ਵੇਦਾਂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵੇਦਾਂਤ [ਨਾਂਪੁ] ਭਾਰਤ ਦੇ ਛੇ ਦਰਸ਼ਨਾਂ ਵਿੱਚੋਂ ਇੱਕ ਦਰਸ਼ਨ ਜਿਸ ਵਿੱਚ ਬ੍ਰਹਮ ਨੂੰ ਸਤਿ ਅਤੇ ਦੁਨੀਆਂ ਨੂੰ ਅਸਤਿ ਸਵੀਕਾਰ ਕੀਤਾ ਜਾਂਦਾ ਹੈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵੇਦਾਂਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਵੇਦਾਂਤ: ਸਿੱਖ ਧਰਮ ਦੀ ਮੂਲ-ਭੂਤ ਵਿਚਾਰਧਾਰਾ ਵੇਦਾਂਤ ਨਾਲ ਦੂਰ ਤਕ ਸਮਾਨਤਾ ਰਖਦੀ ਹੈ। ਵੇਦਾਂਤ ਦੀਆਂ ਜੋ ਮਾਨਤਾਵਾਂ ਯੁਗ ਦੀਆਂ ਹਾਣੀ ਨ ਰਹੀਆਂ, ਉਨ੍ਹਾਂ ਨੂੰ ਗੁਰਬਾਣੀ ਵਿਚ ਕੋਈ ਮਾਨਤਾ ਨ ਮਿਲੀ, ਖ਼ਾਸ ਤੌਰ ਉਤੇ ਸ਼ੰਕਰ ਤੋਂ ਬਾਦ ਪ੍ਰਚਲਿਤ ਹੋਏ ਵਾਦ, ਜਿਵੇਂ ਵਿਸ਼ਿਸ਼ਟ ਅਦ੍ਵੈਤਵਾਦ, ਦ੍ਵੈਤਾ-ਦ੍ਵੈਤਵਾਦ ਆਦਿ। ਸਿੱਖ ਧਰਮ ਦੀ ਦਾਰਸ਼ਨਿਕਤਾ ਨੂੰ ਸਮਝਣ ਲਈ ਵੇਦਾਂਤ ਨੂੰ ਸਮਝਣਾ ਜ਼ਰੂਰੀ ਹੈ।

ਵੇਦਾਂਤ ਦਰਸ਼ਨ ਦੇ ਸੰਸਥਾਪਕ ਦਾ ਨਾਂ ਬਾਦਰਾਯਣ ਮੰਨਿਆ ਜਾਂਦਾ ਹੈ। ‘ਬਾਦਰਾਯਣ’ ਤੋਂ ਆਮ ਤੌਰ’ਤੇ ਦੋ ਭਾਵ ਕਢੇ ਜਾਂਦੇ ਹਨ। ਇਕ ‘ਬਦਰ’ (ਆਚਾਰਯ) ਦਾ ਵੰਸ਼ਜ ਅਤੇ ਦੂਜਾ ਬੇਰੀਆਂ ਦੇ ਝੁੰਡ ਜਾਂ ਬਦਰਿਕਾਸ਼੍ਰਮ ਵਿਚ ਰਹਿਣ ਵਾਲਾ। ਇਹ ‘ਵਿਆਸ ’ ਦਾ ਹੀ ਨਾਮਾਂਤਰ ਹੈ। ਭਾਈ ਗੁਰਦਾਸ ਨੇ ਵੀ ਵਿਆਸ ਨੂੰ ਹੀ ਵੇਦਾਂਤ ਦਰਸ਼ਨ ਦਾ ਮੋਢੀ ਮੰਨਿਆ ਹੈ—ਸਿਆਮ ਵੇਦ ਕਉ ਸੋਧਿ ਕਰਿ ਮਥਿ ਵੇਦਾਂਤੁ ਬਿਆਸਿ ਸੁਣਾਇਆ (1/11)।

ਇਸ ਦਰਸ਼ਨ ਦੀ ਉਤਪੱਤੀ ਦਾ ਮੂਲ ਸੋਮਾ ਉਪਨਿਸ਼ਦਾਂ ਹਨ। ਉਪਨਿਸ਼ਦਾਂ ਵਿਚ ਵੈਦਿਕ ਵਿਚਾਰਧਾਰਾ ਆਪਣੇ ਸਿਖਰ ’ਤੇ ਪਹੁੰਚ ਗਈ ਸੀ। ਇਸ ਲਈ ਹੀ ਉਪਨਿਸ਼ਦਾਂ ਨੂੰ ‘ਵੇਦਾਂਤ’ ਕਿਹਾ ਜਾਣ ਲਗਿਆ। ਇਸ ਦਰਸ਼ਨ ਦਾ ਉਪਨਿਸ਼ਦਾਂ ਵਿਚ ਹੌਲੀ ਹੌਲੀ ਵਿਕਾਸ ਹੋਇਆ ਸੀ। ਫਿਰ ਬਾਦਰਾਯਣ ਨੇ ਵੇਦਾਂਤ ਦੇ ਮੂਲ-ਸਿੱਧਾਂਤਾਂ ਨੂੰ ਆਪਣੇ ‘ਬ੍ਰਹਮਸੂਤ੍ਰ’ ਵਿਚ ਸੰਕਲਿਤ ਕੀਤਾ ਸੀ। ਕਿਉਂਕਿ ਇਸ ਦਰਸ਼ਨ ਵਿਚ ਸ਼ਰੀਰ ਅੰਦਰ ਸਥਿਤ ਅਵਿਨਾਸ਼ੀ ਆਤਮਾ ਨੂੰ ਕੇਂਦਰ ਮੰਨਿਆ ਗਿਆ ਹੈ, ਇਸ ਲਈ ਇਸ ਦਾ ਇਕ ਨਾਂ ‘ਸ਼ਰੀਰਿਕ ਮੀਮਾਂਸਾ’ ਵੀ ਪ੍ਰਸਿੱਧ ਹੋਇਆ ਹੈ।

ਵੇਦ ਕਰਮ-ਪ੍ਰਧਾਨ ਹਨ ਜਾਂ ਗਿਆਨ-ਪ੍ਰਧਾਨ, ਇਸ ਵਿਸ਼ੇ ’ਤੇ ਬਹੁਤ ਪਹਿਲਾਂ ਤੋਂ ਵਾਦ-ਵਿਵਾਦ ਚਲਦਾ ਆ ਰਿਹਾ ਸੀ। ਜੈਮਿਨੀ ਨੇ ਪਹਿਲਾਂ ਵੇਦਾਂ ਨੂੰ ਕਰਮ-ਪ੍ਰਧਾਨ ਮੰਨ ਕੇ ਆਪਣੀ ਮੀਮਾਂਸਾ ਦੀ ਰਚਨਾ ਕੀਤੀ ਅਤੇ ਬਾਦ ਵਿਚ ਬਾਦਰਾਯਣ ਨੇ ਆਪਣੇ ਬ੍ਰਹਮਸੂਤ੍ਰ ਵਿਚ ਵੇਦਾਂ ਨੂੰ ਗਿਆਨ-ਪ੍ਰਧਾਨ ਮੰਨਿਆ। ਇਸ ਲਈ ਜੈਮਿਨੀ ਦੀ ਮੀਮਾਂਸਾ ਨੂੰ ‘ਪੂਰਵ-ਮੀਮਾਂਸਾ’ ਅਤੇ ਬਾਦਰਾਯਣ ਦੇ ਬ੍ਰਹਮ-ਸੂਤ੍ਰ ਨੂੰ ‘ਉੱਤਰ-ਮੀਮਾਂਸਾ’ ਦਾ ਨਾਂ ਦਿੱਤਾ ਜਾਣ ਲਗਿਆ।

