ਰਾਮਕਲੀ ਰਾਗ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਰਾਮਕਲੀ ਰਾਗ ( ਬਾਣੀ ) : ਗੁਰੂ ਗ੍ਰੰਥ ਸਾਹਿਬ ਦੇ ਇਸ ਰਾਗ ਵਿਚ ਕੁਲ 81 ਚਉਪਦੇ , 22 ਅਸ਼ਟਪਦੀਆਂ , ਇਕ ਅਨੰਦੁ ਮ.੩ , ਇਕ ਸਦ , ਛੇ ਛੰਤ ( ਰੁਤੀ ਸਮੇਤ ) , ਇਕ ਓਅੰਕਾਰ ਮ. ੧ , ਇਕ ਸਿਧ-ਗੋਸਟਿ ਮ.੧ , ਦੋ ਵਾਰਾਂ ( ਇਕ ਮਹਲੇ ਤੀਜੇ ਅਤੇ ਇਕ ਮਹਲੇ ਪੰਜਵੇਂ ਦੀ ) ਅਤੇ ਇਕ ‘ ਰਾਇ ਬਲਵੰਡ ਅਤੇ ਸਤੈ ਡੂੰਮ ਕੀ ਵਾਰ ’ ਹੈ । ਭਗਤ-ਬਾਣੀ ਵਿਚ 18 ਸ਼ਬਦ ਹਨ ਜਿਨ੍ਹਾਂ ਵਿਚ 12 ਕਬੀਰ ਦੇ , ਚਾਰ ਨਾਮਦੇਵ ਦੇ , ਇਕ ਰਵਿਦਾਸ ਦਾ ਅਤੇ ਇਕ ਬੇਣੀ ਦਾ ਹੈ ।

ਕੁਲ 81 ਚਉਪਦਿਆਂ ਵਿਚੋਂ 11 ਗੁਰੂ ਨਾਨਕ ਦੇਵ ਜੀ ਦੇ ਹਨ ਜਿਨ੍ਹਾਂ ਵਿਚੋਂ ਦਸਾਂ ਵਿਚ ਚਾਰ ਚਾਰ ਪਦੇ ਅਤੇ ਇਕ ਵਿਚ ਤਿੰਨ ਪਦੇ ਹਨ । ਗੁਰੂ ਜੀ ਨੇ ਦਸਿਆ ਹੈ ਕਿ ਸੰਸਾਰ ਦੀਆਂ ਸੁੰਦਰ ਵਸਤੂਆਂ ਵਿਚ ਮਨ ਲਗਾਉਣ ਦੀ ਥਾਂ ਉਨ੍ਹਾਂ ਦੇ ਸਿਰਜਕ ਪਰਮਾਤਮਾ ਵਲ ਧਿਆਨ ਦੇਣਾ ਚਾਹੀਦਾ ਹੈ । ਗੁਰੂ ਅਮਰਦਾਸ ਜੀ ਨੇ ਆਪਣੇ ਇਕ ਛਿ-ਪਦੇ ਵਿਚ ਹਰ ਯੁਗ ਵਿਚ ਕਾਇਮ ਰਹਿਣ ਵਾਲੇ ਹਰਿ-ਨਾਮ ਦੇ ਜਾਪ ਉਤੇ ਬਲ ਦਿੱਤਾ ਹੈ । ਗੁਰੂ ਰਾਮਦਾਸ ਜੀ ਦੇ ਛੇ ਚਉਪਦਿਆਂ ਵਿਚੋਂ ਪੰਜਾਂ ਵਿਚ ਚਾਰ ਚਾਰ ਅਤੇ ਇਕ ਵਿਚ ਪੰਜ ਪਦੇ ਸ਼ਾਮਲ ਹਨ । ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਸਭ ਦੇ ਅੰਦਰ ਵਸਦਾ ਪਰਮਾਤਾਮ ਗੁਰੂ ਵਲੋਂ ਦਿੱਤੀ ਸੇਧ ਨਾਲ ਹੀ ਲਭਿਆ ਜਾ ਸਕਦਾ ਹੈ । ਗੁਰੂ ਅਰਜਨ ਦੇਵ ਜੀ ਦੇ 60 ਚਉਪਦਿਆਂ ਵਿਚੋਂ 54 ਚਾਰ ਚਾਰ ਪਦਿਆਂ ਦੇ ਸਮੁੱਚ ਹਨ , ਚਾਰ ਵਿਚ ਦੋ ਦੋ , ਇਕ ਵਿਚ ਤਿੰਨ ਅਤੇ ਇਕ ਵਿਚ ਪੰਜ ਪਦੇ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਗੁਰਮਤਿ ਦੇ ਕਈ ਅਹਿਮ ਨੁਕਤਿਆਂ ਉਤੇ ਝਾਤ ਪਾਈ ਹੈ । ਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਿੰਨ ਤ੍ਰਿਪਦਿਆਂ ਵਿਚ ਉਸ ਜੁਗਤ ਨੂੰ ਹਾਸਲ ਕਰਨ ਦੀ ਇੱਛਾ ਪ੍ਰਗਟਾਈ ਹੈ ਜਿਸ ਨਾਲ ਪਰਮਾਤਮਾ ਦੀ ਸ਼ਰਣ ਵਿਚ ਪਹੁੰਚਿਆ ਜਾ ਸਕਦਾ ਹੈ ।

