ਲੋਕ ਅਮਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Public order_ਲੋਕ ਅਮਨ: ‘ਦ ਸੁਪਰਡੈਂਟ, ਸੈਂਟਰਲ ਪ੍ਰਿਜ਼ਨ’ ਫ਼ਤਹਿਗੜ੍ਹ ਬਨਾਮ ਡਾ. ਰਾਮ ਮਨੋਹਰ ਲੋਹੀਆ (ਏ ਆਈਆਰ 1960 ਐਸ ਸੀ 633) ਵਿਚ ਸਰਵ ਉੱਚ ਅਦਾਲਤ ਨੇ ਉਹ ਪਿਛੋਕੜ ਬਿਆਨ ਕੀਤਾ ਹੈ ਜਿਸ ਵਿਚ ਇਹ ਸ਼ਬਦ ਸੰਵਿਧਾਨ ਦੇ ਅਨੁਛੇਦ 19(2) ਵਿਚ ਅੰਤਰ-ਸਥਾਪਤ ਕੀਤੇ ਗਏ ਸਨ ਅਤੇ ਦਸਿਆ ਹੈ ਕਿ ਬੋਲਣ ਅਤੇ ਪ੍ਰਗਟਾਉ ਦੀ ਸੁਤੰਤਰਤਾ ਦੇ ਅਧਿਕਾਰ ਤੇ ਰਾਜ ਦੀ ਸੁਰੱਖਿਆ , ਬਦੇਸ਼ੀ ਰਾਜਾਂ ਨਾਲ ਮਿੱਤਰ-ਭਾਵੀ ਸਬੰਧਾਂ, ਲੋਕ ਅਮਨ, ਸ਼ਿਸ਼ਟਤਾ ਜਾਂ ਸਦਾਚਾਰ ਦੇ ਹਿੱਤਾਂ ਵਿਚ, ਵਿਚ ਵਾਜਬ ਪਾਬੰਦੀਆਂ ਲਾਉਣ ਦੀ ਇਜਾਜ਼ਤ ਦਿੰਦੇ ਹਨ। ਇਸ ਲਈ ਅਦਾਲਤ ਅਨੁਸਾਰ ਲੋਕ ਅਮਨ ਕੁਝ ਅਜਿਹਾ ਆਧਾਰ ਹੈ ਜੋ ਹੋਰਨਾਂ ਤੋਂ ਵਖਰਿਆਇਆ ਗਿਆ ਹੈ। ਉਸ ਸੀਮਤ ਭਾਵ ਵਿਚ, ਖ਼ਾਸ ਕਰ ਇਸ ਸੰਵਿਧਾਨਕ ਸੋਧ ਦੇ ਇਤਿਹਾਸ ਦੇ ਸਨਮੁੱਖ , ਇਹ ਮੰਨਿਆਂ ਜਾ ਸਕਦਾ ਹੈ ਕਿ ਲੋਕ ਅਮਨ, ਲੋਕ ਸ਼ਾਂਤੀ (Public peace),ਸੁਰੱਖਿਆ (Safety) ਅਤੇ ਅਮਨ ਚੈਨ (tranquility) ਦਾ ਸਮਾਨਾਰਥਕ ਹੈ।
ਰਮੇਸ਼ ਥਾਪਰ ਬਨਾਮ ਮਦਰਾਸ ਰਾਜ (ਏ ਆਈ ਆਰ 1950 ਐਸ ਸੀ 124) ਵਿਚ ਸਰਵ ਉੱਚ ਅਦਾਲਤ ਨੇ ਕਿਹਾ ਹੈ ਕਿ ਇਸ ਵਾਕੰਸ਼ ਦੇ ਅਰਥਾਂ ਵਿਚ ਕਾਫ਼ੀ ਵਿਸ਼ਾਲਤਾ ਹੈ ਅਤੇ ਇਸ ਤੋਂ ਮੁਰਾਦ ਅਮਨਚੈਨ ਦੀ ਉਹ ਹਾਲਤ ਹੈ ਜਿਸਦਾ ਅਹਿਸਾਸ, ਸਰਕਾਰ ਦੁਆਰਾ ਸਥਾਪਤ ਅੰਦਰੂਨੀ ਵਿਨਿਯਮਾਂ ਦੇ ਲਾਗੂ ਕੀਤੇ ਜਾਣ ਦੇ ਫਲਸਰੂਪ, ਕਿਸੇ ਸਿਆਸੀ ਸਮਾਜ ਦੇ ਮੈਂਬਰਾਂ ਵਿਚ ਕੀਤਾ ਜਾਂਦਾ ਹੈ।
