ਰਾਗਮਾਲਾ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਗਮਾਲਾ: ਇਸ ਤੋਂ ਭਾਵ ਹੈ ਉਹ ਰਚਨਾ ਜਿਸ ਵਿਚ ਰਾਗਾਂ ਦੇ ਨਾਂ ਕ੍ਰਮਵਾਰ ਦਰਜ ਹੋਣ। ਗੁਰੂ ਗ੍ਰੰਥ ਸਾਹਿਬ ਦੇ ਅੰਤ ਉਤੇ ਇਸ ਨਾਂ ਦੀ ਇਕ ਰਚਨਾ ਦਰਜ ਹੈ। ਇਸ ਵਿਚ ਪੰਜ ਦੋਹਿਰੇ ਹਨ ਜਿਨ੍ਹਾਂ ਵਿਚੋਂ ਹਰ ਇਕ ਨੂੰ ਅੰਤ ਉਤੇ ਕੇਵਲ ‘੧’ ਅੰਕ ਦਿੱਤਾ ਗਿਆ ਹੈ। ਪਹਿਲੇ , ਦੂਜੇ ਅਤੇ ਤੀਜੇ ਦੋਹਰਿਆਂ ਤੋਂ ਪਹਿਲਾਂ ਦਸ ਦਸ ਤੁਕਾਂ ਦਾ ਇਕ ਇਕ ਪਉੜੀ-ਜੁੱਟ ਹੈ, ਚੌਥੇ ਨਾਲ ਚਾਰ ਅਤੇ ਛੇ ਤੁਕਾਂ ਦੇ ਦੋ ਜੁੱਟ ਹਨ ਅਤੇ ਪੰਜਵੇਂ ਨਾਲ ਛੇ ਅਤੇ ਚਾਰ ਤੁਕਾਂ ਦੇ ਦੋ ਜੁੱਟ ਹਨ। ਇਸ ਵਿਚਲੀ ਪਦਿਆਂ ਦੀ ਅੰਕ-ਗਣਨਾ ਦਾ ਮੇਲ ਗ੍ਰੰਥ ਸਾਹਿਬ ਦੀ ਵਿਧੀ ਅਨੁਸਾਰ ਨਹੀਂ ਹੈ।
ਇਥੇ ਦੂਜੀ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਸ ਵਿਚ ਰਚੈਤਾ ਦੇ ਨਾਂ ਦਾ ਸੰਕੇਤ ਨਹੀਂ ਦਿੱਤਾ ਗਿਆ। ਇਸ ਲਈ ਇਸ ਦਾ ਕਰਤ੍ਰਿਤਵ ਸੰਦਿਗਧ ਹੈ। ਕਰਤਾਰਪੁਰੀ ਬੀੜ ਵਿਚ ਵੀ ਇਹ ਅੰਕਿਤ ਹੈ। ‘ਰਹਿਤ- ਮਰਯਾਦਾ’ ਪੁਸਤਿਕਾ ਅਨੁਸਾਰ ਇਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੀੜ ਵਿਚ ਸ਼ਾਮਲ ਕਰਨ ਲਈ ਕਿਹਾ ਗਿਆ ਹੈ, ਪਰ ਬਾਣੀ ਦਾ ਭੋਗ ‘ਮੁਦਾਵਣੀ ’ ਜਾਂ ‘ਰਾਗਮਾਲਾ’ ਉਤੇ ਇਲਾਕਾਈ ਪ੍ਰਥਾਵਾਂ ਅਨੁਸਾਰ ਪਾਉਣ ਦਾ ਸੁਝਾਉ ਹੈ।
ਇਸ ਰਾਗਮਾਲਾ ਦਾ ਵਿਸ਼ਾ ਹੈ ਰਾਗ-ਰਾਗਨੀਆਂ ਦੀ ਸੂਚੀ ਦੇਣਾ। ਇਸ ਵਿਚ ਕੁਲ ਛੇ ਰਾਗਾਂ ਦੇ ਨਾਂ (ਭੈਰਉ, ਮਾਲਕਉਸ, ਹਿੰਡੋਲ, ਦੀਪਕ, ਸਿਰੀ ਅਤੇ ਮੇਘ) ਦੇ ਕੇ ਫਿਰ ਹਰ ਇਕ ਰਾਗ ਦੀਆਂ ਪੰਜ ਪੰਜ ਰਾਗਨੀਆਂ ਅਤੇ ਅੱਠ ਅੱਠ ਪੁੱਤਰਾਂ ਦੇ ਨਾਂਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਦਾ ਕੁਲ ਜੋੜ 84 ਬਣਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੇਵਲ 31 ਰਾਗ ਦਰਜ ਹਨ। ਕੁਝ ਰਾਗਾਂ ਵਿਚ ਹੋਰਨਾਂ ਰਾਗਾਂ ਨਾਲ ਰਲਾ ਕੇ ਗਾਉਣ ਦੇ ਵੀ ਸੰਕੇਤ ਹਨ। ਇਸ ਤਰ੍ਹਾਂ ਭਾਵੇਂ ਰਾਗਾਂ ਦੀ ਗਿਣਤੀ 31 ਤੋਂ ਵੱਧ ਹੋ ਜਾਂਦੀ ਹੈ, ਪਰ ਕਿਸੇ ਸੂਰਤ ਵਿਚ ਉਹ 84 ਨਹੀਂ ਬਣਦੀ। ਅਤੇ, ਹੈਰਾਨੀ ਦੀ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਕੁਝ ਰਾਗ ਇਸ ‘ਰਾਗਮਾਲਾ’ ਵਿਚ ਸ਼ਾਮਲ ਹੀ ਨਹੀਂ ਹੋਏ, ਜਿਵੇਂ ਮਾਝ , ਬਿਹਾਗੜਾ, ਵਡਹੰਸ, ਸੂਹੀ, ਰਾਮਕਲੀ, ਤੁਖਾਰੀ, ਪ੍ਰਭਾਤੀ, ਜੈਜਾਵੰਤੀ, ਆਦਿ। ਅਤੇ ਇਸ ‘ਰਾਗਮਾਲਾ’ ਦੇ ਅਨੇਕ ਰਾਗਾਂ ਦਾ ਗੁਰੂ ਗ੍ਰੰਥ ਸਾਹਿਬ ਵਿਚ ਜ਼ਿਕਰ ਤਕ ਨਹੀਂ ਹੋਇਆ ਜਿਵੇਂ ਮਾਲਕਉਸ, ਹਿੰਡੋਲ, ਦੀਪਕ, ਮੇਘ ਅਤੇ ਉਨ੍ਹਾਂ ਦੀਆਂ ਕਈਆਂ ਰਾਗਨੀਆਂ ਅਤੇ ਪੁੱਤਰ। ਇਸ ਤੋਂ ਸਪੱਸ਼ਟ ਹੈ ਕਿ ਰਾਗਮਾਲਾ ਗੁਰੂ ਗ੍ਰੰਥ ਸਾਹਿਬ ਵਿਚ ਵਰਤੇ ਰਾਗਾਂ ਦੀ ਸੂਚਕ ਨਹੀਂ। ਮਾਝ, ਵਡਹੰਸ, ਤੁਖਾਰੀ ਆਦਿ ਕਈ ਰਾਗ ਤਾਂ ਭਾਰਤੀ ਸੰਗੀਤ ਪਰੰਪਰਾ ਤੋਂ ਸੁਤੰਤਰ ਹਨ। ਇਹ ਰਾਗ ਭਾਰਤੀ ਸੰਗੀਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਮੌਲਿਕ ਦੇਣ ਹੈ।
ਭਾਰਤੀ ਸੰਗੀਤ ਦੇ ਵਿਕਾਸ ਦੌਰਾਨ ਕਈ ਮਤ ਪ੍ਰਚਲਿਤ ਹੋਏ ਹਨ। ਸਭ ਤੋਂ ਪਹਿਲਾਂ ਸ਼ੈਵ-ਮਤ ਵਿਕਸਿਤ ਹੋਇਆ। ਉਸ ਤੋਂ ਬਾਦ ਆਚਾਰਯ ਕਾਲੀ ਨਾਥ ਨੇ ਆਪਣਾ ਮਤ ਪ੍ਰਚਲਿਤ ਕੀਤਾ ਜਿਸ ਨੂੰ ਕ੍ਰਿਸ਼ਣ-ਮਤ ਵੀ ਕਿਹਾ ਜਾਂਦਾ ਹੈ ਅਤੇ ਜਿਸ ਦਾ ਪ੍ਰਚਾਰ ਖੇਤਰ ਅਧਿਕਤਰ ਬ੍ਰਜ ਅਤੇ ਪੰਜਾਬ ਰਿਹਾ ਹੈ। ਇਕ ਹੋਰ ਪ੍ਰਸਿੱਧ ਮਤ ਹੈ ਭਾਰਤ- ਮਤ ਜਿਸ ਦਾ ਪ੍ਰਚਲਨ ਭਰਤ ਮੁਨੀ ਨੇ ਕੀਤਾ ਅਤੇ ਜੋ ਪੱਛਮੀ ਭਾਰਤ ਵਿਚ ਪ੍ਰਚਲਿਤ ਰਿਹਾ। ਇਨ੍ਹਾਂ ਤੋਂ ਇਲਾਵਾ ਹਨੂਮਾਨ-ਮਤ, ਸਿੱਧ ਸਾਰਸੁਤ-ਮਤ, ਰਾਗਾਰਨਵ-ਮਤ ਵੀ ਪ੍ਰਚਲਿਤ ਹੋਏ ਹਨ।
ਉਕਤ ਮਤਾਂ ਨਾਲ ਸੰਬੰਧਿਤ ਕਈ ਰਾਗਮਾਲਾਵਾਂ ਪ੍ਰਚਲਿਤ ਹੋਈਆਂ ਅਤੇ ਸਾਰੀਆਂ ਵਿਚ ਛੇ ਮੁੱਖ ਰਾਗ (ਭੈਰਉ, ਮਾਲਕਉਸ, ਹਿੰਡੋਲ, ਦੀਪਕ, ਸਿਰੀ ਅਤੇ ਮੇਘ) ਮੰਨੇ ਗਏ ਹਨ, ਸਿਵਾਏ ਸਾਰਸੁਤ-ਮਤ ਦੇ ਜਿਸ ਵਿਚ ਸੱਤ ਮੁੱਖ ਰਾਗ ਦਸੇ ਗਏ ਹਨ।
ਇਨ੍ਹਾਂ ਛੇ ਰਾਗਾਂ ਦੀਆਂ ਆਮ ਤੌਰ ’ਤੇ ਤੀਹ ਪਤਨੀਆਂ (ਰਾਗਨੀਆਂ) ਅਤੇ 48 ਪੁੱਤਰ (ਉਪ-ਰਾਗ) ਦਸੇ ਗਏ ਹਨ। ਇਸ ਤਰ੍ਹਾਂ ਇਨ੍ਹਾਂ ਦੀ ਗਿਣਤੀ 84 ਬਣਦੀ ਹੈ। ਇਸ ਸੰਖਿਆ ਦਾ ਸੰਬੰਧ ਕਿਸੇ ਨ ਕਿਸੇ ਰੂਪ ਵਿਚ 84 ਸਿੱਧਾਂ ਜਾਂ 84 ਲੱਖ ਜੂਨਾਂ ਨਾਲ ਮੇਲ ਖਾਂਦਾ ਪ੍ਰਤੀਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਦਰਜ ਰਾਗਮਾਲਾ ਉਪਰੋਕਤ ਮਤਾਂ ਦੀਆਂ ਰਾਗਮਾਲਾਵਾਂ ਤੋਂ ਬਹੁਤ ਵਖਰੀ ਤਰ੍ਹਾਂ ਦੀ ਨਹੀਂ ਹੈ। ਆਮ ਤੌਰ’ਤੇ ਇਹ ਰਾਗਮਾਲਾ ਹਨੂਮਾਨ-ਮਤ ਦੇ ਅਧਿਕ ਨੇੜੇ ਦਸੀ ਜਾਂਦੀ ਹੈ। ਇਥੇ ਧਿਆਨ ਯੋਗ ਗੱਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਰਾਗ-ਅਨੁਸ਼ਾਸਨ ਵਿਚ ਰਾਗ ਅਤੇ ਰਾਗਨੀਆਂ ਵਿਚ ਕੋਈ ਅੰਤਰ ਨਹੀਂ ਦਰਸਾਇਆ ਗਿਆ। ਸਭ ਨੂੰ ਰਾਗ ਹੀ ਕਿਹਾ ਗਿਆ ਹੈ, ਕੋਈ ਕਿਸੇ ਦਾ ਪੁੱਤਰ ਅਥਵਾ ਪਤਨੀ ਨਹੀਂ ਹੈ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਰਾਗ-ਅਨੁਸ਼ਾਸਨ ਦੀ ਆਪਣੀ ਨਵੇਕਲੀ ਪਛਾਣ ਹੈ।
