ਰਾਜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਜ [ ਨਾਂਪੁ ] ਸ਼ਾਸਨ , ਸਰਕਾਰ , ਹਕੂਮਤ; ਕਿਸੇ ਰਾਜੇ ਦਾ ਇਲਾਕਾ; ਉਹ ਦੇਸ਼ ਜਾਂ ਰਿਆਸਤ ਜਿਸ ਵਿੱਚ ਖੇਤਰ ਪਰਜਾ ਪ੍ਰਭੁਤਾ ਅਤੇ ਸਰਕਾਰ ਮੌਜੂਦ ਹੋਵੇ; ਸੂਬਾ , ਪ੍ਰਾਂਤ; ਸੁੱਖ , ਐਸ਼ , ਅਰਾਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7109, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਜ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

State _ਰਾਜ : ਉਹ ਕੌਮ ਜਿਸ ਨੇ ਨਿਸਚਿਤ ਰਾਜ-ਖੇਤਰ ਮਲਿਆ ਹੋਇਆ ਹੋਵੇ ਅਤੇ ਸਾਂਝੇ ਕਾਨੂੰਨ , ਆਦਤਾਂ ਅਤੇ ਰਵਾਜਾਂ ਦੁਆਰਾ ਇਕ ਰਾਸ਼ਟਰ ਵਿਚ ਪਰੋਈ ਹੋਈ ਸੁਤੰਤਰ , ਪ੍ਰਭਤਧਾਰੀ ਸੰਗਠਤ ਸਰਕਾਰ ਦੇ ਮਾਧਿਅਮ ਰਾਹੀਂ ਆਪਣੀਆਂ ਸਰਹੱਦਾਂ ਦੇ ਅੰਦਰ ਸਭ ਲੋਕਾਂ ਅਤੇ ਚੀਜ਼ਾਂ ਉਤੇ ਕੰਟਰੋਲ ਰਖਣ ਵਾਲੀ , ਜੰਗ ਕਰਨ ਅਤੇ ਅਮਨ ਲਿਆਉਣ ਦੀ ਸਮਰਥਾ ਰਖਦੀ ਅਤੇ ਸੰਸਾਰ ਦੇ ਹੋਰ ਭਾਈਚਾਰਿਆਂ ਨਾਲ ਕੌਮਾਂਤਰੀ ਸਬੰਧ ਕਾਇਮ ਕਰਨ ਲਈ ਸ਼ਕਤਵਾਨ ਹੈ , ਰਾਜ ਗਠਤ ਕਰਦੀ ਹੈ ।

            ਸਾਧਾਰਨ ਖੰਡ ਐਕਟ , 1897 ਦੀ ਧਾਰਾ 3 ( 58 ) ‘ ਰਾਜ’ ਸ਼ਬਦ ਨੂੰ ਨਿਮਨ ਅਨੁਸਾਰ ਪਰਿਭਾਸ਼ਤ ਕੀਤਾ ਗਿਆ ਹੈ : -

            ‘ ਰਾਜ’ ਦਾ ਮਤਲਬ-

( ੳ )   ਸੰਵਿਧਾਨ ( ਸਤਵੀਂ ਸੋਧ ) ਐਕਟ , 1956 ਦੇ ਅਰੰਭ ਤੋਂ ਪਹਿਲਾਂ ਦੇ ਕਿਸੇ ਸਮੇਂ ਬਾਰੇ ਕੋਈ ਭਾਗ ‘ ੳ’ ਰਾਜ , ਭਾਗ ਅ ਰਾਜ ਜਾਂ ਭਾਗ ੲ ਰਾਜ ਹੋਵੇਗਾ; ਅਤੇ

( ਅ )   ਅਜਿਹੇ ਅਰੰਭ ਤੋਂ ਪਿਛੋਂ ਕਿਸੇ ਸਮੇਂ ਬਾਰੇ , ਸੰਵਿਧਾਨ ਦੀ ਪਹਿਲੀ ਅਨੁਸੂਚੀ ਵਿਚ ਉਲਿਖਤ ਕੋਈ ਰਾਜ ਹੋਵੇਗਾ ਅਤੇ ਇਸ ਵਿਚ ਕੋਈ ਸੰਘ ਰਾਜ-ਖੇਤਰ ਸ਼ਾਮਲ ਹੋਵੇਗਾ ।

