ਰਹੱਸਵਾਦ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਹੱਸਵਾਦ : ਕੁਦਰਤ ਮਨੁੱਖ ਦੀ ਮਾਂ ਹੈ। ਇਸ ਦੀ ਗੋਦ ਵਿੱਚ ਮਨੁੱਖ ਨੇ ਅੱਖ ਖੋਲ੍ਹੀ। ਮੁੱਢ-ਕਦੀਮ ਤੋਂ ਮਨੁੱਖ ਦਾ ਕੁਦਰਤ ਨਾਲ ਨਜ਼ਦੀਕੀ ਰਿਸ਼ਤਾ ਰਿਹਾ ਹੈ। ਜਦੋਂ ਤੋਂ ਮਨੁੱਖ ਦੀ ਬੁੱਧੀ ਨੇ ਵਿਵੇਕਸ਼ੀਲਤਾ ਦਾ ਪੱਲਾ ਫੜਿਆ, ਉਸ ਦੀ ਸੋਚਣ-ਸਮਝਣ ਦੀ ਯੋਗਤਾ ਵਿਕਸਿਤ ਹੋਈ। ਕੁਦਰਤੀ ਵਰਤਾਰੇ ਅਤੇ ਨਜ਼ਾਰੇ ਉਸ ਦੇ ਮਨ ਅੰਦਰ ਵਿਸਮਾਦ ਭਰਦੇ ਰਹੇ ਹਨ। ਅਨੰਤ-ਅਸੀਮ ਗਗਨ ਦੀ ਥਾਲੀ ਵਿੱਚ ਜਗਦੇ ਚੰਨ-ਸੂਰਜ ਦੇ ਦੀਵੇ ਅਤੇ ਉਸ ਵਿੱਚ ਡਲ੍ਹਕਦੇ ਤਾਰਿਆਂ ਦੇ ਮੋਤੀ, ਵੰਨ-ਸਵੰਨੀ ਧਰਤ, ਮੌਲਦੀ ਵਨਸਪਤੀ, ਪੇੜ-ਪੌਦੇ, ਫੁੱਲ-ਪੰਛੀ, ਸੁਗੰਧੀਆਂ ਵੰਡਦੀ ਪੌਣ, ਵਗਦੇ ਪਾਣੀ, ਅਸਮਾਨ ਨਾਲ ਖਹਿੰਦੇ ਪਰਬਤ-ਗੱਲ ਕੀ ਕੁਦਰਤ ਦਾ ਹਰ ਰੂਪ, ਹਰ ਰੰਗ ਦੇਖ ਕੇ ਮਨੁੱਖ ਦੀ ਅਕਲ ਹੈਰਾਨ ਹੁੰਦੀ ਰਹੀ ਅਤੇ ਮਨ ਅਚੰਭੇ ਨਾਲ ਭਰਦਾ ਰਿਹਾ ਹੈ। ਸਮੁੱਚੀ ਸ੍ਰਿਸ਼ਟੀ ਦੀ ਸਿਰਜਕ ਅਤੇ ਸੰਚਾਲਕ ਸ਼ਕਤੀ ਬਾਰੇ ਕੁਝ ਜਾਣਨ ਲਈ ਮਨੁੱਖੀ ਮਨ ਦੀ ਤੀਬਰ ਇੱਛਾ ਹਮੇਸ਼ਾਂ ਤੋਂ ਰਹੀ ਹੈ। ਉਸ ਅਗਿਆਤ, ਅਗੋਚਰ, ਸ਼ਕਤੀ ਨੂੰ ਪ੍ਰਤੱਖ ਤੌਰ ਤੇ ਸਮਝਣ ਦੀ ਤਾਂਘ ਸਦਾ ਤੋਂ ਉਸ ਦੇ ਅੰਦਰ ਰਹੀ। ਵੇਦਾਂ ਦੀਆਂ ਰਿਚਾਵਾਂ ਤੋਂ ਲੈ ਕੇ ਵਰਤਮਾਨ ਕਾਲ ਤੱਕ ਰਚੇ ਗਏ ਸਾਹਿਤ ਵਿੱਚ ਜਿਗਿਆਸਾ ਦੀ ਇਹ ਭਾਵਨਾ ਕਿਸੇ ਨਾ ਕਿਸੇ ਰੂਪ ਵਿਦਮਾਨ ਰਹੀ ਹੈ। ਦੁਨੀਆ ਭਰ ਦੇ ਧਰਮਾਂ ਅਤੇ ਸੰਪਰਦਾਵਾਂ ਵਿੱਚ ਇਸ ਰਹੱਸਵਾਦੀ ਜਿਗਿਆਸਾ ਦੇ ਪ੍ਰਮਾਣ ਮਿਲਦੇ ਹਨ। ਵਾਸਤਵ ਵਿੱਚ ਇਹ ਭਾਵਨਾ ਅਧਿਆਤਮ ਦੀ ਮੂਲ ਰਹੀ ਹੈ।

     ‘ਰਹੱਸ’ ਦਾ ਪਸਾਰ ਦਰਸ਼ਨ-ਸ਼ਾਸਤਰ ਅਤੇ ਕਾਵਿ ਦੋਵਾਂ ਵਿੱਚ ਮਿਲਦਾ ਹੈ। ਪਰੰਤੂ ਦਰਸ਼ਨ-ਸ਼ਾਸਤਰ ਦੀ ਬੁਨਿਆਦ ‘ਕਿੰਤੂ-ਪਰੰਤੂ’ ਤੇ ਟਿਕੀ ਹੋਈ ਹੈ। ਦਰਸ਼ਨ ਗਿਆਨ ਦੀ ਟੇਕ ਲੈ ਕੇ ਚੱਲਦਾ ਹੈ ਇਸ ਲਈ ਦਰਸ਼ਨ ਸ਼ਾਸਤਰ ਵਿੱਚ ‘ਰਹੱਸ’ ਕਿਸੇ ‘ਵਾਦ’ ਦੇ ਰੂਪ ਵਿੱਚ ਸਾਮ੍ਹਣੇ ਨਹੀਂ ਆਉਂਦਾ। ਦੂਜੇ ਪਾਸੇ ਕਵਿਤਾ ਦਾ ਸੰਬੰਧ ਭਾਵ-ਜਗਤ ਨਾਲ ਹੈ। ਕਵਿਤਾ ਵਿਚਲੇ ਰਹੱਸਵਾਦ ਨੂੰ ਭਾਵਨਾਤਮਿਕ ਰਹੱਸਵਾਦ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰਹੱਸਵਾਦ ਮਨੁੱਖੀ ਆਤਮਾ ਦੀ ਤਾਂਘ ਹੈ ਜੋ ਆਪਣੇ ਅਸਲ ਅਥਵਾ ਮੂਲ ਨੂੰ ਲੱਭਣ, ਜਾਣਨ ਅਤੇ ਪ੍ਰਾਪਤ ਕਰਨ ਲਈ ਬੇਚੈਨ ਹੈ।

     ਰਹੱਸਵਾਦ ਦੇ ਤਿੰਨ ਪੜਾਅ ਮੰਨੇ ਜਾਂਦੇ ਹਨ। ਪਹਿਲੀ ਅਵਸਥਾ ਵਿੱਚ ਸਾਧਕ ਆਪਣੇ ਪ੍ਰੀਤਮ ਨੂੰ ਪ੍ਰਾਪਤ ਕਰਨ ਲਈ ਤਾਂਘਦਾ ਹੈ, ਉਸ ਦੇ ਬਿਰਹੋਂ ਵਿੱਚ ਤੜਪਦਾ ਹੈ। ਦੂਜੀ ਅਵਸਥਾ ਵਿੱਚ ਉਸ ਪਰਮ ਸ਼ਕਤੀ ਦਾ ਗਿਆਨ ਹਾਸਲ ਕਰਦਾ ਹੈ, ਸਭ ਥਾਂ ਉਸ ਦਾ ਨੂਰ ਦੇਖਦਾ ਹੈ। ਤੀਜੀ ਅਵਸਥਾ ਵਿੱਚ ਉਹ ਆਪਣੇ ਪਿਆਰੇ ਵਿੱਚ ਲੀਨ ਹੋ ਕੇ ਉਸ ਦਾ ਰੂਪ ਬਣ ਜਾਂਦਾ ਹੈ। ਕਬੀਰ ਨੇ ਆਪਣੇ ਇੱਕ ਦੋਹੇ ਵਿੱਚ ਇਹਨਾਂ ਅਵਸਥਾਵਾਂ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਹੈ :

ਲਾਲੀ ਮੇਰੇ ਲਾਲ ਕੀ ਜਿਤ ਦੇਖੂੰ ਤਿਤ ਲਾਲ।

          ਲਾਲੀ ਦੇਖਨ ਮੈਂ ਗਈ ਮੈਂ ਭੀ ਹੋ ਗਈ ਲਾਲ।

     ਰਹੱਸਵਾਦੀ ਅਨੁਭਵ ਦੀ ਖ਼ਾਸ ਗੱਲ ਇਹ ਹੈ ਕਿ ਸਾਧਕ ਆਪਣੇ ਅਨੁਭਵ ਲਈ ਕਿਸੇ ਸ਼ਾਸਤਰ-ਪ੍ਰਮਾਣ ਦੀ ਜ਼ਰੂਰਤ ਨਹੀਂ ਸਮਝਦਾ। ਉਸ ਲਈ ਆਪਣਾ ਨਿੱਜੀ ਅਨੁਭਵ ਹੀ ਖ਼ੁਦ-ਪ੍ਰਮਾਣ ਹੁੰਦਾ ਹੈ।