ਵੇਦਾਂਤ ਦਰਸ਼ਨ ਦਾ ਮੂਲ ਵਿਸ਼ਾ ਹੈ ਬ੍ਰਹਮ। ‘ਰਿਗਵੇਦ ’ ਦੇ ‘‘ਪੁਰੁਸ਼-ਸੂਕੑਤ’’ ਵਿਚਲੀ ਪੁਰਸ਼ ਦੀ ਕਲਪਨਾ ਉਪਨਿਸ਼ਦਾਂ ਤਕ ਪਹੁੰਚਦਿਆਂ ਪਹੁੰਚਦਿਆਂ ਸਤਿ, ਆਤਮਾ ਅਤੇ ਬ੍ਰਹਮ ਵਰਗੇ ਸਮਾਨਾਰਥਕ ਸ਼ਬਦਾਂ ਰਾਹੀਂ ਹੋਣ ਲਗੀ। ਬ੍ਰਹਮ ਦੇ ਸਰੂਪ ਨੂੰ ਸਪੱਸ਼ਟ ਕਰਦਿਆਂ ‘ਬ੍ਰਹਮਸੂਤ੍ਰ’ ਦੇ ਦੂਜੇ ਸੂਤ੍ਰ ਵਿਚ ਕਿਹਾ ਗਿਆ ਹੈ ਕਿ ਜਿਥੋਂ ਵਿਸ਼ਵ ਦੀ ਸ੍ਰਿਸ਼ਟੀ ਹੁੰਦੀ ਹੈ, ਜੋ ਵਿਸ਼ਵ ਦਾ ਧਾਰਕ (ਧਾਰਣ ਕਰਨ ਵਾਲਾ) ਹੈ ਅਤੇ ਵਿਸ਼ਵ ਦੇ ਲਯ ਹੋ ਜਾਣ ਤੋਂ ਬਾਦ ਜਿਸ ਵਿਚ ਸਭ ਵਸਤੂਆਂ ਸਮਾ ਜਾਂਦੀਆਂ ਹਨ, ਉਹੀ ‘ਬ੍ਰਹਮ’ ਹੈ। ਬਾਦਰਾਯਣ ਨੇ ਜੜਵਾਦ, ਸਾਂਖੑਯ, ਵੈਸ਼ੇਸ਼ਿਕ, ਬੌਧ-ਮਤ ਅਤੇ ਹੋਰ ਮਤਾਂ ਜਾਂ ਸਿੱਧਾਂਤਾਂ ਦਾ ਖੰਡਨ ਕਰਕੇ ਆਪਣੇ ਦਰਸ਼ਨ ਦੀ ਸੁਸਪੱਸ਼ਟ ਰੂਪ ਵਿਚ ਸਥਾਪਨਾ ਕੀਤੀ। ਬ੍ਰਹਮ ਸੰਬੰਧੀ ਉਨ੍ਹਾਂ ਦੀ ਮੂਲ ਬਿਰਤੀ ਅਦ੍ਵੈਤਵਾਦੀ ਹੈ।

ਜਦੋਂ ਵੀ ਕਿਸੇ ਦਾਰਸ਼ਨਿਕ ਮਤ ਜਾਂ ਸਿੱਧਾਂਤ ਦੀ ਸਥਾਪਨਾ ਹੁੰਦੀ ਹੈ ਤਾਂ ਉਨ੍ਹਾਂ ਸਿੱਧਾਂਤਾਂ ਦੀ ਸੂਤ੍ਰਾਂ ਵਿਚ ਰਚਨਾ ਕੀਤੀ ਜਾਂਦੀ ਹੈ। ਸੂਤ੍ਰ ਆਪਣੇ ਆਪ ਵਿਚ ਬਹੁਤ ਸੰਖਿਪਤ ਅਤੇ ਸੰਕੇਤਿਕ ਹੁੰਦੇ ਹਨ। ਇਸ ਲਈ ਵਖ ਵਖ ਵਿਦਵਾਨ ਉਨ੍ਹਾਂ ਦੀ ਆਪਣੇ ਆਪਣੇ ਢੰਗ ਨਾਲ ਵਿਆਖਿਆ ਕਰਦੇ ਹਨ। ‘ਬ੍ਰਹਮਸੂਤ੍ਰ’ ਦੇ ਸੂਤ੍ਰਾਂ ਦੀ ਵਿਆਖਿਆ ਭਿੰਨ ਭਿੰਨ ਢੰਗ ਨਾਲ ਕੀਤੀ ਜਾਣ ਲਗੀ। ਹਰ ਇਕ ਵਿਦਵਾਨ ਨੇ ਆਪਣੇ ਆਪਣੇ ਭਾਸ਼ੑਯ ਵਿਚ ਅਦ੍ਵੈਤ ਦਾ ਜਿਸ ਢੰਗ ਜਾਂ ਵਿਸ਼ਿਸ਼ਟਤਾ ਨਾਲ ਸਰੂਪ ਸਪੱਸ਼ਟ ਕੀਤਾ, ਉਸੇ ਦੇ ਆਧਾਰ’ਤੇ ਉਸ ਦਾ ਵਾਦ ਪ੍ਰਚਲਿਤ ਹੋਇਆ। ਇਨ੍ਹਾਂ ਵਿਚੋਂ ਸ਼ੰਕਰਾਚਾਰਯ, ਰਾਮਾਨੁਜਾਚਾਰਯ ਆਦਿ ਦੇ ਭਾਸ਼ੑਯ ਅਤੇ ਅਦ੍ਵੈਤ ਸੰਬੰਧੀ ਸਥਾਪਨਾਵਾਂ ਵਿਸ਼ੇਸ਼ ਉੱਲੇਖਯੋਗ ਹਨ।

ਸ਼ੰਕਰਾਚਾਰਯ ਦੀ ਧਾਰਣਾ ਹੈ ਕਿ ਬ੍ਰਹਮ ਇਕ- ਮਾਤ੍ਰ ਸਤਿ ਹੈ। ਇਸ ਦਾ ਅਰਥ ਕੇਵਲ ਇਤਨਾ ਹੀ ਨਹੀਂ ਕਿ ਈਸ਼ਵਰ ਤੋਂ ਇਲਾਵਾ ਹੋਰ ਕੋਈ ਸੱਤਾ ਨਹੀਂ ਹੈ, ਸਗੋਂ ਈਸ਼ਵਰ ਦੇ ਅੰਤਰਗਤ ਵੀ ਕੋਈ ਦੂਜੀ ਸੱਤਾ ਨਹੀਂ ਹੈ। ਸ਼ੰਕਰ ਨੇ ਈਸ਼ਵਰ ਨੂੰ ਮਾਯਾਵੀ ਮੰਨਿਆ ਹੈ ਜੋ ਆਪਣੀ ਮਾਯਾ ਸ਼ਕਤੀ ਰਾਹੀਂ ਸੰਸਾਰ ਦੀ ਰਚਨਾ ਕਰਦਾ ਹੈ। ਇਸ ਮਤ ਅਨੁਸਾਰ ਜੇ ਪਰਮਾਰਥਿਕ ਸੱਤਾ ਇਕ ਹੈ ਤਾਂ ਸੰਸਾਰ ਦੀ ਸ੍ਰਿਸ਼ਟੀ, ਅਸਲ ਵਿਚ, ਸ੍ਰਿਸ਼ਟੀ ਨਹੀਂ ਹੈ। ਇਹ ਸਭ ਕੁਝ ਮਾਯਾਵੀ ਪਾਸਾਰ ਹੈ। ਕਈ ਵਾਰ ਰੱਸੀ ਨੂੰ ਵੇਖ ਕੇ ਸੱਪ ਦਾ ਭੁਲੇਖਾ ਪੈ ਜਾਂਦਾ ਹੈ, ਸਿਪ ਨੂੰ ਵੇਖ ਕੇ ਚਾਂਦੀ ਦਾ ਭਰਮ ਹੋ ਜਾਂਦਾ ਹੈ। ਇਸ ਪ੍ਰਕਾਰ ਦੇ ਸਾਰੇ ਭਰਮਾਂ ਜਾਂ ਭੁਲੇਖਿਆਂ ਦਾ ਇਕ ਆਧਾਰ (ਅਧਿਸ਼ਠਾਨ) ਹੁੰਦਾ ਹੈ ਜੋ ਵਾਸਤਵਿਕ ਜਾਂ ਸਚਾ ਹੁੰਦਾ ਹੈ। ਪਰ ਅਗਿਆਨ ਕਾਰਣ ਅਜਿਹੇ ਆਧਾਰਾਂ ਉਤੇ ਹੋਰਨਾਂ ਵਸਤੂਆਂ ਦਾ ਅਧਿਆਸ ਜਾਂ ਆਰੋਪ ਕਰ ਲਿਆ ਜਾਂਦਾ ਹੈ। ਆਰੋਪਿਤ ਵਸਤੂ ਸਚੀ ਨਹੀਂ ਹੁੰਦੀ। ਸੰਸਾਰ ਦੀ ਅਨੇਕਰੂਪਤਾ ਦੀ ਵਿਆਖਿਆ ਇਸੇ ਤਰ੍ਹਾਂ ਕੀਤੀ ਜਾ ਸਕਦੀ ਹੈ। ਬ੍ਰਹਮ ਇਕ ਹੈ, ਪਰ ਅਗਿਆਨ ਜਾਂ ਅਵਿਦਿਆ ਕਾਰਣ ਉਸ ਵਿਚ ਅਨੇਕਤਾ ਦਾ ਅਹਿਸਾਸ ਹੁੰਦਾ ਹੈ। ਅਗਿਆਨ ਕਾਰਣ ਅਸੀਂ ਬ੍ਰਹਮ ਨੂੰ ਇਕ ਨਹੀਂ, ਅਨੇਕ ਰੂਪਾਂ ਵਿਚ ਵੇਖਦੇ ਹਾਂ। ਇਹ ਸਾਰਾ ਖੇਲ-ਪਸਾਰਾ ਇਕ ਬ੍ਰਹਮ ਦਾ ਹੈ, ਪਰ ਮਾਯਾ ਸ਼ਕਤੀ ਕਰਕੇ ਉਸ ਦੇ ਅਨੇਕ ਰੂਪ ਦਿਸ ਪੈਂਦੇ ਹਨ। ਪਰੰਤੂ ਜੇ ਸਾਡੇ ਵਿਚ ਅਗਿਆਨ (ਅਵਿਦਿਆ) ਨ ਰਹੇ ਤਾਂ ਬ੍ਰਹਮ ਦੀ ਅਨੇਕਰੂਪਤਾ ਦਾ ਭਰਮ ਖ਼ਤਮ ਹੋ ਜਾਏਗਾ। ਮਾਯਾ ਅਤੇ ਅਵਿਦਿਆ ਅਸਲੋਂ ਇਕ ਸ਼ਕਤੀ ਦੇ ਨਾਮਾਂਤਰ ਹਨ। ਇਸ ਲਈ ਮਾਯਾ ਨੂੰ ‘ਅਗਿਆਨ’ ਵੀ ਕਿਹਾ ਜਾਂਦਾ ਹੈ।

