ਸ਼ਲੋਕ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਸ਼ਲੋਕ : ਇਹ ਅਧਿਆਤਮਿਕ ਅਨੁਭੂਤੀ ਨੂੰ ਸੰਖੇਪ ਵਿਚ ਅਭਿਵਿਅਕਤ ਕਰਨ ਵਾਲਾ ਸ਼ੈਲੀਗਤ ਕਾਵਿ ਰੂਪ ਹੈ । ਇਸ ਦੀ ਵਰਤੋਂ ਗੁਰੂ ਗ੍ਰੰਥ ਸਾਹਿਬ ਵਿਚ ਆਮ ਹੋਈ ਹੈ । ਖ਼ਾਸ ਕਰਕੇ ਵਾਰਾਂ , ਕੁਝ ਵੱਡੀਆਂ ਬਾਣੀਆਂ ਅਤੇ ਰਾਗਾਂ ਤੋਂ ਮੁਕਤ ਅੰਤ ਉਤੇ ਸੰਕਲਿਤ ਰਚਨਾਵਾਂ ਵਿਚ , ਜਿਵੇਂ ਸਹਸਕ੍ਰਿਤੀ ਸ਼ਲੋਕ , ਸ਼ਲੋਕ ਮਹਲਾ ੯ , ਸ਼ਲੋਕ ਵਾਰਾਂ ਤੇ ਵਧੀਕ , ਆਦਿ । ਇਹ ਸ਼ਲੋਕ ਕਿਸੇ ਨਿਸਚਿਤ ਛੰਦ-ਰੂਪ ਜਾਂ ਪ੍ਰਕਾਰ ਨੂੰ ਅਪਣਾ ਕੇ ਨਹੀਂ ਲਿਖੇ ਗਏ । ਕੁਝ ਵਿਦਵਾਨਾਂ ਨੇ ਕਿਤੇ ਕਿਤੇ ਇਨ੍ਹਾਂ ਵਿਚ ਉਲਾਲਾ , ਚੰਦ੍ਰਮਣਿ , ਸਰਸੀ , ਹਾਕਲ , ਸਾਰ , ਦੋਹਿਰਾ , ਆਦਿ ਛੰਦ-ਲੱਛਣਾਂ ਦੀ ਛਾਇਆ ਦਸੀ ਹੈ , ਪਰ ਇਹ ਵਾਧੂ ਦੀ ਖਿਚ-ਤਾਣ ਹੈ । ਅਸਲ ਵਿਚ , ਇਸ ਗ੍ਰੰਥ ਵਿਚਲੇ ਸ਼ਲੋਕਾਂ ਤੋਂ ਭਾਵ ਹੈ ਕਾਵਿ-ਤੁਕ ਜਾਂ ਕਾਵਿ-ਤੁਕਾਂ ਦਾ ਸਮੂਹ ਜਿਸ ਵਿਚ ਇਕ ਹੀ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਹੋਵੇ । ਸ਼ਲੋਕ ਵਿਚ ਕਿਸੇ ਇਕ ਵਿਸ਼ੇ ਨੂੰ ਲੈ ਕੇ ਬਾਣੀਕਾਰ ਆਪਣਾ ਮਤ ਪ੍ਰਗਟ ਕਰਨਾ ਸ਼ੁਰੂ ਕਰਦੇ ਹਨ ਅਤੇ ਜਦੋਂ ਤਕ ਉਸ ਮਤ ਜਾਂ ਵਿਚਾਰ ਦੀ ਪੂਰੀ ਤਰ੍ਹਾਂ ਅਭਿਵਿਅਕਤੀ ਨਹੀਂ ਹੋ ਜਾਂਦੀ , ਤਦ ਤਕ ਸ਼ਲੋਕ ਦੀ ਰਚਨਾ-ਪ੍ਰਕ੍ਰਿਆ ਚਲਦੀ ਰਹਿੰਦੀ ਹੈ , ਚਾਹੇ ਉਹ ਕਿਤਨੀਆਂ ਹੀ ਤੁਕਾਂ ਦਾ ਕਿਉਂ ਨ ਬਣ ਜਾਏ । ਇਸੇ ਲਈ ਗੁਰੂ ਗ੍ਰੰਥ ਸਾਹਿਬ ਵਿਚ ਇਕ ਤੋਂ ਲੈ ਕੇ 26 ਤੁਕਾਂ ਤਕ ਦੇ ਸ਼ਲੋਕ ਮਿਲਦੇ ਹਨ ।