     ਵਿਦਵਾਨਾਂ ਨੇ ਰਹੱਸਵਾਦ ਦੀਆਂ ਜੋ ਪਰਿਭਾਸ਼ਾਵਾਂ ਦਿੱਤੀਆਂ ਹਨ ਉਹਨਾਂ ਦਾ ਸਾਰ-ਸੰਖੇਪ ਇਹੋ ਹੈ ਕਿ ਅਧਿਆਤਮ ਨੇ ਆਤਮਾ-ਪਰਮਾਤਮਾ ਦੀ ਜਿਸ ਏਕਤਾ (ਅਦ੍ਵੈਤ) ਨੂੰ ਸਿਧਾਂਤਿਕ ਰੂਪ ਵਿੱਚ ਪੇਸ਼ ਕੀਤਾ ਹੈ ਕਵਿਤਾ ਵਿੱਚ ਆ ਕੇ ਉਹੀ ਰਹੱਸਵਾਦ ਦਾ ਰੂਪ ਲੈ ਲੈਂਦੀ ਹੈ। ਇਸ ਤਰ੍ਹਾਂ ਦੇ ਚਿੰਤਨ ਦੇ ਬੀਜ ਵੈਦਿਕ ਸਾਹਿਤ ਵਿੱਚ ਮਿਲਦੇ ਹਨ। ਉਪਨਿਸ਼ਦਾਂ ਵਿੱਚ ਆਤਮਾ- ਪਰਮਾਤਮਾ ਦੀ ਅਭਿੰਨਤਾ ਦਰਸਾਉਂਦੇ ਸ਼ਬਦ ‘ਸੋਹੰ’ (ਮੈਂ ਉਹੀ ਹਾਂ) ਅਤੇ ‘ਤਤਵਮਸੀ’ (ਤੂੰ ਓਹੀ ਹੈਂ) ਪ੍ਰਯੋਗ ਹੋਏ ਹਨ। ਪੌਰਾਣਿਕ ਸਾਹਿਤ ਵਿੱਚ ਇਹੀ ਭਾਵ ਭਗਤੀ-ਸਾਧਨਾ ਜਾਂ ਪ੍ਰੇਮ ਮਾਰਗ ਦੇ ਰੂਪ ਵਿੱਚ ਸਾਮ੍ਹਣੇ ਆਇਆ। ਪੱਛਮ ਵਿੱਚ ਈਸਾਈ ਸੰਤਾਂ ਤੋਂ ਇਹ ਧਾਰਾ ਸੂਫ਼ੀ ਸਾਧਕਾਂ ਤੱਕ ਪਹੁੰਚੀ। ਵੇਦਾਂ, ਉਪਨਿਸ਼ਦਾਂ, ਬੋਧੀਆਂ, ਸਿੱਧਾਂ-ਨਾਥਾਂ ਰਾਹੀਂ ਹੁੰਦੀ ਹੋਈ ਇਹ ਧਾਰਾ ਮੱਧ-ਕਾਲੀਨ ਗਿਆਨ- ਮਾਰਗੀ ਸੰਤਾਂ ਦੀ ਵਿਰਾਸਤ ਬਣੀ। ਆਧੁਨਿਕ ਸਾਹਿਤ ਵਿੱਚ ਛਾਇਆਵਾਦੀ ਕਵਿਤਾ ਰਾਹੀਂ ਇਸ ਨੂੰ ਪੁਨਰ- ਜੀਵਨ ਪ੍ਰਾਪਤ ਹੋਇਆ ਅਤੇ ਤਕਰੀਬਨ ਸਾਰੇ ਛਾਇਆ ਵਾਦੀ ਕਵੀਆਂ ਨੇ ਆਪਣੀ ਰਚਨਾ ਵਿੱਚ ਰਹੱਸਵਾਦੀ ਰੰਗ ਭਰਿਆ ਹੈ।

     ਸਾਹਿਤ ਵਿੱਚ ਰਹੱਸਵਾਦੀ ਰਚਨਾਵਾਂ ਨੂੰ ‘ਪੁਰਾਣੇ ਅਤੇ ਨਵੀਨ’ ਦੋ ਸਿਰਲੇਖਾਂ ਹੇਠ ਵਿਚਾਰਿਆ ਜਾ ਸਕਦਾ ਹੈ। ਆਧੁਨਿਕ ਭਾਰਤੀ ਭਾਸ਼ਾਵਾਂ ਦੇ ਅਰੰਭ ਕਾਲ ਵਿੱਚ ਸਿੱਧਾਂ ਅਤੇ ਨਾਥਾਂ ਦੇ ਸਾਹਿਤ ਵਿੱਚ ਇਸ ਦੇ ਕਾਫ਼ੀ ਉਦਾਹਰਨ ਮਿਲਦੇ ਹਨ। ਸਿੱਧਾਂ ਅਤੇ ਨਾਥਾਂ ਨੇ ਜਿਸ ਰਹੱਸਵਾਦ ਦਾ ਵਿਵੇਚਨ ਕੀਤਾ ਹੈ ਉਹ ਕਾਫ਼ੀ ਗੁੰਝਲਦਾਰ ਅਤੇ ਅਸਪਸ਼ਟ ਹੈ। ਸੰਤ ਕਬੀਰ ਅਤੇ ਜਾਇਸੀ ਦੀਆਂ ਰਚਨਾਵਾਂ ਵਿੱਚ ਰਹੱਸਵਾਦ ਦਾ ਉਘੜਵਾਂ ਰੂਪ ਨਜ਼ਰ ਆਉਂਦਾ ਹੈ। ਕਬੀਰ ਤੋਂ ਪਹਿਲਾਂ ਸਰੀਰ ਰਹਿਤ ਬ੍ਰਹਮ (ਨਿਰਾਕਾਰ ਈਸ਼ਵਰ) ਦੇ ਪ੍ਰਤਿ ਕਿਧਰੇ ਪ੍ਰੇਮ ਭਾਵਨਾ ਦੇ ਦਰਸ਼ਨ ਨਹੀਂ ਹੁੰਦੇ। ਕਬੀਰ ਨੇ ਬ੍ਰਹਮ ਨੂੰ ਪਤੀ ਦੇ ਰੂਪ ਵਿੱਚ ਚਿਤਰਿਤ ਕੀਤਾ ਹੈ ਜਦੋਂ ਕਿ ਆਤਮਾ ਨੂੰ ਉਸ ਲਈ ਤਾਂਘਦੀ ਪ੍ਰੇਮਿਕਾ ਜਾਂ ਪਤਨੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਇਸ ਤਰ੍ਹਾਂ ਦੁਨਿਆਵੀ ਪ੍ਰੇਮ ਨੂੰ ਰੂਹਾਨੀ ਪ੍ਰੇਮ ਦੀਆਂ ਪਰਤਾਂ ਖੋਲ੍ਹਣ ਦਾ ਇੱਕ ਜ਼ਰ੍ਹੀਆ ਬਣਾਇਆ ਗਿਆ ਹੈ। ਜਾਇਸੀ ਨੇ ਰਤਨਸੈਨ ਅਤੇ ਪਦਮਨੀ ਦੇ ਪ੍ਰੇਮ ਪ੍ਰਸੰਗ ਨੂੰ ਰੂਪਕ ਬਣਾ ਕੇ ਉਸ ਦੀ ਪਿੱਠ-ਭੂਮੀ ਵਿੱਚ ਸੂਫ਼ੀ ਪ੍ਰੇਮ ਮੂਲਕ ਰਹੱਸਵਾਦ ਦੀਆਂ ਰਮਜ਼ਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਲਸੀਦਾਸ ਦਾ ਪਦ :

ਕੇਸਵ ਕਹਿ ਨ ਜਾਈ ਕਸ ਕਹੀਏ।

ਦੇਖਤ ਤਵ ਰਚਨਾ ਵਿਚਿੱਤਰ ਅਤੀ

          ਸੁਮਝਿ ਮਨਹਿ ਮਨ ਰਹੀਏ।

     ਵੀ ਰਹੱਸਵਾਦੀ ਭਾਵਨਾ ਨੂੰ ਹੀ ਪ੍ਰਗਟਾਉਂਦਾ ਹੈ।

     ਆਧੁਨਿਕ ਕਾਲ ਵਿੱਚ ਛਾਇਆਵਾਦੀ ਕਵਿਤਾ ਵਿੱਚ ਰਹੱਸਵਾਦ ਪੁਨਰ-ਸੁਰਜੀਤ ਹੁੰਦਾ ਦਿਖਾਈ ਦਿੰਦਾ ਹੈ। ਆਲੋਚਕਾਂ ਨੇ ਆਧੁਨਿਕ ਕਾਲ ਦੀ ਇਸ ਪ੍ਰਵਿਰਤੀ ਨੂੰ ਪੱਛਮੀ ਕਵੀਆਂ ਕੀਟਸ, ਬਲੈਕ ਆਦਿ ਤੋਂ ਪ੍ਰਭਾਵਿਤ ਦੱਸਿਆ ਪਰ ਜੈ ਸ਼ੰਕਰ ਪ੍ਰਸ਼ਾਦ ਮੁਤਾਬਕ ਰਹੱਸਵਾਦ ਦੀ ਇਹ ਪ੍ਰਵਿਰਤੀ ਸ਼ੁੱਧ ਭਾਰਤੀ ਅਦ੍ਵੈਤਵਾਦੀ ਚਿੰਤਨ ਦੀ ਪਰੰਪਰਾ ਨੂੰ ਹੀ ਅੱਗੇ ਤੋਰਦੀ ਹੈ।

     ਪੁਰਾਣੀ ਅਤੇ ਆਧੁਨਿਕ ਰਹੱਸਵਾਦੀ ਚੇਤਨਾ ਵਿੱਚ ਇੱਕ ਪ੍ਰਤੱਖ ਅੰਤਰ ਦਿਖਾਈ ਦਿੰਦਾ ਹੈ। ਪੁਰਾਣੀ ਰਹੱਸਵਾਦੀ ਕਵਿਤਾ ਦੀ ਮੂਲ ਪ੍ਰੇਰਨਾ ਅਧਿਆਤਮਿਕ ਅਨੁਭੂਤੀ ਤੇ ਆਧਾਰਿਤ ਸੀ ਅਤੇ ਇਸ ਨੂੰ ਪ੍ਰਗਟਾਉਣ ਲਈ ਲਏ ਗਏ ਪ੍ਰਤੀਕ ਵੀ ਸਧਾਰਨ ਜਨ-ਜੀਵਨ ਵਿੱਚੋਂ ਲਏ ਗਏ ਸਨ। ਨਤੀਜੇ ਵਜੋਂ ਕਵਿਤਾ ਵਿਚਲੀ ਅਧਿ- ਆਤਮਿਕ ਰਮਜ਼ ਨੂੰ ਸਮਝਣ ਵਿੱਚ ਏਨੀ ਮੁਸ਼ਕਲ ਨਹੀਂ ਸੀ। ਆਧੁਨਿਕ ਰਹੱਸਵਾਦੀ-ਕਾਵਿ ਵਿੱਚ ਅਧਿ- ਆਤਮਿਕ ਭਾਵਨਾ ਦੀ ਲਗਪਗ ਅਣਹੋਂਦ ਹੈ ਅਤੇ ਇਹ ਨਿਰੋਲ ਕਲਪਨਾ ਤੇ ਆਧਾਰਿਤ ਹੈ। ਇਸ ਲਈ ਕਲਾਤਮਿਕ ਪੱਖ ਤੋਂ ਜਾਨਦਾਰ ਹੁੰਦਿਆਂ ਵੀ ਇਹ ਕਵਿਤਾ ਪਾਠਕ ਦੇ ਮਨ ਤੇ ਲੋੜੀਂਦਾ ਰਹੱਸਵਾਦੀ ਪ੍ਰਭਾਵ ਨਹੀਂ ਛੱਡ ਸਕਦੀ। ਉਂਞ ਸ੍ਰਿਸ਼ਟੀ ਦੀ ਸਿਰਜਕ-ਸੰਚਾਲਕ ਸੱਤਾ ਦੇ ਪ੍ਰਤਿ ਗਹਿਰੀ ਜਿਗਿਆਸਾ ਇਸ ਯੁੱਗ ਦੇ ਕਵੀਆਂ ਨੇ ਵੀ ਦਿਖਾਈ ਹੈ।

     ਅਲੌਕਿਕ ਪ੍ਰੇਮ ਦੀ ਵਿਅੰਜਨਾ ਰਹੱਸਵਾਦੀ ਕਾਵਿ ਦੀ ਮੂਲ ਪਹਿਚਾਣ ਹੈ। ਕਬੀਰ ਦੇ ਪਦਾਂ ਵਿੱਚ ਜਿਸ ਦੁਨਿਆਵੀ ਪਰਮਾਰਥਿਕ ਪ੍ਰੇਮ ਦਾ ਜ਼ਿਕਰ ਹੈ, ਉਹ ਅਜੋਕੇ ਯੁੱਗ ਦੇ ਕਵੀਆਂ ਵਿੱਚ ਵੀ ਹੈ। ਫ਼ਰਕ ਸਿਰਫ਼ ਇਹ ਹੈ ਕਿ ਕਬੀਰ ਨੇ ਆਪਣੀ ਕਵਿਤਾ ਵਿੱਚ ਬਿਰਹਾ ਦੇ ਨਾਲ-ਨਾਲ ਕਿਤੇ-ਕਿਤੇ ਮਿਲਨ ਦੇ ਸੁਖ ਦਾ ਵੀ ਵਰਣਨ ਕੀਤਾ ਹੈ ਜਦੋਂ ਕਿ ਅਜੋਕੇ ਕਵੀਆਂ ਨੇ ਬਹੁਤੇ ਬਿਰਹੋਂ ਦੇ ਗੀਤ ਹੀ ਗਾਏ ਹਨ।

     ਵਿਗਿਆਨ ਅਤੇ ਤਕਨਾਲੋਜੀ ਦੀ ਚੜ੍ਹਤ ਕਾਰਨ ਬਦਲੇ ਹੋਏ ਦੌਰ ਵਿੱਚ ਰਹੱਸਵਾਦ ਸਿਰਫ਼ ਅਤੀਤ ਦੀ ਗੱਲ ਬਣ ਕੇ ਰਹਿ ਗਿਆ ਹੈ। ਅੱਜ ਦਾ ਮਨੁੱਖ ਭੌਤਿਕ ਜੀਵਨ ਦੀਆਂ ਸਮੱਸਿਆਵਾਂ ਵਿੱਚ ਏਨਾ ਉਲਝ ਕੇ ਰਹਿ ਗਿਆ ਹੈ ਕਿ ਉਸ ਕੋਲ ‘ਵਲਵਲੇ ਦੇ ਦੇਸ’ ਨਾਲ ਯਾਰੀਆਂ ਲਾਉਣ ਦਾ ਵਕਤ ਹੀ ਨਹੀਂ ਰਹਿ ਗਿਆ। ਉਹ ਕਿਸੇ ‘ਅਣਦੇਖੇ’, ‘ਅਗਿਆਤ’ ਪ੍ਰੀਤਮ ਬਾਰੇ ਸੋਚਣ ਦੀ ਫੁਰਸਤ ਕੱਢਣ ਤੋਂ ਅਸਮਰਥ ਹੈ। ਕਿਸੇ ‘ਪਰਮ ਸੁੰਦਰ’ ਜਾਂ ‘ਅਨੰਤ ਰਮਣੀਯ’ ਦੀ ਕਲਪਨਾ ਵਿੱਚੋਂ ਨਿਕਲ ਕੇ ਇਨਸਾਨੀ ਜੀਵਨ ਦੀਆਂ ਤਲਖ਼ ਹਕੀਕਤਾਂ ਨੂੰ ਸਮਝਣ ਦੇ ਆਹਰ ਵਿੱਚ ਲੱਗਾ ਹੋਇਆ ਹੈ।

     ਇੱਕ ਸਮਾਂ ਸੀ ਜਦੋਂ ਰਹੱਸਵਾਦੀਆਂ ਨੇ ਇੱਕੋ-ਇੱਕ ਬ੍ਰਹਮ ਦੀ ਕਲਪਨਾ ਕਰ ਕੇ ਫ਼ਿਰਕਿਆਂ ਵਿਚਲੀ ਦੂਰੀ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਇਹ ਧਾਰਨਾ ਲੋਕ-ਧਰਮ ਦਾ ਰੂਪ ਕਦੇ ਵੀ ਧਾਰਨ ਨਾ ਕਰ ਸਕੀ। ਰਹੱਸਵਾਦ ਦਾ ਜੋ ਰੂਪ ਕਬੀਰ, ਨਾਨਕ ਜਾਂ ਦਾਦੂ ਵਰਗੇ ਸੰਤ ਕਵੀਆਂ ਨੇ ਰਚਿਆ ਬਾਅਦ ਦੀ ਕਵਿਤਾ ਉਸ ਦਾ ਪਾਸਕੂ ਵੀ ਨਾ ਬਣ ਸਕੀ। ਵਰਤਮਾਨ ਯੁੱਗ ਵਿੱਚ ਇਹ ਸਿਰਫ਼ ਕਲਪਨਾ ਦੀ ਅਯਾਸ਼ੀ ਬਣ ਕੇ ਰਹਿ ਗਿਆ।


ਲੇਖਕ : ਮੱਖਣ ਲਾਲ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 11969, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਰਹੱਸਵਾਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਹੱਸਵਾਦ [ਨਾਂਪੁ] ਰੱਬੀ ਭੇਦ ਜਾਂ ਰੂਹਾਨੀਅਤ ਨਾਲ਼ ਸੰਬੰਧਿਤ ਸਿਧਾਂਤ , ਅਧਿਆਤਮਵਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11966, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਹੱਸਵਾਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਹੱਸਵਾਦ (ਗੁਰਮਤਿ): ਇਸ ਨੂੰ ਸਿੱਖ ‘ਰਹੱਸ-ਸਾਧਨਾ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਗੁਰਮਤਿ ਪ੍ਰਤਿਪਾਦਿਤ ਪ੍ਰੇਮ-ਭਗਤੀ ਹੀ ਅਸਲ ਵਿਚ ਰਹੱਸ-ਸਾਧਨਾ ਹੈ। ਇਹ ਅਜਿਹੀ ਸਾਧਨਾ ਹੈ ਜਿਸ ਰਾਹੀਂ ਸੰਸਾਰਿਕ ਦੁਖ-ਸੁਖ ਦਾ ਪ੍ਰਭਾਵ ਮਿਟ ਜਾਂਦਾ ਹੈ ਅਤੇ ਆਤਮਾ ਨੂੰ ਇਕ ਅਲੌਕਿਕ ਆਨੰਦ ਦੀ ਪ੍ਰਾਪਤੀ ਹੁੰਦੀ ਹੈ (ਵੇਖੋ ‘ਆਨੰਦਵਾਦ ਦਾ ਸਿੱਖ ਸੰਦਰਭ ’)। ਅਲੌਕਿਕ ਆਨੰਦ ਵਰਣਨ ਤੋਂ ਪਰੇ ਹੈ, ਇਹ ਕਥਨ ਕਰਨ ਦਾ ਵਿਸ਼ਾ ਹੋ ਹੀ ਨਹੀਂ ਸਕਦਾ ਹੈ। ਇਹ ਵਿਸਮਾਦੀ ਛੋਹ ਨੂੰ ਮਾਣਨ ਦੀ ਅਵਸਥਾ ਹੈ। ਵਿਦਵਾਨਾਂ ਦੀ ਸਥਾਪਨਾ ਹੈ ਕਿ ਜਦੋਂ ਲੌਕਿਕਤਾ ਤੋਂ ਬੇਮੁਖ ਹੋ ਕੇ ਕਿਸੇ ਅਗਿਆਤ ਰਹੱਸਮਈ ਅਲੌਕਿਕ ਸ਼ਕਤੀ ਪ੍ਰਤਿ ਪ੍ਰੇਮ , ਉਤਸੁਕਤਾ, ਜਿਗਿਆਸਾ, ਲਾਲਸਾ ਜਾਂ ਮਿਲਣ ਦੀ ਅਭਿਲਾਸ਼ਾ ਪ੍ਰਗਟ ਕੀਤੀ ਜਾਂਦੀ ਹੈ, ਤਾਂ ਉਸ ਅਨੁਭਵ ਆਧਾਰਿਤ ਅਵਸਥਾ ਨੂੰ ਰਹੱਸ-ਅਨੁਭੂਤੀ ਕਿਹਾ ਜਾਂਦਾ ਹੈ। ਇਸ ਨੂੰ ‘ਦੈਵੀ-ਅਨੁਭੂਤੀ’ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ।

ਰਹੱਸ-ਸਾਧਨਾ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਸ ਦਾ ਅਨੁਭਵ ਵਰਣਨ ਤੋਂ ਪਰੇ ਹੈ। ਗੁਰੂ ਨਾਨਕ ਦੇਵ ਜੀ ਨੇ ਸੋਰਠਿ ਰਾਗ ਵਿਚ ਕਿਹਾ ਹੈ—ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ਅਕਥੇ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ (ਗ.ਗ੍ਰੰ.635)। ਇਹ ਅਸਲ ਵਿਚ ਕੋਈ ਸਿੱਧਾਂਤ ਨਹੀਂ? ਕੇਵਲ ਮਾਨਸਿਕ ਅਵਸਥਾ ਹੈ, ਇਕ ਵਿਸਮਾਦੀ ਮਾਹੌਲ ਹੈ। ਡਾ. ਰਾਮਕੁਮਾਰ ਵਰਮਾ (‘ਕਬੀਰ ਕਾ ਰਹੱਸਵਾਦ’) ਅਨੁਸਾਰ ਰਹੱਸਵਾਦ ਜੀਵਾਤਮਾ ਦੀ ਉਸ ਅੰਦਰਲੀ ਪ੍ਰਵ੍ਰਿੱਤੀ ਦਾ ਪ੍ਰਕਾਸ਼ਨ ਹੈ ਜਿਸ ਵਿਚ ਉਹ ਦੈਵੀ ਅਤੇ ਅਲੌਕਿਕ ਸ਼ਕਤੀ ਨਾਲ ਆਪਣਾ ਸ਼ਾਂਤ ਅਤੇ ਨਿਰਛਲ ਸੰਬੰਧ ਜੋੜਨਾ ਚਾਹੁੰਦੀ ਹੈ। ਇਹ ਸੰਬੰਧ ਇਥੋਂ ਤਕ ਵਧ ਜਾਂਦਾ ਹੈ ਕਿ ਦੋਹਾਂ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਹ ਪਰਮ-ਸੱਤਾ ਨਾਲ ਅਦ੍ਵੈਤ ਸੰਬੰਧ ਦਾ ਲਖਾਇਕ ਹੈ।

