ਲੋਕ-ਵਿਸ਼ਵਾਸ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਲੋਕ-ਵਿਸ਼ਵਾਸ : ਲੋਕ-ਵਿਸ਼ਵਾਸ ਤੋਂ ਭਾਵ ਕਿਸੇ ਦਿਸਦੀ ਜਾਂ ਅਣਦਿਸਦੀ ਵਸਤੂ ਨੂੰ ਲੋਕ-ਮਨ ਵੱਲੋਂ ਸੱਚ ਰੂਪ ਵਿੱਚ ਪ੍ਰਵਾਨ ਕਰ ਲੈਣਾ ਹੈ। ਮਨੁੱਖ ਆਪਣੇ ਆਲੇ- ਦੁਆਲੇ ਵਾਪਰਦੀਆਂ ਘਟਨਾਵਾਂ ਬਾਰੇ ਆਪਣੀ ਆਂਤਰਿਕ ਸੂਝ ਰਾਹੀਂ ਜੋ ਅਨੁਭਵ ਗ੍ਰਹਿਣ ਕਰਦਾ ਹੈ, ਇਹ ਅਨੁਭਵ ਹੀ ਲੋਕ-ਵਿਸ਼ਵਾਸਾਂ ਦੀ ਆਧਾਰਸ਼ਿਲਾ ਬਣਦੇ ਹਨ। ਮਨੁੱਖੀ ਜੀਵਨ ਵਿੱਚ ਜਦੋਂ ਇੱਕ ਘਟਨਾ ਦਾ ਸੰਬੰਧ ਦੂਜੀ ਘਟਨਾ ਨਾਲ ਜੁੜਨ ਲੱਗਾ ਤਾਂ ਮਨੁੱਖ ਨੇ ਇੱਕ ਘਟਨਾ ਨੂੰ ਦੂਜੀ ਘਟਨਾ ਦੇ ਕਾਰਨ ਵਜੋਂ ਵਿਚਾਰਿਆ। ਇਸ ਤਰ੍ਹਾਂ ਲੋਕ-ਮਨ ਸਮਾਨ ਸਥਿਤੀਆਂ ਵਿੱਚ ਸਮਾਨ ਘਟਨਾਵਾਂ ਦੇ ਵਾਪਰਨ ਦੀ ਸੰਭਾਵਨਾ ਵਿੱਚ ਯਕੀਨ ਕਰਨ ਲੱਗਾ ਜੋ ਹੌਲੀ-ਹੌਲੀ ਲੋਕ-ਵਿਸ਼ਵਾਸਾਂ ਦੇ ਰੂਪ ਵਿੱਚ ਪ੍ਰਚਲਿਤ ਹੋ ਗਿਆ।

     ਮੁਢਲੀ ਅਵਸਥਾ ਵਿੱਚ ਮਨੁੱਖ ਪ੍ਰਕਿਰਤਿਕ ਵਰਤਾਰਿਆਂ ਨੂੰ ਵਿਗਿਆਨਿਕ ਆਧਾਰ ਤੇ ਸਮਝਣੋਂ ਅਸਮਰਥ ਸੀ। ਇਸ ਤਰ੍ਹਾਂ ਮਨੁੱਖ ਨੇ ਆਪਣੇ ਆਲੇ- ਦੁਆਲੇ ਨੂੰ ਸਮਝਣ ਲਈ ਆਪਣੀ ਸੂਝ ਸ਼ਕਤੀ ਰਾਹੀਂ ਇਹਨਾਂ ਪ੍ਰਕਿਰਤਿਕ ਵਰਤਾਰਿਆਂ ਦੇ ਭੇਦ ਜਾਣਨ ਅਤੇ ਵਿਆਖਿਆਉਣ ਦੀ ਕੋਸ਼ਿਸ਼ ਕੀਤੀ। ਕੁਝ ਵਿਸ਼ਵਾਸ ਵਸਤੂਆਂ ਅਤੇ ਘਟਨਾਵਾਂ ਦੀ ਸਮਾਨ ਕਾਰਜਸ਼ੀਲਤਾ ਦੇ ਆਧਾਰ ਤੇ ਸਿਰਜੇ ਗਏ ਅਤੇ ਕੁਝ ਵਿਸ਼ਵਾਸ ਮਨੁੱਖ ਦੇ ਨਿੱਤ ਜੀਵਨ-ਵਿਹਾਰ ਸੰਬੰਧੀ ਅਨੁਭਵ ਰਾਹੀਂ ਹੋਂਦ ਵਿੱਚ ਆਏ। ਇਸ ਤਰ੍ਹਾਂ ਲੋਕ-ਵਿਸ਼ਵਾਸ ਜੀਵਨ ਦ੍ਰਿਸ਼ਟੀ ਸੰਬੰਧੀ ਲੋਕ-ਭਾਵਾਂ ਦੀ ਤਰਜ਼ਮਾਨੀ ਕਰਦੇ ਹਨ।

     ਮਨੁੱਖੀ ਅਤੇ ਪ੍ਰਕਿਰਤਿਕ ਵਰਤਾਰਿਆਂ ਦਾ ਸੁਭਾਅ ਸੂਖਮ ਅਤੇ ਜਟਿਲ ਹੋਣ ਕਾਰਨ ਅਨੇਕਾਂ ਲੋਕ-ਵਿਸ਼ਵਾਸ ਹੋਂਦ ਵਿੱਚ ਆਏ। ਇਸ ਤਰ੍ਹਾਂ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤੱਕ ਉਸ ਦੇ ਸਮੁੱਚੇ ਜੀਵਨ-ਵਿਹਾਰ ਅਤੇ ਪ੍ਰਕਿਰਤੀ ਸੰਬੰਧੀ ਕਈ ਲੋਕ-ਵਿਸ਼ਵਾਸ ਜੁੜ ਗਏ। ਮਿਸਾਲ ਵਜੋਂ :

     ਜਨਮ ਸੰਬੰਧੀ : ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜੇਕਰ ਮੱਸਿਆ ਤੋਂ ਬਾਅਦ ਚੰਨ ਦੀਆਂ ਚਾਨਣੀਆਂ ਤਿੱਥਾਂ ਦੌਰਾਨ ਹਮਲ ਠਹਿਰ ਜਾਵੇ ਤਾਂ ਲੜਕਾ ਜਨਮ ਲੈਂਦਾ ਹੈ। ਪਰ ਹਨੇਰੇ ਪੱਖ ਵਿੱਚ ਹਮਲ ਠਹਿਰਨ ਨਾਲ ਲੜਕੀ ਜਨਮ ਲੈਂਦੀ ਹੈ। ਸਵੇਰੇ ਸਾਰ ਜਨਮ ਲੈਣ ਵਾਲਾ ਬੱਚਾ ਭਾਗਸ਼ਾਲੀ ਸਮਝਿਆ ਜਾਂਦਾ ਹੈ। ਬੱਚੇ ਦੇ ਜਨਮ ਸਮੇਂ ਉਸ ਨੂੰ ‘ਗੁੜ੍ਹਤੀ’ ਦੇ ਰੂਪ ਵਿੱਚ ਗੁੜ, ਸ਼ਹਿਦ ਜਾਂ ਹੋਰ ਮਿੱਠਾ ਉਂਗਲ ਨਾਲ ਚਟਾਉਣ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਿਹੋ-ਜਿਹਾ ਵਿਅਕਤੀ ਬੱਚੇ ਨੂੰ ਗੁੜ੍ਹਤੀ ਦੇਵੇਗਾ; ਬਾਲ ਉਹੋ ਜਿਹੇ ਵਿਅਕਤੀ ਦੇ ਗੁਣ ਹੀ ਗ੍ਰਹਿਣ ਕਰੇਗਾ।

