ਵਾਇਰਲੈਸ ਨੈੱਟਵਰਕ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Wireless Network

ਵਾਇਰਲੈਸ ਨੈੱਟਵਰਕ ਨਾਲ ਜੁੜੇ ਕੰਪਿਊਟਰ ਜਾਂ ਪੀਡੀਏ ( ਪਰਸਨਲ ਡਿਜੀਟਲ ਅਸਿਸਟੈਂਟ ) ਟੂਲ ਆਪਸ ਵਿੱਚ ਬਿਨਾਂ ਭੌਤਿਕ ਸਬੰਧ ਸਥਾਪਿਤ ਕੀਤੇ ਸੂਚਨਾਵਾਂ ਦਾ ਸੰਚਾਰ ਕਰਵਾਉਂਦੇ ਹਨ । ਵਾਇਰਲੈਸ ਨੈੱਟਵਰਕ ਚਲਦੇ- ਫਿਰਦੇ ਯੰਤਰ ਜਿਵੇਂ ਕਿ ਮੋਬਾਈਲ ਫੋਨ ਅਤੇ ਕੰਪਿਊਟਰ ਜਾਂ ਲੈਪਟਾਪ ਵਿਚਕਾਰ ਸੰਚਾਰ ਸਥਾਪਿਤ ਕਰਨ ਦਾ ਮਹੱਤਵਪੂਰਨ ਸਾਧਨ ਹੈ । ਵਾਇਰਲੈਸ ਨੈੱਟਵਰਕ ਦੀ ਮਦਦ ਨਾਲ ਇੰਟਰਨੈੱਟ ਦੀਆਂ ਸੁਵਿਧਾਵਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ ।

ਵਾਇਰਲੈਸ ਨੈੱਟਵਰਕ ਲਈ ਕਈ ਪ੍ਰਕਾਰ ਦੀ ਤਕਨਾਲੋਜੀ ਇਸਤੇਮਾਲ ਕੀਤੀ ਜਾਂਦੀ ਹੈ । ਇੱਥੇ ਵਾਈ-ਫਾਈ ਅਤੇ ਬਲੂ ਟੁੱਥ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ।

( i ) ਵਾਈ - ਫਾਈ ( Wi-Fi )

ਇਸ ਨੂੰ ਤਾਰਾਂ ਦੇ ਬਦਲ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ । ਇਹ ਇਕ ਖੇਤਰੀ ਸੁਵਿਧਾ ਹੀ ਹੈ ਕਿਉਂਕਿ ਵਾਈ-ਫਾਈ ਰਾਹੀਂ ਤੁਸੀਂ ਇਕ ਸੀਮਤ ਖੇਤਰ ਵਿੱਚ ਪਏ ਦੋ ਜਾਂ ਦੋ ਤੋਂ ਵੱਧ ਉਪਕਰਨਾਂ ਵਿਚਕਾਰ ਸੰਚਾਰ-ਸਬੰਧ ਸਥਾਪਿਤ ਕਰਵਾ ਸਕਦੇ ਹੋ । ਇੰਝ ਸਮਝ ਲਵੋ ਕਿ ਇਹ ਇਕ ਬੇਤਾਰ ਲੋਕਲ ਏਰੀਆ ਨੈੱਟਵਰਕ ( ਲੈਨ ) ਹੈ । ਇਹੀ ਕਾਰਨ ਹੈ ਕਿ ਇਸ ਨੂੰ ' ਵਾਇਰਲੈੱਸ ਈਥਰਨੈੱਟ' ਦਾ ਨਾਂਅ ਵੀ ਦਿੱਤਾ ਜਾਂਦਾ ਹੈ ।

( ii ) ਬਲੂ ਟੁੱਥ ( Blue-Tooth )