ਰਹੱਸਵਾਦ ਨੂੰ ਵਿਦਵਾਨਾਂ ਨੇ ਦੋ ਪ੍ਰਕਾਰਾਂ ਦਾ ਮੰਨਿਆ ਹੈ— ਇਕ ਗਿਆਨ-ਆਧਾਰਿਤ, ਜਿਸ ਨੂੰ ਦਾਰਸ਼ਨਿਕ ਰਹੱਸਵਾਦ ਕਿਹਾ ਜਾਂਦਾ ਹੈ। ਦੂਜਾ ਪ੍ਰੇਮ- ਆਧਾਰਿਤ ਜਿਸ ਨੂੰ ਭਾਵਾਤਮਕ ਰਹੱਸਵਾਦ ਦਾ ਨਾਂ ਦਿੱਤਾ ਜਾਂਦਾ ਹੈ। ਗੁਰਬਾਣੀ ਵਿਚ ਜਿਸ ਰਹੱਸਵਾਦ ਦਾ ਚਿਤ੍ਰਣ ਹੋਇਆ ਹੈ, ਉਹ ਨਿਸਚੇ ਹੀ ਭਾਵਾਤਮਕ ਅਥਵਾ ਪ੍ਰੇਮ- ਆਧਾਰਿਤ ਹੈ। ਗੁਰਮਤਿ-ਭਗਤੀ ਅਸਲ ਵਿਚ ਹੈ ਹੀ ਪ੍ਰੇਮ- ਭਗਤੀ ਜਾਂ ਭਾਉ-ਭਗਤੀ (ਵੇਖੋ)। ਪ੍ਰੇਮ ਦਾ ਸਰੂਪ ਸਦਾ ਦ੍ਵੈਤ-ਮੁਕਤ ਅਥਵਾ ਹਉਮੈ-ਮੁਕਤ ਹੋਵੇ, ਕਿਉਂਕਿ—ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਵਸਹਿ ਇਕ ਠਾਇ (ਗੁ.ਗ੍ਰੰ.560)।

ਰਹੱਸਵਾਦ ਸੰਬੰਧੀ ਵਿਦਵਾਨਾਂ ਨੇ ਕਈ ਅਵਸਥਾਵਾਂ ਜਾਂ ਵਿਕਾਸ-ਦਿਸ਼ਾਵਾਂ ਵਲ ਸੰਕੇਤ ਕੀਤਾ ਹੈ। ਗੁਰਮਤਿ ਰਹੱਸ-ਸਾਧਨਾ ਦਾ ਵਿਕਾਸਜਪੁਜੀਬਾਣੀ ਵਿਚੋਂ ਸਹਿਜੇ ਹੀ ਵੇਖਿਆ ਜਾ ਸਕਦਾ ਹੈ। ਕੀਰਤਨ , ਸ਼੍ਰਵਣ ਅਤੇ ਮਨਨ ਦੀਆਂ ਅਵਸਥਾਵਾਂ ਨੂੰ ਪਾਰ ਕਰਦਾ ਜਿਗਿਆਸੂ ਪੰਜ-ਖੰਡੀ (ਵੇਖੋ ‘ਪੰਜ-ਖੰਡ’) ਅਵਸਥਾ ਵਿਚ ਪਹੁੰਚਦਾ ਹੈ। ਇਹ ਯਾਤ੍ਰਾ ਗੁਰੂ ਨਾਨਕ ਦੇਵ ਜੀ ਦੀ ਮੌਲਿਕ ਅਨੁਭੂਤੀ ਉਤੇ ਆਧਾਰਿਤ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਵਰਣਿਤ ਪ੍ਰੇਮ (ਵੇਖੋ) ਸਵੱਛ, ਸਹਿਜ ਅਤੇ ਮਰਯਾਦਿਤ ਹੈ। ਇਸ ਦਾ ਆਧਾਰ ਦੰਪਤਿਕ ਹੈ। ਇਹੀ ਪ੍ਰੇਮ ਉਜਲਾ ਅਤੇ ਸ੍ਰੇਸ਼ਠ ਹੈ। ਬਾਕੀ ਦੇ ਪ੍ਰੇਮ ਇਸ ਦੇ ਪੂਰਕ ਮੰਨੇ ਜਾਂਦੇ ਹਨ। ਉਨ੍ਹਾਂ ਵਿਚ ਪ੍ਰੇਮੀ- ਪ੍ਰੇਮਿਕਾ ਵਿਚ ਇਕ ਖ਼ਾਸ ਕਿਸਮ ਦੀ ਵਿਥ ਬਣੀ ਰਹਿੰਦੀ ਹੈ, ਦੋਹਾਂ ਦੀ ਸੁਤੰਤਰ ਹੋਂਦ ਦਾ ਅਹਿਸਾਸ ਹੁੰਦਾ ਹੈ, ਪਰ ਦੰਪਤਿਕ ਸੰਬੰਧ ਵਾਲੇ ਪ੍ਰੇਮ ਵਿਚ ਦ੍ਵੈਤ ਭਾਵ ਦਾ ਕੋਈ ਸਥਾਨ ਨਹੀਂ ਹੈ।

ਗੁਰਬਾਣੀ ਦਾ ਰਹੱਸ-ਅਨੁਭਵ ਮੁੱਖ ਰੂਪ ਵਿਚ ਵਿਯੋਗ ਅਵਸਥਾ ਵਾਲਾ ਹੈ, ਕਿਉਂਕਿ ਆਤਮਾ ਰੂਪੀ ਇਸਤਰੀ ਪਰਮਾਤਮਾ ਰੂਪੀ ਪਤੀ ਤੋਂ ਵਿਛੜੀ ਹੋਈ ਹੈ। ਵਿਛੋੜੇ ਦੀ ਅਵਸਥਾ ਦੇ ਹਰ ਪ੍ਰਕਾਰ ਦੇ ਭਾਵਾਂ ਦੀ ਗੁਰਬਾਣੀ ਵਿਚ ਅਭਿਵਿਅਕਤੀ ਹੋਈ ਹੈ। ‘ਡਖਣੇ ਸ਼ਲੋਕ ’ ਅਤੇ ਛੰਤ ਇਸ ਭਾਵ ਨੂੰ ਪ੍ਰਗਟਾਉਣ ਵਾਲੇ ਸੁੰਦਰ ਸੰਦਰਭ ਹਨ। ਇਨ੍ਹਾਂ ਵਿਚ ਜੀਵਾਤਮਾ ਦੀ ਬੇਬਸੀ, ਅਧੀਰਤਾ, ਦੀਨਤਾ, ਵਿਆਕੁਲਤਾ ਦੇ ਭਾਵਾਂ ਦਾ ਬੜਾ ਮਾਰਮਿਕ ਅਤੇ ਪ੍ਰਭਾਵਸ਼ਾਲੀ ਚਿਤ੍ਰਣ ਹੋਇਆ ਹੈ। ਸਚ ਤਾਂ ਇਹ ਹੈ ਕਿ ਪ੍ਰੀਤਮ ਦੀ ਯਾਦ ਵਿਚ ਜੀਵਾਤਮਾ ਦੀ ਤੜਪ ਵਰਣਨ ਤੋਂ ਪਰੇ ਹੈ, ਉਸ ਨੂੰ ਪ੍ਰਗਟ ਕਰਨ ਲਈ ਸ਼ਬਦ ਸਾਥ ਨਹੀਂ ਦਿੰਦੇ। ਵਿਯੋਗ ਵਿਚ ਘੁਲ-ਘੁਲ ਕੇ ਜੀਵਾਤਮਾ ਬਹੁਤ ਕਮਜ਼ੋਰ ਹੋ ਗਈ ਹੈ। ਗਉੜੀ ਰਾਗ ਦੇ ਇਕ ਛੰਤ ਵਿਚ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ—ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਆਵੈ ਸਾਧਨ ਦੁਬਲੀਆ ਜੀਉ ਪਿਰ ਕੈ ਹਾਵੈ ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਲੇਖਏ (ਗੁ.ਗ੍ਰੰ.242)।

ਵਿਯੋਗ-ਪੱਖ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਵਿਚ ਸੰਯੋਗ-ਸੁਖ ਦੀ ਅਵਸਥਾ ਦਾ ਵੀ ਕਿਤੇ ਕਿਤੇ ਚਿਤ੍ਰਣ ਹੋਇਆ ਹੈ। ਸਾਧਕਾਂ ਦੇ ਮਨ ਵਿਚ ਪ੍ਰੀਤਮ ਦੇ ਮਿਲਣ ਦਾ ਚਾਉ ਹੈ ਕਿਉਂਕਿ ਉਸ ਨੂੰ ਕੇਵਲ ਪਰਮਾਤਮਾ ਦਾ ਹੀ ਆਸਰਾ ਹੈ—ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾਰਾਮ ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ (ਗੁ.ਗ੍ਰੰ.764)। ਪ੍ਰੀਤਮ ਦੇ ਬਾਰਾਤ ਸਹਿਤ ਆਉਣ ਵੇਲੇ ਸਾਧਿਕਾ ਵਲੋਂ ਕੀਤੇ ਸ਼ਿੰਗਾਰ ਅਤੇ ਮੰਗਲਮਈ ਗੀਤਾਂ ਦਾ ਵਿਸ਼ੇਸ਼ ਤਲੀਨਤਾ ਨਾਲ ਜ਼ਿਕਰ ਕੀਤਾ ਗਿਆ ਹੈ—ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੇ ਸਚੁ ਮੰਗਲੁ ਗਾਵਹੁ ਤਾਂ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ਗਿਆਨ ਮਹਾ ਰਸੁ ਨੇਤ੍ਰੀ ਅੰਜਨੁ ਤ੍ਰਿਭਵਣ ਰੂਪੁ ਦਿਖਾਇਆ ਸਖੀ ਮਿਲਹੁ ਰਸਿ ਮੰਗਲੁ ਗਾਵਹੁ ਹਮ ਘਰਿ ਸਾਜਨੁ ਆਇਆ (ਗੁ.ਗ੍ਰੰ.764)।