                      ਸ਼ਲੋਕਾਂ ਵਿਚ ਰੂਪਾਕਾਰ ਦੀ ਥਾਂ ਭਾਵ-ਪੱਖ ਦੀ ਪ੍ਰਧਾਨਤਾ ਹੈ । ਤੁਕਾਂਤ ਵਲ ਵੀ ਕੋਈ ਉਚੇਚਾ ਧਿਆਨ ਨਹੀਂ ਦਿੱਤਾ ਗਿਆ । ਇਹ ਰਾਗ ਦੇ ਬੰਧਨ ਨੂੰ ਤਾਂ ਸਵੀਕਾਰ ਕਰਦੇ ਹਨ , ਪਰ ਛੰਦ-ਨਿਯਮ ਨੂੰ ਨਹੀਂ । ਇਨ੍ਹਾਂ ਦੀ ਪ੍ਰਧਾਨ ਸ਼ੈਲੀ ਪਾਖੰਡ-ਖੰਡਨੀ ਹੈ ।

                      ਸ਼ਲੋਕਾਂ ਦਾ ਵਿਸ਼ੇ-ਖੇਤਰ ਬਹੁਤ ਵਿਸ਼ਾਲ ਹੈ । ਅਧਿਕਾਂਸ਼ ਸ਼ਲੋਕਾਂ ਵਿਚ ਯੁਗ-ਚਿਤ੍ਰਣ ਬੜੇ ਸਜੀਵ ਢੰਗ ਨਾਲ ਹੋਇਆ ਹੈ ਅਤੇ ਕਿਤੇ ਕਿਤੇ ਪਰੰਪਰਾਗਤ ਅਤੇ ਰੂੜ੍ਹ ਧਾਰਮਿਕ ਕਰਮ-ਕਾਂਡਾਂ ਅਤੇ ਅਨੁਸ਼ਠਾਨਾਂ ਦੀ ਤੀਬਰ ਆਲੋਚਨਾ ਵੀ ਹੋਈ ਹੈ ਅਤੇ ਉਨ੍ਹਾਂ ਦੇ ਸਮਾਨਾਂਤਰ ਯੁਗ ਦੀ ਲੋੜ ਅਨੁਸਾਰ ਕਲਿਆਣਕਾਰੀ ਸੁਝਾ ਦਿੱਤੇ ਗਏ ਹਨ । ਕੁਝ ਸ਼ਲੋਕਾਂ ਦਾ ਸੰਬੰਧ ਪਰਮਾਤਮਾ ਦੀ ਉਸਤਤ ਨਾਲ , ਕੁਝ ਦਾ ਭਗਤੀ-ਭਾਵਨਾ ਨਾਲ ਅਤੇ ਕੁਝ ਦਾ ਚਰਿਤ੍ਰ- ਨਿਰਮਾਣ ਨਾਲ ਵੀ ਹੈ । ਇਨ੍ਹਾਂ ਸ਼ਲੋਕਾਂ ਪਿਛੇ ਨਿੱਤ ਵਾਪਰਨ ਵਾਲੀਆਂ ਘਟਨਾਵਾਂ ਜਾਂ ਛਿਣਕ ਅਨੁਭਵਾਂ ਜਾਂ ਸਮਸਿਆਵਾਂ ਨੂੰ ਰੂਪਾਇਤ ਕੀਤਾ ਗਿਆ ਹੈ । ਇਨ੍ਹਾਂ ਵਿਚ ਭਾਵਨਾ ਦੀ ਥਾਂ ਬੌਧਿਕਤਾ ਅਤੇ ਨਿਸ਼ਠਾ ਦੀ ਥਾਂ ਤਰਕ-ਵਿਤਰਕ ਅਧਿਕ ਹੈ । ਵਿਸ਼ੇ-ਵਸਤੂ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ— ਪ੍ਰਭੂ ਉਸਤਤ ਸੰਬੰਧੀ , ਸਮਾਜਿਕ ਕੁਰੀਤੀਆਂ ਦੇ ਖੰਡਨ ਸੰਬੰਧੀ , ਧਾਰਮਿਕ ਕਰਮ- ਕਾਂਡਾਂ ਪ੍ਰਤਿ ਉਪੇਖਿਆ ਸੰਬੰਧੀ , ਰਾਜਨੈਤਿਕ ਭ੍ਰਿਸ਼ਟਾਚਾਰ ਦੇ ਵਿਰੋਧ ਸੰਬੰਧੀ ਅਤੇ ਸਦਾਚਾਰ ਸੰਬੰਧੀ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-07, ਹਵਾਲੇ/ਟਿੱਪਣੀਆਂ: no