ਅਸ਼ਟਪਦੀਆਂ ਪ੍ਰਕਰਣ ਦੀਆਂ 22 ਅਸ਼ਟਪਦੀਆਂ ਵਿਚੋਂ ਨੌਂ ਗੁਰੂ ਨਾਨਕ ਦੇਵ ਜੀ ਦੀਆਂ ਹਨ ਜਿਨ੍ਹਾਂ ਵਿਚੋਂ ਪੰਜ ਵਿਚ ਅੱਠ ਅੱਠ ਪਦੀਆਂ ਹਨ ਅਤੇ ਬਾਕੀਆਂ ਵਿਚੋਂ ਇਕ ਵਿਚ ਨੌਂ , ਇਕ ਵਿਚ ਦਸ , ਇਕ ਵਿਚ 12 ਅਤੇ ਇਕ ਵਿਚ 25 ਪਦੀਆਂ ਹਨ । ਇਨ੍ਹਾਂ ਵਿਚ ਚਾਰ ਯੁਗਾਂ ਬਾਰੇ ਭਰਮ ਨੂੰ ਖ਼ਤਮ ਕਰਦਿਆਂ ਗੁਰੂ ਜੀ ਨੇ ਦਸਿਆ ਹੈ ਕਿ ਕਲਿਯੁਗ ਕਿਤੇ ਆਇਆ ਸੁਣਿਆ ਨਹੀਂ ਹੈ । ਗੁਰੂ ਅਮਰਦਾਸ ਜੀ ਦੀਆਂ ਪੰਜ ਅਸ਼ਟਪਦੀਆਂ ਵਿਚੋਂ ਇਕ ਵਿਚ 12 , ਦੋ ਵਿਚ ਇੱਕੀ ਇੱਕੀ , ਇਕ ਵਿਚ 27 ਅਤੇ ਇਕ ਵਿਚ 30 ਪਦੀਆਂ ਹਨ । ਇਨ੍ਹਾਂ ਵਿਚ ਗੁਰੂ ਜੀ ਨੇ ਯੋਗੀਆਂ ਦੇ ਚਿੰਨ੍ਹਾਂ ਦਾ ਭਾਵੀਕਰਣ ਕਰਕੇ ਗੁਰਮਤਿ ਦੀ ਰਹਿਣੀ ਨੂੰ ਸਪੱਸ਼ਟ ਕੀਤਾ ਹੈ । ਗੁਰੂ ਅਰਜਨ ਦੇਵ ਦੀਆਂ ਲਿਖੀਆਂ ਅੱਠ ਅਸ਼ਟਪਦੀਆਂ ਵਿਚੋਂ ਸੱਤ ਵਿਚ ਅੱਠ ਅੱਠ ਅਤੇ ਇਕ ਵਿਚ 21 ਪਦੀਆਂ ਹਨ । ਇਨ੍ਹਾਂ ਵਿਚ ਦਸਿਆ ਗਿਆ ਹੈ ਕਿ ਗੁਰੂ ਦੀ ਕ੍ਰਿਪਾ ਨਾਲ ਹਰਿ-ਨਾਮ ਦੀ ਪ੍ਰਾਪਤੀ ਹੁੰਦੀ ਹੈ ਜੋ ਅਸਲ ਵਿਚ ਨਿਰਮੋਲਕ ਹੀਰਾ ਹੈ । ਹੋਰਨਾਂ ਪੂਜਾ-ਸਾਧਨਾ ਰਾਹੀਂ ਤਸੱਲੀ ਨਹੀਂ ਹੁੰਦੀ ਕਿਉਂਕਿ ਨਾਮ ਦੇ ਤੁੱਲ ਹੋਰ ਕੋਈ ਵਸਤੂ ਨਹੀਂ ਹੈ ।

ਇਸ ਤੋਂ ਬਾਦ ਅਨੰਦੁ ਮ.੩ , ਸਦ , ਰੁਤੀ ਮ.੫ , ਓਅੰਕਾਰ ਮ.੧ , ਸਿਧ-ਗੋਸਟਿ ਮ.੧ , ਰਾਮਕਲੀ ਕੀ ਵਾਰ ਮ.੩ , ਰਾਮਕਲੀ ਕੀ ਵਾਰ ਮ.੫ ਅਤੇ ‘ ਰਾਇ ਬਲਵੰਡ ਅਤੇ ਸਤੈ ਡੂੰਮ ਕੀ ਵਾਰ’ ਬਾਰੇ ਸੁਤੰਤਰ ਇੰਦਰਾਜ ਵੇਖੋ ।