ਸੁਆਗਤ ਅਤੇ ਮਾਂਗਲਿਕ ਗੀਤਾਂ ਤੋਂ ਬਾਦ ਵਿਆਹ ਦਾ ਅਵਸਰ ਆਉਂਦਾ ਹੈ। ਵਿਆਹ ਦੀਆਂ ਸਾਰੀਆਂ ਤਿਆਰੀਆਂ ਤੋਂ ਬਾਦ ਸ਼ੋਭਾਸ਼ਾਲੀ ਢੰਗ ਨਾਲ ਵਿਆਹ ਹੁੰਦਾ ਹੈ—ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ (ਗੁ.ਗ੍ਰੰ.765)। ਵਿਆਹ ਤੋਂ ਬਾਦ ਸਾਧਿਕਾ ਦੇ ਮਨ ਵਿਚ ਲੱਜਾ , ਭੈ , ਸੰਕੋਚ, ਸੰਦੇਹ , ਸ਼ੰਕਾ ਆਦਿ ਅਨੇਕ ਭਾਵਨਾਵਾਂ ਦਾ ਸੰਚਾਰ ਹੁੰਦਾ ਹੈ। ਅੰਤ ਵਿਚ ਸੰਯੋਗ-ਸੁਖ ਦਾ ਪਰਮਾਨੰਦ ਪ੍ਰਾਪਤ ਹੁੰਦਾ ਹੈ। ਸਾਧਿਕਾ ਦੀ ਚਿਰ- ਅਭਿਲਾਸ਼ਾ ਪੂਰੀ ਹੋ ਜਾਂਦੀ ਹੈ—ਮੇਰੀ ਇਛ ਪੁਨੀ ਜੀਉ ਹਮ ਘਰਿ ਸਾਜਨੁ ਆਇਆ (ਗੁ.ਗ੍ਰੰ.242)। ਇਸ ਪ੍ਰੇਮ- ਅਨੁਭਵ ਵਿਚ ਵਿਯੋਗ-ਦਸ਼ਾ ਤੋਂ ਸੰਯੋਗ-ਅਵਸਥਾ ਵਲ ਹੋਣ ਵਾਲੀ ਅਧਿਆਤਮਿਕ ਯਾਤ੍ਰਾ ਦਾ ਸੁੰਦਰ ਚਿਤ੍ਰਣ ਤੁਖਾਰੀ ਰਾਗ ਦੇ ‘ਬਾਰਹਮਾਹਾ’ ਵਿਚ ਹੋਇਆ ਹੈ। ਅੰਤ ਉਤੇ ਗੁਰੂ ਜੀ ਨੇ ਅਦ੍ਵੈਤ ਸਥਿਤੀ ਦਾ ਚਿਤ੍ਰਣ ਕਰਦਿਆਂ ਲਿਖਿਆ ਹੈ—ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ (ਗੁ.ਗ੍ਰੰ.1109)।

ਸਪੱਸ਼ਟ ਹੈ ਕਿ ਗੁਰਮਤਿ ਰਹੱਸਵਾਦ ਪ੍ਰੇਮ- ਆਧਾਰਿਤ ਹੈ। ਇਸ ਵਿਚ ਵਿਯੋਗ-ਅਵਸਥਾ ਤੋਂ ਸੰਯੋਗ- ਅਵਸਥਾ ਤਕ ਦੇ ਅਲੌਕਿਕ ਛਿਣਾਂ ਦਾ ਸੁੰਦਰ ਚਿਤ੍ਰਣ ਹੋਇਆ ਹੈ। ਇਹ ਚਿਤ੍ਰਣ ਨਿਰਮਲ ਭਾਵ-ਬੌਧਿਕ ਹੀ ਨਹੀਂ, ਅਖੰਡ ਅਨੁਭੂਤੀ ਵਾਲਾ ਵੀ ਹੈ। ਇਸ ਤਰ੍ਹਾਂ ਗੁਰਮਤਿ ਰਹੱਸਵਾਦ ਮੂਲ ਰੂਪ ਵਿਚ ਪ੍ਰੇਮ-ਭਗਤੀ ਅਥਵਾ ਗੁਰਮਤਿ ਭਗਤੀ ਹੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11545, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਰਹੱਸਵਾਦ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਰਹੱਸਵਾਦ : ਰਹੱਸਵਾਦ ਇਕ ਅਜਿਹਾ ਧਾਰਮਿਕ ਤੇ ਅਧਿਆਤਮਿਕ ਅਨੁਭਵ ਹੈ ਜਿਸ ਵਿਚ ਅਦਿੱਖ, ਪਰਾ–ਭੌਤਿਕ ਤੇ ਪਰਾ–ਮਾਨਸਿਕ ਸੱਚਾਈਆਂ ਨੇੜੇ ਤੋਂ ਨੇੜੇ ਪ੍ਰਤੀਤ ਹੋਣ ਲੱਗ ਪੈਂਦੀਆਂ ਹਨ। ਰਹੱਸਵਾਦ ਦਾਰਸ਼ਨਿਕ ਰੂਪ ਵਿਚ ਅਧਿਆਤਮਵਾਦ ਤੋਂ ਪ੍ਰਭਾਵਿਤ ਹੁੰਦਾ ਹੈ। ਇਹ ਇਕ ਵਿਸ਼ੇਸ਼ ਪ੍ਰਕਾਰ ਦਾ ਰਹੱਸਮਈ ਅਨੁਭਵ ਹੈ ਜੋ ਕਿਸੇ ਪ੍ਰਾਣੀ ਦੇ ਅਸੀਮ, ਅਨੰਤ ਤੇ ਅਗੋਚਰ ਪ੍ਰਮਾਤਮਾ ਨਾਲ ਸੰਬੰਧ ਸਥਾਪਤ ਕਰਨ ਦੀ ਤਾਂਘ ਤੋਂ ਉਤਪੰਨ ਹੁੰਦਾ ਹੈ। ਭਗਤ ਜਾਂ ਸਾਧਕ ਅਨੰਤ, ਅਸੀਮ ਤੇ ਅਗੋਚਰ ਬ੍ਰਹਮ ਨੂੰ ਆਪਣੇ ਅਨੁਭਵ ਦੀ ਪਕੜ ਵਿਚ ਬੰਨ੍ਹਣਾ ਲੋਚਦਾ ਹੈ, ਅੰਤ ਇਸ ‘ਅਸੀਮ ਤੋਂ ਸੀਮਿਤ’ ਕਰਨ ਦੀ ਪ੍ਰਵ੍ਰਿਤੀ ਇਕ ਵਿਸ਼ੇਸ ਪ੍ਰਕਾਰ ਦੇ ਅਨੂਠੇ ਤੇ ਵਿਗਿਤ੍ਰ ਆਨੰਦ ਦੇ ਮਨੋਭਾਵਾਂ ਤੇ ਕਾਵਿ–ਅਨੁਭਵ ਨੂੰ ਜਗਾਉਂਦੀ ਹੈ। ਜਦੋਂ ਉਸ ਅਨੂਠੇ ਅਨੁਭਵ ਦਾ ਵਰਣਨ ਕੀਤਾ ਜਾਂਦਾ ਹੈ ਤਾਂ ਰਹੱਸਮਈ ਕਵਿਤਾ ਦਾ ਜਨਮ ਹੁੰਦਾ ਹੈ।

          ਧਰਮ ਅਤੇ ਰਹੱਸ ਵਿਚ ਅੰਤਰ ਇਹ ਹੈ ਕਿ ਧਾਰਮਿਕ ਮਨੋ–ਬਿਰਤੀ ਵਾਲਾ ਵਿਅਕਤੀ ਇਸ ਗੱਲ ਵਿਚ ਵਿਸ਼ਵਾਸ ਰੱਖਦਾ ਹੈ ਕਿ ਸਵਰਗੀ ਸੁਹਜ–ਸੁਆਦ ਵਾਲੀਆਂ ਵਸਤਾਂ ਉਸ ਨੂੰ ਇਸ ਦੁਨੀਆਂ ਵਿਚ ਕਦਾਚਿਤ ਨਸੀਬ ਨਹੀਂ ਹੋ ਸਕਦੀਆਂ, ਜਿਵੇਂ ਇਸਲਾਮ ਵਿਚ ਮੋਮਨ ਲਈ ਅਗਲੇ ਜਹਾਨ ਵਿਚ ਹੂਰਾਂ ਆਦਿ ਦਾ ਵਾਅਦਾ ਕੀਤਾ ਗਿਆ ਹੈ ਪਰ ਮੋਮਨ ਇਨ੍ਹਾਂ ਵਸਤਾਂ ਨੂੰ ਇਸ ਦੁਨੀਆ ਵਿਚ ਪ੍ਰਾਪਤ ਕਰਨੋ ਅਸਮੱਰਥ ਹੈ ਤੇ ਕਿਆਮਤ ਤੋਂ ਪਹਿਲਾਂ ਇਹ ਵਸਤਾਂ ਉਸ ਨੂੰ ਨਹੀਂ ਮਿਲ ਸਕਦੀਆਂ। ਇਸ ਤਰ੍ਹਾਂ ਦੋਜ਼ਖ ਦੇ ਡਰਾਵਿਆਂ ਆਦਿ ਦਾ ਵੀ ਅਗਲੀ ਦੁਨੀਆ ਨਾਲ ਹੀ ਸੰਬੰਧ ਹੈ ਪਰੰਤੂ ਰਹੱਸਵਾਦੀ ਆਪਣੇ ਰੂਹਾਨੀ ਤਜ਼ਰਬੇ ਦੁਆਰਾ ਧਰਮ ਵਿਚ ਦੱਸੀਆਂ ਇਨ੍ਹਾਂ ਚੀਜ਼ਾਂ ਤਕ ਅਗਲੇ ਜਹਾਨ ਵਿਚ ਨਹੀਂ ਸਗੋਂ ਇਸੇ ਦੁਨੀਆ ਵਿਚ ਪਹੁੰਚਣ ਦਾ ਯਤਨ ਕਰਦਾ ਹੈ। ਉਹ ਮਰਨ ਤੋਂ ਪਹਿਲਾਂ ਆਪਣੇ ਅੰਤਰੀਵ ਅਹਿਸਾਸ ਦੁਆਰਾ ਇਸੇ ਲੋਕ ਵਿਚ ਇਨ੍ਹਾਂ ਵਸਤਾਂ ਨੂੰ ਅਨੁਭਵ ਕਰਨ ਲੱਗ ਪੈਂਦਾ ਹੈ ਤੇ ਜਨਮਾਂ ਦੀ ਦੂਰੀ ਨੂੰ ਮੁਕਾਉਂਦਾ ਉਹ ਆਪਣੇ ਵਿਸ਼ਵਾਸਾਂ ਨੂੰ ਇਸੇ ਇਨਸਾਨੀ ਜਾਮੇ ਵਿਚ ਪ੍ਰਤੱਖ ਵੇਖ ਲੈਂਦਾ ਹੈ।