ਸ਼ਲੋਕ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਸ਼ਲੋਕ : ‘ ਸ਼ਲੋਕ’ ( ਸੑਲੋਕ ) ਸੰਸਕ੍ਰਿਤ ਦਾ ਸ਼ਬਦ ਹੈ ਅਤੇ ਇਸ ਦੇ ਦੋ ਅਰਥ ਹਨ– ਵਿਸ਼ੇਸ਼ ਅਤੇ ਸਾਧਾਰਣ । ਵਿਸ਼ੇਸ਼ ਅਰਥ ਵਿਚ ਇਹ ਅਨੁਸ਼ਟੁਪ ਛੰਦ ਹੈ । ਇਸ ਮਾਤ੍ਰਿਕ ਛੰਦ ਵਿਚ ਚਾਰ ਪਾਦ ਅਤੇ ਹਰ ਇਕ ਪਾਦ ਵਿਚ ਅੱਠ ਮਾਤ੍ਰਾਵਾਂ ਹੁੰਦੀਆਂ ਹਨ । ਇਸ ਤਰ੍ਹਾਂ ਇਸ ਵਿਚ ਕੁਅ ਮਾਤ੍ਰਾਵਾਂ ਦੀ ਗਿਣਤੀ 32 ਹੈ । ਪਰ ਮਾਤ੍ਰਾਵਾਂ ਦੇ ਸੰਬੰਧ ਵਿਚ ਸੁਤੰਤਰਤਾ ਵੀ ਹੁੰਦੀ ਹੈ । ਇਸ ਛੰਦ ਦੀ ਸਭ ਤੋਂ ਪਹਿਲੀ ਵਰਤੋਂ ਬਾਲਮੀਕਿ ਨੇ ਕੀਤੀ ਸੀ । ਚੂੰਕਿ ਸੰਸਕ੍ਰਿਤ ਸਾਹਿੱਤ ਵਿਚ ਇਸ ਛੰਦ ਦੀ ਬਹੁਤ ਅਧਿਕ ਵਰਤੋਂ ਹੋਈ ਹੈ , ਇਸ ਲਈ ਸੰਸਕ੍ਰਿਤ ਦੇ ਲਗਭਗ ਸਾਰੇ ਛੰਦਾਂ ਨੂੰ ਸ਼ਲੋਕ ਹੀ ਕਹਿ ਦਿੱਤਾ ਜਾਂਦਾ ਹੈ ।

                  ‘ ਸ਼ਲੋਕ’ ਦਾ ਸਾਧਾਰਣ ਅਰਥ ਹੈ ਪ੍ਰਸ਼ੰਸਾ , ਉਸਤਤ , ਉਸਤਤ ਜਾਂ ਯਸ਼ ਭਰੇ ਛੰਦ ਨੂੰ ਵੀ ਸ਼ਲੋਕ ਕਹਿ ਦਿੱਤਾ ਜਾਂਦਾ ਹੈ । ਗੁਰਬਾਣੀ ( ਸੁਖਮਨੀ ) ਵਿਚ ਇਸ ਦੀ ਵਰਤੋਂ ਪਦ– ਕਾਵਿ ਲਈ ਵੀ ਕੀਤੀ ਗਈ ਹੈ– ‘ ਉਤਮ ਸਲੋਕ ਸਾਧ ਕੇ ਬਚਨ’ । ਸੰਸਕ੍ਰਿਤ ਸਾਹਿੱਤ ਤੋਂ ਬਾਅਦ ਪ੍ਰਾਕ੍ਰਿਤ ਅਤੇ ਅਪਭ੍ਰੰਸ਼ ਤੋਂ ਹੁੰਦਾ ਹੋਇਆ ਸ਼ਲੋਕ ਮੱਧ ਯੁਗ ਤਕ ਪਹੁੰਚਿਆ । ਨਾਥ ਯੋਗੀਆਂ ਅਤੇ ਕਬੀਰ ਆਦਿ ਸੰਤਾਂ ਨੇ ਸ਼ਲੋਕਾਂ ਵਿਚ ਬਹੁਤ ਰਚਨਾ ਕੀਤੀ । ਉੱਥੇ ਇਨ੍ਹਾਂ ਨੂੰ ਆਮ ਤੌਰ ਤੇ ‘ ਸਾਖੀ’ ਕਿਹਾ ਜਾਂਦਾ ਹੈ ? ਭਾਵ ਜਿਸ ਵਿਚ ਅਨੁਭਵ ਕੀਤਾ ਸਚ ਪ੍ਰਮਾਣ ਵਜੋਂ ਪੇਸ਼ ਕੀਤਾ ਗਿਆ ਹੋਵੇ । ਪੰਜਾਬੀ ਵਿਚ ਸ਼ਲੋਕ ਦੀ ਸਭ ਤੋਂ ਪਹਿਲੀ ਵਰਤੋਂ ਬਾਬਾ ਫ਼ਰੀਦ ਦੀ ਬਾਣੀ ਵਿਚ ਹੋਈ ਹੈ । ਗੁਰੂ ਗ੍ਰੰਥ ਸਾਹਿਬ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਲੋਕ ਸੰਕਲਿਤ ਹਨ । ਅਧਿਕਤਰ ਇਹ ਸ਼ਲੋਕ ਵਾਰਾਂ ਦੀਆਂ ਪਉੜੀਆਂ ਤੋਂ ਪਹਿਲਾਂ ਦਰਜ ਹਨ , ਗੁਰੂ ਸਾਹਿਬਾਨ ਦੇ ਕੁਝ ‘ ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਗੁਰੂ ਗ੍ਰੰਥ ਸਾਹਿਬ ਦੇ ਅੰਤ ਉੱਤੇ ਵੀ ਆਏ ਹਨ , ਫ਼ਰੀਦ ਅਤੇ ਕਬੀਰ ਦੇ ਸ਼ਲੋਕ ਸੁਤੰਤਰ ਸਿਰਲੇਖਾਂ ਅਧੀਨ ਹਨ । ਕੁਝ ਹੋਰ ਸ਼ਲੋਕ ਮੁੱਖ ਬਾਣੀਆਂ ਦੇ ਨਾਲ ਦਰਜ ਹਨ , ਜਿਵੇਂ ਜਪੁਜੀ , ਸੁਖਮਨੀ ਆਦਿ ।

                  ਸ਼ਲੋਕਾਂ ਲਈ ਕੋਈ ਛੰਦ– ਰੂਪ ਨਿਸ਼ਚਿਤ ਨਹੀਂ ਹੈ ਅਤੇ ਨਾ ਹੀ ਪੰਕਤੀਆਂ ਦੀ ਗਿਣਤੀ ਵੀ ਨਿਸ਼ਚਿਤ ਹੈ । ਗੁਰੂ ਗ੍ਰੰਥ ਸਾਹਿਬ ਵਿਚ ਇਕ ਪੰਕਤੀ ਤੋਂ ਲੈ ਕੇ 26 ਪੰਕਤੀਆਂ ਤਕ ਸ਼ਲੋਕ ਮਿਲ ਜਾਂਦੇ ਹਨ । ਇਸ ਲਈ ਇਸ ਨੂੰ ਛੰਦ– ਰੂਪ ਕਹਿਣਾ ਅਨੁਚਿਤ ਪ੍ਰਤੀਤ ਹੁੰਦਾ ਹੈ । ਇਹ ਅਸਲੋਂ ਇਕ ਪ੍ਰਕਾਰ ਦਾ ਤੁਕ ਸਮੂਹ ਹੈ , ਜਿਸ ਵਿਚ ਇਕੋ ਭਾਵ ਜਾਂ ਵਿਚਾਰ ਦੀ ਪ੍ਰਧਾਨਤਾ ਰਹਿੰਦੀ ਹੈ । ਕਿਸੇ ਵਿਸ਼ੇ ਨੂੰ ਲੈ ਕੇ ਕੋਈ ਗੁਰੂ ਸਾਹਿਬ ਆਪਣੀ ਗੱਲ ਛੋਂਹਦੇ ਹਨ ਅਤੇ ਜਦ ਤਕ ਉਸ ਵਿਸ਼ੈ ਦੀ ਪੂਰੀ ਤਰ੍ਹਾਂ ਅਭਿਵਿਅਕਤੀ ਨਹੀਂ ਹੋ ਜਾਂਦੀ , ਤਦ ਤਕ ਉਸ ਸ਼ਲੋਕ ਦੀ ਰਚਨਾ– ਪ੍ਰਕ੍ਰਿਆ ਚਲਦੀ ਰਹਿੰਦੀ ਹੈ , ਭਾਵੇਂ ਕਿਤਨੀਆਂ ਹੀ ਪੰਕਤੀਆਂ ਵਿਚ ਉਸ ਦਾ ਵਿਸਤਾਰ ਕਿਉਂ ਨਾ ਹੋ ਜਾਏ । ਇਸ ਲਈ ਇਹ ਇਕ ਪ੍ਰਕਾਰ ਦਾ ਸ਼ੈਲੀਗਤ ਕਾਵਿ– ਰੂਪ ਬਣ ਕੇ ਰਹਿ ਗਿਆ ਹੈ ਜਿਸ ਵਿਚ ਕਲਾ ਪੱਖ ਨਾਲੋਂ ਵਿਚਾਰ ਪੱਖ ਦੀ ਪ੍ਰਮੁੱਖਤਾ ਹੈ । ਇਨ੍ਹਾਂ ਸ਼ਲੋਕਾਂ ਲਈ ਕਿਸੇ ਖ਼ਾਸ ਛੰਦ ਦੇ ਨਿਯਮ ਨੂੰ ਨਹੀਂ ਅਪਣਾਇਆ ਗਿਆ , ਪਰ ਕਿਤੇ ਕਿਤੇ ਦੋਹਰਾ , ਹਾਕਲ , ਸਾਰ , ਚੰਦ੍ਰਮਣਿ , ਉਲਾਲਾ , ਸਰਸੀ , ਸੁਖਦਾ , ਚੌਪਈ ਆਦਿ ਛੰਦਾਂ ਦੇ ਲੱਛਣਾਂ ਨੂੰ ਵੇਖਿਆ ਜਾ ਸਕਦਾ ਹੈ । ਪਰ ਇਨ੍ਹਾਂ ਸ਼ਲੋਕਾਂ ਦੀਆਂ ਮਾਤ੍ਰਾਵਾਂ ਦੀ ਗਿਣਤੀ ਅਤੇ ਤੋਲ– ਤੁਕਾਂਤ ਵਲ ਇਤਨਾ ਧਿਆਨ ਨਹੀਂ ਦਿੱਤਾ ਗਿਆ । ਇਨ੍ਹਾਂ ਵਿਚ ਪੰਜਾਬੀ ਭਾਸ਼ਾ ਦੀ ਰੰਗਣ ਬਾਕੀ ਬਾਣੀ ਨਾਲੋਂ ਵਧੇਰੇ ਹੈ ।

                  ਚੂੰਕਿ ਇਨ੍ਹਾਂ ਸ਼ਲੋਕਾਂ ਵਿਚ ਕੋਈ ਨਾ ਕੋਈ ਵਿਸ਼ਾ ਲਿਆ ਗਿਆ ਹੁੰਦਾ ਹੈ , ਇਸ ਲਈ ਗਿਣਤੀ ਵਾਂਗ ਇਨ੍ਹਾਂ ਦਾ ਵਿਸ਼ੇ– ਖੇਤਰ ਵੀ ਬਹੁਤ ਵਿਸ਼ਾਲ ਹੋ ਗਿਆ ਹੈ । ਇਨ੍ਹਾਂ ਸ਼ਲੋਕਾਂ ਵਿਚ ਪਰੰਪਰਾਗਤ ਰੂੜ੍ਹ ਧਾਰਮਿਕ ਕਰਮ– ਕਾਂਡਾਂ , ਬਾਹਰਲੇ ਆਡੰਬਰਾਂ ਦੀ ਆਲੋਚਨਾ ਕਰਕੇ ਉਨ੍ਹਾਂ ਦੀ ਥਾਂ ਕਲਿਆਣਕਾਰੀ ਜੀਵਨ ਵਿਧੀ ਦੇ ਸੁਝਾਅ ਦਿੱਤੇ ਗਏ ਹਨ । ਇਨ੍ਹਾਂ ਵਿਚ ਬਾਕੀ ਬਾਣੀ ਨਾਲੋਂ ਬੌਧਿਕਤਾ ਅਤੇ ਤਾਰਕਿਕਤਾ , ਅਧਿਕ ਉਘੜ ਕੇ ਆਈ ਹੈ । ਵਿਸ਼ੇ– ਵਸਤੂ ਦੀ ਦ੍ਰਿਸ਼ਟੀ ਤੋਂ ਇਨ੍ਹਾਂ ਨੂੰ ਪੰਜ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ– ਪ੍ਰਭੂ ਦੀ ਉਸਤਤ ਸੰਬੰਧੀ ਸ਼ਲੋਕ , ਸਮਾਜਕ ਕੁਰੀਤੀਆਂ ਦੇ ਖੰਡਨ ਸੰਬੰਧੀ ਸ਼ਲੋਕ , ਧਾਰਮਿਕ ਕਰਮ ਕਾਂਡਾਂ ਦੀ ਨਿਰਸਾਰਤਾ ਸੂਚਕ ਸ਼ਲੋਕ , ਰਾਜਨੈਤਿਕ ਭ੍ਰਸ਼ਟਾਚਾਰ ਸੰਬੰਧੀ ਸ਼ਲੋਕ ਅਤੇ ਸਦਾਚਰਣ ਸੰਬੰਧੀ ਸ਼ਲੋਕ । ਇਨ੍ਹਾਂ ਸ਼ਲੋਕਾਂ ਵਿਚਲਾਂ ਯੁੱਗ– ਚਿਤ੍ਰਣ ਬੜਾ ਸਜੀਵ ਅਤੇ ਵਾਸਤਵਿਕ ਹੈ । ਇਹ ਸ਼ਲੋਕ ਚੂੰਕਿ ਵੱਖ ਵੱਖ ਅਵਸਰਾਂ ਉੱਤੇ ਅੱਡ ਅੱਡ ਪਰਿਸਥਿਤੀਆਂ ਵਿਚ ਲਿਖੇ ਗਏ ਸਨ , ਇਸ ਲਈ ਇਨ੍ਹਾਂ ਵਿਚ ਵਿਸ਼ੇ ਅਤੇ ਭਾਵ ਸੰਬੰਧੀ ਕੋਈ ਤਾਲ– ਮੇਲ ਨਹੀਂ ਹੈ ।

                  ਸੋਢੀ ਮਿਹਰਬਾਨ ਦੀ ਸੰਪ੍ਰਦਾਇ ਦੁਆਰਾ ਰਚੇ ਗਏ ਸਾਹਿੱਤ ਵਿਚ ਵੀ ਸ਼ਲੋਕ ਕਾਫ਼ੀ ਗਿਣਤੀ ਵਿਚ ਮਿਲ ਜਾਂਦੇ ਹਨ । ਪ੍ਰਾਣਸੰਗਲੀ ਵਿਚ ਵੀ ਬਹੁਤ ਸਾਰੇ ਸ਼ਲੋਕ ਦਰਜ ਹਨ , ਪਰ ਜੋ ਭਾਵ– ਸੁੰਦਰਤਾ ਅਤੇ ਵਿਚਾਰ– ਸਪਸ਼ਟਤਾ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਲੋਕਾਂ ਵਿਚ ਮਿਲਦੀ ਹੈ , ਉਸ ਦੇ ਹੋਰੋਂ ਘਟ ਹੀ ਦਰਸ਼ਨ ਹੁੰਦੇ ਹਨ ।

                  [ ਸਹਾ. ਗ੍ਰੰਥ– – ਡਾ. ਬਲਬੀਰ ਸਿੰਘ ਦਿਲ : ‘ ਅਰਮ ਕਵੀ ਗੁਰੂ ਅਮਰ ਦਾਸ’ ; ਡਾ. ਰਤਨ ਸਿੰਘ ਜੱਗੀ : ‘ ਗੁਰੂ ਨਾਨਕ ਦੀ ਵਿਚਾਰਧਾਰਾ’ : ਹਿੰ. ਸਾ. ਕੋ. ( 1 ) ]                                    


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 1256, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.