ਜੇ ਸੰਸਾਰ ਦੀ ਅਨੇਕਰੂਪਤਾ ਨੂੰ ਸਚ ਮੰਨ ਲਿਆ ਜਾਏ ਤਾਂ ਈਸ਼ਵਰ ਨੂੰ ਸੰਸਾਰ ਦੀ ਦ੍ਰਿਸ਼ਟੀ ਤੋਂ ਵੇਖਿਆਂ ਇਸ ਦੀ ਪ੍ਰਤੀਤੀ ਸਿਰਜਨਹਾਰ ਜਾਂ ਮਾਯਾਵੀ ਵਜੋਂ ਹੋਵੇਗੀ। ਪਰ ਜਦੋਂ ਸ੍ਰਿਸ਼ਟੀ ਦੇ ਮਿਥਿਆ ਹੋਣ ਦਾ ਗਿਆਨ ਹੋ ਜਾਂਦਾ ਹੈ ਤਾਂ ਈਸਵਰ ਦਾ ਸਿਰਜਨਹਾਰ ਰੂਪ ਵੀ ਅਰਥਹੀਨ ਹੋ ਜਾਂਦਾ ਹੈ। ਸ਼ੰਕਰਾਚਾਰਯ ਨੇ ਇਨ੍ਹਾਂ ਦੋ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਨੂੰ ਸਪੱਸ਼ਟ ਕਰਦਿਆਂ ਇਕ ਨੂੰ ਵਿਵਹਾਰਿਕ ਅਤੇ ਦੂਜੀ ਨੂੰ ਪਰਮਾਰਥਿਕ ਕਿਹਾ ਹੈ। ਵਿਵਹਾਰਿਕ ਦ੍ਰਿਸ਼ਟੀ ਸਾਧਾਰਣ ਮਨੁੱਖਾਂ ਲਈ ਹੈ ਜੋ ਸੰਸਾਰ ਨੂੰ ਸਚਾ ਮੰਨਦੇ ਹਨ। ਈਸ਼ਵਰ ਇਸ ਦਾ ਸਰਵ-ਸ਼ਕਤੀਮਾਨ, ਰਖਿਅਕ ਅਤੇ ਸੰਘਾਰਕ ਹੈ। ਇਸ ਦ੍ਰਿਸ਼ਟੀ ਤੋਂ ਈਸ਼ਵਰ ਦੇ ਅਨੇਕ ਗੁਣ ਹਨ। ਇਸ ਲਈ ਸਗੁਣ ਹੈ। ਇਸ ਪੱਖੋਂ ਸ਼ੰਕਰਾਚਾਰਯ ਅਨੁਸਾਰ ਬ੍ਰਹਮ ਸਗੁਣ ਬ੍ਰਹਮ ਜਾਂ ਈਸ਼ਵਰ ਹੈ।

ਪਰਮਾਰਥਿਕ ਦ੍ਰਿਸ਼ਟੀ ਗਿਆਨੀ ਲੋਕਾਂ ਦੀ ਹੈ ਜੋ ਬ੍ਰਹਮ ਤੋਂ ਭਿੰਨ ਹੋਰ ਕੋਈ ਸ਼ਕਤੀ ਨਹੀਂ ਮੰਨਦੇ ਅਤੇ ਸੰਸਾਰ ਉਨ੍ਹਾਂ ਲਈ ਮਾਯਾਵੀ ਜਾਂ ਮਿਥਿਕ ਹੈ। ਇਸ ਦ੍ਰਿਸ਼ਟੀ ਤੋਂ ਬ੍ਰਹਮ ਦੇ ਅਨੇਕ ਪ੍ਰਕਾਰ ਦੇ ਗੁਣ ਵੀ ਨਹੀਂ ਹਨ। ਇਸ ਲਈ ਉਹ ਨਿਰਵਿਕਲਪ ਹੈ, ਨਿਰਗੁਣ ਹੈ। ਇਸ ਤਰ੍ਹਾਂ ਸ਼ਰੀਰ ਭ੍ਰਾਂਤੀ-ਮੂਲਕ ਹੋ ਜਾਂਦਾ ਹੈ ਅਤੇ ਆਤਮਾ ਅਤੇ ਬ੍ਰਹਮ ਵਿਚ ਕੋਈ ਅੰਤਰ ਨਹੀਂ ਰਹਿ ਜਾਂਦਾ। ਇਹ ਪਰਮਾਰਥਿਕ ਦ੍ਰਿਸ਼ਟੀ ਅਵਿਦਿਆ ਦੇ ਦੂਰ ਹੋਣ’ਤੇ ਹੀ ਸੰਭਵ ਹੁੰਦੀ ਹੈ। ਅਵਿਦਿਆ ਨੂੰ ਦੂਰ ਕਰਨ ਲਈ ਮਨੁੱਖ ਨੂੰ ਇੰਦ੍ਰੀਆਂ ਅਤੇ ਮਨ ਉਤੇ ਸੰਜਮ ਰਖਣਾ ਪੈਂਦਾ ਹੈ, ਸੰਸਾਰਿਕ ਵਸਤੂਆਂ ਤੋਂ ਵੈਰਾਗ ਦੀ ਭਾਵਨਾ ਵਿਕਸਿਤ ਕਰਨੀ ਹੁੰਦੀ ਹੈ ਅਤੇ ਮੁਕਤੀ ਲਈ ਪ੍ਰਬਲ ਇੱਛਾ ਹੋਣੀ ਚਾਹੀਦੀ ਹੈ। ਅਜਿਹਾ ਵਿਅਕਤੀ ਸੰਸਾਰ ਵਿਚ ਰਹਿੰਦਾ ਹੋਇਆ ਵੀ ਸੰਸਾਰ ਤੋਂ ਵਿਰਕਤ ਰਹਿੰਦਾ ਹੈ। ਮਿਥਿਆ ਗਿਆਨ ਕਾਰਣ ਪਹਿਲਾਂ ਉਹ ਆਪਣੇ ਆਪ ਨੂੰ ਬ੍ਰਹਮ ਤੋਂ ਵਖ ਸਮਝਦਾ ਹੈ। ਜਦੋਂ ਮਿਥਿਆ-ਗਿਆਨ ਦੂਰ ਹੋ ਜਾਂਦਾ ਹੈ ਤਾਂ ਦੁੱਖਾਂ ਦਾ ਅੰਤ ਹੋ ਜਾਂਦਾ ਹੈ ਅਤੇ ਮੁਕਤ ਆਤਮਾ ਬ੍ਰਹਮ ਵਾਂਗ ਆਨੰਦ- ਸਰੂਪ ਹੋ ਜਾਂਦੀ ਹੈ। ਸ਼ੰਕਰ ਦੇ ਇਸ ਸਿੱਧਾਂਤ ਨੂੰ ‘ਅਦ੍ਵੈਤਵਾਦ’ ਦਾ ਨਾਂ ਦਿੱਤਾ ਜਾਂਦਾ ਹੈ।

ਪਰਮਾਤਮਾ-ਆਤਮਾ ਸੰਬੰਧੀ ਅਦ੍ਵੈਤਵਾਦੀ ਦ੍ਰਿਸ਼ਟੀਕੋਣ ਅਤੇ ਸੰਸਾਰ ਦੇ ਵਿਵਹਾਰਿਕ ਤੇ ਪਰਮਾਰਥਿਕ ਰੂਪਾਂ ਦੀਆਂ ਸਥਾਪਨਾਵਾਂ ਗੁਰੂਬਾਣੀ ਵਿਚ ਆਮ ਮਿਲਦੀਆਂ ਹਨ। ਗੁਰਮਤ-ਦਰਸ਼ਨ ਅਤੇ ਵੇਦਾਂਤ ਦੇ ਸਮ-ਭਾਵੀ ਤੱਥਾਂ ਬਾਰੇ ਵੇਖੋ— ‘ਗੁਰੂ ਗ੍ਰੰਥ ਸਾਹਿਬ: ਸਾਧਨਾ ਦਾ ਸਰੂਪ’ ਅਤੇ ‘ਗੁਰੂ ਗ੍ਰੰਥ ਸਾਹਿਬ: ਵਿਚਾਰਧਾਰਾ ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2828, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵੇਦਾਂਤ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੇਦਾਂਤ : ਵੇਖੋ ‘ਵੈਦਿਕ ਸਾਹਿੱਤ’, ‘ਖਟ ਦਰਸ਼ਨ’

ਵੈਦਿਕ ਸਾਹਿੱਤ : ਵੈਦਿਕ ਸਾਹਿੱਤ ਤੋਂ ਭਾਵ ਹੈ ਉਹ ਪ੍ਰਾਚੀਨ ਸਾਹਿੱਤ ਜਿਸ ਵਿਚ ਵੇਦ ਜਾਂ ਵੇਦਾਂ ਨਾਲ ਸੰਬੰਧਿਤ ਵਿਚਾਰਧਾਰਾ ਦਾ ਵਿਸ਼ਲੇਸ਼ਣ ਸ਼ਾਮਲ ਹੋਵੇ। ‘ਵੇਦ’ ਸ਼ਬਦ ਸੰਸਕ੍ਰਿਤ ਦੀ ‘ਵਿਦੑ’ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ––ਉਤਮ ਜਾਂ ਧਾਰਮਿਕ ਗਿਆਨ। ਭਾਰਤ ਵਰਸ਼ ਬੜੀ ਪੁਰਾਣੀ ਸੰਸਕ੍ਰਿਤੀ ਅਤੇ ਸਭਿਅਤਾ ਵਾਲਾ ਦੇਸ਼ ਹੈ। ਮਨੁੱਖਤਾ ਵਿਚ ਜਦੋਂ ਚੇਤਨਾ ਦਾ ਵਿਕਾਸ ਹੋਇਆ ਤਾਂ ਭਾਰਤ ਦੇ ਪ੍ਰਾਚੀਨ ਨਿਵਾਸੀ ਕੁਦਰਤ ਦੀ ਰਮਣੀਕਤਾ ਨੂੰ ਗਾਉਣ ਲੱਗ ਗਏ ਅਤੇ ਕੁਦਰਤੀ ਸ਼ਕਤੀਆਂ ਦੀ ਦੇਵਤਿਆਂ ਦੇ ਰੂਪ ਵਿਚ ਕਲਪਨਾ ਕਰਕੇ ਉਨ੍ਹਾਂ ਦੀ ਉਸਤਤ ਗੀਤਾਂ ਵਿਚ ਕਰਨ ਲੱਗੇ। ਇਹ ਗੀਤ ਜੀਵਨ ਅਤੇ ਜਗਤ ਸੰਬੰਧੀ ਭਾਰਤੀ ਚਿੰਤਨ ਦੇ ਪ੍ਰਾਚੀਨਤਮ ਪ੍ਰਤੀਕ ਹਨ। ਇਨ੍ਹਾਂ ਗੀਤਾਂ ਨੂੰ ਮੰਤ੍ਰ ਕਿਹਾ ਜਾਂਦਾ ਹੈ। ਇਨ੍ਹਾਂ ਮੰਤ੍ਰਾਂ ਦੇ ਸੰਗ੍ਰਹਿ ਨੂੰ ਸੰਹਿਤਾ (ਵੇਦ) ਆਖਦੇ ਹਨ। ਇਹ ਵੇਦ ਭਾਰਤੀ ਵਿਸ਼ਵਾਸਾਂ ਅਤੇ ਵਿਚਾਰਾਂ ਦਾ ਮੂਲਾਧਾਰ ਹਨ। ਇਨ੍ਹਾਂ ਤੋਂ ਹੀ ਬਾਅਦ ਵਿਚ ਦਾਰਸ਼ਨਿਕ ਪ੍ਰਣਾਲੀਆਂ ਦਾ ਵਿਕਾਸ ਹੋਇਆ ਹੈ। ਹਿੰਦੂ ਧਰਮ ਦਾ ਮੂਲ ਆਧਾਰ ਵੀ ਇਹ ਵੇਦ ਹੀ ਹਨ। ਇਹ ਵੇਦ ਕੁਰਾਨ, ਬਾਈਬਲ, ਤ੍ਰਿਪਿਟਕ ਵਾਂਗ ਕੋਈ ਇਕ ਗ੍ਰੰਥ ਨਹੀਂ, ਸਗੋਂ ਹਜ਼ਾਰਾਂ ਸਾਲਾਂ ਦੀ ਇਕ ਦੀਰਘ ਸਾਹਿਤਿਕ ਪਰੰਪਰਾ ਹੈ ਜਿਸ ਵਿਚ ਇਤਿਹਾਸ ਯੁੱਗ ਤੋਂ ਪੂਰਬਲੀ ਸਾਰੀ ਵਿਚਾਰ ਅਤੇ ਭਾਵ ਸਾਮੱਗਰੀ ਸਾਡੇ ਤਕ ਪਹਿਲਾਂ ਮੌਖਿਕ ਰੂਪ ਵਿਚ ਪ੍ਰਵਾਹਮਾਨ ਰਹੀ ਹੈ। ਇਸਿ ਵਿਚ ਪ੍ਰਾਚੀਨ ਰਿਸ਼ੀਆਂ ਦੇ ਅਨੁਭਵ ਅਤੇ ਚਿੰਤਨ ਨੂੰ ਸੁਰੱਖਿਅਤ ਕੀਤਾ ਗਿਆ ਹੈ। ਗੀਤਾਂ (ਮੰਤ੍ਰਾਂ) ਤੋਂ ਇਲਾਵਾ ਇਸ ਸਾਹਿੱਤ ਵਿਚ ਯੱਗ ਸੰਬੰਧੀ ਕਰਮ–ਕਾਂਡ, ਉਪਾਸਨਾ–ਵਿਧੀਆਂ ਅਤੇ ਦਾਰਸ਼ਨਿਕ ਜਿਗਿਆਸਾਵਾਂ ਵੀ ਸ਼ਾਮਲ ਕੀਤੀਆਂ ਜਾਂਦੀਆਂ ਹਨ। ਇਸ ਤਰ੍ਹਾਂ ਵੇਦ ਭਾਰਤ ਦੀ ਪ੍ਰਾਚੀਨ ਸੰਸਕ੍ਰਿਤੀ ਅਤੇ ਸਭਿਅਤਾ ਦਾ ਗੌਰਵਮਈ ਖ਼ਜ਼ਾਨਾ ਹੈ। ਜਰਮਨ ਵਿਦਵਾਨ ਡਾ. ਵਿੰਟਰਨਿਟਜ਼ ਨੇ ਇਸੇ ਲਈ ਕਿਹਾ ਹੈ ਕਿ ਜੋ ਮਨੁੱਖ ਵੈਦਿਕ ਸਾਹਿੱਤ ਨੂੰ ਸਮਝਣ ਵਿਚ ਅਸਮਰੱਥ ਰਹਿੰਦਾ ਹੈ, ਉਹ ਭਾਰਤੀ ਸੰਸਕ੍ਰਿਤੀ ਨੂੰ ਨਹੀਂ ਸਮਝ ਸਕਦਾ। ਇਹ ਸਾਹਿੱਤ ਤੋਂ ਅਣਜਾਣ ਵਿਅਕਤੀ ਬੌਧੀ ਸਾਹਿੱਤ ਨੂੰ ਵੀ ਸਮਝਣ ਦੇ ਸਮਰਥ ਨਹੀਂ ਹੋ ਸਕਦਾ। ਸੱਚਮੁੱਚ ਭਾਰਤੀ–ਯੂਰਪੀ ਸੰਸਕ੍ਰਿਤੀ ਦਾ ਇਕ ਵੱਡਮੁਲਾ ਅਤੇ ਪ੍ਰਾਚੀਨ ਖ਼ਜ਼ਾਨਾ ਵੈਦਿਕ ਸਾਹਿੱਤ ਵਿਚ ਪਿਆ ਹੈ।

