ਯਾਸਕ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਯਾਸਕ : ਵੇਦਾਂ ਦੇ ਪਹਿਲੇ ਵਿਆਖਿਆਕਾਰ, ਗੁਜਰਾਤ-ਰਾਜਸਥਾਨ ਸੀਮਾ ਸਥਿਤ ਪਾਰਸਕਾਰ (ਪਾਰਕਰ) ਨਿਵਾਸੀ, ਪਾਣਿਨੀ ਤੋਂ ਪਹਿਲਾਂ ਦਾ ਨਿਰੁਕਤਕਾਰ ਜਿਸ ਨੇ ਵੇਦਾਂ ਦੇ 1770 ਪਰੋਖ ਵਰਿੱਤੀ (ਅਪ੍ਰਤੱਖ ਵਸਤੂਆਂ ਦਾ ਵਿਵਰਨ ਦੇਣ ਵਾਲੇ ਸ਼ਬਦ) ਸ਼ਬਦਾਂ ਦਾ ਸੰਕਲਨ ਪਹਿਲੇ ਉਪਲਬਧ ਕੋਸ਼, ਨਿਘੰਟੂ, ਵਿੱਚ ਕੀਤਾ ਅਤੇ ਉਹਨਾਂ ਦੇ ਅਰਥਾਂ ਨੂੰ ਵਿਆਖਿਆ ਦੁਆਰਾ ਸਪਸ਼ਟ ਕਰਨ ਲਈ ਨਿਰੁਕਤ ਸ਼ਾਸਤਰ ਦੀ ਰਚਨਾ ਕੀਤੀ। ਨਿਘੰਟੂ ਵਿੱਚ ਪੱਦਾਂ ਦਾ ਸੰਕਲਨ ਆਧੁਨਿਕ ਸਮਾਨਾਰਥ ਕੋਸ਼ (Thesaurus) ਦੀ ਤਰ੍ਹਾਂ ਅਰਥ ਵਿਸ਼ੇ ਅਤੇ ਅਰਥ-ਪਰਿਆਇ ਦੇ ਆਧਾਰ ਤੇ ਤਿੰਨ ਕਾਂਡਾਂ ਵਿੱਚ ਕੀਤਾ ਗਿਆ ਹੈ-ਪਹਿਲੇ ਤਿੰਨ ਅਧਿਆਇਆਂ ਵਾਲੇ ਨੈਘੰਟਕ-ਕਾਂਡ ਵਿੱਚ ‘ਧਰਤੀ` ਅਤੇ ‘ਅਕਾਸ਼’, ‘ਮਨੁੱਖ’ ਅਤੇ ‘ਮਾਤਰਾ’ ਸੰਬੰਧੀ 1341 ਪਦ ਵਿਵਸਥਿਤ ਹਨ; ਦੂਜੇ ਇੱਕ ਅਧਿਆਇ ਵਾਲੇ ਨੈਗਮ-ਕਾਂਡ ਵਿੱਚ ਅਨੇਕਾਰਥਕ ਅਤੇ ਅਗਿਆਤ ਵਿਉਂਤਪਤੀ ਵਾਲੇ 279 ਪਦ ਸੰਕਲਿਤ ਹਨ ਅਤੇ ਤੀਜਾ ਛੇ-ਅਧਿਆਇਆਂ ਵਾਲੇ ਦੈਵਤ-ਕਾਂਡ ਵਿੱਚ 151 ਦੇਵਤਾ ਨਾਂ ਹਨ। ਕੁੱਲ 1771 ਪਦਾਂ ਵਿੱਚੋਂ 1416 ਨਾਮ, 313 ਆਖਿਆਤ, 39 ਨਿਪਾਤ ਅਤੇ 2 ਉਪਸਰਗ ਹਨ। ਇਹਨਾਂ ਸ਼ਬਦਾਂ ਦੀ ਵਿਆਖਿਆ ਨਿਰੁਕਤ ਦੇ 14 ਅਧਿਆਇਆਂ ਵਿੱਚ ਸ਼ਬਦ ਦੇ ਅਰਥ ਅਤੇ ਧੁਨੀ-ਰੂਪ ਦੇ ਆਧਾਰ ਤੇ ਉਸ ਦੀ ਸ੍ਰੋਤ-ਧਾਤੂ ਨੂੰ ਸਥਾਪਿਤ ਕਰ ਕੇ ਕੀਤੀ ਗਈ ਹੈ। ਪਹਿਲੇ ਅਤੇ ਦੂਜੇ ਅਧਿਆਇ ਦੇ ਪੰਜਵੇਂ ਖੰਡ ਤੱਕ ਪਦ-ਵਿਭਾਗ (1/1) ਨਾਮ ਅਤੇ ਆਖਿਆਤ ਪਦਾਂ (ਕਿਰਿਆ ਸ਼ਬਦਾਂ ਤੋਂ ਬਣਨ ਵਾਲੇ ਪਦ) ਦੇ ਲੱਛਣ (1/1-2), ਉਪਸਰਗਾਂ ਦੀ ਨਿਰਾਰਥਕਤਾ (1/3), ਨਿਪਾਤਾਂ ਦਾ ਵਰਗੀਕਰਨ (1/4-11), ਨਾਮਾਂ ਦੀ ਆਖਿਆਤਜਤਾ (1/12-14) ਅਤੇ ਵਿਆਖਿਆ ਦੇ ਸਿਧਾਂਤ (2/1-7) ਆਦਿ ਦੀ ਨਿਰੁਕਤ-ਸ਼ਾਸਤਰ ਦੇ ਦ੍ਰਿਸ਼ਟੀਕੋਣ ਤੋਂ ਚਰਚਾ ਮਿਲਦੀ ਹੈ। ਸਤਵੇਂ ਅਧਿਆਇ ਦੇ ਖੰਡ 13 ਤੱਕ ਨਿਘੰਟੂ ਦੇ ਪਹਿਲੇ ਅਤੇ ਦੂਜੇ ਕਾਂਡ ਵਿੱਚ ਸੰਕਲਿਤ ਸਮਾਨਾਰਥਕ ਅਤੇ ਅਨੇਕਾਰਥਕ ਪਦਾਂ ਦੀ ਵਿਆਖਿਆ ਕੀਤੀ ਹੈ ਅਤੇ 7.14 ਤੋਂ ਬਾਰ੍ਹਵੇਂ ਅਧਿਆਇ ਤੱਕ ਨਿਘੰਟੂ ਦੇ 151 ਦੇਵਤਾ ਨਾਂਵਾਂ ਦੀ ਵਿਆਖਿਆ ਹੈ। ਬਾਕੀ ਦੇ ਅਖੀਰਲੇ ਅਧਿਆਇਆਂ ਵਿੱਚ ਦੋ ਵਿਸ਼ਿਆਂ ‘ਦੇਵਤਾਵਾਂ ਦੀ ਉਸਤਤ’ ਅਤੇ ‘ਮ੍ਰਿਤੂ’ ਦੇ ਬਾਅਦ ਜੀਵ ਦੀ ਹਾਲਤ ਤੇ ਲਿਖਿਆ ਹੈ। ਯਾਸਕ ਦੇ ਵਿਆਖਿਆ ਸਿਧਾਂਤਾਂ ਅਨੁਸਾਰ ਸ਼ਬਦ ਦਾ ਅਰਥ ਉਸ ਦੀ ਮੂਲ ਧਾਤੂ ਤੋਂ ਨਿਯਮਿਤ ਹੈ ਅਤੇ ਮੂਲ ਧਾਤੂ ਦੀ ਖੋਜ ਵਿਆਕਰਨ ਦੀ ਪ੍ਰਕਿਰਿਆ ਅਨੁਸਾਰ, ਅਰਥ ਅਤੇ ਧੁਨੀ-ਸਮਤਾ ਦੇ ਆਧਾਰ ਤੇ ਕਰਨੀ ਚਾਹੀਦੀ ਹੈ। ਪਰੰਤੂ ਅਰਥ-ਸਮਤਾ ਧੁਨੀ-ਸਮਤਾ ਤੋਂ ਜ਼ਿਆਦਾ ਮਹੱਤਵਪੂਰਨ ਹੈ। ਅਰਥ ਸਮਤਾ ਨਿਸ਼ਚਿਤ ਕਰਨ ਲਈ ਸ਼ਬਦ ਦੇ ਪ੍ਰਸੰਗ ਦਾ ਗਿਆਨ ਜ਼ਰੂਰੀ ਹੈ। ਧੁਨੀ-ਸਮਤਾ ਦੇ ਨਿਸ਼ਚੇ ਲਈ ਭਾਸ਼ਾ ਦੀਆਂ ਲੋਪ, ਵਿਕਾਰ, ਆਗਮ ਆਦਿ ਪ੍ਰਵਿਰਤੀਆਂ ਦਾ ਗਿਆਨ ਜ਼ਰੂਰੀ ਹੈ। ਤੀਜਾ ਸ਼ਬਦਾਂ ਦੀ ਵਿਆਖਿਆ ਵਿੱਚ ਭਾਸ਼ਾ ਮਾਨਤਾ ਹੈ ਕਿ ਸ਼ਬਦਾਂ ਦੀ ਵਿਆਖਿਆ ਜ਼ਰੂਰੀ ਕਰਨੀ ਚਾਹੀਦੀ ਹੈ, ਚਾਹੇ ਸ਼ਬਦ ਅਤਿ ਪਰੋਖ ਹੋਵੇ ਅਤੇ ਉਸ ਦੀ ਅਰਥ-ਧੁਨੀ ਸਮਤਾ ਕਿਸੇ ਵੀ ਧਾਤੂ ਦੇ ਨਾਲ ਨਾ ਹੋਵੇ, ਜਿਸ ਨਾਲ ਕਿ ਮੰਤਰਾਂ/ ਪਾਠਾਂ ਦਾ ਅਰਥ ਨਿਰਧਾਰਨ ਕੀਤਾ ਜਾ ਸਕੇ। ਇਸ ਮਤ ਤੋਂ ਯਾਸਕ ਸਿੱਖਿਆਕਾਰਾਂ ਅਤੇ ਵਿਆਕਰਨਕਾਰਾਂ ਤੋਂ ਵੱਖ ਹੈ-ਅਰਥ-ਵਿਆਖਿਆ ਗਿਆਨ ਸਾਧਨ ਹੈ ਅਤੇ ਅਰਥ-ਨਿਰਧਾਰਨ ਭਾਸ਼ਾ ਵਿਗਿਆਨ ਦਾ ਪਰਮ ਉਪਦੇਸ਼ ਹੈ। ਯਾਸਕ ਗਿਆਨ ਨੂੰ ਸਭ ਤੋਂ ਉਪਰ ਮੰਨਦਾ ਹੈ ਅਤੇ ਇਸ ਸੰਬੰਧੀ ਉਸ ਨੇ ਨਿਰੁਕਤ ਦੇ ਪੰਜ ਉਦੇਸ਼ ਦੱਸੇ ਹਨ :

     1. ਨਿਘੰਟੂ ਦਾ ਵਿਖਿਆਨ, 2. ਮੰਤਰਾਰਥ ਗਿਆਨ, 3. ਪਦ-ਵਿਭਾਗ ਗਿਆਨ, 4. ਦੇਵਤਾ-ਗਿਆਨ ਅਤੇ 5. ਗਿਆਨ ਦਾ ਪ੍ਰਸਾਰ। ਸੰਭਵ ਰੂਪ ਵਿੱਚ ਉਸ ਦਾ ਮੁੱਖ ਪ੍ਰਯੋਜਨ ਵੇਦਾਂ ਨੂੰ ਨਿਰਾਰਥਕ ਦੱਸਣ ਵਾਲੇ ਕੌਤਸ ਜਿਹੇ ਨਾਸਤਿਕ ਵਿਚਾਰਕਾਂ ਦੇ ਮਤ ਦਾ ਖੰਡਨ ਕਰਦੇ ਹੋਏ ਵੇਦਾਂ ਦੀ ਸਾਰਥਕਤਾ ਸਥਾਪਿਤ ਕਰਨਾ ਸੀ। ਉਸ ਦਾ ਇਹ ਚਿੰਤਨ ਬਾਅਦ ਵਿੱਚ ਮੀਮਾਂਸਾ ਦਰਸ਼ਨ ਵਿੱਚ ਪੂਰਨ ਰੂਪ ਨਾਲ ਪ੍ਰਗਟ ਹੋਇਆ ਜਿਵੇਂ ਕਿ ਉਸ ਦਾ ਵੱਖ-ਵੱਖ ਦੇਵਤਾਵਾਂ ਦੇ ਪਿੱਛੇ ਇੱਕ-ਰੂਪਤਾ ਦਾ ਸਿਧਾਂਤ ਬਾਅਦ ਵਿੱਚ ਵੇਦਾਂਤ ਦਰਸ਼ਨ ਵਿੱਚ ਪੂਰੀ ਤਰ੍ਹਾਂ ਨਾਲ ਵਿਆਖਿਆਤ ਹੋਇਆ। ਦਰਸ਼ਨ ਵਿੱਚ ਯੋਗਦਾਨ ਤੋਂ ਇਲਾਵਾ ਯਾਸਕ ਦਾ ਭਾਸ਼ਾ ਵਿਸ਼ਲੇਸ਼ਣ-ਸ਼ਬਦਾਂ ਦਾ ਵਰਗੀਕਰਨ, ਕਿਰਿਆਵਾਂ ਦਾ ਅਰਥ ਦੇ ਆਧਾਰ ਤੇ ਵਰਗੀਕਰਨ, ਦਰਸ਼ਨ ਪਰਿਵਰਤਨ ਦੇ ਸਿਧਾਂਤ ਆਦਿ ਵਿਆਕਰਨ ਸ਼ਾਸਤਰ ਵਿੱਚ ਮਹੱਤਵਪੂਰਨ ਹਨ ਅਤੇ ਉਸ ਦਾ ਪ੍ਰਭਾਵ ਪਾਣਿਨੀ ਵਿੱਚ ਪ੍ਰਤੱਖ ਹੈ। ਪਰੰਤੂ ਉਸ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਹੈ ਅਰਥ-ਵਿਸ਼ਲੇਸ਼ਣ ਅਤੇ ਅਰਥ-ਨਿਰਧਾਰਨ ਦੀ ਪ੍ਰਕਿਰਿਆ ਨੂੰ ਨੇਮਬੱਧ ਕਰਨਾ।


ਲੇਖਕ : ਕਪਿਲ ਕਪੂਰ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3713, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.