ਬਲੂ ਟੁੱਥ ਤਕਨੀਕ ਦੀ ਵਰਤੋਂ ਵੀ ਵਾਇਰਲੈੱਸ ਕੰਟਰੋਲ ਲਈ ਕੀਤੀ ਜਾਂਦੀ ਹੈ । ਬਲੂ ਟੁੱਥ ਦੀ ਵਰਤੋਂ ਮੋਬਾਈਲ ਫੋਨਾਂ , ਹੈਂਡ ਫਰੀ ਹੈਂਡ ਸੈੱਟ ਅਤੇ ਕਾਰਾਂ ਦੀਆਂ ਕਿੱਟਾਂ ਵਿਚਕਾਰ ਸੰਚਾਰ ਸਬੰਧ ਸਥਾਪਿਤ ਕਰਨ ਲਈ ਕੀਤੀ ਜਾਂਦੀ ਹੈ । ਪਰਸਨਲ ਕੰਪਿਊਟਰਾਂ ਦਰਮਿਆਨ ਵਾਇਰਲੈੱਸ ਨੈੱਟਵਰਕ ਸਥਾਪਿਤ ਕਰਨ ਅਤੇ ਮਾਊਸ , ਕੀਬੋਰਡ , ਪ੍ਰਿੰਟਰ ਆਦਿ ਇਨਪੁਟ ਅਤੇ ਆਉਟਪੁਟ ਇਕਾਈਆਂ ਨੂੰ ਆਪਸ ਵਿੱਚ ਜੋੜਨ ਲਈ ਬਲੂ ਟੁੱਥ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾ ਰਹੀ ਹੈ । ਗਲੋਬਲ ਪੋਜੀਸ਼ਨਿੰਗ ਸਿਸਟਮ ( ਜੀਪੀਐਸ ) , ਮੈਡੀਕਲ ਯੰਤਰ ਅਤੇ ਟ੍ਰੈਫ਼ਿਕ ਕੰਟਰੌਲ ਇਕਾਈਆਂ ਵਿੱਚ ਬਲੂ ਟੁੱਥ ਪਰੰਪਰਾਗਤ ਤਾਰ ਸੰਚਾਰ ਪ੍ਰਣਾਲੀ ਦੇ ਬਦਲ ਵਜੋਂ ਵਰਤਿਆ ਜਾ ਰਿਹਾ ਹੈ । ਡਾਇਲ-ਅੱਪ ਇੰਟਰਨੈੱਟ ਕੁਨੈਕਸ਼ਨਾਂ ਨੂੰ ਜੋੜਨ ਲਈ ਅਤੇ ਇਨਫਰਾਰੈੱਡ ਦੇ ਬਦਲ ਵਜੋਂ ਬਲੂ ਟੁੱਥ ਵਰਤੀ ਜਾ ਸਕਦੀ ਹੈ । ਬਲੂ ਟੁੱਥ ਤਕਨਾਲੋਜੀ ਦੀ ਵਰਤੋਂ ਵੱਡੀ ਮਾਤਰਾ ਵਾਲੇ ਅੰਕੜਿਆਂ ਜਿਵੇਂ ਕਿ ਟੈਲੀਵਿਜ਼ਨ , ਵਾਇਰਲੈੱਸ ਪ੍ਰਣਾਲੀ , ਮਲਟੀਮੀਡੀਆ ਪ੍ਰੋਜੈਕਟਰਾਂ ਆਦਿ ਨੂੰ ਆਪਸ ਵਿੱਚ ਜੋੜਨ ਲਈ ਕੀਤੀ ਜਾਂਦੀ ਹੈ ।

ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸੰਚਾਰ ਉਪਕਰਨਾਂ , ਕੰਪਿਊਟਰੀ ਇਕਾਈਆਂ , ਮੋਬਾਈਲ ਫੋਨਾਂ ਅਤੇ ਆਟੋ ਮੋਬਾਈਲ ਕਿੱਟਾਂ ਦਰਮਿਆਨ ਸੰਚਾਰ ਸਬੰਧ ਕਾਇਮ ਕਰਨ ਲਈ ਬਲੂ ਟੁੱਥ ਅਤੇ ਵਾਈ-ਫਾਈ ਦੀ ਵਰਤੋਂ ਲਾਹੇਵੰਦ ਸਾਬਤ ਹੋਈ ਹੈ । ਬਲੂ ਟੁੱਥ ਵਾਈ-ਫਾਈ ਦੇ ਮੁਕਾਬਲੇ ਵੱਧ ਦੂਰੀ ਤੱਕ ਸੇਵਾਵਾਂ ਪ੍ਰਦਾਨ ਕਰਵਾ ਸਕਦੀ ਹੈ ਪਰ ਇਹ ਜ਼ਿਆਦਾ ਮਹਿੰਗੀ ਅਤੇ ਵੱਧ ਬਿਜਲੀ ਖਪਤ ਕਰਦੀ ਹੈ ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 517, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.