          ਵਿਕਾਸ ਕ੍ਰਮ ਅਤੇ ਸਰੂਪ ਵਿਭਿੰਨਤਾ ਦੀ ਦ੍ਰਿਸ਼ਟੀ ਤੋਂ ਇਸ ਸਾਰੀ ਸਾਹਿਤਿਕ ਪਰੰਪਰਾ ਨੂੰ ਚਾਰ ਹਿੱਸਿਆਂ ਵਿਚ ਵੰਡਿਆ ਜਾ ਸਕਦਾ ਹੈ––ਸੰਹਿਤਾ, ਬ੍ਰਾਹਮਣ, ਆਰਣੑਯਕ ਅਤੇ ਉਪਨਿਸ਼ਦ। ਇਹ ਵਰਗੀਕਰਣ ਬੜਾ ਸਥੂਲ ਜਿਹਾ ਹੈ ਕਿਉਂਕਿ ਇਨ੍ਹਾਂ ਚੌਹਾਂ ਵਰਗਾਂ ਦੀ ਸਾਮੱਗਰੀ ਕਈ ਥਾਂਵਾਂ ਤੇ ਆਪਸ ਵਿਚ ਰਲਦੀ ਮਿਲਦੀ ਹੈ।

          ਸੰਹਿਤਾ (ਵੇਦ) : ਵੇਦਾਂ ਨੂੰ ‘ਸੰਹਿਤਾ’ ਕਿਹਾ ਜਾਂਦਾ ਹੈ ਜਿਸ ਦਾ ਭਾਵ ਹੈ ਸਮੁੱਚ ਜਾਂ ਸੰਗ੍ਰਹਿ। ਪਰ ਪਰਿਭਾਸ਼ਕ ਅਰਥ ਵਿਚ ਉਨ੍ਹਾਂ ਮੰਤ੍ਰਾਂ, ਉਸਤਤਾਂ, ਤੰਤ੍ਰਾਂ, ਯੱਗ ਸੰਬੰਧੀ ਕਰਮ–ਵਿਧੀਆਂ ਦੇ ਸੰਗ੍ਰਹਿ ਨੂੰ ਸੰਹਿਤਾ ਦਾ ਨਾਂ ਦਿੱਤਾ ਜਾਂਦਾ ਹੈ ਜਿਨ੍ਹਾਂ ਦੀ ਰਚਨਾ ਵੈਦਿਕ ਕਵੀਆਂ ਅਤੇ ਪਰੋਹਿਤਾਂ ਨੇ ਕੀਤੀ ਸੀ। ਇਹ ਮੰਤ੍ਰ, ਉਸਤਤਾਂ ਆਦਿ ਬੜੇ ਲੰਮੇ ਸਮੇਂ ਤੋ ਲੋਕ ਜੀਵਨ ਵਿਚ ਪ੍ਰਚੱਲਿਤ ਹੋ ਗਏ ਹੋਣਗੇ ਜਿਨ੍ਹਾਂ ਨੂੰ ਬਾਅਦ ਵਿਚ ਰਿਸ਼ੀਆਂ ਨੇ ਵਿਵਸਥਿਤ ਰੂਪ ਵਿਚ ਸੰਕਲਿਤ ਕਰ ਦਿੱਤਾ। ਇਸ ਲਈ ਸੰਹਿਤਾ ਉਹ ਗ੍ਰੰਥ ਸਿੱਧ ਹੁੰਦੇ ਹਨ ਜਿਨ੍ਹਾਂ ਵਿਚ ਲੋਕ ਜੀਵਨ ਵਿਚ ਪ੍ਰਚੱਲਿਤ ਮੰਤ੍ਰਾਂ, ਉਸਤਤਾਂ ਆਦਿ ਨੂੰ ਦਰਜ ਕਰਕੇ ਇਕ ਵਿਵਸਥਿਤ ਰੂਪ ਦਿੱਤਾ ਗਿਆ। ਅਜਿਹਾ ਕਦ ਹੋਇਆ, ਇਸ ਸੰਬੰਧ ਵਿਚ ਵਿਦਵਾਨਾਂ ਵਿਚ ਮੱਤ–ਭੇਦ ਹੈ। ਪੱਛਮੀ ਵਿਦਵਾਨ ਸੰਹਿਤਾ ਗ੍ਰੰਥਾਂ ਦੀ ਰਚਨਾ ਈਸਾ ਤੋਂ ਲਗਭਗ ਦੋ ਹਜ਼ਾਰ ਵਰ੍ਹੇ ਪਹਿਲਾਂ ਹੋਈ ਦੱਸਦੇ ਹਨ ਅਤੇ ਭਾਰਤੀ ਵਿਦਵਾਨ ਦਸ ਹਜ਼ਾਰ ਵਰ੍ਹੇ ਪਹਿਲਾਂ। ਫਿਰ ਵੀ ਵੇਦ (ਸੰਹਿਤਾ ਗ੍ਰੰਥ) ਬਹੁਤ ਪ੍ਰਾਚੀਨ ਅਤੇ ਸੰਸਾਰ ਸਾਹਿੱਤ ਦੀਆਂ ਸਭ ਤੋਂ ਪੁਰਾਣੀਆਂ ਉਪਲਬਧ ਰਚਨਾਵਾਂ ਹਨ। ਇਹ ਸੰਹਿਤਾ ਗਿਣਤੀ ਵਿਚ ਚਾਰ ਹਨ––ਰਿਗ, ਯਜੁਰ, ਸਾਮ ਅਤੇ ਅਥਰਵ। ਇਨ੍ਹਾਂ ਦੀ ਪ੍ਰਾਚੀਨਤਾ ਵੀ ਇਸੇ ਕ੍ਰਮ ਨਾਲ ਹੈ।

          ‘ਰਿਗਵੇਦ’ ਸਭ ਨਾਲੋਂ ਪੁਰਾਣਾ ਅਤੇ ਮਹੱਤਵਪੂਰਣ ਸੰਹਿਤਾ ਹੈ। ਇਸ ਦਾ ਨਾਂ ਰਿਗ ਇਸ ਲਈ ਹੈ ਕਿਉਂਕਿ ਇਸ ਵਿਚ ਰਿਚਾਵਾਂ (ਮੰਤ੍ਰਾਂ) ਦਾ ਸੰਗ੍ਰਹਿ ਹੈ। ਭਾਰਤੀ ਧਰਮ ਸਾਧਨਾ ਅਤੇ ਸਾਹਿੱਤ ਦਾ ਮੁੱਢਲਾ ਰੂਪ ਇਸੇ ਵਿਚ ਵੇਖਿਆ ਜਾ ਸਕਦਾ ਹੈ। ਪ੍ਰਾਚੀਨ ਰਿਖੀਆਂ ਨੇ ਆਪਣਾ ਅਨੁਭਵ ਗੀਤਾਂ (ਮੰਤ੍ਰਾਂ) ਵਿਚ ਪ੍ਰਗਟ ਕੀਤਾ ਹੈ। ਇਨ੍ਹਾਂ ਮੰਤ੍ਰਾਂ ਦੀ ਭਾਸ਼ਾ ਵਿਚ ਸਮਾਨਤਾ ਨਹੀਂ ਹੈ ਜਿਸ ਕਰਕੇ ਇਹ ਵੇਦ ਕਿਸੇ ਇਕ ਰਿਸ਼ੀ ਦੀ ਰਚਨਾ ਨਹੀਂ, ਅਨੇਕ ਰਿਸ਼ੀਆਂ ਦੇ ਰਚੇ ਮੰਤ੍ਰਾਂ ਦਾ ਸੰਗ੍ਰਹਿ ਹੈ। ਇਨ੍ਹਾਂ ਦੀ ਗਿਣਤੀ ਦਸ ਹਜ਼ਾਰ ਹੈ। ਇਨ੍ਹਾਂ ਮੰਤ੍ਰਾਂ ਦੇ ਸਮੂਹ ਨੂੰ ‘ਸੂਕਤ’ ਕਿਹਾ ਜਾਂਦਾ ਹੈ ਜੋ ਕੁਲ 1028 ਹਨ। ਸਾਰਾ ਵੇਦ ਦਸ ਮੰਡਲਾਂ ਵਿਚ ਵੰਡਿਆ ਹੋਇਆ ਹੈ। ਇਸ ਦੇ ਪੂਰਬ ਭਾਗ ਵਿਚ ਬਹੁਤੇ ਮੰਤ੍ਰ ਪ੍ਰਕ੍ਰਿਤੀ ਦੀ ਉਸਤਤ ਨਾਲ ਸੰਬੰਧਿਤ ਹਨ। ਪ੍ਰਕ੍ਰਿਤੀ ਦੀਆਂ ਪ੍ਰਮੁੱਖ ਸ਼ਕਤੀਆਂ ਨੂੰ ਦੇਖਤਾ ਰੂਪ ਵਿਚ ਕਲਪਨਾ ਕਰਕੇ ਉਨ੍ਹਾਂ ਦੀ ਉਸਤਤ ਕੀਤੀ ਗਈ ਹੈ, ਜਿਵੇਂ ਇੰਦ੍ਰ, ਵਰੁਣ, ਦਯੋਂ :, ਪ੍ਰਿਥਵੀ, ਸੂਰਯ, ਪਰਜਨੑਯ, ਮਰੁਤ, ਉਸ਼ਾ, ਅਗਨੀ ਆਦਿ। ਐਤਰੇਯ ਅਤੇ ਕੌਸ਼ੀਤਕਿ ਨਾਂ ਦੇ ਬ੍ਰਾਹਮਣ, ਆਰਣੑਯਕ ਅਤੇ ਉਪਨਿਸ਼ਦਾਂ ਇਸ ਸੰਹਿਤਾ ਨਾਲ ਸੰਬੰਧਿਤ ਹਨ।