ਕੁਝ ਵਿਦਵਾਨਾਂ ਨੇ ਇਸ ਰਚਨਾ ਦੀ ਸਮਾਨਤਾ ਅਕਬਰ ਬਾਦਸ਼ਾਹ ਦੇ ਦਰਬਾਰੀ ਕਵੀ ਆਲਮ ਦੀ ਸੰਨ 1583-84 ਈ. ਵਿਚ ਅਨੁਵਾਦਿਤ ਰਚਨਾ ‘ਮਾਧਵਾਨਲ ਸੰਗੀਤ’ ਦੇ ਛੰਦ ਅੰਕ 63 ਤੋਂ 72 ਤਕ ਦੇ ਪਾਠ ਨਾਲ ਸਥਾਪਿਤ ਕਰਨ ਦਾ ਯਤਨ ਕੀਤਾ ਹੈ। ਇਨ੍ਹਾਂ ਦੋਹਾਂ ਰਚਨਾਵਾਂ ਵਿਚ ਬਸ ਕੁਝ ਕੁ ਪਾਠਾਂਤਰ ਹੀ ਹਨ। ਇਸ ਰਚਨਾ ਦੀ ਭਾਸ਼ਾ ਬ੍ਰਜ ਹੈ ਅਤੇ ਰਾਗਾਂ ਦੇ ਉਲੇਖ ਕਰਕੇ ਕੁਝ ਕਠਿਨ ਵੀ ਪ੍ਰਤੀਤ ਹੁੰਦੀ ਹੈ।
ਰਾਗਮਾਲਾ ਬਾਰੇ ਭਾਈ ਸੰਤੋਖ ਸਿੰਘ ਦਾ ਕਥਨ ਹੈ—ਰਾਗਮਾਲਾ ਸ੍ਰੀ ਗੁਰ ਕੀ ਕ੍ਰਿਤ ਨਹਿਂ ਹੈ ਮੁੰਦਾਵਣੀ ਲਗਿ ਗੁਰ ਬੈਨ। ਇਸ ਮਹਿਂ ਨਹਿਂ ਸੰਸੈ ਕਛੁ ਕਰੀਅਹਿ ਜੇ ਸੰਸੈ ਅਵਿਲੋਕਹੁ ਨੈਨ। ਮਾਧਵਨਲ ਆਲਮ ਕਵਿ ਕੀਨਸਿ ਤਿਸ ਮਹਿਂ ਨ੍ਰਿਤਕਾਰੀ ਕਹਿ ਤੈਨ। ਰਾਗ ਰਾਗਨੀ ਨਾਮ ਗਿਨੈ ਤਹਿੰ ਯਾ ਤੇ ਸ੍ਰੀ ਅਰਜਨ ਕ੍ਰਿਤ ਹੈਨ।40। ਇਹ ਸੁਧਿ ਨਹੀਂ ਲਿਖੀ ਇਹ ਗੁਰ ਨੇ ਕਿਧੋਂ ਸਿਖ ਕਾਹੂ ਲਿਖਿ ਦੀਨਿ। ਰਾਗ ਨਾਮ ਸਭਿ ਜਾਨਹਿਂ ਰਾਗੀ ਇਹ ਕਾਰਨ ਲਿਖ ਦਈ ਪ੍ਰਬੀਨ। (ਰਾਸ ੩/ਅੰਸੂ 47-48)।
ਇਸ ਗ੍ਰੰਥ ਵਿਚ ਕਵੀ ਸੰਤੋਖ ਸਿੰਘ ਨੇ ਪਹਿਲੀ ਵਾਰ ਇਹ ਮੰਨਿਆ ਹੈ ਕਿ ਇਹ ਆਲਮ ਕਵੀ ਦੀ ਰਚਨਾ ਹੈ ਜੋ ਕਿਸੇ ਸਿੱਖ ਨੇ ਭੋਲੇ ਭਾ ਇਸ ਗ੍ਰੰਥ ਵਿਚ ਚੜ੍ਹਾ ਦਿੱਤੀ ਹੈ। ਬਾਦ ਵਿਚ ਹੋਈ ਖੋਜ ਵੀ ਇਸ ਸਿੱਟੇ ਉਤੇ ਪਹੁੰਚੀ ਹੈ ਕਿ ਇਹ ਰਾਗਮਾਲਾ ਗੁਰੂ-ਕ੍ਰਿਤ ਨਹੀਂ ਹੈ ਅਤੇ ਨ ਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅੰਸ਼ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਰਾਗਮਾਲਾ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਰਾਗਮਾਲਾ : ਇਕ ਅਜਿਹੀ ਰਚਨਾ ਜਿਸ ਵਿਚ ਰਾਗਾਂ ਦੇ ਨਾਂ ਕ੍ਰਮਵਾਰ ਦਰਜ ਹੋਣ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਤ ਉੱਤੇ ਇਸ ਨਾਂ ਦੀ ਬਾਣੀ ਦਰਜ ਹੈ ਜਿਸ ਵਿਚ ਪੰਜ ਦੋਹਰੇ ਹਨ। ਪਹਿਲੇ, ਦੂਜੇ ਅਤੇ ਤੀਜੇ ਦੋਹਰੇ ਤੋਂ ਪਹਿਲਾਂ ਦਸ-ਦਸ ਤੁਕਾਂ ਦਾ ਇਕ ਇਕ ਪਉੜੀ ਜੁੱਟ ਹੈ। ਚੌਥੇ ਦੋਹਰੇ ਨਾਲ ਚਾਰ ਅਤੇ ਛੇ ਤੁਕਾਂ ਦੇ ਦੋ ਜੁੱਟ ਹਨ। ਪੰਜਵੇਂ ਦੋਹਰੇ ਨਾਲ ਛੇ ਅਤੇ ਚਾਰ ਤੁਕਾਂ ਦੇ ਦੋ ਜੁੱਟ ਹਨ। ਹਰ ਦੋਹਰੇ ਦੇ ਅੰਤ ਉੱਤੇ ‘੧’ ਅੰਕ ਦਿੱਤਾ ਗਿਆ ਹੈ। ਇਸ ਬਾਣੀ ਵਿਚ ਇਸ ਦੇ ਰਚਣਹਾਰ ਬਾਰੇ ਕੋਈ ਸੰਕੇਤ ਨਹੀਂ ਹੈ। ਵਿਸ਼ੇ ਪੱਖੋਂ ਇਹ ਰਾਗ-ਰਾਗਣੀਆਂ ਦੀ ਸੂਚੀ ਹੈ ਜਿਸ ਵਿਚ ਛੇ ਰਾਗ (ਭੈਰਉ, ਮਾਲਕੌਂਸ, ਹਿੰਡੋਲ, ਦੀਪਕ, ਸਿਰੀ ਅਤੇ ਮੇਘ) ਅਤੇ ਹਰੇਕ ਰਾਗ ਦੀਆਂ ਪੰਜ-ਪੰਜ ਰਾਗਣੀਆਂ ਅਤੇ ਅੱਠ-ਅੱਠ ਪੁੱਤਰਾਂ ਦੇ ਨਾਵਾਂ ਦਾ ਜ਼ਿਕਰ ਹੈ ਜਿਸ ਦਾ ਕੁੱਲ ਜੋੜ 84 ਬਣਦਾ ਹੈ।
ਰਾਗਮਾਲਾ ਤੋਂ ਰਾਗ ਦੇ ਮਤਿ ਦਾ ਪਤਾ ਚਲਦਾ ਹੈ। ਰਾਗ ਦੇ ਪ੍ਰਚਲਿਤ ਚਾਰ ਮਤਿ ਹਨ-ਸ਼ਿਵ ਮਤਿ, ਕਾਲੀ ਨਾਥ ਮਤਿ, ਭਰਤ ਮਤਿ ਅਤੇ ਹਨੂੰਮਾਨ ਮਤਿ। ਬਾਣੀ ਬਿਊਰਾ ਦੇ ਕਰਤਾ ਡਾਕਟਰ ਚਰਨ ਸਿੰਘ ਜੀ ਨੇ 12 ਰਾਗਮਾਲਾ, ਇਕੱਠੀਆਂ ਕਰ ਕੇ ਉਨ੍ਹਾਂ ਦੇ ਮਤਾਂ ਦੇ ਭੇਦ ਪ੍ਰਭੇਦ ਲੱਭਣ ਉਪਰੰਤ ਇਹ ਸਿੱਟਾ ਕੱਢਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਦਰਜ ਰਾਗਮਾਲਾ ਸਭ ਤੋਂ ਭਿੰਨ ਹੈ ਅਤੇ ਗੁਰਮਤਿ ਸੰਗੀਤ ਦੀ ਲਖਾਇਕ ਹੈ।
ਕਈ ਵਿਦਵਾਨਾਂ ਨੇ ਇਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਆਲਮ ਦੀ ਰਚਨਾ ਮੰਨਿਆ ਹੈ ਪਰ ਖੋਜ ਕੀਤਿਆਂ ਇਹ ਗੱਲ ਸਹੀ ਨਹੀਂ ਹੁੰਦੀ ਕਿਉਂਕਿ ਆਲਮ ਦੀ ਪੋਥੀ ਦੇ ਦੀਬਾਚੇ ਵਿਚ ਦਿੱਤੀ ਗਈ ਮਿਤੀ 