ਵੈਸ਼ੇਸ਼ਿਕ ਦਰਸ਼ਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਵੈਸ਼ੇਸ਼ਿਕ ਦਰਸ਼ਨ : ਮੁਨੀ ਕਣਾਦ ਵੈਸ਼ੇਸ਼ਿਕ ਦਰਸ਼ਨ ਦੇ ਕਰਤਾ ਹਨ। ਇਸ ਗ੍ਰੰਥ ਵਿੱਚ ਦਸ ਅਧਿਆਇ ਅਤੇ ਹਰ ਅਧਿਆਇ ਵਿੱਚ ਦੋ-ਦੋ ਆਹਨਿਕ (ਇੱਕ ਦਿਨ ਦਾ ਪਾਠ) ਹਨ। ਗ੍ਰੰਥ ਦੇ ਕੁੱਲ ਸੂਤਰਾਂ ਜਾਂ ਸਲੋਕਾਂ ਦੀ ਗਿਣਤੀ 370 ਹੈ। ਇਸ ਦਰਸ਼ਨ ਦਾ ਮੁੱਖ ਉਦੇਸ਼ ‘ਨਿਸ਼ਰੇਯਸ’ ਅਰਥਾਤ ਮੋਕਸ਼ ਦੀ ਪ੍ਰਾਪਤੀ ਕਿਹਾ ਗਿਆ ਹੈ।

 

     ਵੈਸ਼ੇਸ਼ਿਕ ਦਾ ਅਰਥ ਸ਼ੁਰੂ ਦੇ ਸੂਤਰ ਵਿੱਚ ਹੀ ਦਿੱਤਾ ਗਿਆ ਹੈ। 'विशेष पदार्थमधिकृत्य कृतं शास्त्रां वैशेषिकम  ਅਰਥਾਤ ਧਰਤੀ, ਅੱਗ, ਹਵਾ, ਪਾਣੀ ਆਦਿ ਪਰਮ ਸਮਰੱਥ ਭੂਤ ਤੱਤ ਨਾਮਕ ਪਦਾਰਥਾਂ ਨੂੰ ਸ੍ਰਿਸ਼ਟੀ ਨਿਰਮਾਣ ਦਾ ਮੂਲ ਮੰਨਣ ਦੇ ਕਾਰਨ ਹੀ ਇਸ ਵਿਚਾਰਧਾਰਾ ਨੂੰ ਵੈਸ਼ੇਸ਼ਿਕ ਕਿਹਾ ਗਿਆ ਹੈ।

     ਵੈਸ਼ੇਸ਼ਿਕ ਦਰਸ਼ਨ ਦੇ ਅਨੁਸਾਰ ਸ੍ਰਿਸ਼ਟੀ ਦਾ ਮੂਲ ਪਦਾਰਥ ਦ੍ਰਵ ਹੈ। ਇਹੀ ਸਾਰੀਆਂ ਭੌਤਿਕ ਅਤੇ ਅਭੌਤਿਕ ਘਟਨਾਵਾਂ ਜਾਂ ਹੋਂਦ ਵਿੱਚ ਆਉਣ ਵਾਲੀਆਂ ਚੀਜ਼ਾਂ ਦਾ ਕਾਰਨ ਹੈ। ਦਰਸ਼ਨ ਦਾ ਕਰਤਾ ਮੰਨਦਾ ਹੈ ਕਿ ਦ੍ਰਵ ਉਹ ਪਦਾਰਥ ਹੈ, ਜਿਸ ਵਿੱਚ ਗੁਣ ਤੇ ਕਿਰਿਆਵਾਂ ਹੁੰਦੀਆਂ ਹਨ। ਇਹ ਕਿਸੇ ਪ੍ਰਭਾਵ ਵਿੱਚ ਹੋਣ ਵਾਲਾ ਭੌਤਿਕ ਕਾਰਨ ਹੈ।

     ਕਣਾਦ ਮੁਨੀ ਦੇ ਮੁਤਾਬਕ ਸ੍ਰਿਸ਼ਟੀ ਦੇ ਮੂਲ ਪਦਾਰਥ ਛੇ ਹਨ :

     1. ਦ੍ਰਵ : ਵੈਸ਼ੇਸ਼ਿਕ ਦੇ ਅਨੁਸਾਰ ਨੌਂ ਦ੍ਰਵ ਹਨ-ਧਰਤੀ, ਪਾਣੀ, ਅੱਗ, ਹਵਾ, ਅਕਾਸ਼, ਕਾਲ, ਦਿਸ਼ਾ, ਆਤਮਾ ਅਤੇ ਮਨ।