          ‘ਯਜੁਰਵੇਦ’ ਅਤੇ ‘ਸਾਮਵੇਦ’ ਰਿਗਵੇਦ ਤੋਂ ਬਾਅਦ ਦੀਆਂ ਰਚਨਾਵਾਂ ਹਨ। ‘ਯਜੁਰ’ ਇਸ ਦਾ ਨਾਂ ਇਸ ਲਈ ਹੈ ਕਿਉਂਕਿ ਇਸ ਵਿਚ ਯੱਗ ਸੰਬੰਧੀ ਵਿਧੀਆਂ (ਯਜੁਸ਼ੑ) ਦਾ ਸੰਗ੍ਰਹਿ ਹੈ ਅਤੇ ‘ਸਾਮ’ ਨਾਂ ਇਸ ਲਈ ਪਿਆ ਹੈ ਕਿਉਂਕਿ ਉਸ ਵਿਚ ਸ੍ਵਰ ਗੀਤੀਆਂ (ਸਾਮਨੑ) ਦਾ ਸੰਕਲਨ ਹੋਇਆ ਹੈ। ਇਨ੍ਹਾ ਵਿਚ ਅਧਿਕਾਂਸ਼ ਮੰਤ੍ਰ ਰਿਗਵੇਦ ਤੋਂ ਹੀ ਲਏ ਗਏ ਹਨ। ਇਨ੍ਹਾਂ ਦੀ ਰਚਨਾ ਕਰਮ–ਕਾਂਡ ਦੇ ਉਦੇਸ਼ ਤੋਂ ਕੀਤੀ ਗਈ ਸੀ। ਇਨ੍ਹਾਂ ਨੂੰ ਆਮ ਤੌਰ ਤੇ ਪਰੋਹਿਤਾਂ ਦੀ ਰਚਨਾ ਮੰਨਿਆ ਜਾਂਦਾ ਹੈ। ਯਜੁਰਵੇਦ ਵਿਚ ਕੁਝ ਗੱਦਮਈ ਕਰਮ–ਵਿਧੀਆਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਨ੍ਹਾਂ ਦਾ ਕਰਮ ਉਹੀ ਰੱਖਿਆ ਗਿਆ ਹੈ ਜਿਸ ਕ੍ਰਮ ਦੀ ਯੱਗ–ਪ੍ਰਕ੍ਰਿਆ ਵੇਲੇ ਲੋੜ ਹੁੰਦੀ ਹੈ। ਇਸ ਦੇ ਦੋ ਭੇਦ ਮਿਲਦੇ ਹਨ––ਕ੍ਰਿਸ਼ਣ ਅਤੇ ਸ਼ੁਕਲ। ਇਨ੍ਹਾਂ ਦੀਆਂ ਅੱਗੋਂ ਕਈ ਸ਼ਾਖਾਵਾਂ ਹਨ। ਤੈਤਿਰੀਯ, ਬ੍ਰਾਹਮਣ, ਤੈਤਿਰੀਯ ਆਰਣੑਯਕ ਅਤੇ ਤਿੰਨ ਉਪਨਿਸ਼ਦਾਂ––ਤੈਤਿਰੀਯ, ਮੈਤ੍ਰਾਯਿਣ ਅਤੇ ਕਠ––ਦਾ ਸੰਬੰਧ ਇਸ ਵੇਦ ਨਾਲ ਹੈ। ਸਾਮਵੇਦ ਵਿਚ ਅਧਿਕਤਰ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਯੱਗ ਵੇਲੇ ਗਾਏ ਜਾਣ ਵਾਲੇ ਮੰਤ੍ਰਾਂ ਦੀ ਗਾਇਕ ਵਿਧੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਲਈ ਸੰਗੀਤ ਅਤੇ ਸੁਰ ਸਾਮਵੇਦ ਦਾ ਪ੍ਰਮੁੱਖ ਪ੍ਰਤਿਪਾਦਤ ਵਿਸ਼ਾ ਹੈ। ਇਸ ਵਿਚ ਕੁਲ 1549 ਮੰਤ੍ਰ ਜਾਂ ਗੀਤ ਹਨ, ਜਿਨ੍ਹਾਂ ਵਿਚੋਂ 1474 ਰਿਗਵੇਦ ਤੋਂ ਲਏ ਗਏ ਹਨ ਅਤੇ ਬਾਕੀ ਦੇ 75 ਮੰਤ੍ਰ ਸੁਤੰਤਰ ਹਨ। ਇਹੀ ਕਾਰਣ ਹੈ ਕਿ ਇਸ ਦੀ ਸੁਤੰਤਰ ਸੱਤਾ ਨਹੀਂ ਮੰਨੀ ਜਾਂਦੀ। ਇਸ ਦੇ ਚਾਰ ਬ੍ਰਾਹਮਣ––ਤਾਂਡੑਯੇ, ਸ਼ਤੑਵਿੰਸ਼, ਸਾਮ ਵਿਧਾਨ ਅਤੇ ਜੈਮਿਨੀਯ। ਇਸ ਤੋਂ ਇਲਾਵਾ ਇਸ ਵੇਦ ਦੇ ਦੋ ਆਰਣੑਯਕ (ਛਾਂਦੋਗੑਯ ਅਤੇ ਜੈਮਿਨੀਯ) ਅਤੇ ਤਿੰਨ ਉਪਨਿਸ਼ਦਾਂ (ਛਾਂਦੋਗੑਯ, ਕੇਨ ਅਤੇ ਜੈਮਿਨੀਯ) ਹਨ।