991 ਹਿਜਰੀ (ਸੰਮਤ 1640) ਅਕਬਰ ਦੇ ਦਰਬਾਰੀ ਕਵੀ ਜੋਧ ਦੀ ਮੂਲ ਸੰਸਕ੍ਰਿਤ ਰਚਨਾ ਦੀ ਹੈ, ਆਲਮ ਦੇ ਅਨੁਵਾਦ ਦੀ ਨਹੀਂ ਅਤੇ ਜੋਧ ਕਵੀ ਦੀ ਮੂਲ ਰਚਨਾ ਵਿਚ ਰਾਗਮਾਲਾ ਦਰਜ ਨਹੀਂ। ਆਲਮ ਦਾ ਜੀਵਨ ਕਾਲ 1712 ਤੋਂ 1774 ਬਿਕਰਮੀ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ 1661 ਬਿਕਰਮੀ ਵਿਚ ਬੱਝੀ ਅਰਥਾਤ ਆਲਮ ਦਾ ਜਨਮ ਇਸ ਤੋਂ 51 ਸਾਲ ਬਾਅਦ ਹੋਇਆ। ਕਿਸੇ ਕਵੀ ਦੀ ਰਚਨਾ ਉਸ ਦੇ ਜਨਮ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਤਰ੍ਹਾਂ ਵੀ ਦਰਜ ਨਹੀਂ ਹੋ ਸਕਦੀ। ਆਲਮ ਰਚਿਤ ‘ਮਾਧਵਾਨਲ ਕਾਮਕੰਦਲਾ’ ਵਿਚ ਪਾਠਾਂਤਰ ਨਾਲ ਮੌਜੂਦ ਰਾਗਮਾਲਾ ਦਾ ਕਾਰਨ ਇਹ ਹੋ ਸਕਦਾ ਹੈ ਕਿ ਗੁਰੂ ਦਰਬਾਰ ਵਿਚ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਨਾਲ ਰਾਗਮਾਲਾ ਵੀ ਕਈ ਵੇਰ ਸੁਣੀ ਹੋਵੇਗੀ ਅਤੇ ਇਹ ਸੁਣੀ ਹੋਈ ਰਚਨਾ ਉਸ ਨੇ ਆਪਣੀ ਰਚਨਾ ਵਿਚ ਸ਼ਾਮਲ ਕਰ ਲਈ। ਇਸ ਸਬੰਧੀ ਉਹ ਆਪ ਵੀ ਸਾਖ ਭਰਦਾ ਹੈ ਕਿ ਉਸ ਨੇ ਸੰਸਕ੍ਰਿਤ ਰਚਨਾ ਦਾ ਅਨੁਵਾਦ ਕਰਦਿਆਂ ਕੁਝ ਆਪਣੀ ਅਤੇ ਕੁਝ ਪਰਾਈ ਰਚਨਾ ਵੀ ਜੋੜੀ ਹੈ :-
ਕਿਛ ਆਪਨ ਕਿਛ ਪਰ ਕ੍ਰਿਤ ਚੋਰੇ। ਯਥਾ ਸ਼ਕਤ ਕੇ ਅੱਖਰ ਜੋਰੇ ।
ਕਥਾ ਸੰਸਕ੍ਰਿਤ ਸੁਨਿ ਕੁਛ ਥੋਰੀ। ਭਾਖਾ ਬਾਂਧਿ ਚੌਪਈ ਜੋਰੀ।
ਰਾਗਮਾਲਾ ਦੇ ਸ਼ਬਦਜੋੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਣ ਸ਼ੈਲੀ ਅਨੁਸਾਰ ਹਨ ਅਤੇ ਕਰਤਾਰਪੁਰ ਵਾਲੀ ਬੀੜ ਵਿਚ ਰਾਗਮਾਲਾ ਅਤੇ ਬਾਕੀ ਸਾਰੀ ਬਾਣੀ ਦੀ ਲਿਖਤ ਇਕੋ ਹੱਥ ਦੀ ਹੈ ਜੋ ਭਾਈ ਗੁਰਦਾਸ ਜੀ ਦੀ ਕਲਮ ਸਹੀ ਹੁੰਦੀ ਹੈ।