          ਸੂਫ਼ੀ ਇਕ ਸਦੀਵੀ ਸਿਲੇ ਦਾ ਇੱਛਾ ਰੱਖਦਾ ਹੋਇਆ ਇਸ ਦੁਨੀਆਂ ਦੇ ਨਾਸ਼ਵਾਨ ਸੁਆਦਾਂ ਦਾ ਤਿਆਗ ਕਰਦਾ ਹੈ। ਇਸੇ ਜਹਾਨ ਵਿਚ ਮਸਤੀ ਦੀ ਪ੍ਰਾਪਤੀ ਲਈ ਦੁਨੀਆ ਦੇ ਸੁਹਜ ਸੁਆਦ ਨੂੰ ਤਜਦਾ ਹੈ। ਦਾਰਸ਼ਨਿਕ ਰਹੱਸ ਵਿਚ ਵੀ ਇਹੋ ਜਿਹੀ ਰੁਚੀ ਹੁੰਦੀ ਹੈ। ਜਿਵੇਂ ਸੂਫ਼ੀ ਆਪਣੇ ਤੇ ਆਪਣੇ ਉਦੇਸ਼ ਵਿਚਕਾਰਲੀ ਵਿੱਥ ਨੂੰ ਮੇਟ ਕੇ ਸਦੀਵੀ ਵਾਸਲ ਪ੍ਰਾਪਤ ਕਰ ਲੈਂਦਾ ਹੈ ਤਿਵੇਂ ਹੀ ਦਾਰਸ਼ਨਿਕ ਵੀ ਕੇਵਲ ਖ਼ਿਆਲ ਦੁਆਰਾ ਗ੍ਰਹਿਣ ਕੀਤੀ ਵਸਤੂ ਨੂੰ ਪ੍ਰਤਿਭਾ ਰਾਹੀਂ ਅਸਲੀਅਤ ਦਾ ਜਾਮਾ ਪਹਿਨਾਉਣ ਦਾ ਯਤਨ ਕਰਦਾ ਹੈ ਪਰੰਤੂ ਦਾਰਸ਼ਨਿਕ, ਸੂਫ਼ੀ ਵਾਲੀ ਰੂਹਾਨੀ ਦੁਨੀਆ ਵਿਚ ਨਹੀਂ ਵੱਸਦਾ, ਭਾਵੇਂ ਉਹ ਆਪਣੇ ਫ਼ਲਸਫ਼ੀ ਤਜ਼ਰਬਿਆਂ ਦੁਆਰਾ ਕਿਸੇ ਸੂਫ਼ੀ ਵਾਲੇ ਸਿੱਟੇ ਤੇ ਪੁੱਜ ਗਿਆ ਹੋਵੇ। ਭਾਵ ਸੂਫ਼ੀ ਅੰਤਿਮ ਸੱਚ ਨੂੰ ਮਾਣਦਾ ਹੈ ਜਦੋਂ ਕਿ ਦਾਰਸ਼ਨਿਕ ਕੇਵਲ ਉਸ ਬਾਰੇ ਜਾਣਦਾ ਹੀ ਹੈ। ਕਿਉਂਕਿ ਰਹੱਸਵਾਦੀ ਇਕ ਨਿਸ਼ਚਿਤ ਰੂਹਾਨੀ ਅਵਸਥਾ ਦੀ ਪ੍ਰਾਪਤੀ ਲਈ ਕੋਸ਼ਿਸ਼ ਕਰਦਾ ਹੈ, ਇਸ ਲਈ ਮੰਤਵ ਵਾਸਤੇ ਉਹ ਅਨੇਕ ਪ੍ਰਕਾਰ ਦੇ ਮਨੋ–ਤਕਨੀਕੀ ਢੰਗ ਵਰਤਦਾ ਹੈ। ਰਹੱਸ ਸਰੋਦੀ ਭਾਵ ਦਾ ਰੂਪ ਧਾਰਦਾ ਹੈ ਜਿਸ ਦਾ ਸਿੱਟੇ ਵਜੋਂ ਦੁਨੀਆ ਵਿਚ ਰਹੱਸਵਾਦੀ ਕਵਿਤਾ ਨੇ ਜਨਮ ਲਿਆ। ਫ਼ਰਾਸੀ ਸਾਹਿੱਤ ਵਿਚ ਬਹੁਤ ਜ਼ਿਆਦਾ ਰਹੱਸਵਾਦੀ ਕਾਵਿ–ਰਚਨਾ ਕੀਤੀ ਗਈ। ਸੂਫ਼ੀ ਕਵੀ ਵਧੇਰੇ ਕਰਕੇ ਇਸ਼ਕ ਹਕੀਕੀ ਨੂੰ ਇਸ਼ਕ ਮਜਾਜ਼ੀ ਦੇ ਰੂਪ ਵਿਚ ਬਿਆਨ ਕਰਦੇ ਹਨ।

          ਰਹੱਸਵਾਦ ਉਤਨਾ ਹੀ ਪੁਰਾਤਨ ਹੈ ਜਿੰਨੀ ਕਿ ਮਾਨਵਤਾ। ਰਹੱਸ ਭਾਵੇਂ ਦੁਨੀਆ ਦੇ ਸਾਰੇ ਵੱਡਿਆਂ ਵੱਡਿਆਂ ਧਰਮਾਂ ਵਿਚ ਭਿੰਨ ਭਿੰਨ ਰੂਪਾਂ ਵਿਚ ਮਿਲਦਾ ਹੈ ਪਰ ਕਾਲ, ਸਥਾਨ, ਕੌਮੀਅਤ ਤੇ ਨਸਲ ਆਦਿ ਤੋਂ ਸੁਤੰਤਰ ਹੈ। ਸਾਰੇ ਰਹੱਸਵਾਦੀ ਇਕ ਬੋਲੀ ਬੋਲਦੇ ਹਨ ਕਿਉਂ ਜੋ ਉਹ ਇਕੋ ਲੋਕ (ਸਚਖੰਡ) ਤੋਂ  ਆਉਂਦੇ ਹਨ। ਇਹ ਠੀਕ ਹੈ ਕਿ ਰਹੱਸਵਾਦੀ ਕੇਵਲ ਇਕੋ ਰੱਬ ਨੂੰ ਮੰਨਣ ਵਾਲੇ ਹਨ ਪਰ ਫਿਰ ਵੀ ਭਿੰਨ ਭਿੰਨ ਦੇਸ਼ਾਂ ਵਿਚ ਇਸ ਪਰੰਪਰਾ ਦਾ ਵਿਕਾਸ ਵੱਖੋ ਵੱਖ ਢੰਗਾਂ ਨਾਲ ਹੋਇਆ ਹੈ ਅਤੇ ਹਰ ਇਕ ਦੇ ਇਕ–ਈਸ਼ਵਰਵਾਦ ਦੇ ਸਿਧਾਂਤ ਵਿਚ ਥੋੜ੍ਹਾ ਬਹੁਤ ਫ਼ਰਕ ਹੈ।

          ਭਾਰਤੀ ਰਹੱਸਵਾਦ ਦੇ ਰਾਹ ਵਿਚ ਫ਼ਲਸਫ਼ੇ ਤੇ ਧਰਮ ਨੇ ਵਧੇਰੇ ਰੋੜਾ ਨਹੀਂ ਅਟਕਾਇਆ। ਪਰ ਪੱਛਮੀ ਰਹੱਸਵਾਦ ਦੀ ਉੱਨਤੀ ਦੇ ਰਾਹ ਵਿਚ ਫ਼ਲਸਫ਼ਾ ਤੇ ਧਰਮ ਇਕ ਬੜੀ ਔਕੜ ਬਣੇ ਰਹੇ। ਯੂਨਾਨ ਵਿਚ ਅਫ਼ਲਾਤੂਨ ਤੇ ਅਰਸਤੂ ਅਦਿ ਦੀਆਂ ਨਿਸ਼ਚਿਤ ਦਾਰਸ਼ਨਿਕ ਕੀਮਤਾਂ ਤੋਂ ਇਧਰ ਉਧਰ ਹੋਣਾ ਰਹੱਸਵਾਦੀ ਲਈ ਅਤਿ ਕਠਿਨ ਸੀ। ਪੱਛਮੀ ਦੇਸ਼ਾਂ ਵਿਚ ਰਹੱਸ ਉਦੋਂ ਤਕ ਉਗ ਨਹੀਂ ਸਕਿਆ ਜਦੋਂ ਤਕ ਯੂਨਾਨੀ ਫ਼ਲਸਫ਼ੇ ਦਾ ਜ਼ੋਰ ਨਹੀਂ ਘਟਿਆ।