     ਮੌਤ ਸੰਬੰਧੀ : ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੰਜੇ ਉੱਤੇ ਪਏ ਮੁਰਦੇ ਦੀ ਗਤੀ ਨਹੀਂ ਹੁੰਦੀ। ਮੁਰਦੇ ਨੂੰ ਅਗਨੀਦਾਹ ਕਰਨ ਲੈ ਜਾਂਦੇ ਸਮੇਂ ਰਾਹ ਵਿੱਚ ਮਿੱਟੀ ਦਾ ਘੜਾ ਭੰਨਿਆ ਜਾਂਦਾ ਹੈ, ਭਾਵ ਮਨੁੱਖ ਦੀ ਜੀਵਨ ਰੂਪੀ ਲੀਲ੍ਹਾ ਘੜੇ ਦੇ ਟੁੱਟਣ ਵਾਂਗ ਖ਼ਤਮ ਹੋ ਗਈ ਸਮਝੀ ਜਾਂਦੀ ਹੈ। ਮੁਰਦੇ ਦੇ ਸਾਕ-ਸੰਬੰਧੀਆਂ ਵੱਲੋਂ ਉਸ ਦੇ ਸਸਾਕਾਰ ਸਮੇਂ ਤੀਲ੍ਹਾ ਤੋੜ ਦਿੱਤਾ ਜਾਂਦਾ ਹੈ, ਜਿਸ ਬਾਰੇ ਵਿਸ਼ਵਾਸ ਹੈ ਕਿ ਇੰਞ ਡੱਕਾ ਤੋੜ ਕੇ ਮ੍ਰਿਤਕ ਪ੍ਰਾਣੀ ਨਾਲੋਂ ਰਿਸ਼ਤਾ ਟੁੱਟ ਜਾਂਦਾ ਹੈ। ਕਫ਼ਨ (ਕੱਪੜੇ) ਦੀ ਵੀ ਸਿਲਾਈ ਨਹੀਂ ਕੀਤੀ ਜਾਂਦੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਉਂ ਮੁਰਦਾ ਰੂਹ ਨੂੰ ਹਰੇਕ ਬੰਧਨ ਤੋਂ ਮੁਕਤ ਕਰ ਦਿੱਤਾ ਜਾਂਦਾ ਹੈ।

     ਧਰਤੀ ਅਤੇ ਅਕਾਸ਼ ਸੰਬੰਧੀ : ਚੜ੍ਹਦੇ ਸੂਰਜ ਨੂੰ ਨਮਸਕਾਰ ਕਰਨ ਤੇ ਉਸ ਵਿਅਕਤੀ ਦਾ ਪ੍ਰਤਾਪ ਸੂਰਜ ਵਾਂਗੂ ਤੇਜ਼ ਹੋ ਜਾਂਦਾ ਹੈ। ਜੇਕਰ ਨਵੀਂ ਵਿਆਹੀ ਕੁੜੀ ਇੱਕ ਸਾਲ ਦੂਜ ਦਾ ਨਵਾਂ ਚੰਨ ਚੜ੍ਹਦਾ ਵੇਖੇ ਤਾਂ ਉਸ ਦੀ ਕੁੱਖੋਂ ਚੰਨ ਵਰਗਾ ਪੁੱਤਰ ਜਨਮ ਲੈਣ ਦਾ ਵਿਸ਼ਵਾਸ ਹੈ। ਸੂਰਜ ਜਾਂ ਚੰਦਰਮਾ ਨੂੰ ਗ੍ਰਹਿਣ ਲੱਗਣ ਸਮੇਂ ਗਰਭਵਤੀ ਦੇ ਪੈਰਾਂ ਵਿੱਚ ਕੱਚੇ ਧਾਗੇ ਦੀ ਅੱਟੀ ਪਾ ਕੇ ਬਿਠਾਇਆ ਜਾਂਦਾ ਹੈ, ਨਹੀਂ ਤਾਂ ਬੱਚੇ ਦੇ ਕਿਸੇ ਅੰਗ ਤੇ ਗ੍ਰਹਿਣ ਦਾ ਮਾੜਾ ਪ੍ਰਭਾਵ ਪੈਣ ਦਾ ਡਰ ਬਣਿਆ ਰਹਿੰਦਾ ਹੈ। ਤਾਰਿਆਂ ਸੰਬੰਧੀ ਇਹ ਵਿਸ਼ਵਾਸ ਪਾਇਆ ਜਾਂਦਾ ਹੈ ਕਿ ਜੇਕਰ ਤਾਰਾ ਟੁੱਟਣ ਸਮੇਂ ਕੋਈ ਵਿਅਕਤੀ ਆਪਣੇ ਮਨ ਵਿੱਚ ਇੱਛਾ ਧਾਰ ਕੇ ਕੱਪੜੇ ਦੀ ਗੰਢ ਮਾਰ ਲਵੇ ਤਾਂ ਉਸ ਦੀ ਇੱਛਾ ਪੂਰੀ ਹੋ ਜਾਂਦੀ ਹੈ।

     ਜੀਵਾਂ ਸੰਬੰਧੀ : ਜੀਵਾਂ ਸੰਬੰਧੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਘਰੋਂ ਕਿਸੇ ਕੰਮ ਤੇ ਜਾਣ ਸਮੇਂ ਬਿੱਲੀ ਰਸਤਾ ਕੱਟ ਜਾਵੇ ਤਾਂ ਕੰਮ ਸਿਰੇ ਨਹੀਂ ਚੜ੍ਹੇਗਾ। ਪਰ ਰਾਹ ਵਿੱਚ ਕੁੱਤਾ ਮਿਲੇ ਤਾਂ ਸ਼ੁਭ ਸਮਝਿਆ ਜਾਂਦਾ ਹੈ। ਸ਼ਾਇਦ ਇਸ ਲਈ ਕਿ ਕੁੱਤਾ ਮਨੁੱਖ ਪ੍ਰਤਿ ਵਫ਼ਾਦਾਰੀ ਨਿਭਾਉਂਦਾ ਹੈ। ਜਿਸ ਘਰ ਦੇ ਬਨੇਰੇ ਉੱਤੇ ਦਿਨੇ ਉੱਲੂ ਬੋਲਣ, ਉਹ ਘਰ ਵੱਸਦਾ ਨਹੀਂ ਕਿਉਂਕਿ ਉੱਲੂ ਉਜਾੜ ਮੰਗਦੇ ਹਨ। ਜੇਕਰ ਰਾਤ ਨੂੰ ਕੁੱਤੇ ਰੋਣ ਤਾਂ ਪਿੰਡ ਵਿੱਚ ਕਿਸੇ ਵਿਅਕਤੀ ਦੇ ਮਰਨ ਦੀ ਨਿਸ਼ਾਨੀ ਸਮਝੀ ਜਾਂਦੀ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਕੁੱਤੇ ਨੂੰ ਜਮਦੂਤ ਦਿਖਾਈ ਦਿੰਦੇ ਹਨ।

