ਵਿਸਾਖਾ ਸਿੰਘ, ਸੰਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵਿਸਾਖਾ ਸਿੰਘ, ਸੰਤ (1905-1968 ਈ.): ਸਿੱਖ ਧਰਮ-ਸਾਧਕ, ਵਿਦਿਆ ਪ੍ਰੇਮੀ ਅਤੇ ਪ੍ਰਚਾਰਕ ਸੰਤ ਵਿਸਾਖਾ ਸਿੰਘ ਦਾ ਜਨਮ 13 ਅਪ੍ਰੈਲ 1903 ਈ. ਨੂੰ ਭਾਈ ਕਰਮ ਸਿੰਘ ਦੇ ਘਰ ਮਾਈ ਕਾਹਨ ਕੌਰ ਦੀ ਕੁੱਖੋਂ ਲੁਧਿਆਣੇ ਦੇ ਇਕ ਪਿੰਡ ਜਨੇਤਪੁਰਾ ਵਿਚ ਹੋਇਆ। ਪਿੰਡ ਦੇ ਗੁਰਦੁਆਰੇ ਵਿਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਅਤੇ ਕੀਰਤਨ ਕਰਨਾ ਸਿਖ ਕੇ ਇਹ ਧਰਮ-ਪ੍ਰਚਾਰ ਵਲ ਰੁਚਿਤ ਹੋ ਗਿਆ। ਪਰ 20 ਫਰਵਰੀ 1921 ਈ. ਨੂੰ ਨਨਕਾਣਾ ਸਾਹਿਬ ਵਿਚ ਹੋਏ ਖ਼ੂਨੀ ਸਾਕੇ ਨੇ ਇਸ ਨੂੰ ਤਕੜਾ ਹਲੂਣਾ ਦਿੱਤਾ। ਅਕਾਲ ਤਖ਼ਤ ਤੋਂ ਅੰਮ੍ਰਿਤ ਪਾਨ ਕਰਕੇ ਇਹ ਗੁਰਦੁਆਰਾ ਸੁਧਾਰ ਲਹਿਰ ਵਿਚ ਕੁਦ ਪਿਆ। ਗੁਰੂ ਕਾ ਬਾਗ਼ ਅਤੇ ਜੈਤੋ ਦੇ ਮੋਰਚਿਆਂ ਵਿਚ ਸ਼ਾਮਲ ਹੋ ਕੇ ਕੈਦ ਕਟੀ। ਜੈਤੋ ਦੇ ਮੋਰਚੇ ਦੀ ਸਮਾਪਤੀ’ਤੇ ‘ਗੁਰਦੁਆਰਾ ਟਿੱਬੀ ਸਾਹਿਬ’ ਵਿਚ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਪੰਜ ਪਿਆਰਿਆਂ ਵਿਚ ਇਹ ਸ਼ਾਮਲ ਹੋਇਆ। ਇਸ ਦੀਆਂ ਪੰਥਕ ਕੁਰਬਾਨੀਆਂ ਲਈ ਇਸ ਨੂੰ ਅਕਾਲ ਤਖ਼ਤ ਤੋਂ ‘ਸੰਤ ਸਿਪਾਹੀ’ ਹੋਣ ਦਾ ਮਾਣ ਬਖ਼ਸ਼ਿਆ ਗਿਆ।

            ਅਕਾਲ ਤਖ਼ਤ ਤੋਂ ਸਨਮਾਨਿਤ ਹੋਣ ਤੋਂ ਬਾਦ ਇਸ ਨੇ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ ਅਤੇ ਸੰਨ 1944 ਈ. ਵਿਚ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਕਿਸ਼ਨਪੁਰਾ ਕਲਾਂ ਪਿੰਡ ਵਿਚ ‘ਗੁਰਮਤ ਪ੍ਰਚਾਰਕ ਸਿੰਘ ਸਭਾ ’ ਦਾ ਕੇਂਦਰ ਸਥਾਪਿਤ ਕਰਕੇ ਕਈ ਪਿੰਡਾਂ ਵਿਚ ਉਸ ਦੀ ਸ਼ਾਖਾਵਾਂ ਕਾਇਮ ਕੀਤੀਆਂ। ਇਸ ਤੋਂ ਇਲਾਵਾ ਇਸ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਜਨੇਤ ਪਿੰਡ ਵਿਚ ‘ਗੁਰੂ ਨਾਨਕ ਦੇਵ ਐਜੂਕੇਸ਼ਨ ਸੋਸਾਇਟੀ’ ਦੀ ਸਥਾਪਨਾ ਕੀਤੀ ਅਤੇ ਮਾਲਵੇ ਦੇ ਪਛੜੇ ਹੋਏ ਪਿੰਡਾਂ ਵਿਚ ਸਕੂਲ ਖੋਲ੍ਹੇ। ਇਸ ਦੇ ਇਨ੍ਹਾਂ ਉਦਮਾਂ ਦੀ ਬਹੁਤ ਸ਼ਲਾਘਾ ਹੋਈ।

ਇਸ ਨੇ ਸਿੱਖ ਧਰਮ ਅਤੇ ਅਧਿਆਤਮਿਕਤਾ ਬਾਰੇ ਬਹੁਤ ਸਾਰੇ ਟ੍ਰੈਕਟ ਲਿਖੇ ਅਤੇ ਛਾਪੇ। ਇਸ ਨੇ ‘ਮਾਲਵਾ ਇਤਿਹਾਸ ’ ਲਿਖ ਕੇ ਇਸ ਇਲਾਕੇ ਦੀਆਂ ਸਿੱਖ ਧਰਮ ਅਤੇ ਇਤਿਹਾਸ ਸੰਬੰਧੀ ਸਰਗਰਮੀਆਂ ਨੂੰ ਕਲਮਬੰਦ ਕੀਤਾ। ਇਸ ਦਾ ਦੇਹਾਂਤ 15 ਅਗਸਤ 1968 ਈ. ਨੂੰ ਕਿਸ਼ਨਪੁਰਾ ਵਿਚ ਹੋਇਆ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.