ਰੋਜ਼ਾਨਾ ਅਕਾਲੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰੋਜ਼ਾਨਾ ਅਕਾਲੀ (ਅਖ਼ਬਾਰ): ਸਿੱਖਾਂ ਦੀ ਪਹਿਲੀ ਰਾਜਸੀ ਰੁਚੀਆਂ ਵਾਲੀ ਅਖ਼ਬਾਰ ਵਜੋਂ ਜਾਣੀ ਜਾਂਦੀ ‘ਰੋਜ਼ਾਨਾ ਅਕਾਲੀ’ ਦਾ ਉਦਘਾਟਨ 21 ਮਈ 1920 ਈ. ਨੂੰ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ’ਤੇ ਲਾਹੌਰ ਤੋਂ ਹੋਇਆ। ਇਸ ਅਖ਼ਬਾਰ ਨੂੰ ਜਾਰੀ ਕਰਨ ਦਾ ਵਿਚਾਰ ਮਾਸਟਰ ਸੁੰਦਰ ਸਿੰਘ ਲਾਇਲਪੁਰੀ ਦਾ ਸੀ , ਜੋ ਖ਼ੁਦ ਅਤੇ ਉਸ ਦੇ ਸਾਥੀ ਮਨੋ ਤਨੋ ਦੇਸ਼ ਭਗਤ ਅਤੇ ਕੁਰਬਾਨੀ ਦੇ ਪੁਤਲੇ ਸਨ। ਮਾਸਟਰ ਸੁੰਦਰ ਸਿੰਘ ਨੇ ਇਕ ਮਿੱਤਰ ਪਾਸੋਂ ਪੰਜ ਸੌ ਰੁਪਏ ਲੈ ਕੇ ਇਹ ਪੱਤਰ ਜਾਰੀ ਕੀਤਾ। ਇਸ ਨੂੰ ਸ. ਹਰਚੰਦ ਸਿੰਘ ਲਾਇਲਪੁਰੀ, ਸ. ਤੇਜਾ ਸਿੰਘ ਸਮੁੰਦਰੀ , ਮਾ. ਤਾਰਾ ਸਿੰਘ , ਪ੍ਰੋ. ਨਿਰੰਜਨ ਸਿੰਘ, ਸ. ਸਰਦੂਲ ਸਿੰਘ ਕਵੀਸ਼ਰ ਅਤੇ ਭਾਈ ਦਲੀਪ ਸਿੰਘ ਦਾ ਪੂਰਾ ਸਹਿਯੋਗ ਪ੍ਰਾਪਤ ਸੀ। ਇਸ ਦੇ ਸੰਪਾਦਕੀ ਮੰਡਲ ਵਿਚ ਗਿਆਨੀ ਹੀਰਾ ਸਿੰਘ ਦਰਦ ਤੋਂ ਇਲਾਵਾ ਸ. ਮੰਗਲ ਸਿੰਘ ਵੀ ਸ਼ਾਮਲ ਸੀ। ਬੀ.ਏ. ਪਾਸ ਸ. ਮੰਗਲ ਸਿੰਘ ਉਦੋਂ ਤਹਿਸੀਲਦਾਰ ਲਗਿਆ ਹੋਇਆ ਸੀ, ਪਰ ਕੌਮੀ ਜਜ਼ਬੇ ਅਧੀਨ ਉਸ ਨੇ ਨੌਕਰੀ ਛਡ ਦਿੱਤੀ ਅਤੇ ਅਖ਼ਬਾਰ ਦੇ ਸੰਪਾਦਨ ਵਿਚ ਜੁਟ ਗਿਆ। ਗੁਰਦੁਆਰਾ ਸੁਧਾਰ ਲਹਿਰ ਅਤੇ ਆਜ਼ਾਦੀ ਲਈ ਕੌਮੀ ਜਾਗ੍ਰਿਤੀ ਦਾ ਇਹ ਪਰਚਾ ਪ੍ਰਵਕਤਾ ਬਣ ਗਿਆ। ਉਦੋਂ ਤਕ ਪੰਜਾਬੀ ਪੱਤਰਕਾਰੀ ਮੁੱਖ ਤੌਰ ’ਤੇ ਸਰਕਾਰ ਪੱਖੀ ਅਤੇ ਆਗਿਆਕਾਰੀ ਨੁਹਾਰ ਵਾਲੀ ਸੀ, ਪਰ ਇਸ ਅਖ਼ਬਾਰ ਨਾਲ ਪੰਜਾਬੀ ਵਿਚ ਆਗਿਆਕਾਰੀ ਦੀ ਥਾਂ ਅਵਗਿਆਕਾਰੀ ਪੱਤਰਕਾਰੀ ਦਾ ਆਰੰਭ ਹੋਇਆ।