     ਇਵੇਂ ਹੀ ਬਾਹਰ ਜਾਣ ਸਮੇਂ ਪੰਡਤ ਮੱਥੇ ਲੱਗੇ ਜਾਂ ਖ਼ਾਲੀ ਭਾਂਡਾ ਮਿਲੇ ਤਾਂ ਅਸ਼ੁਭ ਪਰ ਕਾਮਾ ਮਿਲੇ ਤਾਂ ਸ਼ੁਭ ਸਮਝਿਆ ਜਾਂਦਾ ਹੈ। ਬਨੇਰੇ ਕਾਂ ਬੋਲੇ ਤਾਂ ਪਰਾਹੁਣੇ ਦੇ ਆਉਣ ਦੀ ਸੂਚਨਾ ਸਮਝੀ ਜਾਂਦੀ ਹੈ। ਜੇਕਰ ਕੀੜੀਆਂ ਬਾਹਰੋਂ ਦਾਣੇ ਢੋ ਕੇ ਘਰ ਲਿਆਉਣ ਤਾਂ ਘਰ ਵਿੱਚ ਖ਼ੁਸ਼ਹਾਲੀ ਹੋਣ ਦੀ ਉਮੀਦ ਹੁੰਦੀ ਹੈ, ਪਰ ਦਾਣੇ ਘਰੋਂ ਬਾਹਰ ਲੈ ਕੇ ਜਾਣ ਤਾਂ ਕਾਰੋਬਾਰ ਵਿੱਚ ਘਾਟੇ ਦੀ ਨਿਸ਼ਾਨੀ ਸਮਝੀ ਜਾਂਦੀ ਹੈ।

     ਸਰੀਰਕ ਅੰਗਾਂ ਸੰਬੰਧੀ : ਸਰੀਰਕ ਅੰਗਾਂ ਸੰਬੰਧੀ ਵੀ ਲੋਕ ਵਿਸ਼ਵਾਸ ਪ੍ਰਚਲਿਤ ਹਨ। ਜੇਕਰ ਪੁਰਸ਼ ਦੀ ਸੱਜੀ ਅੱਖ ਫ਼ਰਕੇ ਤਾਂ ਸ਼ੁਭ ਪਰ ਇਸ ਦੇ ਉਲਟ ਇਸਤਰੀ ਦੀ ਸੱਜੀ ਅੱਖ ਫ਼ਰਕੇ ਤਾਂ ਅਸ਼ੁਭ ਸਮਝੀ ਜਾਂਦੀ ਹੈ। ਇਸੇ ਤਰ੍ਹਾਂ ਪੁਰਸ਼ ਦੀ ਸੱਜੀ ਹਥੇਲੀ ਉਪਰ ਖਾਰਸ਼ ਹੋਵੇ ਤਾਂ ਧਨ ਦੌਲਤ ਦੀ ਪ੍ਰਾਪਤੀ ਦੀ ਆਸ ਕੀਤੀ ਜਾਂਦੀ ਹੈ। ਜੇਕਰ ਖੱਬੀ ਹਥੇਲੀ `ਤੇ ਹੋਵੇ ਤਾਂ ਖ਼ਰਚ ਹੋਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਇਸ ਦੇ ਉਲਟ ਇਸਤਰੀ ਦੀ ਸੱਜੀ ਹਥੇਲੀ ਤੇ ਖਾਰਸ਼ ਹੋਵੇ ਤਾਂ ਖ਼ਰਚ ਹੋਣ ਦੀ ਸੰਭਾਵਨਾ ਮੰਨੀ ਜਾਂਦੀ ਹੈ। ਇਵੇਂ ਹੀ ਪੈਰਾਂ ਦੀਆਂ ਤਲੀਆਂ ਤੇ ਹੁੰਦੀ ਖਾਰਸ਼ ਨੂੰ ਸਫ਼ਰ ਦੀ ਨਿਸ਼ਾਨੀ ਸਮਝਿਆ ਜਾਂਦਾ ਹੈ।

     ਨਜ਼ਰ ਲੱਗਣ ਸੰਬੰਧੀ : ਧਾਰਨਾ ਹੈ ਕਿ ਸੋਹਣੀ ਜਾਂ ਚੰਗੀ ਚੀਜ਼ ਨੂੰ ਮਾੜੀ ਨਜ਼ਰ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਇਸ ਲਈ ਸੋਹਣੇ ਬੱਚੇ ਨੂੰ ਮਾੜੀ ਨਜ਼ਰ ਤੋਂ ਬਚਾਉਣ ਲਈ ਮੱਥੇ `ਤੇ ਕਾਲਾ ਟਿੱਕਾ ਲਾਇਆ ਜਾਂਦਾ ਹੈ। ਨਵੇਂ ਘਰ ਦੇ ਅੱਗੇ ਕਾਲੀ ਤੌੜੀ ਟੰਗੀ ਜਾਂਦੀ ਹੈ। ਨਵੀਂ ਸੂਈ ਮੱਝ ਦੇ ਗਲ ਵਿੱਚ ਚਮੜੇ ਦਾ ਟੁੱਟਾ ਛਿੱਤਰ ਪਾਇਆ ਜਾਂਦਾ ਹੈ। ਜੇ ਕਿਸੇ ਬੱਚੇ ਜਾਂ ਪਸ਼ੂ ਨੂੰ ਬੁਰੀ ਨਜ਼ਰ ਲੱਗ ਜਾਵੇ ਤਾਂ ਉਸ ਦੇ ਸਿਰ ਉੱਤੋਂ ਸੱਤ ਲਾਲ ਮਿਰਚਾਂ ਛੁਹਾ ਕੇ ਅੱਗ ਵਿੱਚ ਸੁੱਟੀਆਂ ਜਾਂਦੀਆਂ ਹਨ। ਜੇਕਰ ਮਿਰਚਾਂ ਦਾ ਧੂੰਆਂ ਕੌੜਾ ਨਾ ਲੱਗੇ ਤਾਂ ਭੈੜੀ ਨਜ਼ਰ ਲੱਗੀ ਸਮਝੀ ਜਾਂਦੀ ਹੈ। ਜਿਸ ਵਿਅਕਤੀ ਦੀ ਨਜ਼ਰ ਲੱਗੀ ਹੋਵੇ, ਉਸ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਜਾਂ ਚੌਰਾਹੇ ਵਿੱਚੋਂ ਮਿੱਟੀ ਚੁੱਕ ਕੇ ਅੱਗ ਵਿੱਚ ਸੁੱਟੀ ਜਾਂਦੀ ਹੈ, ਵਿਸ਼ਵਾਸ ਹੈ ਕਿ ਇਸ ਨਾਲ ਭੈੜੀ ਨਜ਼ਰ ਦਾ ਅਸਰ ਖ਼ਤਮ ਹੋ ਜਾਂਦਾ ਹੈ।