          ‘ਅਥਰਵਵੇਦ’ ਵਿਚ ਤੰਤ੍ਰਾਂ (ਅਥਰਵਨ) ਦਾ ਸੰਗ੍ਰਹਿ ਹੋਇਆ ਹੈ ਅਤੇ ਇਸ ਵਿਚ ਯੱਗਾਂ ਵਿਚ ਪੈਦਾ ਹੋਣ ਵਾਲੇ ਵਿਘਨਾਂ ਨੂੰ ਖ਼ਤਮ ਕਰਨ ਦੇ ਮੰਤ੍ਰ ਦਰਜ ਹਨ ਜਿਨ੍ਹਾਂ ਵਿਚ ਮਾਰਣ, ਮੋਹਨ, ਉਚਾਟਨ ਆਦਿ ਕ੍ਰਿਆਵਾਂ ਦਾ ਵਿਸ਼ੇਸ਼ ਵਰਣਨ ਹੈ। ਡਾ. ਰਾਮਾਨੰਦ ਤਿਵਾਰੀ ਸ਼ਾਸ੍ਰਤੀ ਅਨੁਸਾਰ ਇਸ ਵੇਦ ਦਾ ਸੰਬੰਧ ਜਾਦੂ, ਟੂਣਿਆਂ ਨਾਲ ਹੈ। ਇਸ ਲਈ ਇਸ ਨੂੰ ਮੰਤ੍ਰ ਸੰਹਿਤ ਦੀ ਥਾਂ ਕਈ ਵਾਰ ਤੰਤ੍ਰ ਸੰਹਿਤ ਵੀ ਕਹਿ ਦਿੱਤਾ ਜਾਂਦਾ ਹੈ। ਇਸ ਵਿਚ ਦੇਵਤਿਆਂ ਅਤੇ ਪ੍ਰਕ੍ਰਿਤੀ ਦੇ ਮਾਹੌਲ ਤੋਂ ਨਿਕਲ ਕੇ ਭੂਤਾਂ, ਪ੍ਰੇਤਾਂ, ਪਿਸ਼ਾਚਾਂ ਅਤੇ ਰਾਖ਼ਸ਼ਾਂ ਦੇ ਭਿਆਨਕ ਵਾਤਾਵਰਣ ਵਿਚ ਆਉਣਾ ਪੈਂਦਾ ਹੈ। ਇਸ ਵੇਦ ਵਿਚ ਕੁਲ 5849 ਮੰਤ੍ਰ ਹਨ ਜਿਨ੍ਹਾਂ ਵਿਚੋਂ 1200 ਰਿਗਵੇਦ ਵਿਚੋਂ ਲਏ ਗਏ ਹਨ ਅਤੇ ਬਾਕੀ ਸੁਤੰਤਰ ਹਨ। ਇਹ ਸਾਰਾ ਵੇਦ 20 ਕਾਡਾਂ ਵਿਚ ਵੰਡਿਆ ਹੈ ਜਿਸ ਵਿਚ ਅੱਗੋਂ 34 ਪ੍ਰਪਾਠਕ, 111 ਅਨੁਵਾਕ ਅਤੇ 731 ਸੂਕਤ ਹਨ। ਇਸ ਦਾ ਲਗਭਗ ਛੇਵਾਂ ਹਿੱਸਾ ਗੱਦ ਵਿਚ ਹੈ। ਇਸ ਵੇਦ ਨਾਲ ਸੰਬੰਧਿਤ ਇਕ ਬ੍ਰਾਹਮਣ (ਗੋਪਥ) ਅਤੇ ਤਿੰਨ ਉਪਨਿਸ਼ਦਾਂ (ਮੁੰਡਕ, ਮਾਂਡੂਕੑਯ ਅਤੇ ਪ੍ਰਸ਼ਨ) ਹਨ।

          ਬ੍ਰਾਹਮਣ : ਰਿਗਵੇਦ ਵਿਚ ਹੋਈ ਪ੍ਰਕ੍ਰਿਤੀ ਦੀ ਉਪਾਸਨਾ ਯਜੁਰਵੇਦ ਤਕ ਪਹੁੰਚ ਕੇ ਦੇਵਤਿਆਂ ਦੀ ਸੁਆਰਥਮਈ ਉਪਾਸਨਾ ਵਿਚ ਬਦਲ ਗਈ ਅਤੇ ਯੱਗਾਂ ਨਾਲ ਸੰਬੰਧਿਤ ਹੋਣ ਕਰਕੇ ਪਰੋਹਿਤਾਂ ਨੇ ਇਸ ਨੂੰ ਨਿਸ਼ਚਿਤ ਉਪਾਸਨਾ ਪ੍ਰਣਾਲੀ ਬਣਾ ਲਿਆ। ਯੱਗ–ਕਰਮ ਚੂੰਕਿ ਕਾਫ਼ੀ ਔਖੇ ਅਤੇ ਦੁਰਬੋਧ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਸੰਚਾਲਿਤ ਕਰਨ ਲਈ ਇਕ ਵਿਸ਼ੇਸ਼ ਪਰੋਹਿਤ ਵਰਗ ਬਣ ਗਿਆ। ਇਸ ਵਰਗ ਦੁਆਰਾ ਲਿਖੇ ਵੱਖ ਵੱਖ ਯੱਗਾਂ, ਕਰਮ–ਕਾਂਡਾਂ ਅਤੇ ਸੰਸਕਾਰਾਂ ਦੇ ਸੰਪਾਦਨ ਸੰਬੰਧੀ ਨਿਯਮਾਂ ਨੂੰ ਪੇਸ਼ ਕਰਨ ਵਾਲੇ ਗ੍ਰੰਥ ‘ਬ੍ਰਾਹਮਣ’ ਨਾਂ ਨਾਲ ਪ੍ਰਸਿੱਧ ਹੋਏ। ਧਰਮ ਵਿਗਿਆਨ ਦੀ ਜਾਣਕਾਰੀ ਲਈ ਇਹ ਗ੍ਰੰਥ ਬਹੁਤ ਉਪਯੋਗੀ ਹਨ। ਇਨ੍ਹਾਂ ਦੀ ਰਚਨਾ ਗੱਦ ਵਿਚ ਹੈ, ਇਸ ਲਈ ਇਨ੍ਹਾਂ ਵਿਚਲੇ ਮੰਤ੍ਰਾਂ ਨੂੰ ਯਾਦ ਕਰਨਾ ਕਠਿਨ ਹੈ। ਨੀਰਸ ਹੋਣ ਦੇ ਬਾਵਜੂਦ ਯੱਗ–ਸ਼ਾਸਤ੍ਰ ਅਤੇ ਕਰਮ–ਕਾਂਡ ਦੇ ਸਰੂਪ ਅਤੇ ਸਿਧਾਂਤਾਂ ਨੂੰ ਠੀਕ ਤਰ੍ਹਾਂ ਸਮਝਣ ਵਿਚ ਇਹ ਬਹੁਤ ਲਾਭਦਾਇਕ ਹਨ। ਇਨ੍ਹਾਂ ਬ੍ਰਾਹਮਣਾਂ ਦੀ ਕੁਠ ਗਿਣਤੀ ਸੱਤ ਹੈ ਜਿਨ੍ਹਾਂ ਵਿਚੋਂ ਐਤਰੇਯ ਅਤੇ ਕੌਸ਼ੀਤਕਿ ਬ੍ਰਾਹਮਣਾਂ ਦਾ ਸੰਬੰਧ ਰਿਗਵੇਦ ਨਾਲ ਹੈ, ਤੈਤਿਰੀਯ ਅਤੇ ਸ਼ਤਪਥ ਬ੍ਰਾਹਮਣ ਯਜੁਰਵੇਦ ਨਾਲ ਸੰਬੰਧਿਤ ਹਨ, ਤਾਂਡੑਯ ਮਹਾਬ੍ਰਾਹਮਣ ਅਤੇ ਜੈਮਿਨੀਯ ਬ੍ਰਾਹਮਣ ਸਾਮਵੇਦ ਨਾਲ ਸੰਬੰਧ ਰੱਖਦੇ ਹਨ ਅਤੇ ਗੋਪਥ ਬ੍ਰਾਹਮਣ ਅਥਰਵ ਵੇਦ ਨਾਲ ਸੰਬੰਧਿਤ ਹਨ।

          ਆਰਣੑਯਕ : ਇਹ ਅਰਣੑਯ (ਬਨਾਂ) ਵਿਚ ਨਿਵਾਸ ਕਰਨ ਵਾਲੇ ਰਿਸ਼ੀਆਂ ਜਾਂ ਮੁਨੀਆਂ ਦੀਆਂ ਰਚਨਾਵਾਂ ਹਨ ਅਤੇ ਆਮ ਤੌਰ ’ਤੇ ਇਨ੍ਹਾਂ ਦੀ ਵਰਤੋਂ ਬਨ–ਵਾਸੀ ਹੀ ਕਰਦੇ ਹਨ। ਇਨ੍ਹਾ ਵਿਚ ਵੈਦਿਕ ਯੱਗ–ਕਰਮ ਦੀਆਂ ਔਖੀਆਂ ਪ੍ਰਕ੍ਰਿਆਵਾਂ ਨੂੰ ਪ੍ਰਤੀਕ ਵਿਧੀ ਨਾਲ ਸੁਗਮ ਬਣਾਇਆ ਗਿਆ ਹੈ, ਪਰ ਇਨ੍ਹਾਂ ਦੀ ਨੁਹਾਰ ਰਹੱਸਾਤਮਕ ਹੈ। ਇਨ੍ਹਾਂ ਨਾਲ ਚਿੰਤਨ ਜਗਤ ਵਿਚ ਸਥੂਲ ਤੋਂ ਸੂਖ਼ਮ ਵੱਲ ਦੀ ਯਾਤਰਾ ਦਾ ਆਰੰਭ ਹੋਇਆ ਪ੍ਰਤੀਤ ਹੁੰਦਾ ਹੈ। ਇਹ ਬ੍ਰਾਹਮਣਾਂ ਅਤੇ ਉਪਨਿਸ਼ਦਾਂ ਦੀ ਵਿਚਕਾਰਲੀ ਕੜੀ ਹੈ ਕਿਉਂਕਿ ਇਨ੍ਹਾਂ ਵਿਚ ਇਕ ਪਾਸੇ ਕਰਮ–ਕਾਂਡ ਦੀ ਗੱਲ ਚਲਦੀ ਹੈ ਤਾਂ ਦੂਜੇ ਪਾਸੇ ਦਾਰਸ਼ਨਿਕ ਚਿੰਤਨ ਵੀ ਸਿਰ ਚੁੱਕਦਾ ਪ੍ਰਤੀਤ ਹੁੰਦਾ ਹੈ। ਇਨ੍ਹਾਂ ਵਿਚ ਕਈ ਆਰਣੑਯਕਾਂ ਦੇ ਨਾਂ ਬ੍ਰਾਹਮਣ ਗ੍ਰੰਥਾਂ ਨਾਲ ਵੀ ਮੇਲ ਖਾਂਦੇ ਹਨ, ਜਿਵੇਂ ਐਤਰੇਯ, ਕੌਸ਼ੀਤਕਿ, ਤੈਤਿਰੀਯ ਆਦਿ। ਮੁੱਖ ਰੂਪ ਵਿਚ ਚਾਰ ਆਰਣੑਯਕ ਪ੍ਰਸਿੱਧ ਹਨ, ਬ੍ਰਿਹਦ ਅਤੇ ਉਪਰੋਕਤ ਤਿੰਨ।

