮਝਦੇ ਹਨ ਕਿ ਸ਼ਾਇਦ ਜਾਦੂਗਰ ਨੇ ਕੋਈ ਚੀਜ਼ ਗਾਇਬ ਕਰਨ ਜਾਂ ਪੈਦਾ ਕਰਨ ਦੀ ਅਨੋਖੀ ਖੇਡ ਖੇਡਣ ਲਈ ਮੰਤਰ ਮਾਰਿਆ ਹੁੰਦਾ ਹੈ ਪਰ ਅਸਲ ਵਿੱਚ ਜਾਦੂ ਇੱਕ ਕਲਾ ਹੈ ਜਿਸ ਦਾ ਮੰਤਰਾਂ ਨਾਲ ਕੋਈ ਸੰਬੰਧ ਨਹੀਂ ਹੈ। ਚੰਗੇ ਜਾਦੂਗਰ ਹਮੇਸ਼ਾਂ ਇਸ ਨੂੰ ਕਲਾ ਦੱਸਦੇ ਹਨ ਅਤੇ ਕਦੇ ਵੀ ਕਿਸੇ ਮੰਤਰ ਦੀ ਝੂਠੀ ਗੱਲ ਨਹੀਂ ਦੱਸਦੇ ਪਰੰਤੂ ਕੁਝ ਲਾਲਚੀ ਜਾਦੂਗਰ ਆਪਣੀ ਫੋਕੀ ਪੈਂਠ ਬਣਾਉਣ ਲਈ ਝੂਠਾ ਦਾਅਵਾ ਕਰਦੇ ਹਨ। ਅਜਿਹੇ ਪਖੰਡੀਆਂ ਤੋਂ ਬਚ ਕੇ ਰਹਿਣਾ ਚਾਹੀਦਾ ਹੈ।


ਲੇਖਕ : ਰਾਜਿੰਦਰ ਪਾਲ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 16764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਮੰਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਤਰ (ਨਾਂ,ਪੁ) 1 ਵੇਦ ਦਾ ਪਦ ਅਤੇ ਮੂਲ ਪਾਠ 2 ਯੱਗ ਆਦਿ ਸਮੇਂ ਪੜ੍ਹਿਆ ਜਾਣ ਵਾਲਾ ਸਲੋਕ 3 ਜਾਦੂ-ਟੂਣਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮੰਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮੰਤਰ [ਨਾਂਪੁ] ਸਲੋਕ; ਜਾਦੂ , ਟੂਣਾ; ਗੁਰ, ਢੰਗ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16738, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.