     ਅੰਕਾਂ ਸੰਬੰਧੀ : ਪੰਜਾਬ ਵਿੱਚ 5, 7, 11 ਅੰਕਾਂ ਦੇ ਰਹੱਸਮਈ ਪ੍ਰਭਾਵ ਨੂੰ ਮੰਨਿਆ ਜਾਂਦਾ ਹੈ। ਜਿਵੇਂ ਪੰਜਾਂ ਵਿੱਚ ਪਰਮੇਸ਼ਰ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਪੰਜ ਪੀਰ, ਪੰਜ ਵਕਤ ਨਮਾਜ਼ ਆਦਿ ਵਿੱਚ ਪੰਜ ਅੰਕ ਨੂੰ ਰਹੱਸਮਈ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ ਕਿਸੇ ਔਰਤ ਨੂੰ ਅਠਰਾਹ ਦੀ ਬਿਮਾਰੀ ਹੋਵੇ, ਉਸ ਨੂੰ ਪੰਜ ਖੂਹਾਂ ਦਾ ਪਾਣੀ ਮੰਤਰ ਕੇ ਪੀਣ ਲਈ ਦਿੱਤਾ ਜਾਂਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਨਾਲ ਅਠਰਾਹ ਦੀ ਬਿਮਾਰੀ ਦੂਰ ਹੋ ਜਾਂਦੀ ਹੈ। ਇਸੇ ਤਰ੍ਹਾਂ ਜੇ ਕੋਈ ਬਾਂਝ ਇਸਤਰੀ ਸੱਤ ਪ੍ਰਕਾਰ ਦੇ ਅਨਾਜ ਚਾਲੀ (40) ਦਿਨ ਆਪਣੀ ਚੁੰਨੀ ਨਾਲ ਬੰਨ੍ਹ ਕੇ ਰੱਖੇ ਤਾਂ ਉਸ ਦੇ ਘਰ ਔਲਾਦ ਹੋਣ ਦਾ ਵਿਸ਼ਵਾਸ ਕੀਤਾ ਜਾਂਦਾ ਹੈ। ਵਿਆਹ ਸਮੇਂ ਸੱਤ ਸੁਹਾਗਣਾਂ ਤੋਂ ਚੱਕੀ ਵਿੱਚ ਗਾਲਾ ਪੁਆਇਆ ਜਾਂਦਾ ਹੈ। ਕੁਝ ਅੰਕਾਂ ਨੂੰ ਮਾੜਾ ਵੀ ਗਿਣਿਆ ਜਾਂਦਾ ਹੈ ਜਿਵੇਂ ਤਿੰਨ ਅੰਕ ਬਾਰੇ ਕਿਹਾ ਜਾਂਦਾ ਹੈ ਕਿ ਤੀਜਾ ਰਲਿਆ, ਘਰ ਗਲਿਆ।

     ਨਿੱਛ ਸੰਬੰਧੀ : ਵਿਸ਼ਵਾਸ ਹੈ ਕਿ ਜੇਕਰ ਕੋਈ ਵਿਅਕਤੀ ਕੋਈ ਕੰਮ ਕਰਨਾ ਸ਼ੁਰੂ ਕਰਨ ਲੱਗੇ ਜਾਂ ਕਿਸੇ ਦੂਜੀ ਥਾਂ ਤੇ ਜਾਣ ਲੱਗੇ ਤਾਂ ਉਸ ਵੇਲੇ ਕੋਈ ਵਿਅਕਤੀ ਨਿੱਛ ਮਾਰ ਦੇਵੇ ਤਾਂ ਇਹ ਮੰਨਿਆ ਜਾਂਦਾ ਹੈ ਕਿ ਉਹ ਕੰਮ ਸਿਰੇ ਨਹੀਂ ਚੜ੍ਹੇਗਾ। ਪਰ ਜੇਕਰ ਉਸੇ ਵੇਲੇ ਦੋ ਨਿੱਛਾਂ ਲਗਾਤਾਰ ਪੈ ਜਾਣ ਤਾਂ ਕੰਮ ਪੂਰਾ ਹੋਣ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦੇ ਦੂਜੀ ਥਾਂ ਜਾਣ ਵੇਲੇ ਨਿੱਛ ਵੱਜਦੀ ਹੈ ਤਾਂ ਉਹ ਵਿਅਕਤੀ ਇੱਕ ਵਾਰ ਜੁੱਤੀ ਉਤਾਰ ਲਵੇ ਅਤੇ ਦੁਬਾਰਾ ਪਾ ਲਵੇ ਤਾਂ ਨਿੱਛ ਦਾ ਅਸਰ ਖ਼ਤਮ ਹੋ ਗਿਆ ਸਮਝਿਆ ਜਾਂਦਾ ਹੈ।

     ਦਿਨਾਂ ਸੰਬੰਧੀ : ‘ਬੁੱਧ ਸ਼ਨਿਚਰ ਕੱਪੜਾ, ਗਹਿਣਾ ਐਤਵਾਰ’ ਵਾਲੇ ਵਿਸ਼ਵਾਸ ਅਨੁਸਾਰ ਬੁੱਧਵਾਰ ਅਤੇ ਸ਼ਨਿਚਰਵਾਰ ਨੂੰ ਨਵਾਂ ਕੱਪੜਾ ਪਹਿਨਿਆ ਜਾਵੇ ਤਾਂ ਉਹ ਚੰਗਾ ਹੰਢਦਾ ਹੈ, ਇਸੇ ਤਰ੍ਹਾਂ ਨਵਾਂ ਗਹਿਣਾ ਪਹਿਲੀ ਵਾਰ ਐਤਵਾਰ ਨੂੰ ਪਾਉਣ ਬਾਰੇ ਵਿਸ਼ਵਾਸ ਹੈ। ਵੀਰਵਾਰ ਵਾਲੇ ਦਿਨ ਸੰਬੰਧੀ ਇਹ ਵਿਸ਼ਵਾਸ ਹੈ ਕਿ ਜਿਹੜੀ ਭੈਣ ਦੇ ਇੱਕ ਭਰਾ ਹੋਵੇ, ਉਸ ਨੂੰ ਵੀਰਵਾਰ ਵਾਲੇ ਦਿਨ ਸਿਰ ਨਹੀਂ ਨ੍ਹਾਉਣਾ ਚਾਹੀਦਾ, ਇਹ ਉਸ ਦੇ ਭਰਾ ਲਈ ਮਾੜਾ ਸਮਝਿਆ ਜਾਂਦਾ ਹੈ। ਵੀਰਵਾਰ ਵਾਲੇ ਦਿਨ ਲੜਕੀ ਨੂੰ ਆਪਣੇ ਪੇਕਿਆਂ ਤੋਂ ਘਰ ਤੋਂ ਸਹੁਰੇ ਨਹੀਂ ਜਾਣਾ ਚਾਹੀਦਾ, ਵਿਸ਼ਵਾਸ ਕੀਤਾ ਜਾਂਦਾ ਹੈ ਕਿ ਉਸ ਦੇ ਭਰਾ ਦੀ ਮੌਤ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸ਼ਨਿਚਰਵਾਰ ਵਾਲੇ ਦਿਨ ਸਿਰ ਨ੍ਹਾਉਣ ਵਾਲੀ ਕੁਆਰੀ ਕੁੜੀ ਸਾਰੀ ਉਮਰ ਆਪਣੇ ਮਾਪਿਆਂ ਦੇ ਬੂਹੇ (ਬਾਰ) ਤੇ ਬੈਠੀ ਰਹਿੰਦੀ ਹੈ ਭਾਵ ਉਸ ਦਾ ਵਿਆਹ ਨਹੀਂ ਹੁੰਦਾ। ਮੰਗਲਵਾਰ ਵਾਲੇ ਦਿਨ ਨ੍ਹਾਉਣ ਬਾਰੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਮੰਗਲਵਾਰ ਨੂੰ ਸਿਰ ਨ੍ਹਾਉਣ ਨਾਲ ਅੱਧਾ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ।