            ਰਾਮ ਕਿਸ਼ੋਰ ਸੇਨ ਬਨਾਮ ਭਾਰਤ ਦਾ ਸੰਘ ( ਏ ਆਈ ਆਰ 1965 ਕਲਕਤਾ 282 ) ਅਨੁਸਾਰ ਸੰਘ ਰਾਜ-ਖੇਤਰ ਵਾਕੰਸ਼ ਨੂੰ ਸੰਵਿਧਾਨ ਦੇ ਅਨੁਛੇਦ 366 ( 30 ) ਵਿਚ ਲਗਭਗ ਉਪਰੋਕਤ ਸ਼ਬਦਾਂ ਵਿਚ ਹੀ ਪਰਿਭਾਸ਼ਤ ਕੀਤਾ ਗਿਆ ਹੈ । ਇਸ ਤਰ੍ਹਾਂ ਰਾਜ ਦੇ ਅਰਥ ਉਪਰੋਕਤ ਅਨੁਸਾਰ ਲਏ ਜਾਣਗੇ ।

            ਸੰਵਿਧਾਨ ਦੇ ਅਨੁਛੇਦ 12 ਵਿਚ ਪਰਿਭਾਸ਼ਤ ਅਨੁਸਾਰ ਰਾਜ ਵਿਚ ਉਹ ਬਾਡੀਆਂ ਸ਼ਾਮਲ ਹਨ ਜੋ ਲੋਕਾਂ ਦੇ ਸਿਖਿਅਕ ਅਤੇ ਆਰਥਕ ਹਿੱਤਾਂ ਨੂੰ ਫ਼ਰੋਗ ਦੇਣ ਲਈ ਸਿਰਜੀਆਂ ਜਾਂਦੀਆਂ ਹਨ । ਇਥੇ ਇਹ ਵੀ ਯਾਦ ਰਖਣ ਵਾਲੀ ਗੱਲ ਹੈ ਕਿ ਅਨੁਛੇਦ 12 ਵਿਚ ਦਿੱਤੀ ‘ ਰਾਜ’ ਦੀ ਪਰਿਭਾਸ਼ਾ ਸੰਵਿਧਾਨ ਦੇ ਕੇਵਲ ਭਾਗ III ਨੂੰ ਲਾਗੂ ਹੁੰਦੀ ਹੈ ਜਿਸ ਵਿਚ ਮੂਲ ਅਧਿਕਾਰ ਦਿੱਤੇ ਗਏ ਹਨ । ਉਹ ਪਰਿਭਾਸ਼ਾ ਨਿਮਨ ਅਨੁਸਾਰ ਹੈ : -

            ‘ ‘ ਇਸ ਭਾਗ ਵਿਚ ਜੇਕਰ ਪ੍ਰਸੰਗ ਤੋਂ ਹੋਰਵੇਂ ਲੋੜੀਦਾ ਨ ਹੋਵੇ , ਤਾਂ ‘ ਰਾਜ ਵਿਚ ਭਾਰਤ ਦੀ ਸਰਕਾਰ ਅਤੇ ਸੰਸਦ ਅਤੇ ਰਾਜਾਂ ਵਿਚੋਂ ਹਰੇਕ ਦੀ ਸਰਕਾਰ ਅਤੇ ਵਿਧਾਨ ਮੰਡਲ , ਅਤੇ ਭਾਰਤ ਦੇ ਰਾਜ-ਖੇਤਰ ਅੰਦਰ ਜਾਂ ਭਾਰਤ ਸਰਕਾਰ ਦੇ ਕੰਟਰੋਲ ਅਧੀਨ ਸਭ ਸਥਾਨਕ ਜਾਂ ਹੋਰ ਅਥਾਰਿਟੀਆਂ ਸ਼ਾਮਲ ਹਨ । ’ ’

            ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਨਾਗਰਿਕ ਜਾਂ ਵਿਅਕਤੀ ਨੂੰ , ਜਿਹੀ ਕਿ ਸੂਰਤ ਹੋਵੇ , ਮੂਲ ਅਧਿਕਾਰ ਕੇਵਲ ਭਾਰਤ ਸਰਕਾਰ ਅਤੇ ਸੰਸਦ ਅਤੇ ਰਾਜਾਂ ਵਿਚੋਂ ਹਰੇਕ ਦੀ ਸਰਕਾਰ ਅਤੇ ਸਥਾਨਕ ਅਤੇ ਹੋਰ ਅਥਾਰਿਟੀਆਂ ਦੇ ਵਿਰੁਧ ਪ੍ਰਾਪਤ ਹਨ । ਰਾਜਸਥਾਨ ਰਾਜ ਬਿਜਲੀ ਬੋਰਡ ਬਨਾਮ ਮੋਹਨ ਲਾਲ ( ਏ ਆਈ ਆਰ 1967 ਐਸ ਸੀ 1857 ) ਵਿਚ ਸਪਸ਼ਟ ਕੀਤਾ ਗਿਆ ਹੈ ਕਿ ਸੰਵਿਧਾਨਕ ਜਾਂ ਪ੍ਰਵਿਧਾਨਕ ਅਥਾਰਿਟੀਆਂ ਜੋ ਕਾਨੂੰਨ ਦੁਆਰਾ ਸ਼ਕਤੀ-ਪ੍ਰਾਪਤ ਹਨ , ਪਰ ਪ੍ਰਭੂ-ਸੱਤਾ ਵਿਚ ਹਿੱਸੇਦਾਰ ਨਹੀਂ ਹਨ ਉਹ ਅਨੁਛੇਦ 12 ਵਿਚ ਯਥਾ-ਪਰਿਭਾਸ਼ਤ ਰਾਜ ਦੇ ਵਾਕੰਸ਼ ਵਿਚ ਨਹੀਂ ਆਉਂਦੀਆਂ । ਜਿਹੜੀਆਂ ਅਥਾਰਿਟੀਆਂ ਨੂੰ ਪ੍ਰਭੂ-ਸੱਤਾ ਅਰਥਾਤ ਨਿਯਮ ਅਤੇ ਵਿਨਿਯਮ ਬਣਾਉਣ  ਅਤੇ ਉਸ ਅਨੁਸਾਰ ਸ਼ਾਸਨ ਚਲਾਉਣ ਜਾਂ ਨਾਗਰਿਕਾਂ ਅਤੇ ਹੋਰਨਾਂ ਦੇ  ਹਾਲਤ ਵਿਚ ਉਨ੍ਹਾਂ ਨੂੰ ਨਾਫ਼ਜ਼ ਕਰਨ ਦੀ ਸ਼ਕਤੀ-ਪ੍ਰਾਪਤ ਕਰਵਾਈ ਗਈ ਹੈ , ਉਹ ਅਨੁਛੇਦ 12 ਵਿਚ ਦਿੱਤੀ ਪਰਿਭਾਸ਼ਾ ਦੇ ਅੰਦਰ ਆਉਂਦੀਆਂ ਹਨ; ਅਤੇ ਜਿਹੜੀਆਂ ਸੰਵਿਧਾਨਕ ਅਤੇ ਪ੍ਰਵਿਧਾਨਕ ਬਾਡੀਆਂ ਜੋ ਰਾਜ ਦੀ ਪ੍ਰਭੂ-ਸੱਤਾ ਵਿਚ ਹਿੱਸੇਦਾਰ ਨਹੀਂ ਹਨ , ਉਹ ਸੰਵਿਧਾਨ ਦੇ ਅਨੁਛੇਦ 12 ਦੇ ਅਰਥਾਂ ਅੰਦਰ ਰਾਜ ਨਹੀਂ ਹਨ । ਸ਼ੇਰ ਸਿੰਘ ਬਨਾਮ ਵਾਈਸ ਚਾਂਸਲਰ , ਪੰਜਾਬ ਯੂਨੀਵਰਸਿਟੀ ( ਏ ਆਈ ਆਰ 1969 ਪੰ. ਅਤੇ ਹ. 391 ) ਅਨੁਸਾਰ ਅਨੁਛੇਦ 12 ਵਿਚ ਯਥਾ-ਪਰਿਭਾਸ਼ਤ ਵਾਕੰਸ਼ ਰਾਜ ਵਿਚ ਆਉਂਦੀ ਹੈ , ਪਰ ਸਿਰਫ਼ ਭਾਗ III ਦੇ ਪ੍ਰਯੋਜਨਾਂ ਲਈ । ਸੰਵਿਧਾਨ ਦੇ ਰਾਜ XIV ( ਜਿਸ ਵਿਚ ਸੰਘ ਅਤੇ ਰਾਜਾਂ ਅਧੀਨ ਸੇਵਾਵਾਂ ਦੇ ਮੁਤੱਲਕ ਉਪਬੰਧ ਰਖੇ ਗਏ ਹਨ ) ਵਿਚ ਵਾਕੰਸ਼ ‘ ਭਾਗ’ ਦੀ ਉਸ ਭਾਵ ਵਿਚ ਵਰਤੋਂ ਨਹੀਂ ਕੀਤੀ ਗਈ ।