ਰਾਗਮਾਲਾ ਨੂੰ ਗੁਰੂ ਕ੍ਰਿਤ ਨਾ ਮੰਨਣ ਦਾ ਦੂਜਾ ਕਾਰਨ ਮੁੰਦਾਵਣੀ ਦਾ ਅਰਥ ਸਿਰਫ਼ ‘ਮੁਹਰ ਛਾਪ’ ਸਮਝਣ ਦਾ ਭੁਲੇਖਾ ਖਾਣਾ ਹੈ ਜਦੋਂ ਕਿ ਇਥੇ ਅਰਥ ‘ਬੁਝਾਰਤ’ ਹੈ। ਪੋਠੋਹਾਰ ਵਿਚ ਬਰਾਤ ਦੇ ਰੋਟੀ ਖਾਣ ਤੋਂ ਪਹਿਲਾਂ ਕੁੜੀਆਂ ਮੁੰਦਾਵਣੀ (ਬੁਝਾਰਤ) ਪਾ ਕੇ ਥਾਲ ਬੰਨ੍ਹ ਦਿੰਦੀਆਂ ਸਨ ਅਤੇ ਜਦ ਤਕ ਬਰਾਤ ਇਹ ‘ਮੁੰਦਾਵਣੀ’ ਨਾ ਬੁੱਝੇ, ਰੋਟੀ ਨਹੀਂ ਖਾਈ ਜਾ ਸਕਦੀ ਸੀ। ਜੇਕਰ ਮੁਹਰ ਛਾਪ ਹੀ ਅਰਥ ਹੁੰਦਾ ਤਾਂ ਸੋਰਠਿ ਦੀ ਵਾਰ ਵਿਚ ਮੁੰਦਾਵਣੀ ਹੈ ਅਤੇ ਪਾਠ ਦਾ ਭੋਗ ਉਥੇ ਹੀ ਪੈ ਜਾਦਾ ਚਾਹੀਦਾ ਸੀ ਪਰ ਸੋਰਠਿ ਦਾ ਵਾਰ ਵਿਚ ਸ਼੍ਰੀ ਗੁਰੂ ਅਮਰਦਾਸ ਜੀ ਵੱਲੋਂ ਪਾਈ ਗਈ ਮੁੰਦਾਵਣੀ ਨੂੰ ਅੰਤ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੀ ਰਚੀ ਮੁੰਦਾਵਣੀ ਵਿਚ ਖੋਲ੍ਹਿਆ ਹੈ। ਦੋਹਾਂ ਮੁੰਦਾਵਣੀਆਂ ਵਿਚ ਥਾਲ ਵਿਚ ਪਰੋਸੇ ਭੋਜਨਾਂ ਦਾ ਜ਼ਿਕਰ ਹੈ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਮੁੰਦਾਵਣੀਆਂ ਬਰਾਤ ਦੀ ਰੋਟੀ ਵੇਲੇ ਦਾ ਅਲੰਕਾਰ ਹੈ। (ਵਿਸਥਾਰ ਲਈ ਵੇਖੋ, ਐਂਟਰੀ ਮੁੰਦਾਵਣੀ) ਇਸ ਤੋਂ ਸਪਸ਼ਟ ਹੁੰਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ਼ ਰਾਗਮਾਲਾ ਗੁਰੂ ਕ੍ਰਿਤ ਹੀ ਹੈ, ਆਲਮ ਕਵੀ ਦੀ ਰਚਨਾ ਨਹੀਂ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-19-12-49-29, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਸੰ. ਕੋ.; ਸ੍ਰੀ ਗੁਰੂ ਗ੍ਰੰਥ ਕੋਸ਼-ਅੰਤਿਕਾ 2; ਰਾਗਮਾਲਾ ਪ੍ਰਬੋਧ -ਗਿਆਨੀ ਸਾਹਿਬ ਸਿੰਘ; ਬਾਣੀ ਬਿਓਰਾ-ਡਾ. ਚਰਨ ਸਿੰਘ
ਵਿਚਾਰ / ਸੁਝਾਅ
Please Login First