     ਗ੍ਰਹਿਆਂ ਸੰਬੰਧੀ : ਮੰਗਲ ਗ੍ਰਹਿ ਵਿੱਚ ਜੰਮੇ ਬੱਚੇ ਨੂੰ ਮੰਗਲੀਕ ਕਿਹਾ ਜਾਂਦਾ ਹੈ। ਇਸ ਬਾਰੇ ਕਿਹਾ ਜਾਂਦਾ ਹੈ ਕਿ ਜੇਕਰ ਮੰਗਲੀਕ ਮੁੰਡੇ/ਕੁੜੀ ਦਾ ਵਿਆਹ ਮੰਗਲੀਕ ਕੁੜੀ/ਮੁੰਡੇ ਨਾਲ ਨਾ ਕੀਤਾ ਜਾਵੇ ਤਾਂ ਉਹਨਾਂ ਦੋਵਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਸਕਦੀ ਹੈ। ਸ਼ਨੀ ਗ੍ਰਹਿ ਹੇਠ ਆਏ ਬੱਚੇ ਦਾ ਗ੍ਰਹਿ ਦੂਰ ਕਰਨ ਲਈ ਸ਼ਨੀਵਾਰ ਨੂੰ ਤੇਲ ਦਾਨ ਕੀਤਾ ਜਾਂਦਾ ਹੈ। ਬੁੱਧ, ਬ੍ਰਹਿਸਪਤ ਅਤੇ ਸ਼ੁਕਰ ਗ੍ਰਹਿ ਚੰਗੀ ਭਾਵਨਾ ਵਾਲੇ ਮੰਨੇ ਜਾਂਦੇ ਹਨ।

     ਬਦਰੂਹਾਂ ਸੰਬੰਧੀ : ਬੱਚੇ ਦੇ ਜਨਮ ਸਮੇਂ ਉਸ ਦੀ ਮਾਂ ਦੇ ਸਿਰਹਾਣੇ ਚਾਕੂ, ਦਾਤੀ ਜਾਂ ਲੋਹਾ, ਤਾਂਬਾ ਆਦਿ ਧਾਤਾਂ ਰੱਖੀਆਂ ਜਾਂਦੀਆਂ ਹਨ। ਵਿਸ਼ਵਾਸ ਹੈ ਕਿ ਇਹਨਾਂ ਧਾਤਾਂ ਤੋਂ ਹਥਿਆਰ ਬਣਦੇ ਹਨ। ਇਸ ਲਈ ਬਦਰੂਹਾਂ ਇਹਨਾਂ ਤੋਂ ਡਰਦੀਆਂ ਬੱਚੇ ਦੇ ਨੇੜੇ ਨਹੀਂ ਆਉਂਦੀਆਂ। ਵਿਸ਼ਵਾਸ ਪ੍ਰਚਲਿਤ ਹੈ ਕਿ ਜੇਕਰ ਕੋਈ ਮਾਂ ਆਪਣੇ ਛੋਟੇ ਬੱਚੇ ਨੂੰ ਲੈ ਕੇ ਕੁਝ ਸਮੇਂ ਲਈ ਘਰੋਂ ਬਾਹਰ ਜਾਂਦੀ ਹੈ ਤਾਂ ਵਾਪਸ ਘਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਰੁੱਕ ਕੇ ਉਹ ਰਸਤੇ ਵਿੱਚੋਂ ਕੁਝ ਮਿੱਟੀ ਚੁੱਕ ਕੇ ਸੱਤ ਵਾਰੀ ਬੱਚੇ ਦੇ ਸਿਰ ਉਪਰੋਂ ਵਾਰ ਕੇ ਪਿੱਛੇ ਨੂੰ ਸੁੱਟਦੀ ਹੈ, ਇਉਂ ਬਦਰੂਹਾਂ ਨੂੰ ਪਿੱਛੇ ਧੱਕਿਆ ਜਾਂਦਾ ਹੈ। ਨਵ-ਜੰਮਿਆ ਬੱਚਾ ਬਹੁਤ ਜ਼ਿਆਦਾ ਰੋਵੇ ਤਾਂ ਉਸ ਉੱਤੇ ਬਦਰੂਹਾਂ ਦਾ ਪਰਛਾਵਾਂ ਪਿਆ ਮੰਨਿਆ ਜਾਂਦਾ ਹੈ। ਇਸ ਦੇ ਉਪਾਅ ਲਈ ਘਰ ਦਾ ਕੋਈ ਵੀ ਵਿਅਕਤੀ ਕੁਝ ਚਾਵਲ ਜਾਂ ਕਣਕ ਦੇ ਦਾਣੇ ਲੈ ਕੇ ਬੱਚੇ ਦੇ ਸਿਰ ਉੱਤੋਂ ਦੀ ਪੰਜ ਜਾਂ ਸੱਤ ਵਾਰੀ ਵਾਰ ਕੇ ਖੂਹ ਵਿੱਚ ਪਾ ਦੇਵੇ ਤਾਂ ਇਸ ਨੂੰ ਖ਼ਵਾਜਾ ਪੀਰ ਦੀ ‘ਹਾਜ਼ਰੀ ਦੇਣਾ’ ਕਹਿੰਦੇ ਹਨ। ਹਾਜ਼ਰੀ ਪਾਉਣ ਵਾਲੇ ਵਿਅਕਤੀ ਲਈ ਜਾਂਦੇ ਅਤੇ ਆਉਂਦੇ ਸਮੇਂ ਰਸਤੇ ਵਿੱਚ ਕਿਸੇ ਨਾਲ ਬੋਲਣਾ ਮਨ੍ਹਾ ਹੁੰਦਾ ਹੈ। ਇਸ ਸੰਬੰਧੀ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਰਾਹ ਵਿੱਚ ਬੋਲਣ ਨਾਲ ‘ਹਾਜ਼ਰੀ’ ਦਾ ਅਸਰ ਖ਼ਤਮ ਹੋ ਜਾਂਦਾ ਹੈ।

     ਬਦਰੂਹਾਂ ਦੇ ਰੂਪ ਸੰਬੰਧੀ ਵੀ ਕਈ ਵਿਸ਼ਵਾਸ ਪ੍ਰਚਲਿਤ ਹਨ, ਜੇਕਰ ਕੋਈ ਗਰਭਵਤੀ ਇਸਤਰੀ ਮਰ ਜਾਵੇ ਤਾਂ ਉਹ ਚੁੜੇਲ ਬਣਦੀ ਹੈ। ਕੁਆਰੇ ਮਰੇ ਹੋਏ ਲੜਕੇ ਦੀ ਰੂਹ ਨੂੰ ‘ਛਲੇਡਾ’ ਕਿਹਾ ਜਾਂਦਾ ਹੈ, ਜੋ ਰੂਪ ਬਦਲ ਕੇ ਲੋਕਾਂ ਨੂੰ ਦੁਖੀ ਕਰਦਾ ਹੈ। ਇਹ ਵੀ ਵਿਸ਼ਵਾਸ ਹੈ ਕਿ ਅਚਾਨਕ ਦੁਰਘਟਨਾ ਜਾਂ ਆਤਮ-ਹੱਤਿਆ ਕਰਨ ਵਾਲੇ ਵਿਅਕਤੀ ਭੂਤ ਬਣਦੇ ਹਨ।