          ਸਾਹਿੱਤ ਵਿਚ ਰਹੱਸਵਾਦ ਨੇ ਬੜੀ ਉੱਚੀ ਤੇ ਸੁੱਚੀ ਕਾਵਿ–ਧਾਰਾ ਚਲਾਈ ਕਿਉਂ ਜੋ ਕਵਿਤਾ ਜਜ਼ਬੇ ਅਧੀਨ ਹੁੰਦੀ ਹੈ ਤੇ ਜਜ਼ਬਾ ਵਧੇਰੇ ਕਰਕੇ ਮਨ ਵਿਚ ਇਸ਼ਕੋ–ਹੁਸਨ ਦੀਆਂ ਵਾਰਦਾਤਾਂ ਤੋਂ ਉਪਜਦਾ ਹੈ। ਜਿਨ੍ਹਾਂ ਤੇਜ਼ ਇਸ਼ਕ ਹੋਵੇਗਾ ਉੱਨਾ ਮਨ ਨੂੰ ਵਧੇਰੇ ਧੂਹ ਪਾਵੇਗਾ। ਇਸ਼ਕ ਦਾ ਤੇਜ਼ ਜਾਂ ਮੱਠਾ ਹੋਣਾ ਹੁਸਨ ਦੀ ਖਿੱਚ ’ਤੇ ਨਿਰਭਰ ਹੈ। ਰੱਬੀ ਹੁਸਨ ਸਭ ਹੁਸਨਾਂ ਨਾਲੋਂ ਪ੍ਰਬਲ ਹੈ, ਇਸ ਲਈ ਰੱਬੀ ਹੁਸਨ ਦੇ ਪ੍ਰੇਮੀਆਂ ਦੇ ਮਨ ਵਿਚ ਵਧੇਰੇ ਜਜ਼ਬੇ ਦੀ ਧੂਹ ਪੈਂਦੀ ਹੈ ਤੇ ਨਤੀਜੇ ਵਜੋਂ ਉਹ ਉਚੇਰੀ ਕਵਿਤਾ ਪੈਦਾ ਕਰ ਸਕਦਾ ਹੈ। ਰੱਬੀ ਪ੍ਰੇਮ ਰਹੱਸਵਾਦ ਦਾ ਮੁੱਖ ਵਿਸ਼ਾ ਹੈ। ਇਸੇ ਕਾਰਣ ਰਹੱਸਵਾਦੀ ਕਵਿਤਾ ਦੂਜੀ ਕਵਿਤਾ ਨਾਲੋਂ ਉੱਚੀ ’ਤੇ ਸੁੱਚੀ ਹੁੰਦੀ ਹੈ। ਰਹੱਸਵਾਦੀ ਕਵੀਆਂ ਦਾ ‘ਪ੍ਰੇਮ–ਪਾਤਰ’ ਆਮ ਤੌਰ ਤੇ ਰੱਬ ਹੁੰਦਾ ਹੈ, ਇਸ ਲਈ ਉਨ੍ਹਾਂ ਦਾ ਇਸ਼ਕ ਕਾਮ ਵਾਸ਼ਨਾ ਤੋਂ ਵੀ ਪਾਕ ਤੇ ਪਵਿੱਤਰ ਹੁੰਦਾ ਹੈ। ਰਹੱਸਵਾਦੀ ਪ੍ਰੇਮ ਅਮਰ ਹੁੰਦਾ ਹੈ ਤੇ ਇਸ ਪ੍ਰੇਮ ਵਿਚ ਆ ਕੇ ਜੋ ਕਵਿਤਾ ਰਹੀ ਜਾਂਦੀ ਹੈ, ਉਹ ਅਮਰ ਪਦਵੀ ਪ੍ਰਾਪਤ ਕਰ ਲੈਂਦੀ ਹੈ। ਨਿਰਗੁਣਵਾਦੀ ਸੰਤਾਂ/ਭਗਤਾਂ/ਗੁਰੂਆਂ ਦਾ ਕਾਵਿ ਅਧਿਆਤਮਿਕ ਰਹੱਸਵਾਦ ਦਾ ਉਜਲਾ ਨਮੂਨਾ ਹੈ। ਸੂਫ਼ੀ ਕਾਵਿ ਵੀ ਇਸ ਦੇ ਅੰਤਰਗਤ ਹੈ।

          ਪੰਜਾਬੀ ਸਾਹਿੱਤ ਦੇ ਆਧੁਨਿਕ ਕਾਲ ਵਿਚ ਭਾਈ ਵੀਰ ਸਿੰਘ ਅਤੇ ਡਾ. ਮੋਹਨ ਸਿੰਘ ਦੀਆਂ ਰਚਨਾਵਾਂ ਵਿਚ ਰਹੱਸਵਾਦ ਮਿਲਦਾ ਹੈ। ਪਰ ਪਿੱਛੋਂ ਇਹ ਸਾਹਿਤਿਕ ਧਾਰਾ ਬਹੁਤੀ ਪ੍ਰਚੱਲਿਤ ਨਹੀਂ ਹੋਈ। ਇਸ ਦਾ ਵੱਡਾ ਕਾਰਣ ਇਸ ਪ੍ਰਕਾਰ ਦੇ ਅਨੁਭਵ ਦੀ ਘਾਟ ਹੈ। ਫਿਰ ਵੀ ਕੁਝ ਕਵੀ ਰਹੱਸਵਾਦੀ ਅਨੁਭਵ ਵਿਚ ਵਿਸ਼ਵਾਸ ਰੱਖਦੇ ਹਨ ਅਤੇ ਉਨ੍ਹਾਂ ਨੇ ਰਹੱਸਵਾਦੀ ਸੁਭਾਅ ਦੀਆਂ ਕਵਿਤਾਵਾਂ ਲਿਖਿਆਂ ਹਨ। ਪੁਰਾਤਨ ਰਹੱਸਵਾਦ ਦੇ ਟਾਕਰੇ ’ਤੇ ਹੁਣ ਦੇ ਕਵੀਆਂ ਵਿਚ ਵਰਣਨ, ਰੂਪ, ਸ਼ੈਲੀ ਆਦਿ ਦੇ ਅੰਤਰ ਬੜੇ ਸਪਸ਼ਟ ਹਨ, ਇਸ ਲਈ ਨਿਸਚੇ ਹੀ ਇਸ ਅਧਿਆਤਮਵਾਦ ਵਿਚ ਕੁਝ ਨਵਾਂਪਨ ਵੀ ਆ ਗਿਆ ਹੈ। ਸੰਨ 1947 ਈ. ਤੋਂ ਪਿੱਛੋਂ ਦੀ ਕਵਿਤਾ ਵਿਚ ਇਹ ਪ੍ਰਵ੍ਰਿੱਤੀ ਪ੍ਰੀਤਮ ਸਿੰਘ ਸਫ਼ੀਰ, ਜਗਜੀਤ ਸਿੰਘ ਗੁਲੇਰੀਆ ਤੇ ਬਲਜੀਤ ਤੁਲਸੀ ਦੀ ਕਵਿਤਾ ਵਿਚ ਵੇਖੀ ਜਾ ਸਕਦੀ ਹੈ।   


ਲੇਖਕ : ਡਾ. ਰਾਜਿੰਦਰ ਸਿੰਘ ਲਾਂਬਾ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 9430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-14, ਹਵਾਲੇ/ਟਿੱਪਣੀਆਂ: no

ਰਹੱਸਵਾਦ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਰਹੱਸਵਾਦ ਰਹੱਸਾਤਮਕ ਵਿਸ਼ਿਆਂ ਤੇ ਵਿਚਾਰ ਕੀਤਾ ਜਾਂਦਾ ਹੈ। ਇਸ ਦਰਸ਼ਨ ਅਨੁਸਾਰ ਜਗਤ, ਜਗਤ ਦੀ ਰਚਨਾ, ਪ੍ਰਕਿਰਤੀ, ਆਤਮਾ, ਈਸ਼ਵਰ, ਆਤਮਾ ਦੀ ਅਮਰਤਾ, ਈਸ਼ਵਰ ਤੇ ਆਤਮਾ ਦਾ ਸੰਬੰਧ, ਮੁਕਤੀ ਆਦਿ ਬਾਰੇ ਬੌਧਿਕ ਆਧਾਰ ਤੇ ਵਿਚਾਰ ਕੀਤਾ ਜਾਂਦਾ ਹੈ; ਪਰ ਇੱਥੇ ਬੁੱਧੀ ਜਾਂ ਤਰਕ ਨਾਲੋਂ ਸ਼ਰਧਾ ਤੇ ਵਿਸ਼ਵਾਸ ’ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਵਿਹਾਰ ਅਨੁਸਾਰ ਇੱਥੇ ਮਨੁੱਖ ਦੇ ਜੀਵਨ ਨੂੰ ਧਾਰਮਿਕ ਤੇ ਸ਼ਰਧਾ ਵਾਲਾ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ।

ਰਹੱਸਵਾਦੀ ਈਸ਼ਵਰ ਨੂੰ ਜਗਤ ਦਾ ਕਰਤਾ, ਵਿਧਾਤਾ ਆਦਿ ਮੰਨਦੇ ਹਨ, ਇਹ ਈਸ਼ਵਰ ਦੀ ਸੱਤਾ ਨੂੰ ਸਿੱਧ ਕਰਨ ਦਾ ਯਤਨ ਨਹੀਂ ਕਰਦੇ, ਬਲਕਿ ਉਹਨਾਂ ਦਾ ਈਸ਼ਵਰ ਦੀ ਹੋਂਦ ਵਿੱਚ ਅਟੁੱਟ ਵਿਸ਼ਵਾਸ ਹੁੰਦਾ ਹੈ। ਪੱਛਮੀ ਦਰਸ਼ਨ ਵਿੱਚ ਕਈ ਸੰਤ ਫ਼ਿਲਾਸਫ਼ਰ ਹੋਏ ਹਨ ਜਿਨ੍ਹਾਂ ਦੇ ਵਿਚਾਰਾਂ ਨੂੰ ਰਹੱਸਵਾਦੀ ਕਿਹਾ ਜਾਂਦਾ ਹੈ। ਇਹਨਾਂ ਦਾਰਸ਼ਨਿਕ ਸੰਤਾਂ ਦਾ ਕਹਿਣਾ ਹੈ ਕਿ ਈਸ਼ਵਰ ਦੀ ਪ੍ਰਾਪਤੀ ਜਾਂ ਅਨੁਭੂਤੀ ਤਾਰਕਿਕ ਵਿਸ਼ਲੇਸ਼ਣ ਨਾਲ ਨਹੀਂ ਹੁੰਦੀ, ਬਲਕਿ ਧਿਆਨ ਨਾਲ ਤੇ ਚਿੱਤ ਦੀ ਇਕਾਗਰਤਾ ਨਾਲ ਹੁੰਦੀ ਹੈ। ਇਹ ਦਾਰਸ਼ਨਿਕ ਤਰਕ ਦੀ ਬਜਾਏ ਆਂਤਰਿਕ ਸ਼ਰਧਾ ਅਤੇ ਆਤਮਾ ਦੇ ਆਂਤਰਿਕ ਅਨੁਭਵ ਤੇ ਜ਼ੋਰ ਦਿੰਦੇ ਹਨ। ਇੱਥੇ ਗਿਆਨ ਨਾਲੋਂ ਸ਼ਰਧਾ ਨੂੰ ਉੱਤਮ ਮੰਨਿਆ ਜਾਂਦਾ ਹੈ; ਇਹ ਸ਼ਰਧਾ ਗਿਆਨ ਤੋਂ ਉੱਪਰ ਹੁੰਦੀ ਹੈ ਅਤੇ ਗਿਆਨ ਦਾ ਵਿਰੋਧ ਕਰਦੀ ਹੈ। ਰਹੱਸਵਾਦ ਅਨੁਸਾਰ ਆਤਮਾ ਸ੍ਵਰਗ ਤੱਕ ਪਹੁੰਚਣ ਦਾ ਯਤਨ ਕਰਦੀ ਹੈ, ਕਿਉਂਕਿ ਇਹ ਸ੍ਵਰਗ ਤੋਂ ਹੀ ਆਈ ਹੈ ਅਤੇ ਉੱਥੇ ਹੀ ਇਸ ਨੇ ਵਾਪਸ ਜਾਣਾ ਹੈ। ਇਹ ਸ੍ਵਰਗ ਸ਼ੁੱਧ ਆਤਮਾਵਾਂ ਦਾ ਲੋਕ ਹੈ ਜਿੱਥੇ ਸਦਾ ਸੁੱਖ ਹੁੰਦਾ ਹੈ। ਇਸ ਲੋਕ ਵਿੱਚ ਜਾਣ ਦਾ ਸਾਧਨ ਈਸ਼ਵਰ ਵਿੱਚ ਵਿਸ਼ਵਾਸ ਹੈ ਅਤੇ ਈਸ਼ਵਰ ਨੂੰ ਆਤਮ-ਸਮਰਪਣ ਹੈ।