     2. ਗੁਣ : ਚੌਵੀ ਗੁਣ ਹਨ : ਰੂਪ, ਰਸ, ਗੰਧ, ਸਪਰਸ਼, ਸੰਥਿਆ, ਪਰਿਮਾਣ, ਪ੍ਰਥਕਤ੍ਵ, ਸੰਯੋਗ, ਵਿਭਾਗ, ਪਰਤ੍ਵ, ਅਪਰਤ੍ਵ, ਗੁਰੁਤ੍ਵ, ਦ੍ਰਵਤ੍ਵ, ਸਨੇਹ, ਸ਼ਬਦ, ਬੁਧਿ, ਸੁਖ, ਦੁੱਖ, ਇੱਛਾ, ਦ੍ਵੇਸ਼, ਪ੍ਰਯਤਨ, ਧਰਮ, ਅਧਰਮ, ਸੰਸਕਾਰ।

     3. ਕਰਮ : ਵੈਸ਼ੇਸ਼ਿਕ ਦਰਸ਼ਨ ਵਿੱਚ ਕਰਮ ਪੰਜ ਪ੍ਰਕਾਰ ਦੇ ਹਨ-ਉਤਕਸ਼ੇਪਣ, ਅਪਕਸ਼ੇਪਣ, ਅਕੁੰਚਨ, ਪ੍ਰਸਾਰਨ, ਗਮਨ।

     4. ਸਾਮਾਨਯ (ਜਾਤਿ) : ਇਹ ਦੋ ਪ੍ਰਕਾਰ ਦਾ ਹੈ - ਪਰ ਅਤੇ ਅਪਰ। ਇਹਨਾਂ ਦੋ ਪ੍ਰਕਾਰਾਂ ਨੂੰ ਸੱਤਾ ਸਾਮਾਨਯ ਅਤੇ ਦ੍ਵੈਤ ਸਾਮਾਨਯ ਵੀ ਕਹਿੰਦੇ ਹਨ।

     5. ਵਿਸ਼ੇਸ਼ : ਕਿਸੇ ਪਦਾਰਥ ਦਾ ਉਹ ਗੁਣ ਹੈ, ਜੋ ਉਸ ਨੂੰ ਬਾਕੀ ਪਦਾਰਥਾਂ ਤੋਂ ਅਲੱਗ ਕਰਦਾ ਹੈ। ਜਿੰਨੇ ਨਿਤ ਦ੍ਰਵ ਹਨ, ਉਹਨਾਂ ਨੂੰ ਵੱਖ-ਵੱਖ ਰੱਖਣ ਵਾਲੇ ਓਨੇ ਹੀ ਵਿਸ਼ੇਸ਼ ਪਦਾਰਥ ਹਨ।

     6. ਸਮਵਾਯ : ਉਤਪਤੀ ਅਤੇ ਕਾਰਜ ਦਾ ਆਪਸੀ ਸੰਬੰਧ ਸਮਵਾਯ ਹੈ। ਇਹ ਸੰਬੰਧ ਨਿੱਤ ਹੁੰਦਾ ਹੈ, ਜਿਵੇਂ ਗੁਲਾਬ ਤੇ ਸੁਗੰਧ ਜਾਂ ਮਨੁੱਖ ਤੇ ਮਨੁੱਖਤਾ।