     ਭੂਚਾਲ ਸੰਬੰਧੀ ਇਹ ਵਿਸ਼ਵਾਸ ਹੈ ਕਿ ਧਰਤੀ ਨੂੰ ਬਲਦ ਸਿੰਗਾਂ ਉੱਤੇ ਚੁੱਕੀ ਖੜ੍ਹਾ ਹੈ। ਜਦੋਂ ਧਰਤੀ ਉੱਤੇ ਪਾਪਾਂ ਦਾ ਭਾਰ ਵੱਧ ਜਾਂਦਾ ਹੈ ਤਾਂ ਬਲਦ ਲਈ ਇਹ ਭਾਰ ਸਹਿਣਾ ਔਖਾ ਹੋ ਜਾਂਦਾ ਹੈ। ਬਲਦ ਜਦੋਂ ਦੂਜੇ ਸਿੰਗ ਉੱਤੇ ਭਾਰ ਬਦਲਦਾ ਹੈ ਤਾਂ ਧਰਤੀ `ਤੇ ਭੂਚਾਲ ਆਉਂਦੇ ਹਨ।

     ਉਪਰੋਕਤ ਵਿਸ਼ਵਾਸਾਂ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਵਿਸ਼ਵਾਸ ਪ੍ਰਚਲਿਤ ਹਨ।

     ਖੇਤੀ-ਬਾੜੀ ਨਾਲ ਸੰਬੰਧਿਤ : ਖੇਤੀ ਨਾਲ ਸੰਬੰਧਿਤ ਲੋਕ-ਵਿਸ਼ਵਾਸ ਫ਼ਸਲੀ ਚੱਕਰ ਅਤੇ ਪ੍ਰਕਿਰਤਿਕ ਵਰਤਾਰਿਆਂ ਨਾਲ ਜੁੜੇ ਹੋਏ ਹਨ। ਜਿਸ ਤੋਂ ਖੇਤੀਕਾਰ ਆਪਣੀ ਫ਼ਸਲ ਦੇ ਭਵਿੱਖ ਬਾਰੇ ਕਿਆਸ-ਅਰਾਈਆਂ ਕਰਦਾ ਹੈ। ਜੇਕਰ ਚਿੜ੍ਹੀਆਂ ਰੇਤੇ ਵਿੱਚ ਨ੍ਹਾਉਣ ਲੱਗ ਜਾਣ ਜਾਂ ਪਪੀਹਾ ਬੋਲਣ ਲੱਗੇ ਤਾਂ ਮੰਨਿਆ ਜਾਂਦਾ ਹੈ ਕਿ ਬਰਸਾਤ ਹੋਣ ਵਾਲੀ ਹੈ। ਜੇਕਰ ਬਰਸਾਤ ਦਾ ਸਮਾਂ ਦੇਖਣਾ ਹੋਵੇ ਤਾਂ ਕੀੜੀਆਂ ਨੂੰ ਆਂਡੇ ਬਾਹਰ ਕੱਢਣ ਤੋਂ ਅੰਦਾਜ਼ਾ ਲਗਾਇਆ ਜਾਂਦਾ ਹੈ। ਜੇਕਰ ਕੀੜੀਆਂ ਆਪਣੇ ਭੌਣ `ਚੋਂ ਆਂਡੇ ਕੱਢ ਕੇ ਉੱਚੀ ਜਗ੍ਹਾ ਵੱਲ ਲੈ ਜਾਣ ਦੀ ਤਿਆਰੀ ਕਰਨ ਤਾਂ ਬਰਸਾਤ ਬਹੁਤ ਦੂਰ ਨਹੀਂ ਗਿਣੀ ਜਾਂਦੀ। ਟਟੀਹਰੀ ਆਲ੍ਹਣਾ ਨਹੀਂ ਬਣਾਉਂਦੀ। ਮਿੱਟੀ ਰੰਗ ਹੋਣ ਕਾਰਨ ਉਹ ਜ਼ਮੀਨ ਉਪਰ ਹੀ ਆਂਡੇ ਦੇ ਦਿੰਦੀ ਹੈ। ਜੇਕਰ ਟਟੀਹਰੀ ਦੇ ਆਂਡੇ ਨੀਵੀਂ ਥਾਂ ਦਿੱਤੇ ਹੋਣ ਤਾਂ ਖ਼ਿਆਲ ਕੀਤਾ ਜਾਂਦਾ ਹੈ ਕਿ ਬਰਸਾਤ ਘੱਟ ਹੋਵੇਗੀ। ਮੀਂਹ ਪੈਣ ਸਮੇਂ ਇਹ ਵੀ ਖ਼ਿਆਲ ਰੱਖਿਆ ਜਾਂਦਾ ਹੈ ਕਿ ਮਾਮਾ ਭਾਣਜਾ ਖੇਤ ਵਿੱਚ ਇਕੱਠੇ ਹੋਣ ਤਾਂ ਅਸਮਾਨੀ ਬਿਜਲੀ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇਕਰ ਗੜੇ ਪੈਣ ਲੱਗ ਜਾਣ ਤਾਂ ਛੋਟੇ ਬੱਚੇ ਦੇ ਚਿੱਤੜ ਰੱਬ ਨੂੰ ਦਿਖਾਏ ਜਾਂਦੇ ਹਨ ਜਾਂ ਕਾਲਾ ਤਵਾ ਵੇਹੜੇ ਵਿੱਚ ਸੁੱਟਿਆ ਜਾਂਦਾ ਹੈ ਤਾਂ ਜੋ ਗੜੇ ਰੁਕ ਜਾਣ।ਕਈ ਵਾਰ ਇੱਕ ਗੜੇ ਨੂੰ ਚੁੱਕ ਕੇ ਜਾੜ੍ਹ ਹੇਠ ਭੰਨਿਆ ਜਾਂਦਾ ਹੈ। ਵਿਸ਼ਵਾਸ ਹੈ ਕਿ ਇਉਂ ਗੜੇ ਪੈਣੇ ਬੰਦ ਹੋ ਜਾਂਦੇ ਹਨ।