          ਉਪਨਿਸ਼ਦ : ਇਸ ਦਾ ਸ਼ਾਬਦਿਕ ਅਰਥ ਹੈ ‘ਨੇੜੇ ਬੈਠਣਾ’। ਨੇੜੇ ਬੈਠਣ ਤੋਂ ਭਾਵ ਹੈ ਪ੍ਰਾਚੀਨ ਕਾਲ ਵਿਚ ਸ਼ਿਸ਼ ਸ਼ਰਧਾਪੂਰਵਕ ਆਪਣੇ ਗੁਰੂ–ਜਨਾਂ ਪਾਸ ਬੈਠ ਤੇ ਤੱਤ–ਜਿਗਿਆਸਾ ਦੇ ਸਮਾਧਾਨ ਲਈ ਗਿਆਨ ਪ੍ਰਾਪਤ ਕਰਦੇ ਸਨ। ਇਹੀ ਤੱਤ–ਗਿਆਨ ਉਪਨਿਸ਼ਦਾਂ ਵਿਚ ਦਰਜ ਹੈ। ਇਸ ਤਰ੍ਹਾਂ ਬ੍ਰਹਮ ਦੇ ਸਰੂਪ ਅਤੇ ਜੀਵ ਤੇ ਜਗਤ ਸੰਬੰਧੀ ਵਿਸ਼ਿਆਂ ਦਾ ਵਿਵੇਚਨ ਉਪਨਿਸ਼ਦਾਂ ਵਿਚ ਹੋਇਆ। ਉਪਨਿਸ਼ਦ ਕਿਸੇ ਇਕ ਪੁਸਤਕ ਵਿਸ਼ੇਸ਼ ਦਾ ਨਾਂ ਨਹੀਂ, ਸਗੋਂ ਇਹ ਪ੍ਰਾਚੀਨ ਦਾਰਸ਼ਨਿਕ ਸਾਹਿੱਤ ਦੀ ਇਕ ਮਹੱਤਵਪੂਰਣ ਪਰੰਪਰਾ ਹੈ। ਇਸ ਲਈ ਇਸ ਵਿਚ ਸਮੇਂ ਸਮੇਂ ਲਿਖੀਆਂ ਅਨੇਕ ਪੁਸਤਕਾਂ ਸ਼ਾਮਲ ਕੀਤੀਆਂ ਜਾਂ ਸਕਦੀਆਂ ਹਨ। ਇਨ੍ਹਾਂ ਦੀ ਗਿਣਤੀ ਇਕ ਸੌਂ ਤੋਂ ਵੱਧ ਮੰਨੀ ਜਾਂਦੀ ਹੈ, ਪਰ ਇਨ੍ਹਾਂ ਵਿਚੋਂ ਬਹੁਤੀਆਂ ਨਵੀਆਂ ਹਨ। ਪ੍ਰਮਾਣਿਕ ਉਪਨਿਸ਼ਦਾਂ ਉਹੀ ਹਨ ਜਿਨ੍ਹਾਂ ਉੱਤੇ ਸ਼ੰਕਰਾਚਾਰਯ ਨੇ ਭਾਸ਼ ਲਿਖੇ ਹਨ ਜਾਂ ਦੋ ਮਹਾਤਮਾ ਬੁੱਧ ਦੇ ਜਨਮ ਤੋਂ ਪਹਿਲਾਂ ਲਿਖੀਆਂ ਜਾ ਚੁੱਕੀਆਂ ਸਨ, ਜਿਵੇਂ ਈਸ਼, ਕੇਨ, ਕਠ, ਪ੍ਰਸ਼ਨ, ਮੁੰਡਕ, ਮਾਂਡੂਕੑਯ, ਤੈਤਿਰੀਯ, ਐਤਰੇਯ, ਛਾਂਦੋਗੑਯ, ਬ੍ਰਹਦਾਰਣੑਯਕ, ਸ਼੍ਵੇਤਾਸ਼੍ਵੇਤਰ। ਕਈ ਕੌਸ਼ੀਤਕਿ ਅਤੇ ਮਹਾਨਾਰਾਯਣ ਉਪਨਿਸ਼ਦਾਂ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕਰਦੇ ਹਨ।

          ਉਪਨਿਸ਼ਦਾਂ ਨੂੰ ਅਕਸਰ ‘ਵੇਦਾਂਤ’ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ। ਇਸ ਦਾ ਕਾਰਣ ਇਹ ਹੈ ਕਿ ਇਕ ਤਾਂ ਇਹ ਵੇਦਾਂ ਦਾ ਅੰਤਿਮ ਭਾਗ ਹਨ ਅਤੇ ਦੂਜੇ ਵੇਦਾਂ ਦੀ ਦਾਰਸ਼ਨਿਕ ਵਿਚਾਰਧਾਰਾ ਨੂੰ (ਅੰਤ) ਸਿੱਖਰ ਤਕ ਪਹੁੰਚਾਂਦੀਆਂ ਹਨ। ਇਨ੍ਹਾਂ ਵਿਚ ਗਿਆਨ ਦੀ ਪ੍ਰਧਾਨਤਾ ਹੈ, ਇਸ ਲਈ ਇਨ੍ਹਾਂ ਨੂੰ ਵੇਦਾਂ ਦਾ ਗਿਆਨ–ਕਾਂਡ ਵੀ ਕਿਹਾ ਜਾਂਦਾ ਹੈ। ਇਨ੍ਹਾਂ ਵਿਚ ਯੱਗਾਂ, ਕਰਮਕਾਂਡਾਂ ਅਤੇ ਸੰਸਕਾਰਾਂ ਦੀ ਥਾਂ ਤੇ ਬ੍ਰਹਮ, ਜੀਵ, ਜਗਤ ਅਤੇ ਮੁਕਤੀ ਸੰਬੰਧੀ ਵਿਵੇਚਨ ਹੋਇਆ ਹੈ। ਇਨ੍ਹਾਂ ਵਿਚੋਂ ਬਹੁਤੀਆਂ ਉਪਨਿਸ਼ਦਾਂ ਦਾ ਸੰਬੰਧ ਵੇਦਾਂ, ਆਰਣੑਯਕਾਂ ਅਤੇ ਬ੍ਰਾਹਮਣਾਂ ਨਾਲ ਹੈ ਅਤੇ ਕਈ ਤਾਂ ਇਨ੍ਹਾਂ ਗ੍ਰੰਥਾਂ ਦਾ ਅੰਸ਼ ਹੀ ਹਨ।

          [ਸਹਾ. ਗ੍ਰੰਥ––ਡਾ. ਰਾਮਾਨੰਦ ਤਿਵਾਰੀ ਸ਼ਾਸਤ੍ਰੀ : ‘ਭਾਰਤੀ ਯਦਰਸ਼ਨ ਦੀ ਭੂਮਿਕਾ’ (ਹਿੰਦੀ); ਪੰ. ਬਲਦੇਵ    ਉਪਾਧਿਆਯ :‘ਭਾਰਤੀਯ ਦਰਸ਼ਨ’ (ਹਿੰਦੀ)]                                                    


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1777, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-17, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.