     ਇਹ ਛੇ ਪਦਾਰਥ ਨਿੱਤ ਅਤੇ ਅਨਿੱਤ ਹਨ। ਧਰਤੀ, ਪਾਣੀ, ਅਗਨੀ ਅਤੇ ਹਵਾ, ਪਰਮਾਣ ਰੂਪ ਵਿੱਚ ਨਿੱਤ ਹਨ ਅਤੇ ਸਥੂਲ ਰੂਪ ਵਿੱਚ ਅਨਿੱਤ। ਇਸੇ ਤਰ੍ਹਾਂ ਨਿੱਤ ਦ੍ਰਵ ਵਿੱਚ ਰਹਿਣ ਵਾਲੇ ਗੁਣ ਨਿੱਤ ਹਨ, ਅਨਿੱਤ ਦ੍ਰਵ ਵਿੱਚ ਰਹਿਣ ਵਾਲੇ ਗੁਣ ਅਨਿੱਤ ਹਨ। ਸਾਮਾਨਯ, ਵਿਸ਼ੇਸ਼, ਸਮਵਾਯ, ਇਹ ਤਿੰਨੇ ਨਿੱਤ ਹਨ। ਜੀਵਾਤਮਾ ਸਭ ਸਰੀਰਾਂ ਵਿੱਚ ਭਿੰਨ ਹੈ, ਪਰਮਾਤਮਾ ਜੀਵਾਤਮਾ ਤੋਂ ਵੱਖਰੀ ਹੈ। ਸ੍ਰਿਸ਼ਟੀ ਦੀ ਰਚਨਾ ਪਰਮਾਤਮਾ ਦੀ ਇੱਛਾ ਅਨੁਸਾਰ ਪਰਮਾਣੂਆਂ ਤੋਂ ਹੁੰਦੀ ਹੈ, ਜਿਸ ਨੂੰ ਇਹਨਾਂ ਛੇ ਪਦਾਰਥਾਂ ਦਾ ਪੂਰਨ ਗਿਆਨ ਹੋ ਜਾਂਦਾ ਹੈ, ਉਹ ਮੁਕਤ ਹੁੰਦਾ ਹੈ।

     ਕੁਝ ਵਿਦਵਾਨਾਂ ਨੇ ਬਾਅਦ ਵਿੱਚ ‘ਅਭਾਵ’ ਨਾਮਕ ਇੱਕ ਸੱਤਵਾਂ ਪਦਾਰਥ ਵੀ ਸਵੀਕਾਰ ਕੀਤਾ ਹੈ। ਵੈਸੇਸਿਕ ਦਰਸ਼ਨ ਦੇ ਸਿਧਾਂਤ ਅਤੇ ਉਹਨਾਂ ਦੀ ਵਿਆਖਿਆ ਇਸ ਪ੍ਰਕਾਰ ਹੈ :

     1. ਪਰਮਾਣੂਵਾਦ : ਵੈਸ਼ੇਸ਼ਿਕ ਅਨੁਸਾਰ ਇਸ ਜਗਤ ਦੀ ਉਤਪਤੀ ਦਾ ਕਾਰਨ ਪ੍ਰਮਾਣੂ ਹਨ। ਅਲੱਗ-ਅਲੱਗ ਪਰਮਾਣੂਆਂ ਦੇ ਸੰਯੋਗ ਨਾਲ ਸਭ ਵਸਤੂਆਂ ਹੋਂਦ ਵਿੱਚ ਆਉਂਦੀਆਂ ਹਨ।

     2. ਅਨੇਕਾਤਮਵਾਦ : ਆਤਮਾਵਾਂ ਪਰਮਾਤਮਾ ਦਾ ਅੰਸ਼ ਨਹੀਂ, ਸਗੋਂ ਅਨੇਕ ਅਤੇ ਅਲੱਗ-ਅਲੱਗ ਹਨ। ਸਭ ਆਤਮਾਵਾਂ ਆਪਣੇ ਕਰਮਾਂ ਦੇ ਫਲ ਭੋਗਣ ਭਿੰਨ-ਭਿੰਨ ਸਰੀਰ ਧਾਰਨ ਕਰਦੀਆਂ ਹਨ।

     3. ਅਸਤਕਾਰਜਵਾਦ : ਵੈਸ਼ੇਸ਼ਿਕ ਦਾ ਮੱਤ ਹੈ ਕਿ ਕਾਰਨ ਦੇ ਨਾਲ ਹੀ ਕਾਰਜ ਪੈਦਾ ਹੁੰਦਾ ਹੈ ਤੇ ਕਾਰਜ ਨਿੱਤ ਰਹਿਣ ਵਾਲਾ ਨਹੀਂ ਹੁੰਦਾ। ਇਹ ਨਾਸਵਾਨ ਹੈ।

     4. ਪਰਮਾਣੂ : ਪਰਮਾਣੂ ਨਿੱਤ ਰਹਿਣ ਵਾਲੇ ਹਨ। ਸਥੂਲਤਾ ਕਾਰਨ ਉਹਨਾਂ ਦਾ ਨਾਸ ਨਹੀਂ ਹੁੰਦਾ।

     5. ਸ੍ਰਿਸ਼ਟੀਵਾਦ : ਸ੍ਰਿਸ਼ਟੀ ਵਿੱਚ ਕਾਰਨਾਂ ਦੇ ਬਿਨਾਂ ਕੋਈ ਕਾਰਜ ਨਹੀਂ ਹੁੰਦਾ। ਜਗਤ ਕਾਰਜ ਹੈ ਅਤੇ ਇਸ ਦਾ ਕਰਤਾ ਜਾਂ ਕਾਰਨ ਪਰਮਾਤਮਾ ਹੈ।