     ਬਰਸਾਤ ਤੋਂ ਬਾਅਦ ਜ਼ਮੀਨ ਵਾਹ ਕੇ ਬੀਜਣ ਲਈ ਤਿਆਰ ਕੀਤੀ ਜਾਂਦੀ ਹੈ। ਬੀਜ ਬੀਜਣ ਸਮੇਂ ਜੇਕਰ ਬੀਜ ਡੁੱਲ੍ਹ ਜਾਵੇ ਤਾਂ ਇਸ ਨੂੰ ਸ਼ੁਭ ਸ਼ਗਨ ਮੰਨਿਆ ਜਾਂਦਾ ਹੈ। ਬੀਜ ਨੂੰ ਲਿਆ ਕੇ ਮੰਜੇ ਤੇ ਰੱਖਣ ਨੂੰ ਅਪਸ਼ਗਨ ਸਮਝਿਆ ਜਾਂਦਾ ਹੈ। ਉੱਗੀ ਹੋਈ ਫ਼ਸਲ ਨੂੰ ਬਾਂਝ ਜ਼ਨਾਨੀ ਦੇ ਪਰਛਾਵੇਂ ਤੋਂ ਬਚਾਇਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਇਸ ਨਾਲ ਫ਼ਸਲ ਨੂੰ ਠੀਕ ਝਾੜ ਨਹੀਂ ਪਵੇਗਾ। ਜੇਕਰ ਕਿਸੇ ਤੀਵੀਂ ਦੇ ਨਿਆਣੇ ਨੂੰ ਸੋਕੜੇ ਦੀ ਬਿਮਾਰੀ ਹੋਵੇ ਅਤੇ ਉਹ ਫ਼ਸਲ ਵਿੱਚੋਂ ਲੰਘ ਜਾਵੇ ਤਾਂ ਮੰਨਿਆ ਜਾਂਦਾ ਹੈ ਕਿ ਉਸ ਸਥਾਨ ਤੋਂ ਫ਼ਸਲ ਸੁੱਕ ਜਾਵੇਗੀ। ਕੁਝ ਹੋਰ ਅਲਾਮਤਾਂ ਤੋਂ ਫ਼ਸਲ ਨੂੰ ਬਚਾਉਣ ਲਈ, ਖ਼ਾਸ ਕਰ ਕੱਦੂ, ਅੰਬ, ਪੇਠਾ ਅਤੇ ਨਰਮਾ/ਕਪਾਹ ਦੇ ਫੁੱਲ ਝੜਨ ਲੱਗਣ ਤਾਂ ਗੁੱਗਲ ਦੀ ਧੂਣੀ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਗੁੱਗਲ ਦੀ ਧੂਣੀ ਨਾਲ ਫੁੱਲ ਝੜਨੇ ਅਤੇ ਚੂਏਂ ਸੁੱਕਣੇ ਬੰਦ ਹੋ ਜਾਂਦੇ ਹਨ। ਨਰਮੇ ਤੇ ਬੂਕੀ (ਬਿਮਾਰੀ) ਪੈਣ ਸਮੇਂ ਖੇਤ ਵਿੱਚ ਪੂੜੇ ਪਕਾਏ ਜਾਂਦੇ ਹਨ, ਜਿਸ ਅਨੁਸਾਰ ਇਸ ਦਾ ਫ਼ਸਲ `ਤੇ ਚੰਗਾ ਅਸਰ ਪੈਣ ਬਾਰੇ ਵਿਸ਼ਵਾਸ ਕੀਤਾ ਜਾਂਦਾ ਹੈ।

     ਫ਼ਸਲ ਦੀ ਕਟਾਈ ਸਮੇਂ ਅੰਤ `ਤੇ ਬੋਦੀ ਛੱਡੀ ਜਾਂਦੀ ਹੈ, ਜਿਸ ਤੋਂ ਭਾਵ ਕਟਾਈ ਦਾ ਪੂਰੀ ਹੋਣਾ ਅਤੇ ਕੁਝ ਹਿੱਸਾ ਪੰਛੀਆਂ ਅਤੇ ਜਾਨਵਰਾਂ ਲਈ ਛੱਡਣਾ ਹੁੰਦਾ ਹੈ, ਕਿਉਂਕਿ ਕਿਰਸਾਣ ਬੀਜਾਈ ਸਮੇਂ ਵਾਅਦਾ ਕਰਦਾ ਹੈ ਕਿ ਬੀਜ ਵਿੱਚ ਪੰਛੀਆਂ ਅਤੇ ਜਾਨਵਰਾਂ ਦਾ ਵੀ ਹਿੱਸਾ ਹੈ। ਵਿਸ਼ਵਾਸ ਹੈ ਕਿ ਇਉਂ ਪੰਛੀ ਫ਼ਸਲ ਦਾ ਨੁਕਸਾਨ ਨਹੀਂ ਕਰਦੇ। ਕਣਕ ਦੀ ਗਹਾਈ ਜਾਂ ਕਣਕ ਤੂੜੀ ਵੱਖ ਕਰਨ ਸਮੇਂ ਕਿਰਸਾਣ ਦਾ ਸਾਰਾ ਪਰਿਵਾਰ ਉਸ ਮਿਹਨਤ ਵਿੱਚ ਸ਼ਾਮਲ ਹੁੰਦਾ ਹੈ। ਬੋਹਲ ਚੁੱਕਣ ਤੋਂ ਬਾਅਦ ਬੱਚਿਆਂ ਨੂੰ ਰੀੜੀ ਦਿੱਤੀ ਜਾਂਦੀ ਹੈ, ਜੋ ਦਾਣਿਆਂ ਦੇ ਰੂਪ ਵਿੱਚ ਹੁੰਦੀ ਹੈ, ਜਿਸ ਨਾਲ ਬੱਚੇ ਦੁਕਾਨ ਤੋਂ ਮਿਠਾਈ ਆਦਿ ਖਾ ਲੈਂਦੇ ਹਨ। ਵਿਸ਼ਵਾਸ ਹੈ ਕਿ ਇਉਂ ਫ਼ਸਲ ਸ਼ੁਭ ਕਾਰਜਾਂ ਵਿੱਚ ਕੰਮ ਆਵੇਗੀ।

     ਕੁਦਰਤੀ ਆਫ਼ਤਾਂ ਜੋ ਖੇਤੀ ਅਤੇ ਪਸ਼ੂਆਂ ਦਾ ਨੁਕਸਾਨ ਕਰਦੀਆਂ ਹਨ, ਉਹਨਾਂ ਬਾਰੇ ਟੂਣਾ ਕੀਤਾ ਜਾਂਦਾ ਹੈ। ਜੇਕਰ ਪਿੰਡ ਵਿੱਚ ਮੀਂਹ ਨਾ ਪਵੇ ਤਾਂ ਕੁੜੀਆਂ ਗੁੱਡੀ ਫੂਕਦੀਆਂ ਹਨ, ਆਦਮੀ ਯੱਗ ਕਰਦੇ ਹਨ। ਜਿਸ ਵਿੱਚ ਮਿੱਠੇ ਚੌਲ ਬਣਾ ਕੇ ਸਾਰੇ ਪਿੰਡ ਵਿੱਚ ਵੰਡੇ ਜਾਂਦੇ ਹਨ। ਕਈ ਵਾਰ ਫ਼ਸਲ ਦੀ ਗੜ੍ਹੇਮਾਰ ਹੋ ਜਾਂਦੀ ਹੈ। ਆਉਣ ਵਾਲੇ ਸਾਲ ਵਿੱਚ ਗੜੇ ਨਾ ਪੈਣ ਇਸ ਲਈ ਕਿਸੇ ਸਾਧ ਨੂੰ ਲਿਆ ਕੇ ਗੜ੍ਹੇ ਬੰਨ੍ਹਵਾਏ ਜਾਂਦੇ ਹਨ। ਉਹ ਜਿਸ ਪਾਣੀ ਵਿੱਚ ਮੰਤਰ ਪੜ੍ਹਦਾ ਹੈ, ਪਿੰਡ ਦੇ ਚੋਣਵੇਂ ਬੰਦਿਆਂ ਨੂੰ ਲੈ ਕੇ ਉਹ ਪਾਣੀ ਘੜੇ ਵਿੱਚ ਪਾਇਆ ਜਾਂਦਾ ਹੈ। ਘੜੇ ਦੇ ਇੱਕ ਪਾਸੇ ਛੋਟੀ ਮੋਰੀ ਕਰ ਲਈ ਜਾਂਦੀ ਹੈ ਅਤੇ ਫਿਰ ਬਹੁਤ ਸਾਰੇ ਲੋਕ ਹੋਰ ਪਾਣੀ ਲੈ ਕੇ ਘੜੇ ਵਾਲੇ ਦੇ ਪਿੱਛੇ ਹੋ ਲੈਂਦੇ ਹਨ। ਉਹ ਪਾਣੀ ਵਗਾਉਂਦੇ ਹੋਏ ਪਿੰਡ ਦੀ ਭੋਂ ਉੱਤੋਂ ਗੇੜਾ ਦੇਣਾ ਹੁੰਦਾ ਹੈ, ਜੋ ਪੈਂਡਾ ਕਈ ਵਾਰ ਕਾਫ਼ੀ ਲੰਮਾ ਬਣ ਜਾਂਦਾ ਹੈ। ਪਰ ਲੋਕ-ਵਿਸ਼ਵਾਸ ਅਨੁਸਾਰ ਇਸ ਕਾਰਜ ਨੂੰ ਖ਼ੁਸ਼ੀ-ਖ਼ੁਸ਼ੀ ਸਿਰੇ ਚੜ੍ਹਾਇਆ ਜਾਂਦਾ ਹੈ। ਇਸੇ ਤਰ੍ਹਾਂ ‘ਸਿਆਣੇ’ ਟਿੱਡੀ ਦੱਲ ਨੂੰ ਵੀ ਬੰਨ੍ਹ ਲੈਂਦੇ ਹਨ।