ਪਰ ਲੋਕ ਅਮਨ (Public order), ਕਾਨੂੰਨ ਅਤੇ ਅਮਨ (law and order) ਤੋਂ ਵਖਰੀ ਚੀਜ਼ ਹੈ। ਕਾਨੂੰਨ ਅਤੇ ਅਮਨ ਵਿਚ ਗੜਬੜ ਜੋ ਬਦਅਮਨੀ ਨੂੰ ਜਨਮ ਦਿੰਦੀ ਹੈ ਉਹ ਲੋਕ ਅਮਨ ਤੋਂ ਵਖਰੀ ਚੀਜ਼ ਹੈ। ਸਰਵ ਉੱਚ ਅਦਾਲਤ ਨੇ ਡਾਕਟਰ ਰਾਮ ਮਨੋਹਰ ਲੋਹੀਆ ਬਨਾਮ ਬਿਹਾਰ ਰਾਜ (ਏ ਆਈ ਆਰ 1966 ਐਸ ਸੀ 740) ਵਿਚ ਇਸ ਫ਼ਰਕ ਨੂੰ ਸਪਸ਼ਟ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੇ ਅਰਥਾਂ ਤੋਂ ਸਪਸ਼ਟ ਹੋਣ ਲਈ ਤਿੰਨ ਸਮ-ਕੇਂਦਰੀ ਦਾਇਰਿਆਂ ਦੇ ਕਲਪਨਾ ਕਰਨੀ ਪਵੇਗੀ। ਕਾਨੂੰਨ ਅਤੇ ਅਮਨ ਸਭ ਤੋਂ ਵੱਡੇ ਦਾਇਰੇ ਦੀ ਪ੍ਰਤੀਨਿਧਤਾ ਕਰਦਾ ਹੈ, ਉਸ ਦੇ ਅੰਦਰ ਅਗਲਾ ਦਾਇਰਾ ਲੋਕ ਅਮਨ ਦਾ ਹੈ ਅਤੇ ਸਭ ਤੋਂ ਛੋਟਾ ਦਾਇਰਾ ਰਾਜ ਦੀ ਸੁਰੱਖਿਆ ਦਾ ਹੈ। ਇਸ ਮਿਸਾਲ ਤੋਂ ਇਹ ਸਮਝਣਾ ਆਸਾਨ ਹੋ ਜਾਂਦਾ ਹੈ ਕਿ ਇਕ ਕੰਮ ਅਜਿਹਾ ਹੋ ਸਕਦਾ ਹੈ ਜੋ ਕਾਨੂੰਨ ਅਤੇ ਅਮਨ ਤੇ ਅਸਰ ਪਾਉਂਦਾ ਹੈ, ਲੇਕਿਨ ਲੋਕ ਅਮਨ ਤੇ ਨਹੀਂ ਪਾਉਂਦਾ ਅਤੇ ਉਸੇ ਤਰ੍ਹਾਂ ਹੋ ਸਕਦਾ ਕਿ ਕੋਈ ਕੰਮ ਲੋਕ ਅਮਨ ਤੇ ਅਸਰ ਪਾਉਂਦਾ ਹੋਵੇ ਲੇਕਿਨ ਰਾਜ ਦੀ ਸੁਰੱਖਿਆ ਤੇ ਕੋਈ ਅਸਰ ਨ ਪਾਉਂਦਾ ਹੋਵੇ। ਨਾਲ ਹੀ ਸਰਵ ਉੱਚ ਅਦਾਲਤ ਨੇ ਕਿਹਾ ਹੈ ਕਿ ਸਰਕਾਰ ਦੁਆਰਾ ਅੰਦਰੂਨੀ ਕਾਨੂੰਨ ਅਤੇ ਵਿਨਿਯਮਾਂ ਦੀ ਪਾਲਣਾ ਜਾਂ ਨਾਫ਼ਜ਼ ਕੀਤੇ ਜਾਣ ਦੇ ਫਲਸਰੂਪ ਜੋ ਸ਼ਾਂਤੀ ਜਾਂ ਸਲੀਕੇ ਭਰਿਆ ਅਮਨਚੈਨ ਰੁਮਕਦਾ ਨਜ਼ਰ ਆਉਂਦਾ ਹੈ ਉਹ ਕਾਨੂੰਨ ਅਤੇ ਅਮਨ ਅਤੇ ਲੋਕ ਅਮਨ ਦੇ ਸੰਕਲਪਾਂ ਵਿਚਕਾਰ ਸਾਂਝਾ ਲਛਣ ਹੈ। ਕਾਨੂੰਨ ਵਿਚ ਕਿਸੇ ਕਿਸਮ ਦੀ ਆਈ ਖ਼ਰਾਬੀ ਜਾਂ ਉਲੰਘਣਾ ਸਲੀਕੇ ਭਰੇ ਅਮਨ ਚੈਨ ਤੇ ਅਸਰ ਪਾਉਂਦੀ ਹੈ। ਕਾਨੂੰਨ ਅਤੇ ਅਮਨ ਅਤੇ ਲੋਕ ਅਮਨ ਵਿਚਕਾਰ ਨਿਖੇੜਾ ਕਰਦਿਆਂ ਅਰੁਣ ਘੋਸ਼ ਦੇ ਕੇਸ ਵਿਚ ਸਰਵ ਉੱਚ ਅਦਾਲਤ ਨੇ (ਏ ਆਈ ਆਰ 1970 ਐਸ ਸੀ 1228) ਵਿਚ ਕਿਹਾ ਹੈ ਕਿ ਦੋਹਾਂ ਵਿਚਕਾਰ ਫ਼ਰਕ, ਸਵਾਲ ਅਧੀਨ ਕੰਮ ਦੇ ਸਮਾਜ ਉਤੇ ਪੈਣ ਵਾਲੇ ਪ੍ਰਭਾਵ ਦੇ ਦਰਜੇ ਅਤੇ ਖੇਤਰ ਦਾ ਹੈ। ਇਹ ਉਸ ਕੰਮ ਦੀ ਸਮਾਜਕ ਜੀਵਨ ਦੀ ਇਕਸਾਰ ਰਫ਼ਤਾਰ ਵਿਚ ਗੜਬੜ/ਖ਼ਰਾਬੀ ਪੈਦਾ ਕਰਨ ਦੀ ਤਾਕਤ/ਸੰਭਵਤਾ ਹੈ ਜੋ ਉਸ ਨੂੰ ਲੋਕ ਅਮਨ ਬਣਾਈ ਰਖਣ ਦੇ ਪ੍ਰਤਿਕੂਲ ਬਣਾਉਂਦੀ ਹੈ। ਜੇ ਕਾਨੂੰਨ ਦੀ ਉਸ ਉਲੰਘਣਾ ਦਾ ਪ੍ਰਭਾਵ ਲੋਕਾਂ ਦੇ ਵੱਡੇ ਦਾਇਰੇ ਤੇ ਪ੍ਰਤਿਬਿੰਬਤ ਨ ਹੋ ਕੇ ਉਸ ਕੰਮ ਵਿਚ ਸਿੱਧੇ ਤੌਰ ਉਲਝੇ ਕੇਵਲ ਕੁਝ ਵਿਅਕਤੀਆਂ ਤਕ ਸੀਮਤ ਰਹਿੰਦਾ ਹੈ, ਤਾਂ ਉਸ ਨਾਲ ਕਾਨੂੰਨ ਅਤੇ ਅਮਨ ਦੀ ਸਮੱਸਿਆ ਪੈਦਾ ਹੋਵੇਗੀ। ਇਸ ਗੱਲ ਨੂੰ ਵਾਸਦ-ਉ-ਦੀਨ ਅਹਿਮਦ ਬਨਾਮ ਜ਼ਿਲ੍ਹਾ ਮੈਜਿਸਟਰੇਟ , ਅਲੀਗੜ੍ਹ (ਏ ਆਈ ਆਰ 1981 ਐਸ ਸੀ 2166) ਵਿਚ ਸਪਸ਼ਟ ਕਰਦਿਆਂ ਸਰਵ ਉੱਚ ਅਦਾਲਤ ਨੇ ਕਿਹਾ ਹੈ ਕਿ ਇਸ ਵਿਚ ਸ਼ੱਕ ਨਹੀਂ ਕਿ ਅਲ੍ਹੀਗੜ੍ਹ ਵਰਗੇ ਕਸਬੇ ਵਿਚ ਜਿਥੇ ਅਧਿਕ ਆਬਾਦੀ ਮੁਸਲਮਾਨਾਂ ਦੀ ਹੈ, ਵਿਚਾਰ-ਧਾਰਕ ਮਤਭੇਦਾਂ ਉਤੇ ਆਧਾਰਤ ਆਤੰਕਵਾਦ ਜਾਂ ਗੜਬੜ ਪੈਦਾ ਕਰਨਾ, ਜੋ ਫ਼ਿਕਾਦਾਰਾਨਾ ਹਿੰਸਾ ਨੂੰ ਜਨਮ ਦੇ ਸਕਦਾ ਹੈ, ਲੋਕ ਅਮਨ ਨਾਲ ਤੱਲਕ ਰਖਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1161, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First