            ਏਅਰ ਕਾਰਪੋਰੇਸ਼ਨ ਐਂਪਲਾਈਜ਼ ਯੂਨੀਅਨ ਬਨਾਮ ਜੀ ਬੀ ਭੈਰੇਡ ( ਏ ਆਈ ਆਰ 1971 ਬੰਬੇ 288 ) ਵਿਚ ਇਸ ਸਬੰਧੀ ਇਕ ਹੋਰ ਗੱਲ ਸਪਸ਼ਟ ਕੀਤੀ ਗਈ ਹੈ ਕਿ ਸੰਵਿਧਾਨ ਦੇ ਅਨੁਛੇਦ 311 ਅਧੀਨ ਆਉਂਦੇ ਕੇਸਾਂ ਦੇ ਸਿਵਾਏ , ਅਨੁਛੇਦ 226 ਅਧੀਨ ਕੇਵਲ ਕਿਸੇ ਅਜਿਹੀ ਅਥਾਰਿਟੀ ਦੇ ਵਿਰੁਧ ਹੀ ਪੈਟੀਸ਼ਨ ਲਿਆਂਦਾ ਜਾ ਸਕਦਾ ਹੈ ਜੋ  ਅਨੁਛੇਦ 12 ਦੀ ਪਰਿਭਾਸ਼ਾ ਅੰਦਰ ਆਉਂਦੀ ਹੋਵੇ । ਅਨੁਛੇਦ 226 ਅਧੀਨ ਕਿਸੇ ਪ੍ਰਵਿਧਾਨਕ ਜਾਂ ਪਬਲਿਕ ਕਰਤੱਵ ਦੀ ਪਾਲਣਾ ਨਾਫ਼ਜ਼ ਕਰਾਉਣ ਦੇ ਮੰਤਵ ਨਾਲ ਕਿਸੇ ਪ੍ਰਵਿਧਾਨਕ ਕਾਰਪੋਰੇਸ਼ਨ ਦੇ ਵਿਰੁਧ ਪੈਟੀਸ਼ਨ ਦਾਇਰ ਕੀਤਾ ਜਾ ਸਕਦਾ ਹੈ ।

            ਅਜੀਤ ਸਿੰਘ ਬਨਾਮ ਪੰਜਾਬ ਰਾਜ ( ਏ ਆਈ ਆਰ 1967 ਐਸ ਸੀ 856 ) ਗ੍ਰਾਮ ਪੰਚਾਇਤ ਸਥਾਨਕ ਅਥਾਰਿਟੀ ਹੋਣ ਕਾਰਨ ਰਾਜ ਵਾਕੰਸ਼ ਵਿਚ ਸ਼ਾਮਲ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6668, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਰਾਜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰਾਜ ( ਸੰ. । ਸੰਸਕ੍ਰਿਤ ) ੧. ਪਾਤਸ਼ਾਹਤ । ਯਥਾ-‘ ਨਿਹਚਲੁ ਹੋਵੈ ਰਾਜੁ ’ ।

                                            ਦੇਖੋ , ‘ ਰਾਜ ਬਿਭੈ’

੨. ( ਸੰਸਕ੍ਰਿਤ ) ਪ੍ਰਕਾਸ਼ਕ । ਯਥਾ-‘ ਸੋਈ ਰਾਜ ਨਰਿੰਦੁ’ ।

੩. ( ਸੰਸਕ੍ਰਿਤ ਰਜਜੁੑ । ਪੁ. ਪੰਜਾਬੀ ਰਾਜ ) ਰਜੂ , ਰੱਸੀ । ਯਥਾ-‘ ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ’ ।

੪. ਰਾਜ ਸੰਬੰਧੀ ।           ਦੇਖੋ , ‘ ਰਾਜ ਕੁਆਰਿ’

੫. ਜੋਗ ਦੀ ਇਕ ਕਿਸਮ ।

                                              ਦੇਖੋ , ‘ ਰਾਜ ਜੋਗ’

੬. ਰਾਜਾ । ਦੇਖੋ , ‘ ਰਾਜ ਨਰਿੰਦੁ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6667, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.