ਇਸ ਦਾ ਸੰਪਾਦਕੀ ਮੰਡਲ ਹਰ ਪ੍ਰਕਾਰ ਦੀਆਂ ਸਹੂਲਤਾਂ ਅਤੇ ਪਰਿਵਾਰਕ ਸੁਖਾਂ ਨੂੰ ਛਡ ਕੇ ਬਿਨਾ ਤਨਖ਼ਾਹ ਦਾ ਕੰਮ ਕਰਦਾ ਸੀ ਅਤੇ ਰੋਟੀ ਸਾਂਝੇ ਲੰਗਰ ਵਿਚੋਂ ਛਕੀ ਜਾਂਦੀ ਸੀ। ਸਰਕਾਰ ਵਿਰੋਧੀ ਟਿੱਪਣੀਆਂ ਕਰਕੇ ਜਦੋਂ ਇਕ ਸੰਪਾਦਕ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਤਾਂ ਉਸ ਦੀ ਜ਼ਿੰਮੇਵਾਰੀ ਤੁਰਤ ਦੂਜਾ ਸੰਭਾਲ ਲੈਂਦਾ। ਢਾਈ ਸਾਲਾਂ ਵਿਚ ਇਸ ਦੇ 12 ਸੰਪਾਦਕ ਕੈਦ ਹੋਏ ਅਤੇ ਕਈ ਹਜ਼ਾਰ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ। ਪਹਿਲਾਂ ਇਸ ਦੀ ਛਪਣ- ਗਿਣਤੀ ਚਾਰ ਹਜ਼ਾਰ ਸੀ, ਪਰ ਗੁਰਦੁਆਰਾ ਸੁਧਾਰ ਲਹਿਰ ਵੇਲੇ 25 ਹਜ਼ਾਰ ਤਕ ਪਹੁੰਚ ਗਈ। ਗੁਰਦੁਆਰਾ ਸੁਧਾਰ ਅਤੇ ਸੁਤੰਤਰਤਾ ਸੰਗ੍ਰਾਮ ਵਿਚ ਇਸ ਅਖ਼ਬਾਰ ਨੇ ਮਹਾਨ ਸੇਵਾ ਕੀਤੀ। ਇਸ ਦੇ ਪਹਿਲੇ ਅੰਕ ਵਿਚ ਹੀ ਇਸ ਦੇ ਪੰਜ ਮੁੱਖ ਆਸ਼ੇ ਛਾਪੇ ਗਏ ਸਨ—ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ਿਆਂ ਤੋਂ ਆਜ਼ਾਦ ਕਰਾਉਣਾ, ਗੁਰਦੁਆਰਾ ਰਕਾਬ ਗੰਜ , ਨਵੀਂ ਦਿੱਲੀ ਦੀ ਦੀਵਾਰ ਨੂੰ ਮੁੜ ਉਸਰਵਾਉਣਾ, ਸਿੱਖਾਂ ਵਿਚ ਰਾਜਸੀ ਅਤੇ ਕੌਮੀ ਜਾਗ੍ਰਿਤੀ ਪੈਦਾ ਕਰਨਾ, ਦੇਸ਼ ਨੂੰ ਆਜ਼ਾਦ ਕਰਾਉਣਾ ਅਤੇ ਸਿੱਖਾਂ ਦੀ ਨੁਮਾਇੰਦਾ ਜੱਥੇਬੰਦੀ ਬਣਾਉਣੀ। ਸਚ ਤਾਂ ਇਹ ਹੈ ਕਿ ਇਸ ਅਖ਼ਬਾਰ ਰਾਹੀਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। ਇਕ ਤਰ੍ਹਾਂ ਇਹ ਅਖ਼ਬਾਰ ਪੰਜਾਬੀ ਦਿਲਾਂ ਦੀ ਧੜਕਣ ਬਣ ਗਈ। ਲੋਕੀਂ ਇਸ ਨੂੰ ਨਿੱਤ ਉਡੀਕਣ ਲਗ ਗਏ।
ਇਸ ਨੂੰ ਚਲਿਆਂ ਅਜੇ ਢਾਈ ਸਾਲ ਹੀ ਹੋਏ ਸਨ ਕਿ ਇਸ ਦੇ ਸਾਰੇ ਵਿਵਸਥਾਪਕ ਜੇਲ੍ਹਾਂ ਵਿਚ ਬੰਦ ਹੋ ਗਏ। ਅਕਤੂਬਰ 1922 ਈ. ਨੂੰ ਮਾ. ਤਾਰਾ ਸਿੰਘ ਅਤੇ ਪ੍ਰੋ. ਨਿਰੰਜਨ ਸਿੰਘ ਇਸ ਦੇ ਦਫ਼ਤਰ ਨੂੰ ਲਾਹੌਰੋਂ ਅੰਮ੍ਰਿਤਸਰ ਲੈ ਆਏ ਅਤੇ ‘ਪਰਦੇਸੀ ਖ਼ਾਲਸਾ ’ ਨਾਲ ਮਿਲਾ ਕੇ ‘ਅਕਾਲੀ ਤੇ ਪਰਦੇਸੀ’ ਨਾਂ ਅਧੀਨ ਛਾਪਣਾ ਸ਼ੁਰੂ ਕਰ ਦਿੱਤਾ। ਸਰਕਾਰੀ ਜਬਰ ਦਾ ਸਾਹਮਣਾ ਇਸ ਨੂੰ ਵੀ ਕਰਨਾ ਪਿਆ, ਪਰ ਇਹ ਜ਼ਬਤ ਹੋ ਹੋ ਕੇ ਵੀ ਛਪਣਾ ਰਿਹਾ। ਸੰਨ 1930 ਈ. ਵਿਚ ਜਦੋਂ ਇਸ ਨੂੰ ਪ੍ਰੈਸ ਐਕਟ ਅਧੀਨ ਬੰਦ ਕਰ ਦਿੱਤਾ ਗਿਆ, ਤਾਂ ਇਸ ਨੂੰ ‘ਅਕਾਲੀ ਪਤ੍ਰਿਕਾ’ ਨਾਂ ਅਧੀਨ ਜਾਰੀ ਕੀਤਾ ਜਾਣ ਲਗਿਆ। ਸੰਨ 1939 ਈ. ਵਿਚ ਇਸ ਨੂੰ ਫਿਰ ‘ਅਕਾਲੀ’ ਨਾਂ ਅਧੀਨ ਲਾਹੌਰ ਤੋਂ ਸ਼ੁਰੂ ਕਰ ਦਿੱਤਾ ਗਿਆ। ਸੰਨ 1947 ਈ. ਵਿਚ ਇਸ ਨੂੰ ਲਾਹੌਰੋਂ ਅੰਮ੍ਰਿਤਸਰ ਲਿਆਉਂਦਾ ਗਿਆ। ਅਜ-ਕਲ ਇਹ ‘ਅਕਾਲੀ ਪਤ੍ਰਿਕਾ’ ਨਾਂ ਅਧੀਨ ਜਲੰਧਰ ਤੋਂ ਲਗਾਤਾਰ ਛਪ ਰਿਹਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1384, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First