     6. ਮੋਕਸ਼ਵਾਦ : ਆਵਾਗਮਨ ਦੇ ਚੱਕਰ ਤੋਂ ਛੁੱਟ ਕੇ ਮੋਕਸ਼ ਪ੍ਰਾਪਤ ਕਰਨਾ ਜੀਵਾਤਮਾ ਦਾ ਪਰਮ/ਅੰਤਿਮ ਉਦੇਸ਼ ਹੈ। ਇਸ ਤਰ੍ਹਾਂ ਵੈਸ਼ੇਸ਼ਿਕ ਪਦਾਰਥ ਨੂੰ ਵਿਸ਼ੇਸ਼ ਮੰਨਦਿਆਂ ਹੋਇਆਂ ਸ੍ਰਿਸ਼ਟੀ ਦੀ ਵਿਵੇਚਨਾ ਕਰ ਕੇ ਮੁਕਤੀ ਨੂੰ ਮਨੁੱਖ ਦੀ ਵਿਸ਼ੇਸ਼ ਪ੍ਰਾਪਤੀ ਸਮਝਦਾ ਹੈ।

     ਵੈਸ਼ੇਸ਼ਿਕ ਅਸਲ ਵਿੱਚ ਪਦਾਰਥਵਾਦੀ ਜਾਂ ਭੌਤਿਕ ਦਰਸ਼ਨ ਹੈ। ਧਰਮ ਦੀ ਵਿਆਖਿਆ ਅਤੇ ਮੋਕਸ਼ ਦੀ ਪ੍ਰਾਪਤੀ ਦਾ ਸਾਧਨ ਦੱਸਣਾ ਇਸ ਦਾ ਮੂਲ ਮੁੱਦਾ ਸੀ। ਈਸ਼ਵਰ ਅਤੇ ਜੀਵ, ਇਹ ਦੋ ਨਿੱਤ ਰਹਿਣ ਵਾਲੇ ਤੱਤ ਹਨ। ਜੀਵ ਦਾ ਪਰਮ ਕਰਤੱਵ ਹੈ ਕਿ ਉਹ ਦੁਨੀਆ ਵਿੱਚ ਧਰਮ ਦਾ ਪਾਲਣ ਕਰੇ; ਇਸ ਦੇ ਨਾਲ ਉਸ ਨੂੰ ਪਰਮ ਉੱਨਤੀ ਅਤੇ ਮੁਕਤੀ ਪ੍ਰਾਪਤ ਹੁੰਦੀ ਹੈ।

          ਪਹਿਲਾਂ ਬੁੱਧ ਦਰਸ਼ਨ ਨਾਲ ਗੂੜ੍ਹਾ ਸੰਬੰਧ ਹੋਣ ਕਾਰਨ ਵੈਸ਼ੇਸ਼ਿਕ ਦੇ ਪੈਰੋਕਾਰਾਂ ਨੂੰ ਅਰਧ-ਵੈਨਾਸ਼ਿਕ ਜਾਂ ਅਰਧ-ਬੋਧ ਕਿਹਾ ਜਾਂਦਾ ਸੀ। ਬਾਅਦ ਵਿੱਚ ਵੈਸ਼ੇਸ਼ਿਕ ਦਾ ਗਹਿਰਾ ਸੰਬੰਧ ਨਿਆਇ ਦਰਸ਼ਨ ਨਾਲ ਜੁੜ ਗਿਆ ਅਤੇ ਵੈਸ਼ੇਸ਼ਿਕ ਦੇ ਪੈਰੋਕਾਰਾਂ ਨੇ ਬੁੱਧ ਧਰਮ ਦਾ ਖੰਡਨ ਕੀਤਾ, ਜਿਸ ਨਾਲ ਬੋਧਾਂ ਨਾਲ ਇਸ ਦਾ ਸੰਬੰਧ ਟੁੱਟ ਗਿਆ। ਹੁਣ ਇਹ ਇੱਕ ਸੁਤੰਤਰ ਦਰਸ਼ਨ ਹੈ।


ਲੇਖਕ : ਓਮ ਪ੍ਰਕਾਸ਼ ਸਾਰਸਵਤ     ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 3860, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.