     ਖੇਤੀ ਬਾਰੇ ਬਹੁਤ ਸਾਰੇ ਲੋਕ-ਵਿਸ਼ਵਾਸ ਪਸ਼ੂਆਂ ਨਾਲ ਵੀ ਜੁੜੇ ਹੋਏ ਹਨ, ਕਿਉਂਕਿ ਪਸ਼ੂ ਖੇਤੀ ਦਾ ਅਨਿੱਖੜ ਅੰਗ ਹੁੰਦੇ ਹਨ। ਜੇਕਰ ਬਾਹਰ ਨਿਕਲਦਿਆਂ ਸਾਨ੍ਹ ਮੱਥੇ ਲੱਗੇ ਤਾਂ ਅਪਸ਼ਗਨ ਮੰਨਿਆ ਜਾਂਦਾ ਹੈ, ਕਿਉਂਕਿ ਸਾਨ੍ਹ ਨੂੰ ਜਮਦੂਤਾਂ ਦਾ ਵਾਹਨ ਮੰਨਿਆ ਜਾਂਦਾ ਹੈ। ਊਠ ਨੂੰ ਪ੍ਰੇਤ ਆਤਮਾ ਦਾ ਪ੍ਰਤੀਕ ਕਿਹਾ ਜਾਂਦਾ ਹੈ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਜਦੋਂ ਊਠ ਆਦਮੀ ਤੇ ਹਮਲਾ ਕਰਦਾ ਹੈ ਤਾਂ ਉਸ ਵਿੱਚ ਪ੍ਰੇਤ ਦਾ ਵਾਸ ਹੋ ਜਾਂਦਾ ਹੈ। ਜੇਕਰ ਮੱਝ ਕਿੱਲਾ ਨੀਚੇ ਨੂੰ ਠੋਕਦੀ ਹੋਵੇ ਤਾਂ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਘਰ ਦੇ ਕਿੱਲੇ ਗੱਡ ਰਹੀ ਹੈ। ਇਹ ਪਸ਼ੂ ਧਨ ਅਤੇ ਫ਼ਸਲ ਵਿੱਚ ਬਹੁਲਤਾ ਦੀ ਨਿਸ਼ਾਨੀ ਮੰਨੀ ਜਾਂਦੀ ਹੈ। ਜੇਕਰ ਪਸ਼ੂ ਕਿੱਲਾ ਉਪਰ ਵੱਲ ਨੂੰ ਪੁੱਟਣ ਦੀ ਕੋਸ਼ਿਸ਼ ਕਰੇ ਤਾਂ ਅਪਸ਼ਗਨ ਸਮਝਿਆ ਜਾਂਦਾ ਹੈ। ਸੱਜਰ ਸੂਈ ਮੱਝ ਦੁੱਧ ਨਾ ਦੇਵੇ ਤਾਂ ਕਿਸੇ ਸਾਧ ਤੋਂ ‘ਪਾਣੀ’ ਕਰਵਾ ਲਿਆ ਜਾਂਦਾ ਹੈ। ਦੁਧਾਰੂ ਪਸ਼ੂਆਂ ਨੂੰ ਨਜ਼ਰ ਤੋਂ ਬਚਾਉਣ ਲਈ ਛੋਟੀ ਢੀਡੀ ਵਿੱਚ ਤਵੀਤ ਪਾ ਕੇ ਦੁਧਾਰੂ ਪਸ਼ੂ ਦੇ ਗਲੇ ਵਿੱਚ ਲਟਕਾ ਦਿੱਤਾ ਜਾਂਦਾ ਹੈ। ਮਾਲਵੇ (ਖ਼ਾਸ ਕਰ ਸੰਧੂਆਂ) ਵਿੱਚ ਮਾਨਤਾ ਹੈ ਕਿ ਮੱਝ ਸੂਣ ਤੋਂ ਸਵਾ ਮਹੀਨਾ ਬਾਅਦ ਤੱਕ ਜੇਕਰ ਬ੍ਰਾਹਮਣ ਉਸ ਦਾ ਦੁੱਧ ਪੀ ਜਾਵੇ ਤਾਂ ਅਪਸ਼ਗਨ ਸਮਝਿਆ ਜਾਂਦਾ ਹੈ। ਮੱਝ ਦਾ ਮੱਥਾ ਕਿਸੇ ਹੋਰ ਰੰਗ ਦਾ ਹੋਵੇ ਤਾਂ ਉਸ ਨੂੰ ਵੀ ਨਹਿਸ਼ ਸਮਝਿਆ ਜਾਂਦਾ ਹੈ। ਉਸ ਨੂੰ ‘ਬੱਲ੍ਹੇ ਮੱਥੇ ਵਾਲੀ’ ਕਿਹਾ ਜਾਂਦਾ ਹੈ। ਇਸ ਪ੍ਰਕਾਰ ਖੇਤੀ ਨਾਲ ਸੰਬੰਧਿਤ ਹਰ ਵਰਤਾਰੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕੋਈ ਨਾ ਕੋਈ ਵਿਸ਼ਵਾਸ ਜੁੜਿਆ ਹੋਇਆ ਹੈ, ਜਿਸ ਦੀ ਪੀੜ੍ਹੀ ਦਰ ਪੀੜ੍ਹੀ ਪਾਲਣਾ ਕੀਤੀ ਜਾਂਦੀ ਹੈ।


ਲੇਖਕ : ਮਲਕੀਤ ਕੌਰ, ਸਤਨਾਮ ਸਿੰਘ ਸੰਧੂ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 14990, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.