ਰਹੱਸਵਾਦੀ ਈਸ਼ਵਰ ਨੂੰ ਸੱਚ ਤੇ ਪ੍ਰੇਮ ਦਾ ਪ੍ਰਤੀਕ ਮੰਨਦੇ ਹਨ। ਇਸ ਈਸ਼ਵਰ ਦੀ ਪ੍ਰਾਪਤੀ ਲਈ ਜੋ ਸਾਧਨਾ ਕੀਤੀ ਜਾਂਦੀ ਹੈ, ਉਸ ਦੀਆਂ ਕਈ ਵਿਧੀਆਂ ਹਨ, ਜਿਨ੍ਹਾਂ ਅਨੁਸਾਰ ਸਾਨੂੰ ਈਸ਼ਵਰ ਨੂੰ ਭੌਤਿਕ ਜਗਤ ਵਿੱਚ ਵੇਖਣ ਦਾ ਯਤਨ ਕਰਨਾ ਚਾਹੀਦਾ ਹੈ; ਫਿਰ ਉਸ ਈਸ਼ਵਰ ਦੀ ਸੱਤਾ ਦਾ ਆਪਣੇ ਆਂਤਰਿਕ ਜੀਵਨ ਵਿੱਚ ਧਿਆਨ ਕਰਨਾ ਚਾਹੀਦਾ ਹੈ ਅਤੇ ਫਿਰ ਈਸ਼ਵਰ ਦਾ ਆਪਣੇ ਅੰਦਰ ਅਤੇ ਬਾਹਰ ਦਰਸ਼ਨ ਕਰਨਾ ਚਾਹੀਦਾ ਹੈ। ਇੱਥੇ ਆਪਣੇ-ਆਪ ਤੋਂ ਜਾਂ ਭੌਤਿਕ ਜੀਵਨ ਤੋਂ ਉੱਪਰ ਉੱਠਣ ਦਾ ਯਤਨ ਕਰਨਾ ਪੈਂਦਾ ਹੈ; ਇਸ ਤਰ੍ਹਾਂ ਸਾਧਕ ਪ੍ਰੇਮ ਤੇ ਸੱਚ ਦੁਆਰਾ ਦੈਵੀ ਸੰਕਲਪ ਦੀ ਸਥਿਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਸਥਿਤੀ ਤੋਂ ਉਹ ਅਨੰਦ ਦੀ ਸਥਿਤੀ ਵਿੱਚ ਪ੍ਰਵੇਸ਼ ਕਰਦਾ ਹੈ, ਜਿਸ ਦੀ ਪ੍ਰਾਪਤੀ ਪਰਮੇਸ਼ਵਰ ਦੀ ਕ੍ਰਿਪਾ ਨਾਲ ਹੁੰਦੀ ਹੈ। ਇਸ ਅਨੰਦ ਦੀ ਅਨੁਭੂਤੀ ਨਾਲ ਤੇ ਈਸ਼ਵਰ ਦੀ ਕਿਰਪਾ ਨਾਲ ਸਾਡਾ ਜੀਵਨ ਪਵਿੱਤਰ ਹੋ ਜਾਂਦਾ ਹੈ ਅਤੇ ਸਾਡੀ ਪ੍ਰਾਰਥਨਾ ਈਸ਼ਵਰ ਤੱਕ ਸਿੱਧੇ ਹੀ ਪਹੁੰਚਣ ਲੱਗ ਪੈਂਦੀ ਹੈ। ਸ਼ੁੱਧ ਚਿੱਤ ਨਾਲ ਕੀਤੀ ਗਈ ਪ੍ਰਾਰਥਨਾ ਦਾ ਵੀ ਇਸ ਰਹੱਸਵਾਦ ਵਿੱਚ ਵਿਸ਼ੇਸ਼ ਮਹੱਤਵ ਹੈ।

ਰਹੱਸਵਾਦ ਅਨੁਸਾਰ ਈਸ਼ਵਰ ਅਵਿਅਕਤ ਹੈ, ਅਨੁਭਵ ਅਤੀਤ ਹੈ ਅਤੇ ਉਹ ਆਪਣੇ-ਆਪ ਨੂੰ ਆਮ ਤੌਰ ’ਤੇ ਵਿਅਕਤ ਨਹੀਂ ਕਰਦਾ, ਪਰ ਕੁਝ ਸੰਤ ਮੰਨਦੇ ਹਨ ਕਿ ਉਹ ਪ੍ਰੇਮ ਆਦਿ ਦੁਆਰਾ ਅਭਿਵਿਅਕਤ ਹੋ ਜਾਂਦਾ ਹੈ। ਉਹ ਸ਼ੁੱਭ ਸੰਕਲਪ ਵਾਲਾ ਹੈ ਅਤੇ ਆਪਣੇ-ਆਪ ਵਿੱਚ ਪੂਰਨ ਹੈ; ਇਹ ਜਗਤ ਈਸ਼ਵਰ ਵਿੱਚ ਹੀ ਸਥਿਤ ਹੈ; ਇਹ ਜਗਤ ਨਿੱਤ ਹੈ, ਸਾਰੇ ਪਦਾਰਥ ਈਸ਼ਵਰ ਵਿੱਚ ਹਨ ਅਤੇ ਈਸ਼ਵਰ ਸਾਰੇ ਪਦਾਰਥਾਂ ਵਿੱਚ ਹੈ। ਨਸ਼ਵਰ ਮਾਨਸ ਜਗਤ ਵਿੱਚ ਅਨੇਕਤਾ ਵੇਖਦਾ ਹੈ, ਪਰ ਦੇਸ ਤੇ ਕਾਲ ਤੋਂ ਪਰ੍ਹਾਂ ਰਹਿਣ ਵਾਲਾ ਮਾਨਸ ਸਭ ਵਿੱਚ ਇਕਰੂਪਤਾ ਦੇ ਦਰਸ਼ਨ ਕਰਦਾ ਹੈ। ਈਸ਼ਵਰ ਦੇ ਮਾਨਸ ਵਿੱਚ ਸਾਰੇ ਪਦਾਰਥ ਵਰਤਮਾਨ ਦੀ ਤਰ੍ਹਾਂ ਹੀ ਰਹਿੰਦੇ ਹਨ। ਕੁਝ ਰਹੱਸਵਾਦੀ ਇਹ ਮੰਨਦੇ ਹਨ ਕਿ ਕਾਲ ਵਿੱਚ ਰਹਿਣ ਵਾਲਾ ਸਾਡਾ ਸੰਸਾਰ ਕਿਸੇ ਆਦਰਸ਼ਾਤਮਕ ਜਗਤ ਦੀ ਨਕਲ ਹੈ ਕਿਉਂਕਿ ਉਸ ਵਿੱਚ ਦੈਵੀ ਤੱਤ ਹੈ ਅਤੇ ਉਹ ਈਸ਼ਵਰ ਵਿੱਚ ਸਥਿਤ ਹੈ, ਪਰ ਉਹ ਈਸ਼ਵਰ ਨਾਲ ਇਕਰੂਪ ਵਾਲਾ ਨਹੀਂ ਹੈ। ਕੁਝ ਰਹੱਸਵਾਦੀ ਗਿਆਨ ਨੂੰ ਆਤਮਾ ਦਾ ਸਰਬ-ਉੱਚ ਕਾਰਜ ਮੰਨਦੇ ਹਨ ਅਤੇ ਪਰਮਬੌਧਿਕ ਗਿਆਨ ਨੂੰ ਗਿਆਨ ਦੀ ਪਰਾਕਾਸ਼ਠਾ ਜਾਂ ਸਰਬ-ਉੱਤਮ ਸਥਿਤੀ ਮੰਨਦੇ ਹਨ। ਪਰਮ-ਪ੍ਰਕ੍ਰਿਤਿਕ ਧਿਆਨ ਦੁਆਰਾ ਆਤਮਾ ਈਸ਼ਵਰ ਨਾਲ ਇਕਰੂਪ ਹੋਣ ਦਾ ਯਤਨ ਕਰਦੀ ਹੈ; ਪਰ ਦੈਵੀ ਮਾਨਸ ਈਸ਼ਵਰ ਨਾ

: ਰਹੱਸਵਾਦ  (Mysticism)  ਦਾ ਸੰਬੰਧ ਧਾਰਮਿਕ ਦਰਸ਼ਨ ਨਾਲ ਸ੍ਵੀਕਾਰ ਕੀਤਾ ਜਾਂਦਾ ਹੈ ਕਿਉਂਕਿ ਇਸ ਵਿੱਚ ਧਰਮ ਦੇਲ ਇਕਰੂਪਤਾ ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਰਹੱਸਵਾਦੀ ਪਿਆਰ ਨਾਲ ਈਸ਼ਵਰ ਦੀ ਅਨੁਭੂਤੀ ਆਪਣੇ ਅੰਦਰ ਤੇ ਬਾਹਰ ਕਰਨਾ ਚਾਹੁੰਦੇ ਹਨ ਅਤੇ ਉਹਨਾਂ ਦਾ ਵਿਚਾਰ ਹੈ ਕਿ ਮਾਨਵ ਈਸ਼ਵਰ ਤੋਂ ਆਇਆ ਹੈ ਅਤੇ ਮੁਕਤੀ ਦੁਆਰਾ ਉਸੇ ਵਿੱਚ ਵਾਪਸ ਚਲਾ ਜਾਂਦਾ ਹੈ।


ਲੇਖਕ : ਆਰ. ਡੀ. ਨਿਰਾਕਾਰੀ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 4641, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-04-06-02-42-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.