ਛੰਤ ਪ੍ਰਕਰਣ ਵਿਚ ਗੁਰੂ ਅਰਜਨ ਦੇਵ ਜੀ ਦੇ ਲਿਖੇ ਛੰਤਾਂ ਦੀ ਆਖ਼ੀਰ ਉਤੇ ਦਿੱਤੀ ਗਿਣਤੀ ਛੇ ਹੈ , ਪਰ ਅੰਤਲੇ ਛੰਤ ਵਿਚ ਰੁਤਾਂ ਦਾ ਵਰਣਨ ਹੈ । ਇਸ ਲਈ ਛੰਤਾਂ ਦੀ ਗਿਣਤੀ ਪੰਜ ਹੈ । ਇਹ ਪੰਜੇ ਚਾਰ ਚਾਰ ਪਦਿਆਂ ਦੇ ਹਨ , ਪਰ ਪੰਜਵੇਂ ਛੰਤ ਦੇ ਹਰ ਪਦੇ ਤੋਂ ਪਹਿਲਾਂ ਇਕ ਇਕ ਸ਼ਲੋਕ ਵੀ ਦਰਜ ਹੈ । ਇਨ੍ਹਾਂ ਛੰਤਾਂ ਦੇ ਮੁਕਣ ਤੋਂ ਬਾਦ ਬਿਨਾ ਕਿਸੇ ਪ੍ਰਕਾਰ ਦੇ ਗਿਣਤੀ-ਅੰਕ ਦਿੱਤੇ ਦੋ ਤੁਕਾਂ ਇਸ ਪ੍ਰਕਾਰ ਲਿਖੀਆਂ ਹਨ— ਰਣਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ( ਗੁ.ਗ੍ਰੰ.927 ) । ਇਨ੍ਹਾਂ ਛੰਤਾਂ ਵਿਚ ਗੁਰੂ ਜੀ ਨੇ ਦਸਿਆ ਹੈ ਕਿ ਪਰਮਾਤਮਾ ਸਦਾ ਮਨੁੱਖਾਂ ਵਿਚ ਵਸਦਾ ਹੈ , ਪਰ ਮਾਇਆ ਕਰਕੇ ਵਿਥ ਬਣੀ ਹੋਈ ਹੈ ।

ਭਗਤ - ਬਾਣੀ ਪ੍ਰਕਰਣ ਦੇ 18 ਸ਼ਬਦਾਂ ਵਿਚੋਂ 12 ਸੰਤ ਕਬੀਰ ਦੇ ਹਨ । ਇਨ੍ਹਾਂ ਵਿਚ ਹਰਿ-ਰਸ ਦੇ ਸਰੂਪ ਨੂੰ ਸਪੱਸ਼ਟ ਕਰਕੇ ਇਸ ਦਾ ਸੁਆਦ ਮਾਣਨ ਲਈ ਪ੍ਰੇਰਣਾ ਦਿੱਤੀ ਗਈ ਹੈ । ਭਗਤ ਨਾਮਦੇਵ ਨੇ ਆਪਣੇ ਚਾਰ ਸ਼ਬਦਾਂ ਵਿਚ ਮਨ ਦੇ ਟਿਕਾਉ ਅਤੇ ਹਰਿ-ਭਗਤੀ ਵਿਚ ਪੂਰੀ ਮਗਨਤਾ ਦੀ ਅਨੇਕ ਉਦਾਹਰਣਾਂ ਰਾਹੀਂ ਪੁਸ਼ਟੀ ਕੀਤੀ ਹੈ । ਕਰਮ-ਕਾਂਡਾਂ ਵਿਚ ਫਸਣਾ ਮਨ-ਮਤ ਹੈ । ਰਵਿਦਾਸ ਜੀ ਨੇ ਆਪਣੇ ਇਕ ਸ਼ਬਦ ਰਾਹੀਂ ਹਉਮੈ ਵਿਚ ਕਰਮ ਕਰਨ ਤੋਂ ਜਿਗਿਆਸੂ ਨੂੰ ਰੋਕਿਆ ਹੈ । ਬੇਣੀ ਭਗਤ ਨੇ ਆਪਣੇ ਇਕ ਸ਼ਬਦ ਵਿਚ ਯੋਗੀਆਂ ਦੇ ਸਮਾਨਾਂਤਰ ਹਰਿ-ਭਗਤੀ ਅਤੇ ਨਾਮ-ਸਿਮਰਨ ਦੀਆਂ ਜੁਗਤਾਂ ਉਤੇ ਪ੍ਰਕਾਸ਼ ਪਾਇਆ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.