ਮੱਸਾ ਰੰਘੜ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੱਸਾ ਰੰਘੜ (ਮ. 1740 ਈ.): ਅੰਮ੍ਰਿਤਸਰ ਨਗਰ ਤੋਂ 8 ਕਿ.ਮੀ.ਦੱਖਣ ਵਲ ਸਥਿਤ ਪਿੰਡ ਮੰਡਿਆਲੀ ਦੇ ਨਿਵਾਸੀ ਮੱਸੇ ਖ਼ਾਨ ਰੰਘੜ ਨੂੰ ਲਾਹੌਰ ਦੇ ਸੂਬੇਦਾਰ ਜ਼ਕਰੀਆ ਖ਼ਾਨ ਨੇ ਕਾਜ਼ੀ ਅਬਦੁਰ ਰਹਿਮਾਨ ਦੇ ਮਾਰੇ ਜਾਣ ਤੋਂ ਬਾਦ ਅੰਮ੍ਰਿਤਸਰ ਦਾ ਕੋਤਵਾਲ ਨਿਯੁਕਤ ਕੀਤਾ। ਇਸ ਨੂੰ ਵਿਸ਼ੇਸ਼ ਕੰਮ ਇਹ ਸੌਂਪਿਆ ਗਿਆ ਕਿ ਸਿੱਖਾਂ ਨੂੰ ਹਰਿਮੰਦਿਰ ਸਾਹਿਬ ਵਿਚ ਦਾਖ਼ਲ ਨ ਹੋਣ ਦੇਵੇ। ਇਸ ਨੇ ਹਰਿਮੰਦਿਰ ਸਾਹਿਬ ਵਿਚ ਹੀ ਆਪਣਾ ਅੱਡਾ ਜਮਾ ਲਿਆ। ਉਥੇ ਨਿੱਤ ਵੇਸਵਾ ਦਾ ਨਾਚ ਕਰਾਉਂਦਾ ਅਤੇ ਸ਼ਰਾਬ ਤੇ ਤੰਬਾਕੂ ਪੀਂਦਾ ਸੀ। ਉਨ੍ਹਾਂ ਦਿਨਾਂ ਵਿਚ ਜ਼ਕਰੀਆ ਖ਼ਾਨ ਦੇ ਅਤਿਆਚਾਰਾਂ ਕਾਰਣ ਸਿੰਘ ਜੋਧੇ ਪਹਾੜਾਂ ਅਤੇ ਮਰੂਥਲਾਂ ਵਲ ਨਿਕਲ ਗਏ ਸਨ। ਜਦੋਂ ਹਰਿਮੰਦਿਰ ਸਾਹਿਬ ਦੇ ਇਸ ਅਪਮਾਨ ਦਾ ਪਤਾ ਸਰਦਾਰ ਸ਼ਿਆਮ ਸਿੰਘ ਦੇ ਜੱਥੇ ਨੂੰ ਲਗਾ ਜੋ ਉਸ ਵੇਲੇ ਰਾਜਸਥਾਨ ਵਿਚ ਪਨਾਹ ਲਈ ਬੈਠਾ ਸੀ, ਤਾਂ ਸ. ਮਤਾਬ ਸਿੰਘ ਮੀਰਾਕੋਟੀਏ ਨੇ ਇਸ ਅਪਮਾਨ ਦਾ ਬਦਲਾ ਲੈਣ ਦਾ ਪ੍ਰਣ ਕੀਤਾ ਅਤੇ ਇਕ ਹੋਰ ਯੋਧੇ ਸ. ਸੁੱਖਾ ਸਿੰਘ ਕੰਬੋਮਾੜੀ ਵਾਲੇ ਨੂੰ ਨਾਲ ਲੈ ਕੇ ਅੰਮ੍ਰਿਤਸਰ ਲਈ ਪ੍ਰਸਥਾਨ ਕੀਤਾ। ਹਰਿਮੰਦਿਰ ਸਾਹਿਬ ਦੇ ਪ੍ਰਵੇਸ਼ ਦੁਆਰ ਉਤੇ ਲਗੇ ਪਹਿਰੇ ਤੋਂ ਬਚਣ ਲਈ ਇਨ੍ਹਾਂ ਨੇ ਮਾਲੀਆ ਤਾਰਨ ਵਾਲੇ ਕਿਸਾਨਾਂ ਦਾ ਰੂਪ ਧਾਰਿਆ ਅਤੇ 11 ਅਗਸਤ 1740 ਈ. ਨੂੰ ਹਰਿਮੰਦਿਰ ਸਾਹਿਬ ਵਿਚ ਪ੍ਰਵੇਸ਼ ਕੀਤਾ। ਅੰਦਰ ਵੜ ਕੇ ਇਨ੍ਹਾਂ ਨੇ ਮੱਸੇ ਰੰਘੜ ਦਾ ਸਿਰ ਵਢਿਆ ਅਤੇ ਉਸ ਦੇ ਸੰਪਰਕ ਵਿਚ ਬੈਠਿਆਂ ਨੂੰ ਦੰਡ ਦਿੱਤਾ। ਕਿਸੇ ਮੁਗ਼ਲ ਹਾਕਮ ਨੂੰ ਪਤਾ ਲਗਣ ਤੋਂ ਪਹਿਲਾਂ ਇਹ ਸੁਰਖਿਅਤ ਇਲਾਕੇ ਵਲ ਨਿਕਲ ਗਏ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3289, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.